ਜਥੇਦਾਰ ਟੌਹੜਾ ਦੀ ਬਰਸੀ ਮੌਕੇ ‘ਲੋਕ ਪੱਖੀ ਸਿਆਸਤ ਤੇ ਅਜੋਕੀ ਅਕਾਲੀ ਰਾਜਨੀਤੀ’ ‘ਤੇ ਚਰਚਾ

0
395

tohra-barsi-seminar
ਕੈਪਸ਼ਨ-ਜਥੇਦਾਰ ਟੌਹੜਾ ਦੀ ਬਰਸੀ ਮੌਕੇ ਕਰਵਾਏ ਸੈਮੀਨਾਰ ਵਿੱਚ ਪਹੁੰਚੇ ਮਹਿਮਾਨ ਤੇ ਬੁਲਾਰੇ।
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ ਵੱਲੋਂ ਉਨ੍ਹਾਂ ਦੀ ਤੇਰ੍ਹਵੀਂ ਬਰਸੀ ਮੌਕੇ ‘ਲੋਕ ਪੱਖੀ ਸਿਆਸਤ ਅਤੇ ਅਜੋਕੀ ਅਕਾਲੀ ਰਾਜਨੀਤੀ’ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਜਥੇਦਾਰ ਟੌਹੜਾ ਦਾ ਪੂਰਾ ਜੀਵਨ ਇਮਾਨਦਾਰੀ, ਪੰਥਪ੍ਰਸਤੀ ਤੇ ਲੋਕਪੱਖੀ ਸਿਆਸਤ ਕਰਨ ਵਿਚ ਗੁਜ਼ਰਿਆ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਨੌਜਵਾਨ ਪੀੜ੍ਹੀ ਨੂੰ ਸੇਧ ਲੈਣ ਦੀ ਅਪੀਲ ਕੀਤੀ। ਉਨ੍ਹਾਂ ਟੌਹੜਾ ਦੇ ਦੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ‘ਸੁਨਹਿਰੀ ਯੁੱਗ’ ਦੱਸਿਆ। ਇਸ ਮੌਕੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਿੱਖ ਸੰਸਥਾਵਾਂ ਖਾਸਕਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਸਿੱਖੀ ਦੇ ਮੂਲ ਅਸੂਲਾਂ ਤੋਂ ਹੀ ਭਟਕਣ ਕਾਰਨ ਦਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਚੋਟੀ ਦੀ ਲੀਡਰਸ਼ਿਪ ਸਿਧਾਂਤਹੀਣ ਤੇ ਨਿੱਜੀ ਮੁਫ਼ਾਦਾ ਲਈ ਵੱਧ ਕੰਮ ਕਰਨ ਵਾਲੀ ਹੋ ਗਈ ਹੈ। ਉੱਘੇ ਸਿਆਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੇ ਜਥੇਦਾਰ ਟੌਹੜਾ ਨੂੰ ਆਖ਼ਰੀ ਟਕਸਾਲੀ ਆਗੂ ਆਖਦਿਆਂ ਕਿਹਾ ਕਿ ਅਜੋਕੀ ਅਕਾਲੀ ਲੀਡਰਸ਼ਿਪ ਵਿੱਚ ਲੋਕਾਂ ਤੇ ਸਿੱਖ ਪੰਥ ਪਤੀ ਵਚਨਬੱਧਤਾ ਦੀ ਘਾਟ ਕਾਰਨ ਹੀ ਇਹ ਲੋਕ ਮਨਾਂ ਵਿਚ ਪਹਿਲਾਂ ਵਾਲੀ ਜਗ੍ਹਾ ਨਹੀਂ ਬਣਾ ਪਾ ਰਹੀ ਹੈ।
ਇਸ ਮੌਕੇ ਪੱਤਰਕਾਰ ਤੇ ਲੇਖਕ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਪੱਤਰਕਾਰਾਂ ਖ਼ਾਸ ਕਰ ਕੇ ਅੰਗਰੇਜ਼ੀ ਅਖ਼ਬਾਰਾਂ ਨੇ ਜਥੇਦਾਰ ਟੌਹੜਾ ਨੂੰ ਹਮੇਸ਼ਾ ਹੀ ਗਲਤ ਰੰਗਤ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਨ੍ਹਾਂ ਨੂੰ ਮੁੱਖ ਸਿਆਸੀ ਧਾਰਾ ਵਿੱਚ ਆਉਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਵੱਲ ਹੀ ਜ਼ਿਆਦਾ ਰੱਖਿਆ। ਸ੍ਰੀ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖੇਤਰੀ ਪਾਰਟੀਆਂ ਨਾਲ ਮਿਲ ਕੇ ਮੁਲਕ ਵਿੱਚ ਕੱਟੜਵਾਦ ਦੀ ਮੁਹਿੰਮ ਨੂੰ ਠੱਲ੍ਹਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਦਲਮੇਘ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਸ਼ੇਰ ਸਿੰਘ, ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਗੁਰਦਰਸ਼ਨ ਸਿੰਘ ਬਾਹੀਆ ਨੇ ਨਿਭਾਈ।