ਸਿੱਖ ਰਾਜ ਸਬੰਧੀ ਸੱਚ ਤੱਕ ਪੁੱਜਣ ਦਾ ਰਾਹ

0
274

the-black-prince
ਜਸਜੀਤ ਸਿੰਘ
ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਜਾਂ ਉਸਦੇ ਪਰਿਵਾਰ ਦੀ ਗੱਲ ਆਉਂਦੀ ਹੈ ਤਾਂ ਇਤਿਹਾਸ ਵਿਚ ਉਹਨਾਂ ਨਾਲ ਬਹੁਤ ਬੇਇਨਸਾਫੀ ਹੋਈ ਹੈ। ਪਰ ਅਸੀਂ ਵੀ ਉਸ ਇਤਿਹਾਸ ਨੂੰ ਆਪ ਫਰੋਲ ਕੇ ਨਹੀਂ ਦੇਖਿਆ, ਸਗੋਂ ਅੰਗਰੇਜ਼ਾਂ ਵਲੋਂ ਸਥਾਪਤ ਕੀਤੀਆਂ ਗੱਲਾਂ ਨੂੰ ਹੀ ਅੱਗੇ ਤੋਰਦੇ ਰਹੇ। ਇਹੀ ਕਾਰਨ ਹੈ ਕਿ ਪੰਜਾਬ ਵਿਚ ਮਹਾਰਾਜਾ ਦਲੀਪ ਸਿੰਘ ਬਾਰੇ ਕੋਈ ਬਹੁਤਾ ਨਹੀਂ ਪਤਾ, ਜੇ ਪਤਾ ਹੈ ਤਾਂ ਉਹ ਗਲਤ ਪਤਾ ਹੈ। ‘ਮੈਂ ਥੋੜੀਆਂ ਜਿਹੀਆਂ ਹੀ ਉਦਾਹਰਨਾਂ ਦਿਆਂਗਾ :

– ਮਹਾਰਾਜਾ ਦਲੀਪ ਸਿੰਘ ਦੀ ਜਨਮ ਮਿਤੀ 23 ਭਾਦੋਂ 1895 ਬਿਕਰਮੀ ਹੈ ਅਤੇ ਇਸ ਦੇ ਬਾਰੇ ਇਤਿਹਾਸਕਾਰਾਂ ‘ਚ ਕੋਈ ਮਤਭੇਦ ਨਹੀਂ। ਹੁਣ ਤਾਂ ਖੈਰ ਬਿਕਰਮੀ ਤਰੀਕ ਨੂੰ ਅੰਗਰੇਜ਼ੀ ਤਰੀਕ ਵਿਚ ਬਦਲਣ ਦੇ ਸਾਫਟਵੇਅਰ ਹੀ ਆ ਗਏ ਹਨ ਪਰ ਅਸੀਂ ਕਦੇ ਚੈੱਕ ਨਹੀਂ ਕੀਤੀ। ਉਸ ਦੀ ਕਬਰ ‘ਤੇ ਵੀ ਤਰੀਕ 4 ਸਤੰਬਰ ਲਿਖੀ ਹੈ ਜਦੋਂ ਕਿ ਅਸਲ ਵਿਚ 6 ਸਤੰਬਰ 1838 ਬਣਦੀ ਹੈ।

– ਮਹਾਰਾਣੀ ਜਿੰਦਾਂ ਦੇ ਚਰਿਤਰ (Character) ਬਾਰੇ ਬਹੁਤ ਕੁੱਝ ਕਿਹਾ ਜਾਂਦਾ ਹੈ। ਇਥੋਂ ਤੱਕ ਕਿ ਸਿੱਖਾਂ ਦਾ ਇੱਕ ਵਰਗ ਵੀ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਧਰੰਗ ਹੋ ਗਿਆ ਸੀ ਅਤੇ ਉਹ ਬੁੱਢਾ ਵੀ ਸੀ ਇਸ ਲਈ ਦਲੀਪ ਸਿੰਘ ਉਸ ਦੀ ਔਲਾਦ ਨਹੀਂ। ਇਥੋਂ ਤੱਕ ਕਿ ਪਿਛਲੇ ਸਾਲ ਹੀ ਵਿਲੀਅਮ ਡੈਰਿਅਮਪਲ ਅਤੇ ਅਨੀਤਾ ਅਨੰਦ ਨੇ ਕੋਹਿਨੂਰ ਬਾਰੇ ਕਿਤਾਬ ਲਿਖੀ ਹੈ। ਕੋਹਿਨੂਰ ਬਾਰੇ ਕਈ ਤੱਕ ਠੀਕ ਨਹੀਂ ਪਰ ਇਹਨਾਂ ਨੇ ਉਦੋਂ ਤਾਂ ਹੱਦ ਕਰ ਦਿੱਤੀ ਜਦੋਂ ਕਿਹਾ ਕਿ ‘ਮਹਾਰਾਜਾ ਉਸ ਵੇਲੇ 55 ਸਾਲ ਦਾ ਸੀ ਇਸ ਲਈ ਲਗਦਾ ਹੈ (ਲੱਗਦਾ ਹੈ) ਕਿ ਦਲੀਪ ਸਿੰਘ ਕਿਸੇ ਨੌਕਰ ਦੀ ਔਲਾਦ ਹੋਵੇ’। ਦੇਖੋ ਕੋਈ ਸਬੂਤ ਨਹੀਂ ਆਪਣਾ ਇਕ ਕਾਲਪਨਿਕ ਵਿਚਾਰ (Opinion) ਹੈ ਪਰ ਕਿਸੇ ਵੀ ਸਿੱਖ ਇਤਿਹਾਸਕਾਰ ਨੇ ਇਸਦਾ ਜੁਆਬ ਨਹੀਂ ਦਿੱਤਾ। ਇਹੀ ਗੱਲ ਅੰਗਰੇਜ਼ ਮਹਾਰਾਜਾ ਦਲੀਪ ਸਿੰਘ ਦੇ ਦਿਮਾਗ ਵਿਚ ਬਿਠਾਉਂਦੇ ਰਹੇ ਕਿ ਉਹ ਨਜਾਇਜ਼ ਔਲਾਦ ਹੈ।
ਦਰਬਾਰ ਦਾ ਰੋਜਨਾਮਚਾ ਉੱਦਮਤ-ਉਤ-ਤਵਾਰੀਖ਼ (UMDAT-UT-TAWARIK) ਸਾਫ ਲਿਖਦਾ ਹੈ ਕਿ ਅਸੀਂ ਦਲੀਪ ਸਿੰਘ ਦੇ ਪੈਦਾ ਹੋਣ ਤੋਂ ਹਫ਼ਤਾ ਪਹਿਲਾਂ ਦਰਬਾਰ ਸਾਹਿਬ ਅਰਦਾਸ ਕਰਾਉਣ ਲਈ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਖੂਬ ਘੋੜਾ ਭਜਾਇਆ। ਹੁਣ ਦੱਸੋ ਅਧਰੰਗ ਵਾਲਾ ਬੰਦਾ ਘੋੜ ਸਵਾਰੀ ਕਰ ਸਕਦੈ?
ਇਸੇ ਤਰ੍ਹਾਂ ਕੋਹਿਨੂਰ ਬਾਰੇ ਕਦੇ ਕਹਿੰਦੇ ਹਨ ਕਿ ਉਹ ਅੰਗਰੇਜ਼ਾਂ ਨੇ ਚੋਰੀ ਕੀਤਾ। ਕੋਈ ਕਹਿੰਦਾ ਹੈ ਕਿ ਮਹਾਰਾਜੇ ਨੇ ਇੰਗਲੈਂਡ ਦੀ ਮਹਾਰਾਣੀ ਨੂੰ ਗਿਫ਼ਟ ਦਿੱਤਾ। ਸਾਡੇ ਕੋਲ ਸਬੂਤ ਪਏ ਹਨ ਕਿ ਅੰਗਰੇਜ਼ਾਂ ਨੇ ਐਂਗਲੋ ਸਿੱਖ ਵਾਰ ਤੋਂ ਬਾਅਦ ਇਹ ਜਬਤ ਕੀਤਾ ਪਰ ਸਰਕਾਰੀ ਖਜ਼ਾਨੇ ਦੀ ਬਜਾਏ ਮਹਾਰਾਣੀ ਵਿਕਟੋਰੀਆ ਦੀ ਨਿੱਜੀ ਮਲਕੀਅਤ ਦੇ ਤੌਰ ‘ਤੇ ਉਹਨੂੰ ਦਿੱਤਾ ਜਿਹੜੀ ਕਿ ਇੰਗਲੈਂਡ ਦੀHouse of Commons ਦੇ ਰੂਲ ਦੀ ਵੀ ਉਲੰਘਣਾ ਸੀ। ਪਰ ਸਾਡੀ ਕਹਾਣੀ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸੁਜਾ ਨੂੰ ਰਾਜਸੀ ਪਨਾਹ (Political Asylum) ਤਾਂ ਦਿੱਤੀ ਪਰ ਕੋਹਿਨੂਰ ਮੁਫ਼ਤ ਵਿੱਚ ਨਹੀਂ ਪਰ ਖਰੀਦਿਆ। ਉਹਨੇ ਬਕਾਇਦਾ 3 ਲੱਖ ਰੁਪਏ ਨਕਦੀ ਅਤੇ ਇਕ ਜਗੀਰ, ਜਿਸ ਦੀ ਆਮਦਨ ਉਸ ਵੇਲੇ 50 ਹਜ਼ਾਰ ਸੀ, ਉਹਨੂੰ ਦਿੱਤੀ ਅਤੇ ਨਾਲ ਉਸ ਦੇ ਭਰਾ ਕੋਲੋਂ ਉਸ ਦਾ ਰਾਜ ਬਹਾਲ ਕਰਨ ਲਈ ਮਦਦ ਦਾ ਵਾਅਦਾ ਕੀਤਾ। ਉਸ ਲਈ ਹਰੀ ਸਿੰਘ ਨਲੂਏ ਦੀ ਜਰਨੈਲੀ ਅਧੀਨ ਅਫਗਾਨਿਸਤਾਨ ‘ਤੇ ਹਮਲਾ ਵੀ ਕੀਤਾ। ਇਸ ਕਹਾਣੀ ਦਾ ਜ਼ਿਕਰ ਤੁਸੀਂ ਅੱਜ ਤੱਕ ਕਿਧਰੇ ਸੁਣਿਆ ਨਹੀਂ ਹੋਵੇਗਾ।
ਅਸੀਂ ਤਾਂ Entertaiment Industry ਦੇ ਬੰਦੇ ਹਾਂ। ਇਤਿਹਾਸ ਨੂੰ ਖੋਜਣਾ ਤੇ ਦਰੁੱਸਤ ਲਿਖਣਾ ਕਿਸੇ ਕੌਮ ਦੇ ਇਤਿਹਾਸਾਰਕਾਂ ਦਾ ਕੰਮ ਹੁੰਦਾ ਹੈ। ਹੋ ਸਕਦਾ ਹੈ ਸਾਡੀ ਇਸ ਫ਼ਿਲਮ ‘ਦ ਬਲੈਕ ਪ੍ਰਿੰਸ’ (The Black Prince) ਨਾਲ ਇਤਿਹਾਸਕਾਰਾਂ ਨੂੰ ਥੋੜਾ ਹਲੂਣਾ ਮਿਲੇ ਅਤੇ ਸੱਚ ਨੂੰ ਲੱਭਣਾ ਉਹਨਾਂ ਲਈ ਚੈਲੰਜ ਵੀ ਹੈ।
ਅਸੀਂ ਫ਼ਿਲਮ ਵਿਚ ਸੰਕੇਤ ਮਾਤਰ ਸਭ ਕੁਝ ਦਸਿਆ ਹੈ ਬਾਕੀ ਕੰਮ ਹੁਣ ਇਤਿਹਾਸਕਾਰ ਕਰਨ। ਅਸੀਂ ਮਹਾਰਾਜਾ ਦੇ Pardon ਬਾਰੇ ਜਾਂ ਉਹਦੀ ਮੌਤ ਬਤੌਰ ਸਿੱਖ ਹੋਣ ਬਾਰੇ ਸਬੂਤਾਂ ‘ਤੇ ਅਧਾਰਤ ਫ਼ਿਲਮ ਬਣਾਈ ਹੈ। ਹੁਣ ਮੈਦਾਨ ਖੁੱਲ੍ਹਾ ਹੈ।