ਵਿਗਿਆਨੀਆਂ ਦੀ ਚਿਤਾਵਨੀ : ਸਦੀ ਦੇ ਅੰਤ ਤੱਕ ਡੁੱਬ ਜਾਣਗੇ ਅਮਰੀਕਾ ਦੇ ਵੱਡੇ ਸ਼ਹਿਰ

0
290

tsunamiwave_featured
ਨਿਊ ਯਾਰਕ, ਬੌਸਟਨ ਤੇ ਮਿਆਮੀ ਨੂੰ ਪੈ ਸਕਦੀ ਹੈ ਭਿਆਨਕ ਹੜ੍ਹਾਂ ਦੀ ਮਾਰ
ਵਾਸ਼ਿੰਗਟਨ/ਬਿਊਰੋ ਨਿਊਜ਼ :
ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਂਦੇ ਕੁਝ ਦਹਾਕਿਆਂ ਤੱਕ ਅਮਰੀਕਾ ਦੇ ਵੱਡੇ ਸ਼ਹਿਰ ਜਿਵੇਂ ਨਿਊ ਯਾਰਕ, ਬੌਸਟਨ ਤੇ ਮਿਆਮੀ ਨੂੰ ਭਿਅੰਕਰ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਵਾਤਾਵਰਣ ਤਬਦੀਲੀ ਕਾਰਨ ਸਮੁੰਦਰ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ 60 ਫੀਸਦ ਤੱਕ ਤੱਟੀ ਲੋਕਾਂ ਨੂੰ ਸਾਲ 2100 ਤੱਕ ਆਪਣੇ ਘਰ ਛੱਡਣੇ ਪੈਣਗੇ।
ਵਿਗਿਆਨੀਆਂ ਨੇ ਅਮਰੀਕੀ ਸ਼ਹਿਰਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਨੂੰ ਸਮੁੰਦਰ ਦਾ ਪੱਧਰ ਵਧਣ ਕਾਰਨ ਅਗਲੇ 20, 50 ਜਾਂ 80 ਸਾਲਾਂ ਤੱਕ ਹੜ੍ਹਾਂ ਦੀ ਮਾਰ ਝੱਲਣੀ ਪੈ ਸਕਦੀ ਹੈ। ਅਮਰੀਕਾ ਦੀ ਗ਼ੈਰ-ਮੁਨਾਫ਼ੇ ਵਾਲੀ ਵਿਗਿਆਨ ਸਲਾਹਕਾਰ ਸੰਸਥਾ ਦੇ ਵਿਗਿਆਨੀਆਂ ਦੀ ਯੂਨੀਅਨ ਦੇ ਖੋਜੀਆਂ ਮੁਤਾਬਕ ਜੇਕਰ ਸਮੁੰਦਰ ਸਬੰਧੀ ਕੀਤੀ ਗਈ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਨਿਊ ਯਾਰਕ, ਬੌਸਟਨ, ਸਾਨ ਫਰਾਂਸਿਸਕੋ ਤੇ ਮਿਆਮੀ ਦਾ ਭਵਿੱਖ ਭਿਆਨਕ ਹੋਵੇਗਾ। ਸੰਸਥਾ ਦੀ ਸੀਨੀਅਰ ਵਾਤਾਵਰਣ ਮਾਹਿਰ ਐਰਿਕਾ ਸਪੈਂਗਰ ਸਾਈਗਫਰਾਈਡ ਨੇ ਕਿਹਾ ਕਿ  ਰਿਪੋਰਟ ਮੁਤਾਬਕ ਦੱਸੇ ਗਏ ਸ਼ਹਿਰਾਂ ਨੂੰ 26 ਗੁਣਾ ਵੱਧ ਹੜ੍ਹਾਂ ਦੀ ਮਾਰ ਝੱਲਣੀ ਪੈ ਸਕਦੀ ਹੈ ਭਾਵ ਇਨ੍ਹਾਂ ਸ਼ਹਿਰਾਂ ਵਿਚ ਹਰ ਹਫ਼ਤੇ ਹੜ੍ਹ ਆਉਣਗੇ। ਉਨ੍ਹਾਂ ਕਿਹਾ ਕਿ ਜਰਸੀ ਕਿਨਾਰਿਆਂ ਦੀਆਂ ਥਾਵਾਂ ਤੇ ਉੱਤਰੀ ਕੈਰੋਲੀਨਾ ਦੇ 2035 ਤੱਕ ਪਾਣੀ ਵਿੱਚ ਡੁੱਬਣ ਦਾ ਖਦਸ਼ਾ ਹੈ ਅਤੇ ਦੱਖਣੀ ਲੂਸੀਆਣਾ ਤੇ ਗੁਆਂਢੀ ਖੇਤਰ ਵੀ ਅਸੁਰੱਖਿਅਤ ਹਨ। ਇਸ ਸਦੀ ਦੇ ਅੰਤ ਤੱਕ ਵੱਡੀ ਆਬਾਦੀ ਵਾਲੇ ਸ਼ਹਿਰਾਂ ਨੂੰ ਖਤਰਾ ਹੈ।