ਟਰੰਪ ਪ੍ਰਸ਼ਾਸਨ ਦੇ ਸੌ ਦਿਨ ਪੂਰੇ ਹੋਣ ‘ਤੇ ਹਜ਼ਾਰਾਂ ਲੋਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

0
368

ap16315098239814
ਸਿਆਟਲ/ਬਿਊਰੋ ਨਿਊਜ਼ :
ਅਮਰੀਕਾ ਦੇ ਵੱਖ ਵੱਖ ਹਿੱਸਿਆਂ ਤੋਂ ਹਜ਼ਾਰਾਂ ਵਿਅਕਤੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ 100 ਦਿਨ ਪੂਰੇ ਹੋਣ ‘ਤੇ ਵਾਤਵਰਣ ਤਬਦੀਲੀ ਦੇ ਮਾਮਲੇ ਵਿਚ ਕਾਰਵਾਈ ਦੀ ਮੰਗ ਕਰਦਿਆਂ ਰੋਸ ਮੁਜ਼ਾਹਰਾ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਮੁਜ਼ਾਹਰਾਕਾਰੀਆਂ ਨੇ ਵ੍ਹਾਈਟ ਹਾਊਸ ਦੇ ਘਿਰਾਓ ਲਈ ਪੈਨਸਲਵੇਨੀਆ ਐਵੇਨਿਊ ਵੱਲ ਮਾਰਚ ਕੀਤਾ। ਮੁਜ਼ਾਹਰਾਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਿਆਟਲ, ਬੌਸਟਨ ਤੇ ਸਾਨ ਫਰਾਂਸਿਸਕੋ ਸਮੇਤ ਸਾਰੇ ਦੇਸ਼ ਅੰਦਰ 300 ਦੇ ਕਰੀਬ ਰੈਲੀਆਂ ਕੀਤੀਆਂ ਗਈਆਂ ਹਨ। ਸ਼ਿਕਾਗੋ ਵਿਚ ਪ੍ਰਦਰਸ਼ਨਕਾਰੀ ਸ਼ਹਿਰ ਦੇ ਪਲਾਜ਼ਾ ਤੋਂ ਟਰੰਪ ਟਾਵਰ ਵੱਲ ਆਏ। ਪ੍ਰਦਰਸ਼ਨਕਾਰੀ ਟਰੰਪ ਪ੍ਰਸ਼ਾਸਨ ਵੱਲੋਂ ਖਣਨ, ਤੇਲ ਕੱਢਣ ਤੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ‘ਤੇ ਲਾਈ ਗਈ ਪਾਬੰਦੀ ਹਟਾਉਣ ਦੀ ਨਿਖੇਧੀ ਕਰ ਰਹੇ ਸਨ। ਅਗਸਤਾ ਦੇ ਸਟੇਟ ਹਾਊਸ ਦੇ ਬਾਹਰ ਦੋ ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ। ਬੁਲਾਰਿਆਂ ਵਿੱਚ ਇੱਕ ਸੋਲਰ ਕੰਪਨੀ ਦਾ ਮਾਲਕ ਲੌਬਸਟਰਮੈਨ ਰਿਚਰਡ ਨੈਲਸਨ ਤੇ ਪੇਨੋਬਸਕੋਟ ਕੌਮੀ ਕਬੀਲੇ ਦੇ ਮੈਂਬਰ ਸ਼ਾਮਲ ਸਨ। ਨੈਲਸਨ ਨੇ ਕਿਹਾ ਕਿ ਵਾਤਵਰਣ ਤਬਦੀਲੀ ਦਾ ਨਾ ਸਿਰਫ਼ ਮੇਨ ਦੀ ਖਾੜੀ ਬਲਕਿ ਮੱਛੀ ਫੜਨ ਦੇ ਕਾਰੋਬਾਰ ‘ਤੇ ਵੀ ਅਸਲ ਪੈ ਰਿਹਾ ਹੈ ਤੇ ਇਹ ਤੱਟੀ ਲੋਕਾਂ ਦੇ ਜਿਊਣ ਦਾ ਸਾਧਨ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਮੀਡੀਆ ‘ਤੇ ਕੀਤੇ ਤਿੱਖੇ ਹਮਲੇ :
ਵਾਸ਼ਿੰਗਟਨ: ਆਪਣੇ ਪ੍ਰਸ਼ਾਸਨ ਦੇ ਪਹਿਲੇ ਸੌ ਦਿਨ ਪੂਰੇ ਕਰਨ ‘ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਥਿਤ ਤੌਰ ‘ਤੇ ਝੂਠੀਆਂ ਖ਼ਬਰਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ‘ਤੇ ਮੀਡੀਆ ਦੀ ਖਿਚਾਈ ਕੀਤੀ ਅਤੇ ਨਾਲ ਹੀ ਉਹ ਰਾਜਧਾਨੀ ਵਿੱਚ ਕਰਾਏ ਗਏ ਵ੍ਹਾਈਟ ਹਾਊਸ ਪੱਤਰਕਾਰਾਂ ਦੇ ਸਾਲਾਨਾ ਭੋਜ ਤੋਂ ਗ਼ੈਰਹਾਜ਼ਰ ਰਹੇ। ਟਰੰਪ ਨੇ ਪੈਨਸਿਲਵੇਨੀਆ ਦੇ ਸ਼ਹਿਰ ਹੈਰਿਸਬਰਗ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਵਾਸ਼ਿੰਗਟਨ ਦੇ ਚਿੱਕੜ ਤੋਂ ਸੌ ਮੀਲ ਤੋਂ ਵੱਧ ਦੂਰ ਰਹਿ ਕੇ ਤੁਹਾਡੇ ਸਾਰਿਆਂ ਤੇ ਬਹੁਤ ਚੰਗੇ ਲੋਕਾਂ ਨਾਲ ਆਪਣੀ ਸ਼ਾਮ ਗੁਜ਼ਾਰ ਕੇ ਵੱਧ ਉਤਸ਼ਾਹਿਤ ਮਹਿਸੂਸ ਕਰ ਰਿਹਾ ਹਾਂ।’ ਉਨ੍ਹਾਂ ਕਿਹਾ ਕਿ ਮੀਡੀਆ ਨੂੰ ਨਾਕਾਮੀ ਦਾ ਵੱਡਾ ਗਰੇਡ ਮਿਲਣਾ ਚਾਹੀਦਾ ਹੈ। ਉਨ੍ਹਾਂ ਵਾਸ਼ਿੰਗਟਨ ਦੇ ਇੱਕ ਆਲੀਸ਼ਾਨ ਹੋਟਲ ਵਿਚ ਮੀਡੀਆ ਤੇ ਹੌਲੀਵੁੱਡ ਸਿਤਾਰਿਆਂ ਦੀ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇੱਥੇ ਇੱਕ-ਦੂਜੇ ਨੂੰ ਤਸੱਲੀ ਦੇ ਰਹੇ ਹਨ।
ਡੋਨਾਲਡ ਟਰੰਪ ਨੇ ਕੀਤਾ ਨਿੱਕੀ ਹੈਲੀ ਦਾ ਸਮਰਥਨ :
ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਕਈ ਵਾਰ ਪ੍ਰਸ਼ਾਸਨਕ ਰਵੱਈਏ ਤੋਂ ਹੱਟ ਕੇ ਬਿਆਨ ਦਿੰਦੀ ਹੈ, ਇਸ ਦੇ ਬਾਵਜੂਦ ਉਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਪ੍ਰਾਪਤ ਹੈ। ਨਿੱਕੀ ਨੇ ਰੂਸ ‘ਤੇ ਸ਼ਰੇਆਮ ਇਹ ਦੋਸ਼ ਲਾ ਦਿੱਤਾ ਕਿ ਉਹ ਸੀਰੀਆ ਵਿਚ ਹੋ ਰਹੇ ਯੁੱਧ ਅਪਰਾਧਾਂ ਵਿਚ ਸ਼ਾਮਲ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਅਜਿਹੇ ਬਿਆਨ ਦਿੱਤੇ ਹਨ, ਜੋ ਕਿ ਪ੍ਰਸ਼ਾਸਨਿਕ ਰਵੱਈਏ ਦੇ ਦਾਇਰੇ ਤੋਂ ਬਾਹਰ ਸਨ। ਉਨ੍ਹਾਂ ਨੇ ਸੀਰਿਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਚਿਤਾਵਨੀ ਦਿੱਤੀ ਸੀ ਕਿ ‘ਤੁਹਾਡੇ ਹੰਕਾਰ ਅਤੇ ਮਨੁੱਖਤਾ ਦੇ ਅਪਮਾਨ ਦੇ ਦਿਨ ਪੂਰੇ ਹੋ ਗਏ ਹਨ।’ ਨਿੱਕੀ ਨੇ ਮਨੁੱਖੀ ਅਧਿਕਾਰ ਨੂੰ ਵਿਦੇਸ਼ ਨੀਤੀ ਦੀ ਧੁਰੀ ਦੇ ਤੌਰ ‘ਤੇ ਪੇਸ਼ ਕੀਤਾ, ਜਦਕਿ ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਨੇਤਾਵਾਂ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ, ਜੋ ਨਾਗਰਿਕ ਅਧਿਕਾਰਾਂ ਨੂੰ ਕੁਚਲਣ ਲਈ ਜਾਣੇ ਜਾਂਦੇ ਹਨ। ਅਮਰੀਕੀ ਡਿਪਲੋਮੈਟਾਂ ਨੂੰ ਡਰ ਹੈ ਕਿ ਨਿੱਕੀ ਦੇ ਬਿਆਨਾਂ ਤੋਂ ਉਲਟ ਕੌਮਾਂਤਰੀ ਸੰਦੇਸ਼ ਜਾ ਸਕਦਾ ਹੈ।
ਭਾਰਤ ‘ਤੇ ਗੰਦਗੀ ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ :
ਡੋਨਾਲਡ ਟਰੰਪ ਦੇ ਨਿਸ਼ਾਨੇ ‘ਤੇ ਹੁਣ ਭਾਰਤ ਵੀ ਆ ਗਿਆ ਹੈ। ਮਾਮਲਾ ਹਥਿਆਰਾਂ ਦਾ ਨਹੀਂ ਸਗੋਂ ਪ੍ਰਦੂਸ਼ਣ ਅਤੇ ਗੰਦਗੀ ਫੈਲਾਉਣ ਦਾ ਹੈ। ਟਰੰਪ ਨੇ ਇਨ੍ਹਾਂ ਦੇਸ਼ਾਂ ਨੂੰ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਅਤੇ ਗੰਦਗੀ ਫੈਲਾਉਣ ਵਾਲਾ ਦੱਸਿਆ ਹੈ। ਟਰੰਪ ਨੇ ਪੇਨਸਿਲਵੇਨੀਆ ਵਿਚ ਇਕ ਰੈਲੀ ਵਿਚ ਪੈਰਿਸ ਜਲਵਾਯੂ ਸਮਝੌਤੇ ਨੂੰ ਇਕ ਤਰਫਾ ਦੱਸਿਆ ਅਤੇ ਕਿਹਾ ਕਿ ਇਸ ਦੇ ਅਧੀਨ ਅਮਰੀਕਾ ਅਰਬਾਂ ਡਾਲਰ ਦੇ ਰਿਹਾ ਹੈ, ਜਦੋਂ ਕਿ ਭਾਰਤ ਵਰਗੇ ਪ੍ਰਦੂਸ਼ਣ ਫੈਲਾਉਣ ਵਾਲੇ ਦੇਸ਼ ਕੁਝ ਵੀ ਨਹੀਂ ਦੇ ਰਹੇ ਹਨ।
ਟਰੰਪ ਨੇ ਕਿਹਾ ਕਿ ਸਮਝੌਤੇ ਨੂੰ ਲੈ ਕੇ ਉਹ ਅਗਲੇ ਦੋ ਹਫਤਿਆਂ ਵਿਚ ਕੋਈ ਵੱਡਾ ਫੈਸਲਾ ਲੈਣਗੇ। ਰੈਲੀ ਵਿਚ ਉਨ੍ਹਾਂ ਨੇ ਕਿਹਾ ਕਿ ਹਰ ਜਗ੍ਹਾ ਪੈਸਿਆਂ ਦਾ ਭੁਗਤਾਨ ਕਰਨ ਲਈ ਅਮਰੀਕਾ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦੋਂ ਕਿ ਰੂਸ, ਚੀਨ ਅਤੇ ਭਾਰਤ ਵਰਗੇ ਦੇਸ਼ ਕੁਝ ਵੀ ਯੋਗਦਾਨ ਨਹੀਂ ਦੇ ਰਹੇ। ਇੱਥੇ ਦੱਸ ਦੇਈਏ ਕਿ ਸਾਲ 2015 ਵਿਚ ਸੰਯੁਕਤ ਰਾਸ਼ਟਰ ਦੀ ਪਰੰਪਾਰਿਕ ਰੂਪ ਰੇਖਾ ਦੇ ਅਧੀਨ 194 ਦੇਸ਼ਾਂ ਨੇ ਸਮਝੌਤੇ ‘ਤੇ ਹਸਤਾਖਰ ਕੀਤੇ ਸਨ ਅਤੇ 143 ਦੇਸ਼ਾਂ ਨੇ ਇਸ ਪ੍ਰਤੀ ਵਚਨਬੱਧਤਾ ਦਰਸਾਈ ਸੀ। ਇਸ ਸਮਝੌਤੇ ਦਾ ਮਕਸਦ ਦੁਨੀਆ ਦੇ ਵਧਦੇ ਔਸਤ ਜਲਵਾਯੂ ਤਾਪਮਾਨ ਨੂੰ ਦੋ ਡਿਗਰੀ ਤੱਕ ਹੇਠਾਂ ਲਿਆਉਣਾ ਹੈ।