ਟੈਗੋਰ ਵਾਲਿਆਂ ਨੂੰ ‘ਦਾ ਬਲੈਕ ਪ੍ਰਿੰਸ’ ਕਿਵੇਂ ਚੰਗੀ ਲੱਗੇ?

0
519

the-black-prince-759

ਰਣਜੀਤ ਸਿੰਘ
‘ਦ ਬਲੈਕ ਪ੍ਰਿੰਸ’ ਫ਼ਿਲਮ ਨੇ ਸਿੱਖ ਹਲਕਿਆਂ ਵਿਚ ਕਾਫ਼ੀ ਚਰਚਾ ਛੇੜੀ ਹੈ ਅਤੇ ਆਮ ਵਿਅਕਤੀ, ਜਿਸ ਨੇ ਵੀ ਇਹ ਫ਼ਿਲਮ ਦੇਖੀ ਹੈ ਉਨ੍ਹਾਂ ਨੇ ਇਸ ਨੂੰ ਬੇਹੱਦ ਪਸੰਦ ਕੀਤਾ। ਜੇ ਫ਼ਿਲਮਾਂ ਨਾਲ ਸਬੰਧਤ Audience Review ਵੈਬਸਾਈਟ ਦੇਖੇ ਜਾਣ ਦਾ IMDB, Rotten Tomatoes, Book my show, Face book, Google search ਦੇ ਹਿਸਾਬ ਨਾਲ ਇਹ ਫ਼ਿਲਮ 10 ਵਿਚੋਂ 8 ਨੰਬਰ ਪ੍ਰਾਪਤ ਕਰਦੀ ਹੈ, ਜਿਹੜੀ ਕਿ ਬਹੁਤ ਘੱਟ ਫ਼ਿਲਮਾਂ ਨੂੰ ਮਿਲਦੀ ਹੈ। ਫਿਲਮ ਲੋਕਾਂ ਲਈ ਬਣਦੀ ਹੈ ਅਤੇ ਉਹ ਹੀ ਇਸਦਾ ਆਖਰੀ ਮੁਲਾਂਕਣ ਕਰਦੇ ਹਨ ਇਤਿਹਾਸਕਾਰ ਨਹੀਂ।
‘ਦ ਬਲੈਕ ਪ੍ਰਿੰਸ’ ਦੇ ਮਾਮਲੇ ਵਿੱਚ ਕੁੱਝ ਕੁ ਸਿੱਖ ਬੁੱਧੀਜੀਵੀਆਂ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਹਾਲੇ ਤੱਕ ਚੁੱਪ ਬੈਠੇ ਹਨ ਅਤੇ ਲਗਦਾ ਹੈ ਹੌਲੀ ਹੌਲੀ ਇਸ ਉਪਰ ਹਮਲਾ ਕਰਨ ਦੀ ਤਾਕ ਵਿਚ ਹਨ। ਜਿਹੜੇ ਬੋਲੇ ਹਨ, ਉਨ੍ਹਾਂ ਵਿਚ ਕਾਫ਼ੀ ਫ਼ਰਕ ਹੈ, ਕਈ ਇਸ ਨੂੰ ਬੇਹੱਦ ਸਲਾਹ ਰਹੇ ਹਨ ਜਦੋਂ ਕਿ ਦੋ ਤਿੰਨ ਨੇ ਇਸ ਵਿਚ ਬਿਨਾ ਤੱਥਾਂ ਤੋਂ ਗ਼ਲਤੀਆਂ ਕੱਢਣ ਦੇ ਯਤਨ ਵੀ ਕੀਤੇ ਹਨ। ਫਿਲਮ ਵਿੱਚ ਗਲਤੀਆਂ ਸਦਾ ਹੀ ਰਹਿੰਦੀਆਂ ਹਨ ਅਤੇ ਇਸ ਵਿੱਚ ਵੀ ਹਨ ਪਰ ਫਿਲਮ ਬਨਾਉਣ ਵਾਲਿਆਂ ਨੇ ਬੜੀ ਉਚੀ ਆਵਾਜ਼ ਵਿੱਚ ਕਿਹਾ ਹੈ ਕਿ ਇਤਿਹਾਸਿਕ ਤੱਥਾਂ ਬਾਰੇ ਉਹਨਾਂ ਨੂੰ ਕੋਈ ਚੈਲੰਜ ਕਰੇ ਤਾਂ ਉਹ ਜਾਵਬਦੇਹ ਹਨ। ਇਹਨਾਂ ਸਿੱਖ ਇਤਿਹਾਸਕਾਰਾਂ ਵਲੋਂ ਕਮਂੈਟਰੀ ਕੀਤੀ ਜਾ ਰਹੀ ਹੈ ਪਰ ਹਲੇ ਤੱਕ ਕੋਈ ਵੀ ਤੱਥਾਂ ਨੂੰ ਗਲਤ ਸਾਬਿਤ ਨਹੀਂ ਕਰ ਸਕਿਆ। ਇਹਨਾਂ ਵਲੋਂ ਸਿਰਫ ਆਖਰੀ ਦ੍ਰਿਸ਼ ਜਿਸ ਵਿੱਚ ਮਹਾਰਾਜਾ ਦਲੀਪ ਸਿੰਘ ਭਾਰਤ ਵਿੱਚੋਂ ਅੰਗਰੇਜ਼ ਕੱਢਨ ਦੀ ਗੱਲ ਕਰਦਾ ਹੈ ਉਸ ਬਾਰੇ ਸੁਆਲ ਉਠਾਏ ਹਨ। ਇਹ ਕਹਿ ਰਹੇ ਹਨ ਕਿ ਇਤਿਹਾਸ ਵਿੱਚ ਇਹ ਹੋਇਆ ਹੀ ਨਹੀਂ। ਪਰ ਮੈਂ ਇੱਕ ਵੀਡਿÀ ਦੇਖੀ ਤਾਂ ਉਸ ਵਿੱਚ ਫਿਲਮ ਵਾਲੇ ਡਾਕਟਰ ਗੰਡਾ ਸਿੰਘ ਅਤੇ ਕਰਿਸਟੀ ਕੈਮਬਲ ਦੀਆਂ ਕਿਤਾਬਾਂ ਦਾ ਹਵਾਲਾ ਦੇ ਰਹੇ ਹਨ। ਮੇਰੇ ਦਿਮਾਗ ਵਿੱਚ ਇੱਕ ਹੀ ਗੱਲ ਘੁਮੀ ਜਾਂਦੀ ਹੈ, ਜਿਵੇਂ ਕਿ ਅੰਗਰੇਜ਼ੀ ਅਖਾਣ ਹੈ ਕਿ ‘shooting the messenger’, ਸੁਨੇਹਾ ਦੇਣ ਵਾਲੇ ਨੂੰ ਮਾਰ ਦਿਉ। ਇਹ ਅਜੋਕੇ ਇਤਿਹਾਸਕਾਰਾਂ ਉਹ ਕਿਤਾਬਾਂ ਰਿਵਿਊ ਕਰ ਦੇਂਦੇ ਜਦੋਂ ਛਪੀਆਂ ਸਨ। ਇੱਕ ਨੂੰ ਛਪੀ ਨੂੰ 40 ਸਾਲ ਤੇ ਦੂਜੀ ਨੂੰ 16 ਹੋ ਗਏ। ਉਹਨਾਂ ਬਾਰੇ ਤਾਂ ਇਹ ਕਦੇ ਬੋਲੇ ਨਹੀਂ ਜਾਂ ਮੰਨ ਜਾਣ ਕਿ ਇਹਨਾਂ ਨੇ ਕਦੇ ਪੜ੍ਹੀਆਂ ਨਹੀਂ। ਫਿਲਮ ਵਾਲੇ ਤਾਂ ਹਵਾਲਾ ਦੇ ਰਹੇ ਹਨ ਕਿ ਅਸੀਂ ਇਸ ਕਿਤਾਬ ਦੇ ਏਸ ਸਫੇ ਤੋਂ ਇਹ ਗੱਲ ਲਈ ਹੈ। ਦੂਜੀ ਗੱਲ, ਮੈਂ ਨਿੱਜੀ ਤੌਰ ਤੇ ਖਾਲਿਸਤਾਨੀ ਵਿਚਾਰਧਾਰਾ ਵਿੱਚ ਵਿਸ਼ਵਾਸ਼ ਰੱਖਦਾ ਹਾਂ ਅਤੇ ਮੈਨੂੰ ਇਹ ਗੱਲ ਕੋਈ ਗਲਤ ਨਹੀਂ ਲੱਗੀ। ਜੇ ਤੁਸੀ ਉਸ ਸਮੇ ਵਿੱਚ ਜਾਉ ਤਾਂ ਇੱਕ ਸਾਂਝੇ ਦੁਸ਼ਮਨ ਵਿਰੁਧ ਇੱਕ ਪਲੇਟਫਾਰਮ ਬਨਾਉਣਾ ਕੀ ਗਲਤ ਹੈ? ਅੱਜ ਵੀ ਅੰਗਰੇਜ਼ ਭਾਰਤ ਤੇ ਕਬਜ਼ਾ ਕਰ ਲਏ ਤਾਂ ਇਸ ਹਿੰਦੂ ਨਾਲ ਅੱਜ ਵੀ ਏਕਾ ਕਰਕੇ ਉਸਨੂੰ ਭਾਰਤ ਵਿੱਚੋਂ ਕੱਢਕੇ ਫੇਰ ਆਪਣਾ-ਆਪਣਾ ਮੁਲਕ ਲਿਆ ਜਾ ਸਕਦਾ ਹੈ। ਅਸਲ ਵਿੱਚ ਜਿਹੜੇ ਬੰਦੇ ਇਹ ਸੀਨ ਤੇ ਚਿੰਤਾ ਪ੍ਰਗਟਾ ਰਹੇ ਹਨ ਉਹ ਸਿੱਧੇ ਸ਼ਬਦਾਂ ਵਿੱਚ ਇਹ ਕਹਿ ਰਹੇ ਹਨ ਕਿ ਇਹ ਗੱਲ ਲੁਕੋ ਲੈਣੀ ਚਾਹੀਦੀ ਸੀ। ਇਹ ਇਤਿਹਾਸਕਾਰ ਆਪ ਹੀ ਇਤਿਹਾਸ ਨੂੰ ਤਰੋੜ-ਮਰੋੜ ਕਰਨ ਦੀ ਗੱਲ ਕਰ ਰਹੇ ਹਨ। ਜੇ ਮਹਾਰਾਜਾ ਦਲੀਪ ਸਿੰਘ ਨੇ ਕੋਈ ਇਹ ਗੱਠਜੋੜ ਬਣਾਇਆ ਸੀ ਤਾਂ ਫਿਲਮ ਵਾਲੇ ਕੀ ਕਰਣ? ਇਹਨਾਂ ਨੂੰ ‘ਦ ਬਲੈਕ ਪ੍ਰਿੰਸ’ ਫ਼ਿਲਮ ਵਿਚ ਭਾਰਤ ਤੋਂ ਅੰਗਰੇਜ਼ਾਂ ਨੂੰ ਕੱਢਣ ਦੀ ਗਲ ਵੀ ਸੱਚੀ ਨਹੀਂ ਲੱਗਦੀ ਅਤੇ ਖਾਲਿਸਤਾਨ ਵੀ ਸੰਘ ਤੋਂ ਥੱਲੇ ਉਤਰਦਾ ਨਹੀਂ। ਇਹਨਾਂ ਨੂੰ ਦਲੀਪ ਸਿੰਘ ਕਦਾਵਾਰ ਚਾਹੀਦੈ ਅਤੇ ਫ਼ਿਲਮ ਦੀ ਕਲਾ ਵੀ ਛੋਟੀ ਲੱਗਦੀ ਹੈ। ਇਸ ਫਿਲਮ ਨੇ ਸਿੱਖ ਬਾਤ ਪਾਈ ਹੈ ਅਤੇ ਜਿਸਨੇ ਹਰੇਕ ਸਿੱਖ ਨੂੰ ਟੁੰਬਿਆ ਹੈ ਭਾਵੇਂ ਉਹ ਖਾਲਿਸਤਾਨੀ ਹੈ ਚਾਹੇ ਕਾਂਗਰਸੀ ਅਤੇ ਇਹੀ ਕਈਆਂ ਨੂੰ ਜਰਨਾ ਔਖਾ ਹੈ। ਇਸ ਲਈ ਜਿਹੜੀਆਂ ਤਾਕਤਾਂ ਸਿੱਖਾਂ ਨੂੰ ਇੱਕ ਕੇਸਰੀ ਨਿਸ਼ਾਨ ਹੇਠਾਂ ਨਹੀਂ ਦੇਖਣਾ ਚਾਹੁਦੀਆਂ ਉਹਨਾਂ ਨੇ ਫਿਲਮ ਤੇ ਹਮਲੇ ਕਰਨੇ ਹੀ ਹਨ।
ਜਦੋਂ ਡਾਕਟਰ ਗੰਡਾ ਸਿੰਘ 250 ਸਫ਼ਿਆਂ ਦਾ ਸਿੱਖ ਇਤਿਹਾਸ ਲਿਖਣ ਵੇਲੇ 300 ਤੋਂ ਉਪਰ ਰੈਫਰੈਂਸ ਦਿੰਦੇ ਹਨ ਅਤੇ ਹਰ ਪੰਨੇ ‘ਤੇ ਇਕ ਨਵਾਂ ਰੈਫਰੈਂਸ ਦਿੱਤਾ ਜਾਂਦਾ ਹੈ ਪਰ ਇਹ ਵੀਰ 750 ਸਫ਼ਿਆਂ ਦਾ ਸਿੱਖ ਇਤਿਹਾਸ ਲਿਖਣ ਵੇਲੇ 40-50 ਰੈਫਰੈਂਸ ਨਾਲ ਈ ਕੰਮ ਨੇਪਰੇ ਚਾੜ੍ਹ ਦਿੰਦੇ ਹਨ।
ਇਹ ਗੱਲ ਵੱਖਰੀ ਹੈ ਕਿ ਸਿੱਖਾਂ ਵਿਚ ਹਾਲੇ ਗੰਭੀਰ ਕਿਸਮ ਦੇ ਅਤੇ ਸੂਝਵਾਨ ਫ਼ਿਲਮ ਆਲੋਚਕ ਮੌਜੂਦ ਹੀ ਨਹੀਂ ਅਤੇ ਨਾਂਹ ਹੀ ਇਹ ਰੀਤ ਚੱਲੀ ਹੈ। ਜਿਹਨਾਂ ਨੇ ਅਲੋਚਨਾ ਕੀਤੀ ਹੈ ਉਹਨਾਂ ਨੇ ਅਲੋਚਨਾ ਦੀ ਮਰਿਆਦਾ ਦੀ ਪ੍ਰਵਾਹ ਕੀਤੇ ਬਿਨਾ ‘ਵਗਦੀ ਗੰਗਾ’ ਵਿਚ ਹੱਥ ਧੋਣ ਵਾਂਗ ਸ਼ੋਭਾ ਖੱਟਣ ਦਾ ਯਤਨ ਕੀਤਾ ਹੈ। ਸਿੱਖਾਂ ਵਿਚ ਇਕ ਅਜੋਕੀ ਤਰਾਸਦੀ ਇਹ ਹੈ ਕਿ ਸਾਡੇ ਬੁੱਧੀਜੀਵੀ ਨੀਮ ਹਕੀਮ (“General Practitioner”) ਹਨ, ਭਾਵ ਇਹਨਾਂ ਨੂੰ ਹਰ ਗੱਲ ਦਾ ਥੋੜਾ-ਥੋੜਾ ਪਤਾ ਹੁੰਦਾ ਹੈ ਪਰ ਨਿਪੁੰਨ ਕਿਸੇ ਵਿਚ ਵੀ ਨਹੀਂ। ਪਰ ਇਸਦੇ ਬਾਵਜੂਦ ਇੱਕ ਹੀ ਬੰਦਾ ਸਿੱਖ ਇਤਿਹਾਸ, ਧਾਰਮਿਕ ਵਿਦਿਆ, ਅਰਥ-ਸ਼ਾਸਤਰ, ਸਮਾਜ-ਵਿਗਿਆਨ ਅਤੇ ਫਲਸਫ਼ੇ ‘ਤੇ ਬੋਲਣ ਦਾ ‘ਮਾਹਿਰ’ ਹੋ ਸਕਦਾ ਹੈ। ਇਹ ਦਸਮ ਗ੍ਰੰਥ ‘ਤੇ ਵੀ ਬੋਲ ਸਕਦੇ ਹਨ ਅਤੇ ਸੰਸਾਰੀਕਰਨ ਦੀ ਗੱਲ ਕਹੇ ਬਿਨਾ ਵੀ ਨਹੀਂ ਰਹਿ ਸਕਦੇ। ਇਹ ਗੁਰੂ ਗ੍ਰੰਥ ਸਾਹਿਬ ਤੇ ਵੀ ਬੋਲ ਸਕਦੇ ਹਨ ਅਤੇ ਫਿਲਮ ਦੇ ਆਰਟ ਡਿਪਾਰਟਮੈਂਟ ਨੂੰ ਵੀ ਸਲਾਹ ਦੇ ਸਕਦੇ ਹਨ। ਜਦੋਂ ਸਾਰਾ ਜਗਤ ਰਵਿੰਦਰ ਨਾਥ ਟੈਗੋਰ ਬਾਰੇ ਕੋਈ ਸਵਾਲ ਉਠਾਉਂਦਾ ਹੈ ਤਾਂ ਲੋਕ-ਵਿਰੋਧੀ ਵਾਹਵਾ ਖੱਟਣ ਲਈ ਇਹ ਟੈਗੋਰ ਦੇ ਹੱਕ ਵਿੱਚ ਵੀ ਖਲੋ ਜਾਂਦੇ ਹਨ। ਇਹਨਾਂ ਨੂੰ ਬੋਲਣ ਲਈ ਵਿਰੋਧ ਹੀ ਮਾਫਕ ਹੈ ਕਿਉਂ ਕਿ ਉਸਾਰੂ ਕੰਮ ਇਂਨਾ ਸੌਖਾ ਨਹੀਂ। ਇਹਨਾਂ ਵਿਚ ਕਿਧਰੇ ਨਾ ਕਿਧਰੇ ਹੀਣ-ਭਾਵਨਾ ਵੀ ਇਹਨਾਂ ਨੂੰ ਟਿਕਣ ਨਹੀਂ ਦਿੰਦੀ ਕਿਉਂਕਿ ਜ਼ਿੰਦਗੀ ਵਿਚ ਇਹ ਕੁੱਝ ਕਰ ਗੁਜਰਨ ਤੋਂ ਵਾਂਝੇ ਰਹੇ ਹਨ। ਸ਼ਬਦਾਂ ਦੇ ਸੋਦਾਗਰ ਆਮ ਲੋਕਾਂ ਨੂੰ ਅਕਸਰ ਹੀ ਭਰਮਾ ਲੈਂਦੇ ਹਨ ਇਹੀ ਇਹਨਾਂ ਦਾ ਗੁਣ ਹੈ ਪਰ ਗੱਲ ਸਿੱਧੀ ਤੇ ਸਪੱਸ਼ਟ ਹੈ ਕਿ ਜਿਸ ਨੂੰ ਟੈਗੋਰ ਚੰਗਾ ਲੱਗੇ ਉਹਨੂੰ ‘ਦ ਬਲੈਕ ਪ੍ਰਿੰਸ” ਕਿਵੇਂ ਚੰਗੀ ਲੱਗੇ?