ਬਰਤਾਨਵੀ ਫੌਜ ਅਤੇ ਸਿੱਖਾਂ ਦਰਮਿਆਨ ਇਤਿਹਾਸਕ ‘ਆਰਮਡ ਫੋਰਸਜ਼ ਕਾਵੀਨੈਂਟ’ ਸਮਝੌਤਾ

0
415

uk-armed-forces-covenant
ਲੈਸਟਰ /ਬਿਊਰੋ ਨਿਊਜ਼ :
ਬਰਤਾਨੀਆ ਫੌਜ ਨੇ ਇੱਥੋਂ ਦੇ ਸਿੱਖਾਂ ਨਾਲ ‘ਆਰਮਡ ਫੋਰਸਜ਼ ਕਾਵੀਨੈਂਟ’ ਨਾਮੀ ਇਤਿਹਾਸਕ ਸਮਝੌਤਾ ਕੀਤਾ ਹੈ। ਇਹ ਇਕਰਾਰ ਡਿਫੈਂਸ ਸਕੱਤਰ ਮਾਈਕਲ ਫਾਲਨ ਨੇ ਪੇਸ਼ ਕੀਤਾ। ਇਸ ਸਮਝੌਤੇ ਨਾਲ ਸਿੱਖ ਭਾਈਚਾਰੇ ਤੇ ਬਰਤਾਨਵੀ ਵਿਚਕਾਰ ਰਿਸ਼ਤੇ ਮਜ਼ਬੂਤ ਹੋਣ ਦੀ ਉਮੀਦ ਬੱਝੀ ਹੈ। ਬੀਤੇ ਦਿਨੀਂ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਇਸ ਸਮਝੌਤੇ ‘ਤੇ ਦੋਵਾ ਧਿਰਾਂ ਵੱਲੋਂ ਹਸਤਾਖਰ ਕੀਤੇ ਗਏ। ਮਾਈਕਲ ਫਾਲਨ ਨੇ ਕਿਹਾ ਕਿ ਵੱਖ-ਵੱਖ ਸਿਪਾਹਿਆਂ ਦੇ ਮਿਸ਼ਰਨਵਾਲੀ ਫੌਜ ਹੀ ਤਾਕਤਵਰ ਫੌਜ ਹੁੰਦੀ ਹੈ ਤੇ ਸਾਡੇ ਦਰਮਿਆਨ ਕੀਤਾ ਗਿਆ ਇਹ ਸਮਝੌਤਾ ਬ੍ਰਿਟਿਸ਼ ਫੌਜ ਦੇ ਚੰਗੇ ਪ੍ਰਦਰਸ਼ਨ ਦਾ ਸਬੂਤ ਦੇਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਇਤਿਹਾਸ ਦੀਆਂ ਜੰਗੀ ਸੇਵਾਵਾਂ ਵਿਚ ਸਿੱਖਾਂ ਦਾ ਯੋਗਦਾਨ ਬਹੁਤ ਸ਼ਾਨਦਾਰ ਹੈ। ਸਾਰਾਗੜੀ ਦੀ ਜੰਗ ਤੋਂ ਲੈ ਕੇ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਸਿੱਖ ਫ਼ੌਜ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਸਿੱਖ ਉਸ ਵੇਲੇ ਬਰਤਾਨੀਆ ਲਈ ਲੜੇ ਸਨ। ਅਸੀਂ ਆਪਣੇ ਪੁਰਾਣੇ ਰਿਸ਼ਤਿਆਂ ਵਾਂਗ ਹੁਣ ਵੀ ਸਿੱਖ ਭਾਈਚਾਰੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹੋਏ ਸਿੱਖਾਂ ਦੇ ਜੁਝਾਰੂਪਣ ਦਾ ਲਾਹਾ ਲੈ ਸਕਦੇ ਹਾਂ। ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਬ੍ਰਿਟਿਸ਼ ਦੀ ਰਾਇਲ ਨੇਵੀ, ਫੌਜ ਤੇ ਰਾਇਲ ਏਅਰ ਫੋਰਸ ਵਿਚ ਤਕਰੀਬਨ 170 ਸਿੱਖ ਆਪਣੀਆਂ ਸੇਵਾਵਾ ਨਿਭਾਅ ਰਹੇ ਹਨ।