ਟਰੰਪ ਫੇਰ ਚਿੱਤ, ਹਿਲੇਰੀ ਨੇ ਦੂਸਰੀ ਬਹਿਸ ਵੀ ਜਿੱਤੀ

0
604

debate4
ਔਰਤਾਂ ਖ਼ਿਲਾਫ਼ ਕੀਤੀਆਂ ਅਸ਼ਲੀਲ ਟਿੱਪਣੀਆਂ ਲਈ ਮੈਂ ਮੁਆਫ਼ੀ ਮੰਗਦਾਂ : ਟਰੰਪ
ਸੇਂਟ ਲੁਇਸ/ਬਿਊਰੋ ਨਿਊਜ਼ :
ਸੀ.ਐਨ.ਐਨ. ਦੇ ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਸੋਮਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਦੂਸਰੀ ਬਹਿਸ ਵਿਚ ‘ਸਪਸ਼ਟ ਜੇਤੂ’ ਰਹੀ। ਹਾਲਾਂਕਿ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦਾ ਪ੍ਰਦਰਸ਼ਨ ਉਮੀਦ ਨਾਲੋਂ ਵੱਧ ਰਿਹਾ। ਬਹਿਸ ਦੇਖ ਰਹੇ ਲੋਕਾਂ ਵਿਚ ਕਰਵਾਏ ਗਏ ਸੀ.ਐਨ.ਐਨ.-ਓ.ਆਰ.ਸੀ. ਸਰਵੇਖਣ ਵਿਚ ਕਿਹਾ ਗਿਆ ਕਿ ਹਿਲੇਰੀ ਇਸ ਬਹਿਸ ਵਿਚ ਸਪਸ਼ਟ ਜੇਤੂ ਰਹੀ ਕਿਉਂਕਿ ਸਰਵੇਖਣ ਵਿਚ ਸ਼ਾਮਲ 57 ਫ਼ੀਸਦੀ ਲੋਕਾਂ ਨੇ ਹਿਲੇਰੀ ਦੇ ਜਿੱਤਣ ਦੀ ਗੱਲ ਕਹੀ ਜਦਕਿ 34 ਫ਼ੀਸਦੀ ਨੇ ਟਰੰਪ ਦਾ ਸਮਰਥਨ ਕੀਤਾ।
ਸੀ.ਐਨ.ਐਨ. ਨੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਇਸ ਬਹਿਸ ਨੇ ਮਜ਼ਬੂਤ ਸਥਿਤੀ ਵਿਚ ਦਰਸਾਇਆ ਹੈ, ਪਰ ਉਨ੍ਹਾਂ ਦਾ ਪ੍ਰਦਰਸ਼ਨ ਪਹਿਲੀ ਬਹਿਸ ਜਿੰਨਾ ਚੰਗਾ ਨਹੀਂ ਰਿਹਾ। ਬਹਿਸ ਦੇਖਣ ਵਾਲੇ 62 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਜਿੱਤੀ ਹੈ। ਰਾਸ਼ਟਰਪਤੀ ਚੋਣਾਂ ਦੀ ਤਿੰਨ ਵਿਚੋਂ ਪਹਿਲੀ ਬਹਿਸ ਹੋਣ ਮਗਰੋਂ 27 ਸਤੰਬਰ ਨੂੰ ਸੀ.ਐਨ.ਐਨ.-ਓ.ਆਰ.ਸੀ. ਨੇ ਸਰਵੇਖਣ ਕਰਵਾਇਆ ਸੀ। ਉਦੋਂ ਲਗਭਗ 62 ਫ਼ੀਸਦੀ ਵੋਟਰਾਂ ਨੇ ਹਿਲੇਰੀ ਨੂੰ ਸਪਸ਼ਟ ਜੇਤੂ ਦੱਸਿਆ ਸੀ। ਟਰੰਪ ਨੂੰ ਮਹਿਜ਼ 27 ਫ਼ੀਸਦੀ ਲੋਕਾਂ ਦਾ ਸਮਰਥਨ ਮਿਲਿਆ ਸੀ।
ਨਤੀਜਿਆਂ ਵਿਚ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਦਰਸ਼ਕਾਂ ਦੀ ਪਸੰਦ ‘ਤੇ ਵੀ ਗੌਰ ਕੀਤਾ ਜਾਂਦਾ ਹੈ। ਬਹਿਸ ਦੇਖਣ ਵਾਲੇ 58 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਬਹਿਸ ਤੋਂ ਪਹਿਲਾਂ ਹਿਲੇਰੀ ਦਾ ਸਮਰਥਨ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਟਰੰਪ ਤੇ ਹਿਲੇਰੀ ਵਿਚਾਲੇ ਦੂਸਰੀ ਬਹਿਸ ਕਾਫ਼ੀ ਤਿੱਖੀ ਰਹੀ। ਇਸ ਦੌਰ ਵਿਚ ਗੱਲ ਇਕ-ਦੂਸਰੇ ‘ਤੇ ਨਿੱਜੀ ਦੋਸ਼ਾਂ ਤਕ ਪਹੁੰਚ ਗਈ। ਇਸ ਵਿਚ ਪੁਰਾਣੇ ਸਕੈਂਡਲ ਉਛਾਲ ਕੇ ਦੂਸਰੇ ਦਾ ਚਰਿਤਰ ਹਣਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਹਿਲੇਰੀ ਨੇ ਔਰਤਾਂ ਲਈ ਅਪਸ਼ਬਦ ਕਹਿਣ ਵਾਲੇ ਟਰੰਪ ਦੇ ਪੁਰਾਣੇ ਟੇਪ ਦਾ ਹਵਾਲਾ ਦਿੱਤਾ, ਤਾਂ ਟਰੰਪ ਨੇ ਹਿਲੇਰੀ ਦੇ ਪਤੀ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ‘ਤੇ ਬਲਾਤਕਾਰ ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ।
ਹਾਲਾਂਕਿ ਟਰੰਪ ਨੇ ਆਪਣੇ ਦੋਸ਼ਾਂ ‘ਤੇ ਸਫਾਈ ਦਿੱਤੀ ਪਰ ਹਿਲੇਰੀ ਨੇ ਇਹ ਕਹਿ ਕੇ ਮਾਮਲੇ ਨੂੰ ਹੋਰ ਅੱਗੇ ਵਧਾਇਆ ਕਿ ਟਰੰਪ ਦੇ ਤੱਥਾਂ ਦੀ ਜਾਂਚ ਕਰ ਪਾਉਣਾ ਸੰਭਵ ਨਹੀਂ ਹੈ। ਹਿਲੇਰੀ ਨੇ ਕਿਹਾ ਕਿ ਟਰੰਪ ਨੇ ਅੱਜ ਤੱਕ ਆਪਣੇ ਦਿੱਤੇ ਗਏ ਕਿਸੇ ਬਿਆਨ ਲਈ ਮੁਆਫ਼ੀ ਨਹੀਂ ਮੰਗੀ ਹੈ। ਹਿਲੇਰੀ ਨੇ ਹਮਲੇ ਤੇਜ਼ ਕਰਦਿਆਂ ਕਿਹਾ ਕਿ ਵੀਡੀਓ ਵਿਚ ਜੋ ਦਿਖਾਈ ਦੇ ਰਿਹਾ ਹੈ, ਉਹੀ ਟਰੰਪ ਦੀ ਅਸਲੀਅਤ ਹੈ, ਟਰੰਪ ਕਿਸੇ ਵੀ ਲਿਹਾਜ਼ ਨਾਲ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹੈ।
ਉਧਰ ਟਰੰਪ ਨੇ ਇਹ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਅਮਰੀਕੀਆਂ ਤੋਂ ਕਈ ਵਾਰ ਆਪਣੇ ਬਿਆਨਾਂ ਲਈ ਮੁਆਫ਼ੀ ਮੰਗੀ ਹੈ। ਮੈਂ ਔਰਤਾਂ ਦੀ ਬਹੁਤ ਇਜ਼ਤ ਕਰਦਾ ਹਾਂ। ਇਕ ਦੂਸਰੇ ਦਾ ਸਨਮਾਨ ਕਰਨਾ ਹੀ ਅਮਰੀਕਾ ਨੂੰ ਮਹਾਨ ਬਣਾਉਂਦਾ ਹੈ।
ਦੂਸਰੀ ਬਹਿਸ ਦੇ ਅਹਿਮ ਮੁੱਦੇ :
ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸੇਂਟ ਲੁਇਸ ਦੀ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਹੋਈ ਦੂਸਰੀ ਟੈਲੀਵਿਜ਼ਨ ਬਹਿਸ ਵਿਚ ਟਰੰਪ ਤੇ ਹਿਲੇਰੀ ਵਲੋਂ ਉਠਾਏ ਗਏ ਸਵਾਲ ਤੇ ਉਨ੍ਹਾਂ ਦੇ ਜਵਾਬ-
ਓਬਾਮਾ ਕੇਅਰ :
ਹਿਲੇਰੀ ਨੇ ਅਫੋਰਡੇਬਲ ਕੇਅਰ ਐਕਟ ਦੀ ਗੱਲ ਕੀਤੀ ਅਤੇ ਕਿਹਾ ਕਿ ਅਗਲੇ ਰਾਸ਼ਟਰਪਤੀ ਦੀ ਇਹ ਤਰਜੀਹ ਹੋਵੇਗੀ। ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਸ ਦਾ ਪ੍ਰੀਮੀਅਮ ਬਹੁਤ ਜ਼ਿਆਦਾ ਸੀ। ਉਨ੍ਹਾਂ ਕਿਹਾ ਕਿ ਉਹ ਓਬਾਮਾ ਕੇਅਰ ਨੂੰ ਬਚਾਏ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਗੈਰ-ਪ੍ਰਭਾਵੀ ਬਣਾਉਣ ਨਾਲ ਹੈਲਥ ਕੇਅਰ ਸਿਸਟਮ ਵਿਚ ਮਿਲਣ ਵਾਲੀਆਂ ਸਹੂਲਤਾਂ ਚਲੀਆਂ ਜਾਣਗੀਆਂ। ਉਧਰ ਟਰੰਪ ਨੇ ਕਿਹਾ ਕਿ ਓਬਾਮਾ ਕੇਅਰ ਇਕ ਤਬਾਹੀ ਹੈ ਤੇ ਉਹ ਜੇਕਰ ਰਾਸ਼ਟਰਪਤੀ ਬਣੇ ਤਾਂ ਇਸ ਨੂੰ ਬੰਦ ਕਰ ਦੇਣਗੇ।
ਔਰਤਾਂ ‘ਤੇ ਟਿੱਪਣੀ :
ਹਿਲੇਰੀ ਨੇ ਜਦੋਂ ਟਰੰਪ ਵਲੋਂ ਔਰਤਾਂ ਖ਼ਿਲਾਫ਼ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੱਤਾ ਤਾਂ ਟਰੰਪ ਨੇ ਕਿਹਾ, ”ਮੈਂ ਆਪਣੇ ਸ਼ਬਦਾਂ ਲਈ ਮੁਆਫ਼ੀ ਮੰਗਦਾ ਹਾਂ। ਮੈਨੂੰ ਆਪਣੇ ਬਿਆਨ ਨੂੰ ਲੈ ਕੇ ਕੋਈ ਮਾਣ ਨਹੀਂ ਹੈ ਤੇ ਇਸ ਨੂੰ ਲੈ ਕੇ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ। ਪਰ ਉਹ ਇਕ ਬੰਦ ਕਮਰੇ ਵਿਚ ਹੋਈ ਗੱਲਬਾਤ ਸੀ।”
ਕਲਿੰਟਨ ਦੀ ਈਮੇਲ :
ਟਰੰਪ ਨੇ ਹਿਲੇਰੀ ਕਲਿੰਟਨ ਦੇ ਵਿਦੇਸ਼ ਮੰਤਰੀ ਦੇ ਕਾਰਜਕਾਲ ਵਿਚ ਹੋਏ ਈਮੇਲ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਇਸ ਨੂੰ ਲੈ ਕੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ‘ਤੇ ਹਿਲੇਰੀ ਨੇ ਈਮੇਲ ਨੂੰ ਡਿਲੀਟ ਕਰਨ ਨੂੰ ਲੈ ਕੇ ਆਪਣੀ ਭੁੱਲ ਸਵੀਕਾਰ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਦੀ ਜ਼ਿੰਮੇਦਾਰੀ ਲੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਵੀ ਕਲਾਸੀਫਾਈਡ ਫਾਈਲ ਜਨਤਕ ਨਹੀਂ ਹੋਈ ਤੇ ਕੋਈ ਵੀ ਜਾਣਕਾਰੀ ਗਲਤ ਹੱਥਾਂ ਵਿਚ ਨਹੀਂ ਗਈ।
ਰੂਸ ‘ਤੇ ਦੋਸ਼ :
ਹਿਲੇਰੀ ਨੇ ਦੋਸ਼ ਲਾਇਆ ਕਿ ਰੂਸ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਇਸ ਗੱਲ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਟਰੰਪ ਚੋਣ ਜਿੱਤੇ ਜਾਵੇ। ਉਨ੍ਹਾਂ ਕਿਹਾ, ”ਅਸੀਂ ਆਪਣੇ ਦੇਸ਼ ਦੇ ਇਤਿਹਾਸ ਵਿਚ ਅਜਿਹਾ ਹੁੰਦਾ ਨਹੀਂ ਦੇਖਿਆ।”
ਇਸ ‘ਤੇ ਟਰੰਪ ਨੇ ਕਿਹਾ ਕਿ ਉਹ ਪੁਤਿਨ ਨੂੰ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਉਹ ਆਪਣੀ ਚੋਣ ਮੁਹਿੰਮ ਲਈ ਪੁਤਿਨ ਸਰਕਾਰ ਨਾਲ ਮਿਲ ਕੇ ਕੰਮ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਇਹ ਚੰਗਾ ਹੋਵੇਗਾ ਕਿ ਅਮਰੀਕਾ ਤਥਾਕਥਿਤ ਇਸਲਾਮਿਕ ਸਟੇਟ ਨੂੰ ਹਰਾਉਣ ਲਈ ਰੂਸ ਨਾਲ ਮਿਲ ਕੇ ਕੰਮ ਕਰੇ।
ਇਰਾਕ ਵਿਚ ਦਖ਼ਲ :
ਟਰੰਪ ਨੇ ਲਿਬਿਆ, ਸੀਰੀਆ ਤੇ ਇਰਾਕ ਵਿਚ ਦਖ਼ਲ ਨੂੰ ਲੈ ਕੇ ਹਿਲੇਰੀ ਦੇ ਫੈਸਲੇ ਦੀ ਆਲੋਚਨਾ ਕੀਤੀ। ਟਰੰਪ ਨੇ 2012 ਵਿਚ ਬੇਨਗਾਜ਼ੀ ਵਿਚ ਅਮਰੀਕੀ ਵਣਜ ਦੂਤਾਵਾਸ ‘ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕੀ ਰਾਜਦੂਤ ਨੇ ਵੱਧ ਸੁਰੱਖਿਆ ਦੀ ਮੰਗ ਕੀਤੀ ਸੀ, ਇਸ ਰਾਜਦੂਤ ਦੀ ਹਮਲੇ ਵਿਚ ਮੌਤ ਹੋ ਗਈ ਸੀ। ਹਿਲੇਰੀ ਨੇ ਕਿਹਾ ਕਿ ਉਹ ਸੀਰੀਆ ਵਿਚ ਫ਼ੌਜ ਦੇ ਇਸਤੇਮਾਲ ਦਾ ਸਮਰਥਨ ਨਹੀਂ ਬਲਕਿ ਸਪੈਸ਼ਲ ਫ਼ੌਜ ਭੇਜਣ ਦੇ ਸਮਰਥਨ ਵਿਚ ਹੈ, ਜੋ ਕਿ ਉਥੇ ਹੈ। ਉਨ੍ਹਾਂ ਕਿਹਾ ਕਿ ਉਹ ਆਈ.ਐਸ. ਨੇਤਾ ਅਬੁ ਬਕਰ ਅਲ ਬਗਦਾਦੀ ਨੂੰ ਨਿਸ਼ਾਨਾ ਬਣਾਏਗੀ।

ਟਰੰਪ ਨੇ ਆਪਣੀ ਧੀ ਇਵਾਂਕਾ ਬਾਰੇ ਵੀ ਕੀਤੀਆਂ ਸਨ ਵਿਵਾਦਤ ਟਿੱਪਣੀਆਂ
ਵਾਸ਼ਿੰਗਟਨ/ਬਿਊਰੋ ਨਿਊਜ਼ :
ਔਰਤਾਂ ਬਾਰੇ ਅਭੱਦਰ ਟਿੱਪਣੀਆਂ ਨੂੰ ਲੈ ਕੇ ਚਾਰੋਂ ਪਾਸੇ ਘਿਰੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਲੈ ਕੇ ਜੋ  ਤਾਜ਼ਾ ਖ਼ਬਰਾਂ ਆਈਆਂ ਹਨ, ਉਨ੍ਹਾਂ ਵਿਚ ਖ਼ੁਲਾਸਾ ਹੋਇਆ ਹੈ ਕਿ ਭੱਦੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਉਨ੍ਹਾਂ ਨੇ ਆਪਣੀ ਧੀ ਨੂੰ ਵੀ ਨਹੀਂ ਬਖ਼ਸ਼ਿਆ ਤੇ ਉਸ ਨੂੰ ‘ਕਾਮੁਕ’ ਕਰਾਰ ਦਿੱਤਾ।
ਟਰੰਪ ਤੇ ਮਸ਼ਹੂਰ ਰੇਡੀਓ ਪੇਸ਼ਕਾਰ ਹਾਵਰਡ ਸਟਰਨ ਵਿਚਾਲੇ ਕਰੀਬ ਦੋ ਦਹਾਕੇ ਪੁਰਾਣੇ ਆਡੀਓ ਇੰਟਰਵਿਊ ਨੂੰ ਖੰਘਾਲਨ ਮਗਰੋਂ ਸੀ.ਐਨ.ਐਨ. ਨੇ ਟਰੰਪ ਦੇ ਇੰਟਰਵਿਊ ਦੇ ਕੁਝ ਹਿੱਸੇ ਪ੍ਰਕਾਸ਼ਤ ਕੀਤੇ ਹਨ, ਜਿਨ੍ਹਾਂ ਵਿਚ ਉਹ ਵਾਰ ਵਾਰ ਆਪਣੀ ਧੀ ਇਵਾਂਕਾ ਟਰੰਪ ਦੇ ਸਰੀਰ ‘ਤੇ ਟਿੱਪਣੀ ਕਰ ਰਹੇ ਹਨ।
ਕਰੀਬ 17 ਸਾਲ ਪਹਿਲਾਂ ਸਟਰਨ ਨਾਲ ਗੱਲਬਾਤ ਦੌਰਾਨ ਟਰੰਪ ਨੇ ਔਰਤਾਂ ਬਾਰੇ ਅਭੱਦਰ ਟਿੱਪਣੀਆਂ ਕੀਤੀਆਂ ਸਨ। ਟਰੰਪ ਨੇ ਸਟਰਨ ਨਾਲ ਆਪਣੀ ਧੀ ਦੇ ਸਰੀਰ ਦੀ ਬਣਾਵਟ ਤੇ 35 ਸਾਲ ਦੀ ਉਮਰ ਮਗਰੋਂ ਔਰਤਾਂ ਨਾਲ ਰਿਸ਼ਤੇ ਤੋੜ ਲੈਣ ਵਰਗੇ ਵਿਸ਼ਿਆਂ ‘ਤੇ ਗੱਲ ਕੀਤੀ ਸੀ।
ਟਰੰਪ ਕਈ ਵਾਰ ਸਟਰਨ ਦੇ ਰੇਡੀਓ ਪ੍ਰੋਗਰਾਮ ਵਿਚ ਆਏ ਸਨ ਤੇ ਇਸ ਵਿਚ ਉਨ੍ਹਾਂ ਦੀ ਮੌਜੂਦਗੀ ਦੀਆਂ ਕਈ ਵਾਰ ਖ਼ਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ ਸੀ.ਐਨ.ਐਨ. ਨੇ ਉਨ੍ਹਾਂ ਹਿੱਸਿਆਂ ਨੂੰ ਪ੍ਰਕਾਸ਼ਤ ਕੀਤਾ ਹੈ, ਜਿਨ੍ਹਾਂ ਦੀਆਂ ਖ਼ਬਰਾਂ ਹੁਣ ਤਕ ਸਾਹਮਣੇ ਨਹੀਂ ਆਈਆਂ ਸਨ ਤੇ ਜਿਨ੍ਹਾਂ ਵਿਚ ਟਰੰਪ ਨੇ ਅਭੱਦਰ ਗੱਲਾਂ ਕਹੀਆਂ ਸਨ।
ਸਟਰਨ ਨੂੰ ਦਿੱਤੇ ਇਕ ਤੋਂ ਜ਼ਿਆਦਾ ਇੰਟਰਵਿਊ ਵਿਚ ਟਰੰਪ ਨੇ ਇਵਾਂਕਾ ਦੇ ਸਰੀਰ ਅਤੇ ਉਸ ਦੇ ਹਾਵ-ਭਾਵ ‘ਤੇ ਚਰਚਾ ਕੀਤੀ। ਅਕਤੂਬਰ 2006 ਵਿਚ ਦਿੱਤੇ ਇਕ ਇੰਟਰਵਿਊ ਵਿਚ ਸਟਰਨ ਨੇ ਕਿਹਾ ਕਿ ਇਵਾਂਕਾ, ‘ਪਹਿਲਾਂ ਨਾਲੋਂ ਜ਼ਿਆਦਾ ਕਾਮੁਕ ਲੱਗ ਰਹੀ ਹੈ।’ ਆਪਣੀ ਧੀ ਬਾਰੇ ਗੱਲਬਾਤ ਕਰਨਾ ਚਾਹ ਰਹੇ ਟਰੰਪ ਨੇ ਸਟਰਨ ਨੂੰ ਦੱਸਿਆ ਕਿ ਉਸ ਨੇ ‘ਇੰਪਲਾਂਟ’ ਨਹੀਂ ਕਰਵਾਇਆ ਹੈ, ਭਾਵ ਸਰੀਰ ਦਾ ਇਕ ਖ਼ਾਸ ਅੰਗ ਆਪਣੇ ਸਰੀਰ ਵਿਚ ਨਹੀਂ ਲਗਵਾਇਆ ਹੈ।
ਟਰੰਪ ਨੇ ਇਹ ਵੀ ਕਿਹਾ, ‘ਅਸਲ ਵਿਚ ਉਹ ਹਮੇਸ਼ਾ ਤੋਂ ਕਾਮੁਕ ਰਹੀ ਹੈ।’ ਟਰੰਪ ਦੇ ਹਵਾਲੇ ਨਾਲ ਸੀ.ਐਨ.ਐਨ. ਨੇ ਕਿਹਾ, ‘ਉਹ ਲੰਬੀ ਹੈ, ਕਰੀਬ 6 ਫੁੱਟ ਲੰਬੀ ਤੇ ਉਹ ਗਜ਼ਬ ਦੀ ਖੂਬਸੂਰਤ ਰਹੀ ਹੈ।’ ਸਤੰਬਰ 2004 ਵਿਚ ਇਕ ਹੋਰ ਇੰਟਰਵਿਊ ਵਿਚ ਸਟਰਨ ਨੇ ਟਰੰਪ ਤੋਂ ਸਵਾਲ ਕੀਤਾ ਕਿ ਕੀ ਉਹ ਇਵਾਂਕਾ ਨੂੰ ‘ਏ ਪੀਸ ਆਫ਼ ਏ…’ ਕਹਿ ਸਕਦੇ ਹਨ, ਇਸ ‘ਤੇ ਟਰੰਪ ਨੇ ਕਿਹਾ, ‘ਹਾਂ’। ਸਟਰਨ ਨੂੰ ਦਿੱਤੇ ਇਕ ਇੰਟਰਵਿਊ ਵਿਚ ਟਰੰਪ ਨੇ ਇਕ ਖ਼ਾਸ ਉਮਰ ਮਗਰੋਂ ਔਰਤਾਂ ਨੂੰ ਛੱਡ ਕੇ ਘੱਟ ਉਮਰ ਵਾਲੀਆਂ ਔਰਤਾਂ ਨਾਲ ਇਸ਼ਕ ਲੜਾਉਣ ‘ਤੇ ਵੀ ਗੱਲਬਾਤ ਕੀਤੀ। ਸਾਲ 2002 ਵਿਚ ਦਿੱਤੇ ਇਕ ਇੰਟਰਵਿਊ ਵਿਚ ਟਰੰਪ ਨੇ 30 ਨੂੰ ‘ਸਹੀ ਉਮਰ’ ਕਰਾਰ ਦਿੰਦਿਆਂ ਕਿਹਾ ਕਿ ‘ਜਦੋਂ ਤੱਕ ਉਹ 35 ਦੀ ਨਾ ਹੋ ਜਾਵੇ।’ ਇਨ੍ਹਾਂ ਅਭੱਦਰ ਟਿੱਪਣੀਆਂ ਦੇ ਸਾਹਮਣੇ ਆਉਣ ਮਗਰੋਂ ਰਾਸ਼ਟਰਪਤੀ ਅਹੁਦੇ ਦੀ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਲੜ-ਖੜਾ ਗਈ ਹੈ। ਰਿਪਬਲਿਕਨ ਪਾਰਟੀ ਦੇ ਕਈ ਚੋਟੀ ਦੇ ਨੇਤਾ ਟਰੰਪ ਤੋਂ ਦੂਰੀ ਬਣਾ ਰਹੇ ਹਨ।
ਜ਼ਿਕਰਯੋਗ ਹੈ ਕਿ ਟਰੰਪ ਦਾ ਔਰਤ ਵਿਰੋਧੀ ਟਿੱਪਣੀਆਂ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਲਈ ਮੁਸ਼ਕਲਾਂ ਉਸ ਵੇਲੇ ਪੈਦਾ ਹੋਈਆਂ ਜਦੋਂ ‘ਵਾਸ਼ਿੰਗਟਨ ਪੋਸਟ’ ਅਖ਼ਬਾਰ ਨੇ ਟਰੰਪ ਦੀਆਂ ਅਭੱਦਰ ਟਿੱਪਣੀਆਂ ਦੇ ਆਡੀਓ ਦਾ ਪੂਰਾ ਬਿਓਰਾ ਛਾਪ ਦਿੱਤਾ। ਇਸ ਵਿਚ ਉਹ ਕਹਿ ਰਹੇ ਹਨ ਕਿ ਔਰਤਾਂ ਨੇ ਉਨ੍ਹਾਂ ਨੂੰ ਆਪਣੇ ਨਾਲ ਉਹ ਸਭ ਕੁਝ ਕਰਨ ਦਿੱਤਾ ਜੋ ਉਹ ਚਾਹੁੰਦੇ ਸਨ, ਕਿਉਂਕਿ ਉਹ ਵੱਡੀ ਹਸਤੀ ਹੈ।
ਬੇਲਗਾਮ ਟਰੰਪ ਤੋਂ ਸਾਥੀ ਵੀ ਕਿਨਾਰਾ ਕਰਨ ਲੱਗੇ :
ਵਾਸ਼ਿੰਗਟਨ : ਡੋਨਲਡ ਟਰੰਪ ਵੱਲੋਂ ਜ਼ੁਬਾਨ ਨੂੰ ਲਗਾਮ ਨਾ ਲਾਉਣ ਕਾਰਨ ਉਨ੍ਹਾਂ ਦੀ ਹਾਲਤ ਦਿਨ-ਬ-ਦਿਨ ਪਤਲੀ ਹੁੰਦੀ ਜਾ ਰਹੀ ਹੈ। ਉਨ੍ਹਾਂ ਦੀ ਆਪਣੀ ਪਾਰਟੀ ਦੇ ਨੇਤਾਵਾਂ ਨੇ ਵੀ ਉਨ੍ਹਾਂ ਤੋਂ ਕਿਨਾਰਾ ਕਰਨ ਲੱਗੇ ਹਨ। ਇਸ ਹਾਲਾਤ ਦੇ ਬਾਵਜੂਦ ਟਰੰਪ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਬਣਨ ਲਈ ਪੂਰਾ ਟਿੱਲ ਲਾਉਣਗੇ। ਔਰਤਾਂ ਬਾਰੇ ਕੀਤੀਆਂ ਭੱਦੀਆਂ ਟਿੱਪਣੀਆਂ ਕਾਰਨ ਟਰੰਪ ਦੇ ਉਪ ਰਾਸ਼ਟਰਪਤੀ ਉਮੀਦਵਾਰ ਮਾਈਕ ਪੈਨਸ ਟਰੰਪ ਦੀਆਂ ਟਿੱਪਣੀਆਂ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਆਪ ਨੂੰ ਈਸਾਈ, ਪ੍ਰੰਪਰਾਵਾਦੀ ਤੇ ਸੱਚੇ ਰਿਪਬਲਿਕਨ ਕਰਾਰ ਦਿੱਤਾ ਹੈ।
ਟਰੰਪ ਤੋਂ ਉਸ ਦੀ ਪਾਰਟੀ ਦੇ ਸੈਨੇਟਰਾਂ ਤੇ ਗਵਰਨਰਾਂ ਨੇ ਪਾਸਾ ਵੱਟ ਲਿਆ ਹੈ। ਬੀਤੇ ਦਿਨ ਸੰਸਦ ਮੈਂਬਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਟਰੰਪ ਨੂੰ ਦਿੱਤਾ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਇੰਨਾ ਵਿਰੋਧ ਹੋਣ ਦੇ ਬਾਵਜੂਦ ਟਰੰਪ ਨੇ ਕਿਹਾ ਹੈ ਕਿ ਭਾਵੇਂ ਜੋ ਵੀ ਹੋ ਜਾਵੇ ਉਹ ਮੈਦਾਨ ਨਹੀਂ ਛੱਡਣਗੇ।  ਰਿਪਬਲਿਕਨ ਉਪ ਰਾਸ਼ਟਰਪਤੀ ਉਮੀਦਵਾਰ ਪੈਨਸ ਨੇ ਕਿਹਾ ਕਿ ਉਹ ਟਰੰਪ ਦੀਆਂ ਟਿੱਪਣੀਆਂ ਦਾ ਨਾ ਖੰਡਨ ਕਰਨਗੇ ਤੇ ਨਾ ਹੀ ਇਸ ਮਾਮਲੇ ‘ਤੇ ਕਿਸੇ ਤਰ੍ਹਾਂ ਦਾ ਬਚਾਅ ਕਰਨਗੇ।
ਅਮਰੀਕੀ ਭਾਰਤੀਆਂ ਨੇ ਹਿਲੇਰੀ ਦਾ ਕੀਤਾ ਸਮਰਥਨ :
ਅਮਰੀਕਾ ਵਿੱਚ ਵਸਦੇ ਭਾਰਤੀ ਅਮਰੀਕੀਆਂ ਨੇ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਹਿਲੇਰੀ ਕਲਿੰਟਨ ਦਾ ਸਮਰਥਨ ਕਰ ਦਿੱਤਾ ਹੈ। ਅਜਿਹਾ ਵਿਰੋਧ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਵੱਲੋਂ ਔਰਤਾਂ ਖ਼ਿਲਾਫ਼ ਕੀਤੀ ਗਈ ਭੱਦੀ ਟਿੱਪਣੀ ਕਾਰਨ ਹੋਇਆ ਹੈ। ਆਮ ਕਰਕੇ ਅਮਰੀਕਾ ਵਿੱਚ ਵਸਦੇ ਭਾਰਤੀ ਡੈਮੋਕਰੈਟਿਕ ਪਾਰਟੀ  ਦੇ ਸਮਰਥਕ ਹਨ ਪਰ ਅਤਿਵਾਦ ਤੇ ਪਾਕਿਸਤਾਨ ਬਾਰੇ ਸਟੈਂਡ ਕਾਰਨ ਇਸ ਭਾਈਚਾਰੇ ਦਾ ਕੁੱਝ ਹਿੱਸਾ ਡੋਨਲਡ ਟਰੰਪ ਨਾਲ ਖੜ੍ਹਾ ਨਜ਼ਰ ਆ ਰਿਹਾ ਸੀ। ਅਮਰੀਕੀ ਸੈਨੇਟ ਲਈ ਕੈਲੀਫੋਰਨੀਆ ਤੋਂ ਜ਼ੋਰ ਲਗਾ ਰਹੀ ਕਮਲਾ ਹੈਰਿਸ ਨੇ ਕਿਹਾ ਕਿ ਟਰੰਪ ਦੇ ਬਿਆਨ ਕਾਰਨ ਉਹ ਬੇਚੈਨ ਹੋ ਗਈ ਹੈ ਜਿਸ ਲਈ ਟਰੰਪ ਦਾ ਰਾਹ ਰੋਕਣਾ ਲਾਜ਼ਮੀ ਬਣ ਗਿਆ ਹੈ। ਭਾਰਤੀ ਭਾਈਚਾਰੇ ਦੇ ਨੇਤਾ ਰਾਜਦੀਪ ਸਿੰਘ ਜੌਲੀ ਨੇ ਕਿਹਾ ਕਿ ਟਰੰਪ ਤੋਂ ਬਿਹਤਰ ਹਸਤੀ ਦੀ ਦੇਸ਼ ਨੂੰ ਲੋੜ ਹੈ।
ਐਫਆਈ ਇਨਵੈਸਟਮੈਂਟ ਗਰੁੱਪ ਦੇ ਚੇਅਰਮੈਨ  ਫਰੈਂਕ ਇਸਲਾਮ ਨੇ ਕਿਹਾ ਕਿ ਰਿਪਬਲਿਕਨ ਉਮੀਦਵਾਰ ਨੂੰ ਮਾਂਵਾਂ, ਧੀਆਂ ਤੇ ਭੈਣਾਂ ਦਾ ਸਨਮਾਨ ਕਰਨ ਬਾਰੇ ਭੋਰਾ ਵੀ ਪਤਾ ਨਹੀਂ।
ਇਸ ਦੌਰਾਨ ਟਰੰਪ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰ ਨੂੰ ਸਪਸ਼ਟ ਕਹਿ ਦਿੱਤਾ ਕਿ ਉਹ ਉਨ੍ਹਾਂ ਦਾ ਫੰਡ ਵਾਪਸ ਕਰ ਦੇਵੇ। ਸੂਤਰਾਂ ਨੇ ਦੱਸਿਆ ਕਿ ਫੰਡ ਦੇਣ ਵਾਲਿਆਂ ਨੇ ਪੈਸਾ ਵਾਪਸ ਮੰਗ ਲਿਆ ਹੈ ਪਰ ਇਹ ਕਿੰਨਾ ਹੈ ਇਸ ਦਾ ਪਤਾ ਨਹੀਂ ਲੱਗਿਆ।
ਮੇਰੇ ਵਾਂਗ ਅਮਰੀਕੀ ਵੀ ਕਰ ਦੇਣਗੇ ਮੁਆਫ਼ : ਮਲੇਨੀਆ
ਨਿਊਯਾਰਕ: ਔਰਤਾਂ ਖਿਲਾਫ਼ ਮੰਦਾ ਬੋਲਣ ਵਾਲੇ ਡੋਨਲਡ ਟਰੰਪ ਦੇ ਪਰਿਵਾਰ ਨੇ ਆਸ ਪ੍ਰਗਟਾਈ ਹੈ ਕਿ ਅਮਰੀਕੀ ਜਨਤਾ ਟਰੰਪ ਨੂੰ ਮੁਆਫ਼ ਕਰ ਦੇਵੇਗੀ। ਉਨ੍ਹਾਂ ਦੀ ਪਤਨੀ ਮਲੇਨੀਆ ਨੇ ਕਿਹਾ, ‘ਜੋ ਸ਼ਬਦ ਮੇਰੇ ਪਤੀ ਨੇ ਵਰਤੇ ਹਨ, ਉਹ ਮੈਨੂੰ ਮਨਜ਼ੂਰ ਨਹੀਂ। ਇਹ ਉਸ ਵਿਅਕਤੀ ਨੂੰ ਨਹੀਂ ਦਰਸਾਉਂਦੇ ਜਿਸ ਨੂੰ ਮੈਂ ਜਾਣਦੀ ਹਾਂ। ਉਸ ਵਿੱਚ ਇਕ ਨੇਤਾ ਵਾਲਾ ਦਿਲ ਤੇ ਦਿਮਾਗ ਹੈ। ਮੈਂ ਆਸ ਕਰਦੀ ਹਾਂ ਕਿ ਜਨਤਾ ਉਨ੍ਹਾਂ ਨੂੰ ਉਵੇਂ ਹੀ ਮੁਆਫ਼ ਕਰੇਗੀ ਜਿਵੇਂ ਮੈਂ ਕੀਤਾ ਹੈ।’