ਸਿਕਲੀਗਰ ਸਿੱਖਾਂ ‘ਤੇ ਪੁਲੀਸ ਕਰ ਰਹੀ ਏ ਜ਼ੁਲਮ

0
289

tarsem
-ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਥਾਂ ‘ਤੇ ਧੱਕ ਰਹੀ ਏ ਜੇਲ੍ਹਾਂ ‘ਚ
-ਬ੍ਰਿਟਿਸ਼ ਸਿੱਖ ਕੌਂਸਲ ਪ੍ਰਸ਼ਾਸ਼ਣ ਤੇ ਸਰਕਾਰ ਨੂੰ ਮਿਲ ਕੇ ਕਹਿ ਚੁੱਕਿਆ ਏ ਕਿ ਇਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਜਾਂ ਸਰਕਾਰੀ ਹਥਿਆਰ ਬਨਾਉਣ ਵਾਲੀਆਂ ਕੰਪਨੀਆਂ ‘ਚ ਭਰਤੀ ਕੀਤਾ ਜਾਵੇ ਤਾਂ ਜੋ ਉਹ ਆਪਣੇ ਪੁਰਾਣੇ ਧੰਦੇ ਤੋਂ ਮੁਕਤ ਹੋ ਸਕਣ
-ਬ੍ਰਿਟਿਸ਼ ਸਿਖ ਕੌਂਸਲ, ਦੇ ਉਦਮ ਸਦਕਾ 15,000 ਸਿਕਲੀਗਰ ਛੱਕ ਚੁੱਕੇ ਹਨ ਅੰਮ੍ਰਿਤ  

ਪ੍ਰੋ. ਬਲਵਿੰਦਰਪਾਲ ਸਿੰਘ

ਮੱਧ ਪ੍ਰਦੇਸ਼ ਦੇ ਇੰਦੌਰ ਸੰਭਾਗ ਵਿੱਚ ਅਜਿਹੇ ਕਈ ਪਿੰਡ ਹਨ, ਜਿੱਥੇ ਗ਼ੈਰ-ਕਾਨੂੰਨੀ ਹਥਿਆਰਾਂ ਦੇ ਨਿਰਮਾਣ ਦੀਆਂ ਫੈਕਟਰੀਆਂ ਵੱਡੀਆਂ ਸਨਅਤਾਂ ਦੀ ਤਰ੍ਹਾਂ ਚੱਲ ਰਹੀਆਂ ਹਨ। ਇੱਥੇ ਬਾਕਾਇਦਾ ਨਾਜਾਇਜ਼ ਹਥਿਆਰਾਂ ਦੀ ਮੰਡੀ ਲੱਗਦੀ ਹੈ, ਜਿੱਥੇ ਖ਼ਰੀਦਦਾਰ ਦੇਸੀ ਕੱਟਾ ਹੀ ਨਹੀਂ, ਪਿਸਤੌਲ ਤੇ ਏਕੇ-47 ਜਿਹੇ ਅਤਿ-ਆਧੁਨਿਕ ਹਥਿਆਰਾਂ ਦੀ ਖ਼ਰੀਦਦਾਰੀ ਕਰਦੇ ਹਨ। ਨਾਜਾਇਜ਼ ਹਥਿਆਰ ਨਿਰਮਾਣ ਵਿੱਚ ਲੱਗੇ ਉਕਤ ਪਿੰਡਾਂ ਵਿੱਚ ਜ਼ਿਆਦਾਤਰ ਲੋਕ ਸਿਕਲੀਗਰ ਸਿੱਖਾਂ ਦੇ ਨਾਮ ਨਾਲ ਜਾਣੇ ਜਾਂਦੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਮੁਗਲਾਂ ਦੇ ਖ਼ਿਲਾਫ਼ ਅਜ਼ਾਦੀ ਦੀ ਲੜਾਈ ਦੌਰਾਨ ਸਿਕਲੀਗਰ ਸਿੱਖ ਪਹਿਲਾਂ ਗੁਰੂ ਸਾਹਿਬਾਨਾਂ ਲਈ ਹਥਿਆਰ ਬਣਾਉਂਦੇ ਸਨ। ਫਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖ ਮਿਸਲਦਾਰਾਂ ਤੇ ਮਹਾਰਾਜਾ ਰਣਜੀਤ ਸਿੰਘ ਲਈ ਤਲਵਾਰ ਤੋਂ ਲੈ ਕੇ ਬੰਦੂਕ ਤੇ ਤੋਪਾਂ ਤੱਕ ਹਥਿਆਰ ਬਨਾਉਣ ਲੱਗੇ।

ਘਰ-ਘਰ ਵਿੱਚ ਬਣ ਰਹੇ ਹਨ ਨਜਾਇਜ਼ ਹਥਿਆਰ
ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਇੰਦੌਰ ਸੰਭਾਗ ਦੇ ਕਈ ਜ਼ਿਲ੍ਹਿਆਂ ਵਿੱਚ ਸਿਕਲੀਗਰਾਂ ਸਿੱਖਾਂ ਦੀ ਆਬਾਦੀ ਹੈ। ਇੱਥੋਂ ਦੇ ਪਿੰਡ ਦੇ ਲਗਪਗ ਹਰੇਕ ਘਰ ਵਿੱਚ ਨਾਜਾਇਜ਼ ਹਥਿਆਰ ਨਿਰਮਾਣ ਦੀਆਂ ਫੈਕਟਰੀਆਂ ਮਿਲ ਜਾਣਗੀਆਂ। ਇਸ ਕਾਰੋਬਾਰ ਵਿੱਚ ਪੂਰੇ ਦਾ ਪੂਰਾ ਪਰਿਵਾਰ ਲੱਗਭੱਗ ਰੁਜ਼ਗਾਰ ‘ਚ ਲੱਗਿਆ ਹੈ। ਉਕਤ ਪਿੰਡ ਦੀ ਕਿਸੇ ਵੀ ਝੌਂਪੜੀ ਵਿੱਚ ਲੋਹਾ ਪਿਘਲਾਉਣ ਵਾਲੀ ਭੱਠੀ ਅਰਾਮ ਨਾਲ ਮਿਲ ਜਾਵੇਗੀ। ਇੱਥੇ ਸਭ ਤਰ੍ਹਾਂ ਦੇ ਦੇਸੀ ਤੇ ਅਤਿ ਆਧੁਨਿਕ ਹਥਿਆਰ ਬਣਾਏ ਜਾਂਦੇ ਹਨ ਤੇ ਇਨ੍ਹਾਂ ਦੀ ਵਿਕਰੀ ਲਈ ਬਕਾਇਦਾ ਬਾਜ਼ਾਰ ਲੱਗਦਾ ਹੈ ਤੇ ਖ਼ਰੀਦਣ ਲਈ ਵੱਡੀ ਗਿਣਤੀ ਵਿੱਚ ਲੋਕ ਵੀ ਇੱਥੇ ਪੁੱਜਦੇ ਹਨ। ਇੱਥੇ ਵਿਕਰੀ ਲਈ ਮੁਹੱਈਆ ਹਥਿਆਰਾਂ ਦੀ ਕੀਮਤ ਬਹੁਤ ਹੀ ਨਾਮੀਨਲ ਹੈ। ਜਿਵੇਂ, ਇੱਥੇ ਬਣੇ ਹਥਿਆਰਾਂ ਦੀ ਕੀਮਤ 1000 ਰੁਪਏ ਤੋਂ ਸ਼ੁਰੂ ਹੋ ਕੇ 2500 ਰੁਪਏ ਤੱਕ ਹੈ, ਹਾਲਾਂ ਕਿ ਕਈ ਵਾਰ ਗਾਹਕਾਂ ਦੀ ਜੇਬ ਦੇਖ ਕੇ ਵੀ ਹਥਿਆਰਾਂ ਦੀ ਕੀਮਤ ਤੈਅ ਕੀਤੀ ਜਾਂਦੀ ਹੈ। ਸਿਕਲੀਗਰ ਸਿੱਖ ਪਰਿਵਾਰ ਕਈ ਪੀੜੀਆਂ ਤੋਂ ਨਾਜਾਇਜ਼ ਹਥਿਆਰ ਬਣਾਉਣ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਤੇ ਬੇਰੋਕ-ਟੋਕ ਅੱਜ ਵੀ ਦੇਸੀ  ਤੇ ਅਤਿ-ਆਧੁਨਿਕ ਹਥਿਆਰਾਂ ਦਾ ਨਿਰਮਾਣ ਬਦਸਤੂਰ ਜਾਰੀ ਹੈ। ਹੁਣ ਤਾਂ ਨਵੀਂ ਪੀੜੀ ਨੇ ਵੀ ਇਸ ਧੰਦੇ ਨੂੰ ਰੁਜ਼ਗਾਰ ਦੇ ਰੂਪ ਵਿੱਚ ਅਪਣਾ ਲਿਆ ਹੈ। ਸਿਕਲੀਗਰ ਸਿੱਖ ਗ਼ੈਰ-ਕਾਨੂੰਨੀ ਹਥਿਆਰਾਂ ਦਾ ਨਿਰਮਾਣ ਭੰਗਾਰ (ਸਕਰੈਪ) ਤੋਂ ਤਿਆਰ ਕਰਦੇ ਹਨ। ਭੰਗਾਰ ਤੋਂ ਹਥਿਆਰ ਬਣਾਉਣ ਲਈ ਸਿਕਲੀਗਰ ਸਿੱਖ ਭੱਠੀ, ਹਥੌੜੀ, ਛੈਣੀ, ਕਿੱਲ, ਫਾਇਲ ਜਿਹੇ ਛੋਟੇ ਹਥਿਆਰਾਂ ਦੀ ਵਰਤੋਂ ਕਰਦੇ ਹਨ, ਜੋ ਪਿੰਡ ਦੇ ਹਰੇਕ ਘਰਾਂ ਦੀ ਝੌਂਪੜੀ ਵਿੱਚ ਅਸਾਨੀ ਨਾਲ ਦਿੱਸ ਜਾਣਗੇ। ਇਨ੍ਹਾਂ ਛੋਟੇ ਔਜ਼ਾਰਾਂ ਦੀ ਮਦਦ ਨਾਲ ਸਿਕਲੀਗਰ ਸਿੱਖ ਦੇਸੀ ਪਿਸਤੌਲ ਤੋਂ ਲੈ ਕੇ ਅਤਿ ਆਧੁਨਿਕ ਪਿਸਤੌਲ ਤੇ ਏਕੇ-47 ਜਿਹੇ ਹਥਿਆਰ ਬਣਾਉਂਦੇ ਹਨ। ਇਹੀ ਨਹੀਂ, ਸਿਕਲੀਗਰ ਚਾਕੂ ਤੇ ਤਲਵਾਰ ਜਿਹੇ ਕਈ ਪਰੰਪਰਿਕ ਹਥਿਆਰਾਂ ਦਾ ਨਿਰਮਾਣ ਵੀ ਕਰਦੇ ਹਨ। ਇੰਦੌਰ ਸੰਭਾਗ ਵਿੱਚ ਧਾਰ, ਖਰਗੋਨ, ਬਡਵਾਨੀ, ਬੁਰਹਾਨਪੁਰ ਇਲਾਕਿਆਂ ਵਿੱਚ ਸਿਕਲੀਗਰ ਪਾਏ ਜਾਂਦੇ ਹਨ, ਇੱਕ-ਇੱਕ ਪਿੰਡ ਵਿੱਚ 50 ਤੋਂ 100 ਘਰ ਹਨ, ਜੋ ਇਹੀ ਕਾਰੋਬਾਰ ਕਰਦੇ ਹਨ। ਜਾਣਕਾਰ ਕਹਿੰਦੇ ਹਨ ਕਿ ਸਿਕਲੀਗਰ ਸਿੱਖ ਕਦੇ ਮੁਗ਼ਲਾਂ ਨਾਲ ਲੜਨ ਤੇ ਅੰਗਰੇਜ਼ਾਂ ਦੇ ਖ਼ਿਲਾਫ਼ ਦੇਸ ਦੀ ਅਜ਼ਾਦੀ ਲਈ ਹਥਿਆਰ ਨਿਰਮਾਣ ਕਰਦੇ ਸਨ। ਹਾਲਾਂ ਕਿ ਹੁਣ ਹਰੇਕ ਸਿਕਲੀਗਰ ਸਿੱਖ ਇਸ ਧੰਦੇ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ, ਪਰ ਉਨ੍ਹਾਂ ਨੂੰ ਉਤਸ਼ਾਹ ਦੇਣਦੀ ਬਜਾਏ ਉਨ੍ਹਾਂ ਨੂੰ ਹਥਿਆਰ ਐਕਟ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।

ਸਿਕਲੀਗਰਾਂ ਦਾ ਇਤਿਹਾਸ
ਸਿਕਲੀਗਰਾਂ ਦੇ ਸੰਬੰਧ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਡੂੰਘੇ ਸਨ। ਜਦੋਂ ਗੁਰੂ ਸਾਹਿਬ ਨੇ ਕੌਮ ਨੂੰ ਹਥਿਆਰਬੰਦ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਲੜਾਈਆਂ ਵਿਚ ਵਧੀਆ ਹਥਿਆਰਾਂ ਦੀ ਲੋੜ ਮਹਿਸੂਸ ਹੋਈ ਅਤੇ ਉਨ੍ਹਾਂ ਨੇ ਕੁਝ ਸਿਖ ਮਾਰਵਾੜ ਭੇਜੇ ਤਾਂ ਜੋ ਉਥੋਂ ਰਾਜਪੂਤ ਲੁਹਾਰ ਲੈ ਕੇ ਆਉਣ। ਸਭ ਤੋਂ ਪਹਿਲਾਂ ਕੇਹਰ ਸਿੰਘ ਨਾਮੀਂ ਰਾਜਪੂਤ ਨੇ ਆਪਣੀਆਂ ਸੇਵਾਵਾਂ ਗੁਰੂ ਸਾਹਿਬ ਲਈ ਪੇਸ਼ ਕੀਤੀਆਂ ਜਿਸ ਦੀ ਪ੍ਰੇਰਨਾ ਨਾਲ ਕਈ ਪਰਿਵਾਰ ਪੰਜਾਬ ਆਏ। ਛੇਵੇਂ ਪਾਤਸ਼ਾਹ ਤੋਂ ਉਪਰੰਤ ਨੌਵੇਂ ਪਾਤਸ਼ਾਹ ਤਕ ਲੱਗਭੱਗ ਸ਼ਾਂਤੀ ਦਾ ਸਮਾਂ ਰਹਿਣ ਕਰਕੇ ਇਨ੍ਹਾਂ ਨੇ ਢਿੱਡ ਭਰਨ ਲਈ ਰਜਵਾੜਾਸ਼ਾਹੀ ਲਈ ਵੀ ਭੂਮਿਕਾ ਨਿਭਾਉਂਦੇ ਰਹੇ। ਗੁਰੂ ਹਰਿਗੋਬਿੰਦ ਸਾਹਿਬ ਸਮੇਂ ਮਾਰਵਾੜੀ ਲੁਹਾਰਾਂ ਦੇ ਗੁਰੂ ਸਾਹਿਬ ਦੇ ਸੰਪਰਕ ਵਿਚ ਆਉਣ ਦੀ ਘਟਨਾ ਇਸ ਪ੍ਰਕਾਰ ਹੈ-ਲਾਹੌਰ ਦਾ ਇਕ ਪ੍ਰਸਿੱਧ ਲੁਹਾਰ ‘ਮੌਲਾ ਬਖਸ਼) ਗੁਰੂ ਸਾਹਿਬ ਦੀਆਂ ਫੌਜਾਂ ਵਾਸਤੇ ਹਥਿਆਰ ਬਣਾਇਆ ਕਰਦਾ ਸੀ। ਉਸ ਦੀ ਵਧੀਆ ਹਥਿਆਰ ਬਣਾਉਣ ਵਿਚ ਬਹੁਤ ਧਾਂਕ ਸੀ। ਮੁਗਲ ਫੌਜਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ‘ਮੌਲਾ ਬਖਸ਼’ ਨੂੰ ਬਹੁਤ ਡਰਾਇਆ ਧਮਕਾਇਆ। ‘ਮੌਲਾ ਬਖਸ਼’ ਨੇ ਸਿਖ ਫੌਜਾਂ ਦੇ ਹਥਿਆਰ ਬਣਾਉਣੇ ਤਾਂ ਬੰਦ ਨਾ ਕੀਤੇ ਪੰ੍ਰਤੂ ਬਣਾਏ ਹਥਿਆਰਾਂ ਦਾ ਮਿਆਰ ਬਹੁਤ ਘਟੀਆ ਕਰ ਦਿੱਤਾ।
ਸਿਖਾਂ ਨੂੰ ਹਥਿਆਰਾਂ ਦੇ ਇਸ ਘਟੀਆਪਨ ਦਾ ਪਤਾ ਲੱਗਾ ਤਾਂ ਉਨ੍ਹਾਂ ਗੁਰੂ ਪਾਤਸ਼ਾਹ ਪਾਸ ਸ਼ਿਕਾਇਤ ਕੀਤੀ। ਮੌਲਾ ਬਖਸ਼ ਨੇ ਆਪਣਾ ਗੁਨਾਹ ਤਾਂ ਕਬੂਲ ਕਰ ਲਿਆ ਪੰ੍ਰਤੂ ਗੁਰੂ ਸਾਹਿਬ ਨੇ ਉਸ ਤੋਂ ਹਥਿਆਰ ਬਣਵਾਉਣੇ ਬੰਦ ਕਰ ਦਿੱਤੇ।
ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕੁਝ ਸਿਖਾਂ ਨੂੰ ਮਾਰਵਾੜ ਭੇਜਿਆ ਤਾਂ ਜੋ ਕੁਝ ਰਾਜਪੂਤ ਲੁਹਾਰ ਮੰਗਵਾਏ ਜਾਣ, ਕਿਉਂਕਿ ਰਾਜਪੂਤ ਲੁਹਾਰਾਂ ਦੁਆਰਾ ਬਣਾਏ ਹਥਿਆਰਾਂ ਦੀ ਪੁਖਤਗੀ ਬੇਮਿਸਾਲ ਸੀ। ਮਾਰਵਾੜ ਤੋਂ ਸਭ ਤੋਂ ਪਹਿਲਾਂ ਭਾਈ ਕੇਹਰ ਸਿੰਘ ਰਾਜਪੂਤ, ਸਿੱਖਾਂ (ਭਾਈ ਜੇਠਾ ਜੀ, ਭਾਈ ਬਿਧੀ ਚੰਦ ਜੀ) ਨਾਲ ਆਇਆ ਅਤੇ ਆਪਣੀਆਂ ਸੇਵਾਵਾਂ ਗੁਰੂ ਸਾਹਿਬ ਨੂੰ ਸਮਰਪਿਤ ਕੀਤੀਆਂ। ਉਸ ਦੁਆਰਾ ਤਿਆਰ ਕੀਤੇ ਹਥਿਆਰਾਂ ਦੀ ਪ੍ਰਬੀਨਤਾ ਅਤੇ ਮਜ਼ਬੂਤੀ ਤੋਂ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਅਤੇ ਉਸ ਨੂੰ ਹੋਰ ਰਾਜਪੂਤ ਲੁਹਾਰ ਲਿਆਉਣ ਲਈ ਕਿਹਾ। ਕੇਹਰ ਸਿੰਘ ਉਥੋਂ ਕਾਫੀ ਪਰਿਵਾਰ ਗੁਰੂ ਸਾਹਿਬ ਪਾਸ ਲੈ ਕੇ ਆਇਆ। ਇਹ ਪਰਿਵਾਰ ਗੁਰੂ ਸਾਹਿਬ ਦੀਆਂ ਫ਼ੌਜਾਂ ਲਈ ਹਥਿਆਰ ਤਿਆਰ ਕਰਨ ਲੱਗੇ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮੁਗਲਾਂ ਨਾਲ ਹੋਈਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਚਾਰ ਲੜਾਈਆਂ ਵਿਚ ਇਨ੍ਹਾਂ ਮਾਰਵਾੜੀ ਲੁਹਾਰਾਂ ਨੇ ਸਿਖ ਫੌਜਾਂ ਦਾ ਡਟ ਕੇ ਸਾਥ ਦਿੱਤਾ-
(À) ਸੰਮਤ 1685 ਵਿਚ ਮੁਖਲਿਸ ਖਾਨ ਸੈਨਾਨੀ ਨਾਲ (ਅੰਮ੍ਰਿਤਸਰ)
(ਅ) ਸੰਮਤ 1687 ਵਿਚ ਜਲੰਧਰ ਦੇ ਹਾਕਮ ਅਬਦੁਲਾ ਖਾਨ ਨਾਲ (ਸ੍ਰੀ ਹਰਿਗੋਬਿੰਦਪੁਰ)
(Â) ਸੰਮਤ 1688 ਵਿਚ ਮੇਹਰਾਜ ਪਾਸ (ਗੁਰੂਸਰ ਦੇ ਮਕਾਮ ਪੁਰ) ਕਰਮ ਬੇਗ ਸੈਨਾਨੀ ਨਾਲ
(ਸ) ਸੰਮਤ 1691 ਵਿਚ ਕਾਲੇ ਖਾਂ, ਪੈਂਦੇ ਖਾਂ ਨਾਲ (ਕਰਤਾਰਪੁਰ)।
ਇਹ ਮਾਰਵਾੜੀ ਲੁਹਾਰ ਮੈਦਾਨੇ ਜੰਗ ਵਿਚ ਵੀ ਬਹਾਦਰੀ ਦੇ ਜੌਹਰ ਦਿਖਾਉਂਦੇ ਸਨ ਅਤੇ ਹਥਿਆਰ ਵੀ ਬਣਾਉਂਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਸਮੇਂ ਤਿਆਰ ਕੀਤੇ ਗਏ, ਹਥਿਆਰਾਂ ਦੀਆਂ ਵੰਨਗੀਆਂ ਅੱਜ ਵੀ ਸਿਖ ਅਜਾਇਬ ਘਰਾਂ ਵਿਚ ਕਾਇਮ ਹਨ। ਗੁਰੂ ਹਰਿਗੋਬਿੰਦ ਸਾਹਿਬ ਤੋਂ ਬਾਅਦ ਦਾ ਸਮਾਂ ਮੁਹਿੰਮਾਂ ਤੋਂ ਰਹਿਤ ਰਿਹਾ, ਜਿਸ ਕਰਕੇ ਮਾਰਵਾੜੀਆਂ ਦੇ ਸ਼ਸਤਰ ਤਿਆਰੀ ਕਾਰਜ ਉੱਪਰ ਕਾਫੀ ਬੁਰਾ ਅਸਰ ਪਿਆ। ਕੁਝ ਮਾਰਵਾੜੀ ਤਾਂ ਇਸ ਸਮੇਂ ਵਾਪਸ ਮਾਰਵਾੜ ਚਲੇ ਗਏ ਤੇ ਕੁਝ ਸਥਾਨਕ ਰਜਵਾੜਿਆਂ ਪਾਸ ਹਥਿਆਰ ਬਣਾ, ਵੇਚ ਕੇ ਰੋਜ਼ੀ ਰੋਟੀ ਚਲਾਉਣ ਲੱਗੇ।
ਪੰਜਾਬ ਵਿਚ ਕੁਝ ਤਾਂ ਘੁਮੱਕੜ ਕਬੀਲਿਆਂ ਦੇ ਰੂਪ ਵਿਚ ਘੁੰਮਦੇ ਰਹੇ ਤੇ ਕੁਝ ਗੁਰੂ ਸਾਹਿਬਾਨ ਪਾਸ ਰਹੇ। ਭਾਈ ਮੱਖਣ ਸ਼ਾਹ ਲੁਬਾਣੇ ਨੇ ਬਾਬੇ ਬਕਾਲੇ ਪੁੱਜ ਕੇ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਵਜੋਂ ਪਛਾਣ ਸਥਾਪਤ ਕੀਤੀ ਸੀ ਅਤੇ ਕੋਠੇ ‘ਤੇ ਚੜ੍ਹ ਕੇ ਹੋਕਾ ਦਿੱਤਾ ਸੀ ”ਗੁਰੂ ਲਾਧੋ ਰੇ, ਗੁਰੂ ਲਾਧੋ ਰੇ।” ਭਾਈ ਲੱਖੀ ਸ਼ਾਹ ਵਣਜਾਰੇ ਨੇ ਚਾਂਦਨੀ ਚੌਕ ਵਿੱਚੋਂ ਲੰਘਣ ਸਮੇਂ ਗੁਰੂ ਤੇਗ ਬਹਾਦਰ ਜੀ ਦਾ ਸਰੀਰ ਆਪਣੇ ਗਡੇ ਵਿਚ ਰੱਖ ਕੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕੀਤਾ। ਭਾਈ ਉਦੇ ਸਿੰਘ ਅਤੇ ਭਾਈ ਬਚਿੱਤਰ ਸਿੰਘ ਦੋਵੇਂ ਸਕੇ ਭਰਾ ਵਣਜਾਰੇ ਸਨ। ਜ਼ਿਕਰਯੋਗ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਰਾਜਾ ਬਿਸ਼ਨ ਸਿੰਘ ਦੀ ਮਦਦ ‘ਤੇ ਅਸਾਮ ਗਏ ਸਨ ਤਾਂ ਉਦੋਂ ਵੀ ਮਾਰਵਾੜੀ ਕਬੀਲੇ ਨਾਲ ਸੰਬੰਧਿਤ ਸੂਰਬੀਰਾਂ ਨੇ ਉਨ੍ਹਾਂ ਦਾ ਤਨਦਿਲੀ ਨਾਲ ਸਾਥ ਦਿੱਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਗੁਰਗਦੀ ‘ਤੇ ਬਿਰਾਜਮਾਨ ਹੋਏ ਤਾਂ ਮਾਰਵਾੜੀ ਕਬੀਲੇ ਦੀ ਕਿਸਮਤ ਜਾਗ ਪਈ। ਸਿਕਲੀਗਰ ਭਾਈਚਾਰਾ ਅਤੇ ਵਣਜਾਰੇ ਸਿਖਾਂ ਦੀ ਖਾਲਸਾ ਪੰਥ ਲਈ ਬਹੁਤ ਵੱਡੀ ਕੁਰਬਾਨੀ ਹੈ।
ਦਸਵੇਂ ਪਾਤਸ਼ਾਹ ਵੇਲੇ ਫਿਰ ਇਨ੍ਹਾਂ ਦੀ ਕਾਬਲੀਅਤ ਸਿਖ ਪੰਥ ਦੇ ਕੰਮ ਆਈ। ਭਾਈ ਰਾਮ ਸਿੰਘ ਪਹਿਲਾ ਮਾਰਵਾੜੀ ਲੁਹਾਰ ਸੀ ਜਿਸ ਨੇ ਗੁਰੂ ਜੀ ਪਾਸੋਂ ਅੰਮ੍ਰਿਤ ਛੱਕਿਆ। ਸਿਕਲੀਗਰ ਯੋਧੇ ਬਾਬਾ ਬਚਿਤਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨ ਕੇ ਮੁਗਲ ਸ਼ਾਹੀ ਫ਼ੌਜ ਦੇ ਸ਼ਰਾਬੀ ਹਾਥੀ ਦੇ ਮੱਥੇ ਵਿਚ ਨਾਗਣੀ ਬਰਛਾ ਮਾਰ ਕੇ ਮਾਰ ਭਜਾਇਆ ਸੀ। ਭਾਈ ਬਚਿਤਰ ਸਿੰਘ ਹੁਰੀਂ ਪੰਜੇ ਭਰਾ ਜੋ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਏ, ਇਨ੍ਹਾਂ ਨਾਲ ਹੀ ਸੰਬੰਧਿਤ ਸਨ। ਇਨ੍ਹਾਂ ਵਿਚੋਂ ਭਾਈ ਬਦਨ ਸਿੰਘ ਤੇ ਭਾਈ ਮੋਦਨ ਸਿੰਘ ਨਾਂਦੇੜ ਤੱਕ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਲ ਗਏ ਤੇ ਉਨ੍ਹਾਂ ਦੇ ਹੁਕਮ ‘ਤੇ ਉਥੋਂ ਵਾਪਸ ਪਰਤੇ।
‘ਸਿਕਲੀਗਰ’ ਸ਼ਬਦ ਦਾ ਉਚਾਰਨ ਕਰਦਿਆਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਨੰਦਪੁਰੀ ਦਰਬਾਰ ਵਿਖੇ ਵਾਪਰੀ ਇਕ ਮਹਾਨ ਘਟਨਾ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਜਿਥੋਂ ਇਹ ਸ਼ਬਦ ‘ਸਿਕਲੀਗਰ’ ਪ੍ਰਚੱਲਿਤ ਹੋਇਆ। ਭਾਈ ਰਾਮ ਸਿੰਘ (ਮਾਰਵਾੜੀ ਲੁਹਾਰ) ਜਿਨ੍ਹਾਂ ਕੋਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਫ਼ੌਜਾਂ ਦੇ ਹਥਿਆਰ ਬਣਾਉਣ ਦੀ ਜ਼ਿੰਮੇਵਾਰੀ ਸੀ, ਕਿਲ੍ਹਾ ਲੋਹਗੜ੍ਹ ਵਿਖੇ ਹੀ ਸ਼ਸ਼ਤਰ ਤਿਆਰ ਕਰਿਆ ਕਰਦੇ ਸਨ।
ਕਾਰੀਗਰਾਂ ਦੇ ਜਥੇ (ਜਿਹੜਾ ਭਾਈ ਰਾਮ ਸਿੰਘ ਦੀ ਅਗਵਾਈ ਹੇਠ ਸ਼ਸਤਰ ਨਿਰਮਾਣ ਕਰਦਾ ਸੀ) ਨੂੰ ਮਾਰਵਾੜੀ ਲੁਹਾਰ ਕਿਹਾ ਜਾਂਦਾ ਸੀ। ਗੁਰੂ ਸਾਹਿਬ ਹਥਿਆਰਾਂ ਪਰਖਣ ਆਏ ਅਤੇ ਜਿਸ ਸ਼ਰਧਾ ਅਤੇ ਪ੍ਰੇਮ ਪਿਆਰ ਨਾਲ ਭਾਈ ਰਾਮ ਸਿੰਘ ਦੀ ਅਗਵਾਈ ਵਿਚ ਕਾਰੀਗਰਾਂ ਨੂੰ ਹਥਿਆਰ ਬਣਾਉਂਦੇ ਅਤੇ ਚਮਕਾਉਂਦੇ (ਸਿਕਲ ਕਰਦੇ) ਦੇਖਿਆ, ਗੁਰੂ ਸਾਹਿਬ ਨੇ ਪਿਆਰ ਨਾਲ ‘ਸਿਕਲੀਗਰ’ ਦੀ ਉਪਾਧੀ ਬਖਸ਼ਿਸ਼ ਕੀਤੀ। ਅਰਬੀ ਭਾਸ਼ਾ ਵਿਚ ਹਥਿਆਰ ਚਮਕਾਉਣ ਨੂੰ ‘ਸ਼ਿਕਲ’ ਕਰਨਾ ਕਿਹਾ ਜਾਂਦਾ ਹੈ ਅਤੇ ਗੁਰੂ ਸਾਹਿਬ ਵਲੋਂ ਹੀ ਇਹ ਨਾਮ ਇਸ ਕਬੀਲੇ ਨੂੰ ਉਪਾਧੀ ਵਜੋਂ ਬਖ਼ਸ਼ਿਸ਼ ਕੀਤਾ ਗਿਆ। ਉਪਰੋਕਤ ਸਾਰੀ ਇਤਿਹਾਸਕ ਘਟਨਾ ਸਿਕਲੀਗਰ ਕਬੀਲੇ ਵਿਚ ਸੀਨਾ-ਬ-ਸੀਨਾ ਪ੍ਰਚੱਲਿਤ ਹੈ ਅਤੇ ਇਹ ਘਟਨਾ ਕਬੀਲੇ ਦੇ ਬਜ਼ੁਰਗ ਲੋਕ ਬੜੇ ਫਖ਼ਰ ਨਾਲ ਦੱਸਦੇ ਹਨ ਪੰ੍ਰਤੂ ਇੱਥੇ ਇਕ ਗੱਲ ਜ਼ਿਕਰਯੋਗ ਹੈ ਕਿ ਭਾਈ ਰਾਮ ਸਿੰਘ ਕੌਣ ਸਨ? ਗੁਰੂ ਪਾਤਸ਼ਾਹ ਦੇ ਦੋ ਸਿੰਘ ਸੂਰਮਿਆਂ ਦਾ ਨਾਮ ਰਾਮ ਸਿੰਘ ਕਰਕੇ ਆਉਂਦਾ ਹੈ।
1. ਰਾਮ ਸਿੰਘ-ਆਪ ਬੁੱਘੇਵਾਣਾ (ਬੁੱਘੇਆਣਾ) ਦੇ ਵਸਨੀਕ ਸਨ ਅਤੇ ਆਪ ਦਾ
ਪਹਿਲਾ ਨਾਮ ਰਾਮ ਚੰਦ ਸੀ। ਆਪ ਗੁਰੂ ਸਾਹਿਬ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਰਾਮ ਸਿੰਘ ਬਣੇ ਅਤੇ ਚਮਕੌਰ ਸਾਹਿਬ ਵਿਖੇ ਵੈਰੀ ਦਲ ਨਾਲ ਜੂਝਦਿਆਂ ਸ਼ਹੀਦੀ ਪ੍ਰਾਪਤ ਕੀਤੀ।
2. ਰਾਮ ਸਿੰਘ ਪਰਮਾਰ-ਆਪ ਭਾਈ ਬਚਿੱਤਰ ਸਿੰਘ ਦੇ ਬੇਟੇ ਅਤੇ ਭਾਈ ਮਨੀ ਸਿੰਘ ਜੀ ਦੇ ਪੋਤਰੇ ਸਨ। ਆਪ ਚਮਕੌਰ ਦੀ ਜੰਗ ਸਮੇਂ ਗੁਰੂ ਸਾਹਿਬ ਦੇ ਨਾਲ ਸਨ ਅਤੇ ਗੁਰੂ ਸਾਹਿਬ ਦੇ ਨਾਲ ਹੀ ਗੜ੍ਹੀ ਵਿਚੋਂ ਸਹੀ ਸਲਾਮਤ ਨਿਕਲੇ ਸਨ। ਆਪ ਦੱਖਣ ਤਕ ਗੁਰੂ ਸਾਹਿਬ ਦੇ ਨਾਲ ਗਏ। ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਮਗਰੋਂ ਆਪ ਪੰਜਾਬ ਆ ਗਏ। ਆਪ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਹਰ ਮੁਹਿੰਮ ਵਿਚ ਹਿੱਸਾ ਲਿਆ। ਆਪ ਸ਼ਸਤਰ ਚਲਾਉਣ ਅਤੇ ਸ਼ਸਤਰ ਵਿਦਿਆ ਬਾਰੇ ਖਾਸ ਮੁਹਾਰਤ ਰੱਖਦੇ ਸਨ। ਆਪ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਬਾਬਾ ਬੰਦਾ ਸਿੰਘ ਜੀ ਨਾਲ ਗ੍ਰਿਫ਼ਤਾਰ ਕਰ ਲਏ ਗਏ ਅਤੇ ਦਿਲੀ ਵਿਖੇ ਸ਼ਹੀਦ ਕਰ ਦਿੱਤੇ ਗਏ।
ਜੇਕਰ ਸਰੋਤਾਂ ਦੀ ਘੋਖ ਕੀਤੀ ਜਾਵੇ ਤਾਂ ਆਪ ਦੇ ਵਡੇਰੇ ਭਾਈ ਬੱਲੂ (ਪੁੱਤਰ ਭਾਈ ਮੂਲਾ ਅਤੇ ਪੋਤਰਾ ਭਾਈ ਰਾਉ) ਦਾ ਸੰਬੰਧ ਪਰਮਾਰ ਰਾਜਪੂਤਾਂ ਦੇ ਨਾਲ ਸੀ। ਜਿਹੜੇ ਇਤਿਹਾਸਕ ਸਰੋਤ ਰਾਮ ਸਿੰਘ ਨੂੰ (ਮਾਰਵਾੜੀ ਲੁਹਾਰ) ਲਿਖਦੇ ਹਨ, ਉਹ ਸ਼ਾਇਦ ਭਾਈ ਰਾਮ ਸਿੰਘ ਪਰਮਾਰ ਬਾਰੇ ਹੀ ਬਿਆਨ ਕਰਦੇ ਹਨ, ਕਿਉਂਕਿ ਕੁਝ ਇਤਿਹਾਸਕ ਸਰੋਤ ਭਾਈ ਮਨੀ ਸਿੰਘ ਨੂੰ ਵੀ ਮੁਲਤਾਨ ਦੇ ਮਾਰਵਾੜ ਕਬੀਲੇ ਨਾਲ ਸੰਬੰਧਿਤ ਦੱਸਦੇ ਹਨ। ਸੋ ਇਸ ਸਿਟੇ ‘ਤੇ ਪਹੁੰਚਿਆ ਜਾ ਸਕਦਾ ਹੈ ਕਿ ਸ਼ਸਤਰ ਕਾਰੀਗਰੀ ਦੇ ਮੁਖੀ ਭਾਈ ਰਾਮ ਸਿੰਘ ਪਰਮਾਰ (ਸਪੁੱਤਰ ਭਾਈ ਬਚਿੱਤਰ ਸਿੰਘ) ਹੀ ਸਨ। ਇਤਿਹਾਸਕ ਸਰੋਤਾਂ ਅਨੁਸਾਰ ਭਾਈ ਮਨੀ ਸਿੰਘ ਜੀ ਦਾ ਸਹੁਰਾ ਪਰਿਵਾਰ ਲੱਖੀ ਸ਼ਾਹ ਵਣਜਾਰਾ ਸੀ ਅਤੇ ਵਣਜਾਰੇ, ਲੁਬਾਣੇ ਅਤੇ ਮਾਰਵਾੜ ਰਾਜਪੂਤ ਆਪਸ ਵਿਚ ਗਹਿਰੇ ਤੌਰ ‘ਤੇ ਜੁੜੇ ਹੋਏ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਤਿੰਨਾਂ ਹੀ ਵੰਸ਼ ਪ੍ਰਣਾਲੀਆਂ ਨਾਲ ਸੰਬੰਧਿਤ ਯੋਧਿਆਂ ਨੇ ਸਿੱਖ ਸੰਘਰਸ਼ ਵਿਚ ਅਹਿਮ ਹਿੱਸਾ ਪਾਇਆ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਦਾਹਰਣ ਵਜੋਂ-ਰਾਠੌਰ-ਇਸ ਪਰਿਵਾਰ ਵਿਚੋਂ ਤਕਰੀਬਨ 25 ਸਿੰਘਾਂ ਨੇ ਅਤੇ ਇਕ ਸਿੰਘਣੀ (ਬੀਬੀ ਭਿੱਖਾਂ ਸੁਪਤਨੀ ਭਾਈ ਆਲਮ ਸਿੰਘ ਨੱਚਣਾ) ਨੇ ਸ਼ਹੀਦੀ ਪ੍ਰਾਪਤ ਕੀਤੀ। ਪਵਾਰ (ਪਰਮਾਰ)-ਭਾਈ ਮਨੀ ਸਿੰਘ ਜੀ ਨਾਲ ਸੰਬੰਧਿਤ ਇਸ ਪਰਿਵਾਰ ਦੇ 43 ਸਿੰਘਾਂ ਨੇ ਸ਼ਹੀਦੀ ਜਾਮ ਪੀਤਾ।
ਚੌਹਾਨ-ਇਸ ਪਰਿਵਾਰ ਦੇ ਘੱਟੋ ਘੱਟ 13 ਸਿੰਘਾਂ ਨੇ ਸ਼ਹੀਦੀ ਜਾਮ ਪੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਅਤੇ ਸਰਹੰਦ ਉੱਤੇ ਹਮਲੇ ਸਮੇਂ ਵਣਜਾਰੇ ਤੇ ਸਿਕਲੀਗਰ ਸਿਖਾਂ ਨੇ ਸੰਗਤ ਸ਼ਕਤੀ, ਰੁਪਈਆਂ ਅਤੇ ਹਥਿਆਰਾਂ ਨਾਲ ਭਾਰੀ ਮਦਦ ਕੀਤੀ ਸੀ। ਭਾਈ ਬਾਜ ਸਿੰਘ ਸਿਕਲੀਗਰ ਸਿਖ, ਬਾਬਾ ਬੰਦਾ ਸਿੰਘ ਬਹਾਦਰ ਦਾ ਡਿਪਟੀ ਅਤੇ ਸਰਹੰਦ ਦਾ ਪਹਿਲਾ ਗਵਰਨਰ ਬਣਿਆ।
ਫਿਰ ਮਿਸਲਾਂ ਦੇ ਵੇਲੇ ਅਤੇ ਉਸ ਤੋਂ ਉਪਰੰਤ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕ੍ਰਿਪਾਨਾਂ ਦੇ ਨਾਲ ਨਾਲ ਬੰਦੂਕਾਂ ਆਦਿ ਇਹੀ ਬਣਾਉਂਦੇ ਸਨ। ਆਂਧਰਾ ਪ੍ਰਦੇਸ਼ ਵਿਚ ਵਸੇ ਭਾਰੀ ਗਿਣਤੀ ਦੇ ਵਣਜਾਰੇ ਸਿਖ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਨਿਜ਼ਾਮ ਹੈਦਰਾਬਾਦ ਦੀ ਸਹਾਇਤਾ ਲਈ 19ਵੀਂ ਸਦੀ ਦੇ ਆਰੰਭ ਵਿਚ ਭੇਜੀ ਗਈ 1200 ਸਿਖਾਂ ਦੀ ਫ਼ੌਜ, ਦੇ ਵਾਰਸ ਦੱਸ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਨੇ ਇਹ ਖ਼ਾਲਸਾ ਫੌਜ ਹੈਦਰਾਬਾਦ ਦੇ ਨਿਜ਼ਾਮ ਸਿਕੰਦਰ ਖਾਂ ਦੀ ਬੇਨਤੀ ‘ਤੇ ਸਟੇਟ ਵਿਚ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ ਵਿਚ ਸਹਾਇਤਾ ਕਰਨ ਲਈ ਭੇਜੀ ਸੀ। ਇਹ ਸਿਖ ਫੌਜ ਰਿਆਸਤ ਦੀਆਂ 12 ਥਾਵਾਂ ਉੱਤੇ ਤਾਇਨਾਤ ਕੀਤੀ ਗਈ। ਨਿਜ਼ਾਮ ਹੈਦਰਾਬਾਦ ਨੇ ਇਨ੍ਹਾਂ ਲਈ ਰਿਆਸਤ ਵਿਚ ਕਈ ਗੁਰਦੁਆਰੇ ਵੀ ਬਣਾਏ ਸਨ।
ਸਿਖ ਰਾਜ ਖਤਮ ਹੋਣ ਤੋਂ ਬਾਅਦ ਬਗਾਵਤਾਂ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਹਥਿਆਰਾਂ ‘ਤੇ ਕਾਨੂੰਨੀ ਪਾਬੰਦੀ ਲਗਾ ਦਿੱਤੀ ਅਤੇ ਕਈਆਂ ਨੂੰ ਜਰਾਇਮ ਪੇਸ਼ਾ ਕਰਾਰ ਦੇ ਦਿੱਤਾ, ਜਿਸ ਕਰਕੇ ਇਹ ਕਬੀਲੇ ਹੌਲੀ ਹੌਲੀ ਅਤਿ ਗ਼ਰੀਬ ਟੱਪਰੀਵਾਸ ਬਣ ਕੇ ਰਹਿ ਗਏ। ਇਸ ਤਰ੍ਹਾਂ ਗੁਰੂ ਸਾਹਿਬਾਨ ਸਮੇਂ ਸਿਕਲੀਗਰ ਭਾਈਚਾਰੇ ਦੇ ਵਡੇਰੇ ਇਸ ਖੇਤਰ ਵਿਚ ਆਏ ਸਨ ਅਤੇ ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਸਿਖੀ ਦੀ ਪਿਉਂਦ ਚੜ੍ਹੀ ਹੈ। ਗੁਰੂ ਸਾਹਿਬ ਦੇ ਕਾਰਜ ਕਾਲ ਤੋਂ ਬਾਅਦ ਇਨ੍ਹਾਂ ਲੋਕਾਂ ਦਾ ਸਿਖ ਧਰਮ ਦੇ ਆਗੂਆਂ ਨਾਲੋਂ ਸਿਧਾ ਸੰਪਰਕ ਟੁੱਟ ਗਿਆ। ਪੰ੍ਰਤੂ ਸਿਖੀ ਬਾਰੇ ਜਿੰਨੀ ਕੁ ਲਗਨ ਤੇ ਨਿਸਚਾ ਉਨ੍ਹਾਂ ਦੇ ਵਡੇਰਿਆਂ ਵਿਚ ਗੁਰੂ ਸਾਹਿਬਾਨ ਸਮੇਂ ਭਰਿਆ ਸੀ, ਉਸ ਨੂੰ ਕਈ ਪੀੜ੍ਹੀਆਂ ਬੀਤ ਜਾਣ ਬਾਅਦ ਇਹ ਲੋਕ ਕੜੀ ਵਣਜਾਰੇ ਸਿਖ ਸ਼ਿੱਦਤ ਨਾਲ ਸੰਭਾਲੀ ਬੈਠੇ ਹਨ।
ਵਣਜਾਰਿਆਂ ਦੇ ਦੇਸ਼ ਭਰ ਵਿਚ 20 ਹਜ਼ਾਰ ਟਾਂਡੇ ਹਨ। ਵਣਜਾਰੇ, ਜਿਸ ਸ਼ਹਿਰ ਅਤੇ ਕਸਬੇ ਲਾਗੇ ਆਪਣੀ ਵੱਖਰੀ ਬਸਤੀ ਵਸਾਉਂਦੇ ਹਨ, ਉਸ ਨੂੰ ਟਾਂਡਾ ਕਿਹਾ ਜਾਂਦਾ ਹੈ। ਇਹ ਆਪਣਾ ਸੰਬੰਧ ਰਾਜਪੂਤਾਣੇ ਨਾਲ ਜੋੜਦੇ ਹਨ ਅਤੇ ਆਪਣੇ ਆਪ ਨੂੰ ਰਾਜਪੂਤ ਵੀ ਕਹਾਉਂਦੇ ਹਨ। ਇਹ ਰਾਜਪੂਤਾਂ ਦੀਆਂ ਯਾਦਵ, ਰਾਠੌਰ, ਚੌਹਾਨ ਅਤੇ ਪਵਾਰ ਜਾਤਾਂ ਨਾਲ ਸੰਬੰਧਿਤ ਹਨ। ਵਣਜਾਰੇ ਘੁੰਮ-ਫਿਰ ਕੇ ਵਪਾਰ ਕਰਦੇ ਸਨ। ਈਸਟ ਇੰਡੀਆ ਕੰਪਨੀ ਦੇ ਭਾਰਤ ਵਿਚ ਪ੍ਰਵੇਸ਼ ਕਰਨ ਨਾਲ ਵਪਾਰ ਦਾ ਰੁਖ ਬਦਲ ਗਿਆ। ਵਣਜਾਰਿਆਂ ਨੂੰ ਵੀ ਆਪਣੇ ਜੱਦੀ ਪੁਸ਼ਤੀ ਚਲੇ ਆ ਰਹੇ ਕਾਰੋਬਾਰ ਦਾ ਰੁਖ ਬਦਲਣਾ ਪਿਆ। ਜਿਹੜੇ ਜਿਹੜੇ ਸ਼ਹਿਰਾਂ ਅਤੇ ਨਗਰਾਂ ਦੇ ਨੇੜੇ-ਤੇੜੇ ਇਹ ਟਿਕੇ ਹੋਏ ਸਨ ਉਥੇ ਹੀ ਪੱਕੇ ਟਾਂਡੇ ਕਾਇਮ ਕਰਕੇ ਖੇਤੀ ਦੇ ਕੰਮ ਵਿਚ ਲੱਗ ਗਏ। ਟਾਂਡੇ ਦੇ ਮੁਖੀ ਨੂੰ ਨਾਇਕ ਕਿਹਾ ਜਾਂਦਾ ਹੈ। ਸਾਧਨਾਂ ਦੀ ਘਾਟ ਕਾਰਨ ਮਾਲੀ ਤੌਰ ‘ਤੇ ਇਹ ਬਹੁਤ ਔਕੜਾਂ ਵਿਚੋਂ ਦੀ ਲੰਘ ਰਹੇ ਹਨ। ਇਨ੍ਹਾਂ ਵਿਚ ਇਕ ਪੁਰਾਤਨ ਰਵਾਇਤ ਚਲੀ ਆ ਰਹੀ ਹੈ ਕਿ ਕਿਸੇ ਸਮੇਂ ਇਨ੍ਹਾਂ ਦਾ ਗੁਰੂ ਗੋਸਵਾਮੀ ਵਿਭਚਾਰੀ ਹੋ ਗਿਆ ਤਾਂ ਵਣਜਾਰਿਆਂ ਨੇ ਉਸ ਨੂੰ ਕਤਲ ਕਰ ਦਿੱਤਾ। ਗੁਰੂ ਹੱਤਿਆ ਕਾਰਨ ਕੋਈ ਵੀ ਧਰਮ ਇਨ੍ਹਾਂ ਨੂੰ ਗਲੇ ਲਾਉਣ ਲਈ ਤਿਆਰ ਨਹੀਂ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਨੂੰ ਆਪਣੇ ਸਿਖ ਸਵੀਕਾਰ ਕੀਤਾ ਅਤੇ ਧਾਰਮਿਕ ਜੀਵਨ ਜਿਊਣ ਦੀ ਜਾਚ ਸਿਖਾਈ। ਤਦੋਂ ਤੋਂ ਇਹ ਨਾਅਰਾ ਬਣ ਗਿਆ-
”ਜਿਸ ਘਰ ਨਾਨਕ ਪੂਜਾ, ਤਿਸ ਘਰ ਦੇਉ ਨਾ ਦੂਜਾ।”
ਵਣਜਾਰੇ ਸਿਖਾਂ ਦੇ ਨਾਂ ਪ੍ਰਾਚੀਨ ਸਿੰਘਾਂ ਵਾਲੇ ਜਿਵੇਂ ਕਿ ਦਯਾ ਸਿੰਘ, ਜੌਹਰ ਸਿੰਘ, ਬਿਜੇ ਸਿੰਘ ਯਾਦਵ, ਬਦਲ ਸਿੰਘ, ਸੂਰਤ ਸਿੰਘ, ਸਕਰੂ ਸਿੰਘ, ਮਾਨ ਸਿੰਘ ਰਾਠੌਰ, ਖੇਮਾ ਰਸਾਲ ਸਿੰਘ ਅਤੇ ਪੰਨੂ ਸਿੰਘ ਆਦਿ ਹਨ। ਹਰ ਟਾਂਡੇ ਵਿਚ ਇਕ ਅਰਦਾਸੀਆ ਹੁੰਦਾ ਹੈ। ਦੋ ਧੜਿਆਂ ਵਿਚਕਾਰ ਲੜਾਈ ਹੋ ਰਹੀ ਹੋਵੇ ਅਤੇ ਅਰਦਾਸੀਆ ਗੁਰੂ ਨਾਨਕ ਸਾਹਿਬ ਦੀ ਅਰਦਾਸ ਕਰ ਦੇਵੇ ਤਾਂ ਦੋਵੇਂ ਧੜੇ ਲੜਾਈ ਅਧਵਾਟੇ ਛੱਡ ਕੇ ਆਪੋ ਆਪਣੇ ਘਰਾਂ ਨੂੰ ਤੁਰ ਜਾਂਦੇ ਹਨ। ਲੜਕੇ ਦੇ ਵਿਆਹ ਸਮੇਂ ਪੱਗੜੀ ਵਿਚ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਰੁਪਈਆ ਬੰਨ੍ਹੇ ਬਗੈਰ ਵਿਆਹ ਨਹੀਂ ਹੋ ਸਕਦਾ। ਇਹ ਰੁਪਈਆ ਵਿਆਹ ਵਿਚ ਸਭ ਤੋਂ ਕੀਮਤੀ ਅਤੇ ਜ਼ਰੂਰੀ ਵਸਤੂ ਮੰਨਿਆ ਜਾਂਦਾ ਹੈ। ਵਿਆਂਹਦੜ ਲੜਕੀ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਚੂੜਾ ਪਹਿਨਦੀ ਹੈ। ਵਿਆਹ ਸਮੇਂ, ਸੂਈ ਗਰਮ ਕਰਕੇ ਲਾੜੇ ਦੀ ਬਾਂਹ ਉੱਤੇ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਦਾਗ ਦਿੱਤਾ ਜਾਂਦਾ ਹੈ।
75 ਫੀਸਦੀ ਵਣਜਾਰਿਆਂ ਪਾਸ ਜ਼ਮੀਨ ਹੈ ਪਰ ਉਪਜ ਲੈਣ ਲਈ ਸਾਧਨਾਂ ਦੀ ਘਾਟ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਵਣਜਾਰੇ ਆਪੋ ਆਪਣੇ ਟਾਂਡਿਆਂ ਵਿਚ ਨਗਾਰੇ ਰੱਖਦੇ ਚਲੇ ਆ ਰਹੇ ਹਨ। ਗੁਰੂ ਨਾਨਕ ਸਾਹਿਬ ਨਾਮ ਦੀ ਛਾਪ ਇਨ੍ਹਾਂ ਦੇ ਮਨਾਂ ਉੱਤੇ ਅਮਿਟ ਹੈ। ਨਾਨਕਪੁਰਾ ਆਸ਼ਰਮ ਤੋਂ ਢਾਈ ਕਿਲੋਮੀਟਰ ਦੂਰੀ ਦੇ ਫਾਸਲੇ ‘ਤੇ ਸਿਕਲੀਗਰਾਂ ਦੀ ਬਸਤੀ ਹੈ ਜੋ ਸਭ ਕੇਸਾਧਾਰੀ ਹਨ। ਸਰਕਾਰ ਨੇ ਸਭ ਨੂੰ ਰਹਿਣ ਲਈ ਛੋਟੇ ਛੋਟੇ ਪਲਾਟ ਦਿੱਤੇ ਹੋਏ ਹਨ। ਬਸਤੀ ਦੇ ਕੁਲ 13 ਘਰ ਹਨ ਅਤੇ ਵਸੋਂ 125 ਦੇ ਲੱਗਭੱਗ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਇਹ ਲੋਕ ਕਿਰਪਾਨਾਂ, ਬੰਦੂਕਾਂ ਅਤੇ ਪਿਸਤੌਲ ਤਿਆਰ ਕਰਦੇ ਹੁੰਦੇ ਸਨ ਪੰ੍ਰਤੂ ਪਾਬੰਦੀ ਲੱਗਣ ਕਾਰਨ ਹੁਣ ਲੋਹੇ ਦੀਆਂ ਤਵੀਆਂ ਤੇ ਕੜਾਹੀਆਂ ਆਦਿ ਬਣਾਉਂਦੇ ਹਨ।
ਨਾਗਪੁਰ ਦੇ ਆਲੇ-ਦੁਆਲੇ ਵਣਜਾਰਿਆਂ ਦੇ ਟਾਂਡਿਆਂ, ਸਿਕਲੀਗਰਾਂ ਦੀਆਂ ਬਸਤੀਆਂ ਮੌਜੂਦ ਹਨ, ਜਿਥੇ ਅਸੀਂ 15 ਸਾਲਾਂ ਤੋਂ ਬ੍ਰਿਟਿਸ਼ ਸਿਖ ਕੌਂਸਲ ਵੱਲੋਂ ਸਿਕਲੀਗਰਾਂ ਨੂੰ ਸਿਖ ਲਹਿਰ ਨਾਲ ਜੋੜ ਰਹੇ ਹਾਂ। ਵੱਖ-ਵੱਖ ਸੂਬਿਆਂ ਵਿਚ ਬਿਖਰਨ ‘ਤੇ ਕਈ ਸਦੀਆਂ ਤੋਂ ਇਹ ਭਾਈਚਾਰਾ ਜੰਗਲੀ ਜੀਵਨ ਬਿਤਾਉਂਦਾ ਆ ਰਿਹਾ ਹੈ। ਇਨ੍ਹਾਂ ਲੋਕਾਂ ਦੀ ਭਾਸ਼ਾ ਤੇ ਖਾਣ ਪੀਣ ਆਦਿ ਵਿਚ ਭਾਵੇਂ ਕੁਝ ਵਖਰੇਵੇਂ ਆ ਗਏ ਹਨ, ਪੰ੍ਰਤੂ ਜੰਗਲੀ ਜੀਵਾਂ ਦੇ ਸ਼ਿਕਾਰ ਖੇਡਣ ਅਤੇ ਲੋਹੇ ਤੋਂ ਤੇਜ਼ਧਾਰ ਹਥਿਆਰ, ਘਰੇਲੂ ਵਰਤੋਂ ਦਾ ਸਾਮਾਨ ਜਾਂ ਹੋਰ ਔਜ਼ਾਰ ਬਣਾ ਕੇ ਵੇਚਣ ਦਾ ਸਦੀਆਂ ਪੁਰਾਣਾ ਧੰਦਾ ਇਨ੍ਹਾਂ ਨੇ ਅਜੇ ਵੀ ਨਹੀਂ ਤਿਆਗਿਆ। ਵੱਖ-ਵੱਖ ਸੂਬਿਆਂ ਵਿਚ ਰਹਿੰਦੇ ਸਿਕਲੀਗਰ ਸਿਖ ਹਰ ਥਾਂ ਸਿਖ ਅਖਵਾਏ ਜਾਣ ਉਪਰ ਮਾਣ ਵੀ ਮਹਿਸੂਸ ਕਰਦੇ ਹਨ।
ਜੰਗਲਾਂ ਵਿਚ ਜ਼ਿੰਦਗੀ ਬਤੀਤ ਕਰਦਿਆਂ ਹੁਣ ਉਹ ਵੱਡੀ ਗਿਣਤੀ ਵਿਚ ਸ਼ਹਿਰਾਂ ਜਾਂ ਪਿੰਡਾਂ ਦੇ ਬਾਹਰਵਾਰ ਝੁਗੀ ਝੌਂਪੜੀ ਬਣਾ ਕੇ ਰਹਿਣ ਲੱਗ ਪਏ ਹਨ। ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੇ ਇਸ ਕਬੀਲੇ ਦੇ ਵਿਕਾਸ ਲਈ ਕਦੇ ਸੋਚਿਆ ਹੀ ਨਹੀਂ। ਇਹ ਲੋਕ ਵੀ ਸਰਕਾਰਾਂ ਤੇ ਉਚ ਜਾਤੀ ਸਮਾਜ ਦੇ ਵਿਤਕਰੇ ਅਤੇ ਧਕੇ ਦਾ ਸ਼ਿਕਾਰ ਹਨ, ਪਰ ਸਰਕਾਰ ਦੇ ਵਿਤਕਰੇ ਤੇ ਧੱਕੇ ਬਾਰੇ ਇਨ੍ਹਾਂ ਲੋਕਾਂ ਵਿਚ ਸੋਝੀ ਅਜੇ ਹੁਣ ਪੈਦਾ ਹੋਣੀ ਸ਼ੁਰੂ ਹੋਈ ਹੈ। ਇਸ ਵਰਗ ਵਿਚ ਲੋਕ ਅਜੇ ਵੀ ਅਨਪੜ੍ਹ ਹੀ ਤੁਰੇ ਆ ਰਹੇ ਹਨ ਤੇ ਹੁਣ ਦੇ ਬੱਚਿਆਂ ਨੂੰ ਸਕੂਲ ਭੇਜਣ ਦਾ ਵੀ ਅਜੇ ਕੋਈ ਬਹੁਤਾ ਰੁਝਾਨ ਨਹੀਂ, ਸਿਰਫ ਸ਼ਹਿਰਾਂ ਨੇੜੇ ਆ ਵਸੇ ਕੁਝ ਲੋਕਾਂ ਦੇ ਬੱਚੇ ਹੀ ਪੜ੍ਹਾਈ ਲਈ ਸਕੂਲ ਜਾਣ ਲਗੇ ਹਨ। ਬ੍ਰਿਟਿਸ਼ ਸਿਖ ਕੌਂਸਲ ਵੱਲੋਂ ਅਸੀਂ ਇਨ੍ਹਾਂ ਦੀ ਵਿਦਿਆ ਵਲ ਧਿਆਨ ਦੇਣਾ ਸ਼ੁਰੂ ਕੀਤਾ ਹੈ। ਦਸਵੀਂ ਜਾਂ ਇਸ ਤੋਂ ਅਗੇ ਦੀ ਪੜ੍ਹਾਈ ਵੱਲ ਵੀ ਅਸੀਂ ਹੁਣ ਜ਼ੋਰ ਦੇ ਰਹੇ ਹਾਂ। ਆਰਥਿਕ ਪੱਖੋਂ ਇਹ ਭਾਈਚਾਰਾ ਕਾਫੀ ਕਮਜ਼ੋਰ ਹੈ। ਜ਼ਮੀਨ ਕਿਸੇ ਕੋਲ ਨਹੀਂ। ਸਨਅਤਾਂ ਵਿਚ ਕੰਮ ਵਾਲੇ ਪਾਸੇ ਗਏ ਨਹੀਂ ਤੇ ਨੌਕਰੀਆਂ ਲਈ ਇਨ੍ਹਾਂ ਲੋਕਾਂ ਕੋਲ ਸਾਧਨ ਤੇ ਯੋਗਤਾ ਨਹੀਂ। ਇਸ ਕਰਕੇ ਲੋਹੇ ਦਾ ਸਮਾਨ ਬਣਾਉਣਾ ਤੇ ਫਿਰ ਇਸ ਨੂੰ ਸੜਕਾਂ ਉੱਪਰ ਖੜੋ ਕੇ ਜਾਂ ਪਿੰਡ ਵਿਚ ਫੇਰੀ ਦੇ ਕੇ ਵੇਚ ਲੈਣਾ, ਬਸ ਇਹੀ ਰੋਜ਼ੀ ਦਾ ਵੱਡਾ ਸਾਧਨ ਹੈ। ਆਰਥਿਕ ਤੌਰ ‘ਤੇ ਮਜ਼ਬੂਤ ਨਾ ਹੋਣ ਕਾਰਨ ਰਹਿਣ-ਸਹਿਣ ਦਾ ਪੱਧਰ ਏਨਾ ਨੀਵਾਂ ਹੈ ਕਿ ਛੋਟੀਆਂ ਮੋਟੀਆਂ ਝੁੱਗੀਆਂ ਵਿਚ 10-10, 15-15 ਜੀਅ ਗੁਜ਼ਾਰਾ ਕਰ ਰਹੇ ਹਨ ਅਤੇ ਇਨ੍ਹਾਂ ਦੇ ਰੁਜ਼ਗਾਰ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਲਈ ਇਨ੍ਹਾਂ ਲਈ ਉਥੇ ਪੱਕੇ ਘਰ ਬਣਾ ਕੇ ਦਿਤੇ ਜਾ ਰਹੇ ਹਨ। ਮਹਾਂਰਾਸ਼ਟਰ ਵਿਚ ਬ੍ਰਿਟਿਸ਼ ਸਿਖ ਕੌਂਸਲ ਵੱਲੋਂ 200 ਤੋਂ ਵਧ ਪੱਕੇ ਘਰ ਬਣਾ ਕੇ ਦਿੱਤੇ ਗਏ ਹਨ। ਇਨ੍ਹਾਂ ਦੇ 35 ਪਿੰਡਾਂ ਨੂੰ ਸਾਫ ਪਾਣੀ ਦਿਤਾ ਜਾ ਚੁਕਾ ਹੈ। ਜਿਹੜੀਆਂ ਜਵਾਨੀ ਦੀ ਉਮਰ ਵਿਚ ਇਸਤਰੀਆਂ ਵਿਧਵਾ ਹੋ ਗਈਆਂ ਹਨ, ਉਨ੍ਹਾਂ ਨੂੰ ਬ੍ਰਿਟਿਸ਼ ਸਿਖ ਕੌਂਸਲ ਵਲੋਂ 2000 ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। 8 ਸਿਕਲੀਗਰ ਸਿਖ ਬੱਚਿਆਂ ਨੂੰ ਇੰਜੀਨੀਅਰਿੰਗ ਦਾ ਕੋਰਸ ਕਰਵਾਇਆ ਜਾ ਰਿਹਾ ਹੈ।
ਮੱਧ ਪ੍ਰਦੇਸ਼ ਦੇ ਇਕ ਪਿੰਡ ਪਖਨਾਰ ਵਿਚ ਸ਼ਾਪਿੰਗ ਸੈਂਟਰ ਬਣਾਇਆ ਜਾ ਰਿਹਾ ਹੈ ਤਾਂ ਜੋ ਸਿਕਲੀਗਰ ਸਿਖਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਸਿਕਲੀਗਰ ਸਿਖ ਬੀਬੀਆਂ ਲਈ ਵੀ ਸਿਲਾਈ ਸੈਂਟਰ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਤਾਂ ਜੋ ਉਹ ਆਪਣੇ ਰੁਜ਼ਗਾਰ ਦਾ ਪ੍ਰਬੰਧ ਕਰ ਸਕਣ। ਮੱਧ ਪ੍ਰਦੇਸ਼ ਵਿਚ ਕਈ ਸਿਖ ਨੌਜਵਾਨ ਗਲਤ ਢੰਗ ਨਾਲ ਨਾਜਾਇਜ਼ ਹਥਿਆਰ ਬਣਾ ਰਹੇ ਹਨ, ਉਨ੍ਹਾਂ ਨੂੰ ਬ੍ਰਿਟਿਸ਼ ਸਿਖ ਕੌਂਸਲ ਵਲੋਂ ਰੋਕਿਆ ਜਾ ਰਿਹਾ ਹੈ ਤੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਪਿਛੇ ਜਿਹੇ ਬਹਿਰਾਮਪੁਰ, ਖੰਡਵਾ ਤੇ ਹੋਰ ਕੁਝ ਜ਼ਿਲ੍ਹਿਆਂ ਵਿਚ ਇਨ੍ਹਾਂ ਕੋਲੋਂ ਪੁਲੀਸ ਨੇ ਹਥਿਆਰ ਫੜੇ ਸਨ, ਪਰ ਅਸੀਂ ਇਨ੍ਹਾਂ ਦੀਆਂ ਜ਼ਮਾਨਤਾਂ ਵੀ ਕਰਵਾਈਆਂ ਹਨ। ਪ੍ਰਸ਼ਾਸ਼ਣ ਨੂੰ ਲੈਟਰਾਂ ਵੀ ਲਿਖੀਆਂ ਹਨ ਤੇ ਮਿਲੇ ਵੀ ਹਾਂ ਕਿ ਇਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਉਹ ਅਜਿਹਾ ਕੰਮ ਨਾ ਕਰਨ। ਪਰ ਸ਼੍ਰੋਮਣੀ ਕਮੇਟੀ ਨੇ ਇਸ ਸੰਬੰਧ ਵਿਚ ਕੋਈ ਧਿਆਨ ਨਹੀਂ ਦਿੱਤਾ ਤੇ ਨਾ ਹੀ ਇਨ੍ਹਾਂ ਦੀ ਮਦਦ ਕੀਤੀ ਹੈ। ਕਈ ਸਦੀਆਂ ਤੋਂ ਸਿਕਲੀਗਰਾਂ ਦਾ ਕੋਈ ਗੁਰਦੁਆਰਾ ਨਹੀਂ ਸੀ। ਇਸ ਲਈ ਬ੍ਰਿਟਿਸ਼ ਸਿਖ ਕੌਂਸਲ ਵੱਲੋਂ ਉਨ੍ਹਾਂ ਲਈ ਮਹਾਂਰਾਸ਼ਟਰ, ਮੱਧ ਪ੍ਰਦੇਸ਼ ਵਿਚ ਕਈ ਗੁਰਦੁਆਰੇ ਬਣਾ ਕੇ ਦਿੱਤੇ ਹਨ ਤਾਂ ਜੋ ਉਹ ਸਿਖ ਧਰਮ ਨੂੰ ਸਹੀ ਢੰਗ ਨਾਲ ਸਮਝ ਸਕਣ। ਇਥੇ ਉਨ੍ਹਾਂ ਨੂੰ ਧਾਰਮਿਕ ਸੋਝੀ ਮਿਲ ਰਹੀ ਹੈ, ਪੰਜਾਬੀ ਪੜ੍ਹਾਈ ਦਾ ਪ੍ਰਬੰਧ ਹੈ ਤੇ ਵੱਡੀ ਗੱਲ ਮਿਲ ਬੈਠ ਸੋਚਣ ਵਿਚਾਰਨ ਦੇ ਇਕ ਕੇਂਦਰ ਬਣ ਗਏ ਹਨ।
ਜਿਹੜੇ ਗੁਰਦੁਆਰਿਆਂ ਦੀ ਸਥਾਪਨਾ ਬ੍ਰਿਟਿਸ਼ ਸਿਖ ਕੌਂਸਲ ਵੱਲੋਂ ਕੀਤੀ ਹੈ, ਉਸ ਦਾ ਵੇਰਵਾ ਇਸ ਪ੍ਰਕਾਰ ਹੈ-
1. ਗੁਰੂ ਨਾਨਕ ਵਰੂੜ ਗੁਰਦੁਆਰਾ ਮਹਾਂਰਾਸ਼ਟਰ
2. ਗੁਰੂ ਗੋਬਿੰਦ ਸਿੰਘ ਗੁਰਦੁਆਰਾ ਕਮਲੇਸ਼ਵਰ ਮਹਾਂਰਾਸ਼ਟਰ
3. ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਦੁਰਗਾਪੁਰ (ਚੰਦਰਪੁਰ)
4. ਗੁਰੂ ਨਾਨਕ ਗੁਰਦੁਆਰਾ ਵਾਰਧਾ ਮਹਾਂਰਾਸ਼ਟਰ
5. ਗੁਰੂ ਨਾਨਕ ਗੁਰਦੁਆਰਾ ਤਲੇਗਾਉਂ
6. ਗੁਰੂ ਨਾਨਕ ਗੁਰਦੁਆਰਾ ਥਾਣੇਗਾਉਂ
7. ਸਿੰਘ ਸਭਾ ਗੁਰਦੁਆਰਾ ਰਾਮ ਦੀ
8. ਗੁਰੂ ਨਾਨਕ ਗੁਰਦੁਆਰਾ ਦਾਊਸਾ
9. ਸਿੰਘ ਸਭਾ ਗੁਰਦੁਆਰਾ ਇੰਦਰਾ ਨਗਰ (ਚੰਦਰਪੁਰ)
10. ਗੁਰੂ ਨਾਨਕ ਗੁਰਦੁਆਰਾ ਹਾਰਟਾ (ਡੁੰਗਰਗਾਂਵ)
11. ਸਿੰਘ ਸਭਾ ਗੁਰਦੁਆਰਾ ਇੰਦਰਾ ਨਗਰ ਮੱਧ ਪ੍ਰਦੇਸ਼
12. ਗੁਰੂ ਨਾਨਕ ਗੁਰਦੁਆਰਾ ਅਰੋਨ (ਗੁਣਾ)
13. ਗੁਰੂ ਗੋਬਿੰਦ ਸਿੰਘ ਗੁਰਦੁਆਰਾ ਮਥਾਣਾ ਅਸ਼ੋਕ ਨਗਰ ਮੱਧ ਪ੍ਰਦੇਸ਼
14. ਸਿੰਘ ਸਭਾ ਗੁਰਦੁਆਰਾ ਨੰਦਪੁਰ ਚੱਕ (ਮੱਧ ਪ੍ਰਦੇਸ਼)
15. ਗੁਰੂ ਨਾਨਕ ਗੁਰਦੁਆਰਾ ਲਫਤੋਰਾ (ਮੱਧ ਪ੍ਰਦੇਸ਼)
16. ਗੁਰੂ ਨਾਨਕ ਗੁਰਦੁਆਰਾ ਸ਼ਾਲਪੀ
17. ਗੁਰੂ ਨਾਨਕ ਗੁਰਦੁਆਰਾ ਖਖਨਾਰ ਮੱਧ ਪ੍ਰਦੇਸ਼
18. ਗੁਰੂ ਗੋਬਿੰਦ ਸਿੰਘ ਗੁਰਦੁਆਰਾ ਲਾਲ ਬਾਗ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼
19. ਗੁਰੂ ਨਾਨਕ ਗੁਰਦੁਆਰਾ (ਸ਼ਾਹਪੁਰ) ਜ਼ਿਲ੍ਹਾ ਬੜਵਾਨੀ ਮੱਧ ਪ੍ਰਦੇਸ਼
20. ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਖੁਰਮਾ ਜ਼ਿਲ੍ਹਾ ਬੜਵਾਨੀ (ਮੱਧ ਪ੍ਰਦੇਸ਼)
21. ਗੁਰਦੁਆਰਾ ਸ੍ਰੀ ਗੁਰੂ ਗੰ੍ਰਥ ਸਾਹਿਬ ਉਸਾਵੜ ਮੱਧ ਪ੍ਰਦੇਸ਼
22. ਸਿੰਘ ਸਭਾ ਗੁਰਦੁਆਰਾ ਉਸਵਾੜਾ ਮੱਧ ਪ੍ਰਦੇਸ਼
ਬ੍ਰਿਟਿਸ਼ ਸਿਖ ਕੌਂਸਲ, ਦੇ ਉਦਮ ਸਦਕਾ 15,000 ਸਿਕਲੀਗਰ ਅੰਮ੍ਰਿਤ ਛੱਕ ਚੁੱਕੇ ਹਨ। ਗੁਰਦੁਆਰਿਆਂ ‘ਚ ਛੋਟੇ ਛੋਟੇ ਬੱਚੇ ਜ਼ੁਬਾਨੀ ਨਿਤਨੇਮ ਕਰਦੇ ਹਨ ਤੇ ਰਹਿਰਾਸ ਦਾ ਪਾਠ ਖੁਦ ਕਰਨ ਜਾਣਦੇ ਹਨ। ਇਸ ਸੰਬੰਧ ਵਿਚ ਅਸੀਂ ਹਰ ਸਾਲ 300-400 ਦਾ ਸਿਖ ਸਿਕਲੀਗਰਾਂ ਦਾ ਜਥਾ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਜਾਈਦਾ ਹੈ। 25 ਤੋਂ ਵਧ ਗ੍ਰੰਥੀ ਮਹਾਂਰਾਸ਼ਟਰ ਤੇ ਮੱਧ ਪ੍ਰਦੇਸ਼ ਵਿਚ ਨਿਯੁਕਤ ਕੀਤੇ ਹਨ। ਅਨਪੜ੍ਹ ਹੋਣ ਕਰਕੇ ਉਹ ਸਿਖ ਧਰਮ ਦੀਆਂ ਪੁਸਤਕਾਂ ਵੀ ਨਹੀਂ ਪੜ੍ਹ ਸਕਦੇ, ਫਿਰ ਵੀ ਉਹ ਸਿਖ ਧਰਮ ਵਿਚ ਪੱਕਾ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਨੇ ਕਦੇ ਵੀ ਆਪਣਾ ਧਰਮ ਤਬਦੀਲ ਨਹੀਂ ਕੀਤਾ। ਉਹ ਹਿੰਦੂਆਂ ਤੋਂ ਪ੍ਰਭਾਵਿਤ ਹੋ ਕੇ ਕਰਮਕਾਂਡਾਂ, ਸਮਾਧ ਪੂਜਾ ਵਿਚ ਵੀ ਨਹੀਂ ਪਏ ਤੇ ਨਾ ਹੀ ਲਾਲਚ ਕਾਰਨ ਹੋਰ ਧਰਮ ਗ੍ਰਹਿਣ ਕੀਤਾ ਹੈ। ਪਰ ਡੂੰਘੀ ਸਾਜ਼ਿਸ਼ ਅਧੀਨ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਤੇ ਜਨ ਗਣਨਾ ਕਰਨ ਵਾਲੇ ਅਦਾਰੇ ਸਿਕਲੀਗਰ ਸਿਖਾਂ ਨੂੰ ਪਿਛਲੇ ਪੰਜਾਹ ਸਾਲ ਤੋਂ ਸਿਕਲੀਗਰ ਲਿਖ ਕੇ ਹਿੰਦੂ ਧਰਮ ਦੇ ਖਾਨੇ ਵਿਚ ਹੀ ਪਾਉਂਦੇ ਆ ਰਹੇ ਹਨ। ਕਦੇ ਵੀ ਏਨੀ ਵੱਡੀ ਗਿਣਤੀ ਵਿਚ ਰਹਿ ਰਹੇ ਲੋਕਾਂ ਦੀ ਗਿਣਤੀ ਸਿਖਾਂ ਵਿਚ ਨਹੀਂ ਕੀਤੀ ਜਾਂਦੀ। ਰਾਖਵੇਂਕਰਨ ਦੀ ਨੀਤੀ ਅਧੀਨ ਵੀ ਉਨ੍ਹਾਂ ਨੂੰ ਕਦੇ ਸਹੂਲਤ ਸਰਕਾਰ ਵਲੋਂ ਨਹੀਂ ਮਿਲੀ, ਭਾਵੇਂ ਕਿ ਉਹ ਪੱਛੜੇ ਭਾਈਚਾਰੇ ਵਿਚ ਆਉਂਦੇ ਹਨ। ਨਵੰਬਰ ’84 ਦੇ ਸਿਖ ਵਿਰੋਧੀ ਕਤਲੇਆਮ ਦਾ ਸ਼ਿਕਾਰ ਦਿੱਲੀ, ਬੋਕਾਰੋ, ਕਾਨ੍ਹਪੁਰ ਤੇ ਹੋਰ ਬਹੁਤ ਸਾਰੇ ਸ਼ਹਿਰ ਦੇ ਸਿਖਾਂ ਨੂੰ ਹੋਣਾ ਪਿਆ ਸੀ। ਪਰ ਇਨ੍ਹਾਂ ਸਿਕਲੀਗਰ ਸਿਖਾਂ ਨਾਲ ਵੀ ਘਟ ਨਹੀਂ ਗੁਜ਼ਰੀ ਅਰਥਾਤ ਇਸ ਹਿੰਸਾ ਦਾ ਸ਼ਿਕਾਰ ਸਿਕਲੀਗਰ ਸਿਖਾਂ ਨੂੰ ਵੀ ਹੋਣਾ ਪਿਆ। ਨਾਗਪੁਰ ਤੋਂ ਕਰੀਬ ਸਵਾ ਕੁ ਸੌ ਕਿਲੋਮੀਟਰ ਦੂਰ ਮਹਾਤਮਾ ਗਾਂਧੀ ਦੇ ਆਸ਼ਰਮ ਨਾਲ ਮਸ਼ਹੂਰ ਸ਼ਹਿਰ ਵਾਰਧਾ ਲਾਗੇ 30 ਦੇ ਕਰੀਬ ਸਿਕਲੀਗਰ ਸਿਖਾਂ ਦੇ ਘਰ ਹਨ। ਕੁਝ ਮੁਤਸਬੀ ਹਿੰਦੂਤਵੀ ਅਨਸਰਾਂ ਨੇ ਹਜੂਮ ਇਕੱਠਾ ਕਰਕੇ ਇਨ੍ਹਾਂ ਲੋਕਾਂ ਨੂੰ ਸਮੇਤ ਬੱਚੇ, ਔਰਤਾਂ ਘਰਾਂ ਵਿਚੋਂ ਬਾਹਰ ਕੱਢ ਕੇ ਲਿਆਂਦਾ, ਕੁਟਾਪਾ ਚਾੜ੍ਹਿਆ ਅਤੇ ਉਨ੍ਹਾਂ ਦੇ ਸਾਹਮਣੇ ਹੀ ਸਮੇਤ ਸਮਾਨ ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ। ਪ੍ਰਸ਼ਾਸਨ ਨੇ ਮਦਦ ਦੀ ਬਜਾਏ ਇਨ੍ਹਾਂ ਸਾਰੇ ਸਿਖਾਂ ਨੂੰ ਝੂਠੇ ਕੇਸ ਮੜ੍ਹ ਕੇ ਔਰਤਾਂ ਤੇ ਬਚਿਆਂ ਸਮੇਤ ਜੇਲ੍ਹ ਵਿਚ ਡਕ ਦਿੱਤਾ। ਬਾਅਦ ਵਿਚ ਉਨ੍ਹਾਂ ਦੇ ਘਰਾਂ ਵਾਲੀ ਜਗ੍ਹਾ ਉਪਰ ਸਕੂਲ ਉਸਾਰ ਦਿੱਤਾ। ਇਕ ਸਾਲ ਜੇਲ੍ਹ ਕਟਣ ਬਾਅਦ ਜਦ ਉਹ ਬਾਹਰ ਆਏ ਤਾਂ ਉਨ੍ਹਾਂ ਨੂੰ ਮੁੜ ਘਰ ਨਹੀਂ ਬਣਾਉਣ ਦਿਤੇ। ਪੂਰੇ ਵੀਹ ਸਾਲ ਉਹ ਆਪਣੇ ਘਰ ਵਾਪਸ ਲੈਣ ਲਈ ਲੜਦੇ ਰਹੇ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਇਸ ਸੰਬੰਧ ਵਿਚ ਬ੍ਰਿਟਿਸ਼ ਸਿਖ ਕੌਂਸਲ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਗਈ ਹੈ ਤੇ ਪੱਕੇ ਘਰ ਉਸਾਰ ਕੇ ਦਿੱਤੇ ਗਏ ਹਨ।

ਨਾਜਾਇਜ਼ ਧੰਦੇ ਤੋਂ ਮੁਕਤੀ ਚਾਹੁੰਦੇ ਨੇ ਸਿਕਲੀਗਰ
ਬ੍ਰਿਟਿਸ਼ ਸਿੱਖ ਕੌਂਸਲ ਦੇ ਮੁੱਖ ਬੁਲਾਰੇ ਤਰਸੇਮ ਸਿੰਘ ਦਿਉਲ ਜੋ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਹੋਰ ਇਲਾਕਿਆਂ ਵਿਚ ਸਿਕਲੀਗਰ ਸਿੱਖਾਂ ਦੇ ਲਈ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਉਨ੍ਹਾਂ ਦੇ ਵਿਕਾਸ, ਰਹਿਣ ਸਹਿਣ, ਰੁਜ਼ਗਾਰ ਤੇ ਵਿਦਿਆ ਤੇ ਸਿੱਖ ਧਰਮ ਨਾਲ ਜੋੜਨ ਲਈ ਉੱਦਮ ਕਰ ਰਹੇ ਹਨ, ਉਹ ਇਸ ਸੰਬੰਧੀ ਪ੍ਰਸ਼ਾਸ਼ਣ ਤੇ ਮੁੱਖ ਮੰਤਰੀ ਨੂੰ ਵੀ ਮਿਲ ਚੁੱਕੇ ਹਨ ਕਿ ਸਿਕਲੀਗਰ ਸਿੱਖਾਂ ਨੂੰ ਇਸ ਧੰਦੇ ਵਿਚੋਂ ਕੱਢਣ ਦੇ ਲਈ ਰੁਜ਼ਗਾਰ ਦਿੱਤਾ ਜਾਵੇ। ਪਰ ਹਾਲੇ ਤੱਕ ਇਸ ਸੰਬੰਧੀ ਸਰਕਾਰੀ ਕਾਰਵਾਈ ਨਹੀਂ ਹੋਈ। ਪਰ ਪੁਲੀਸ ਸਿਕਲੀਗਰ ਸਿੱਖਾਂ ਨੂੰ ਬੁਰੀ ਤਰ੍ਹਾਂ ਤੰਗ ਕਰ ਰਹੀ ਹੈ। ਹਾਲਾਂਕਿ ਸਿਕਲੀਗਰ ਸਿੱਖ ਇਸ ਪਰੰਪਰਿਕ ਧੰਦੇ ਤੋਂ ਹੁਣ ਮੁਕਤ ਹੋਣਾ ਚਾਹੁੰਦੇ ਹਨ ਤੇ ਸਰਕਾਰ ਦੀ ਸਹਾਇਤਾ ਚਾਹੁੰਦੇ ਹਨ। ਉਹ ਆਪਣੀ ਨਵੀਂ ਪੀੜੀ ਨੂੰ ਇਸ ਗ਼ੈਰ-ਕਾਨੂੰਨੀ ਹਥਿਆਰ ਦੇ ਧੰਦੇ ਤੋਂ ਦੂਰ ਰੱਖਣਾ ਚਾਹੁੰਦੇ ਹਨ, ਪਰ ਕੋਈ ਬਦਲ ਨਾ ਹੋਣ ਕਾਰਨ ਮਜਬੂਰੀਵੱਸ ਸਿਕਲੀਗਰ ਇਸ ਤੋਂ ਮੁਕਤ ਨਹੀਂ ਹੋ ਪਾ ਰਹੇ ਹਨ। ਸਿਕਲੀਗਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਤੇ ਮੌਤ ਦਾ ਸਾਮਾਨ ਬਣਾਉਣ ਵਾਲੇ ਧੰਦੇ ਤੋਂ ਦੂਰ ਰਹਿ ਕੇ ਸੁਕੂਨ ਦੀ ਜ਼ਿੰਦਗੀ ਬਿਤਾਉਣ, ਪਰ ਉਨ੍ਹਾਂ ਦੇ ਮੁੜ-ਵਸੇਬੇ ਲਈ ਸਰਕਾਰ ਮਦਦ ਨਹੀਂ ਕਰ ਰਹੀ। ਇਹੀ ਨਹੀਂ, ਸਿਕਲੀਗਰਾਂ ਸਿੱਖਾਂ ਨੇ ਇਸ ਸਬੰਧੀ ਕਈ ਅਰਜ਼ੀਆਂ ਵੀ ਸਰਕਾਰ ਨੂੰ ਭੇਜੀਆਂ ਹਨ।
ਇਸ ਵੇਲੇ ਦੁਨੀਆਂ ਦੀ ਆਬਾਦੀ ਵਿਚ ਸਿਖਾਂ ਦੀ ਗਿਣਤੀ 2 ਕਰੋੜ ਮੰਨੀ ਜਾਂਦੀ ਹੈ। ਜੇਕਰ ਸਿਕਲੀਗਰ ਤੇ ਵਣਜਾਰੇ ਸਿਖਾਂ ਨੂੰ ਖਾਲਸਾ ਪੰਥ ਦਾ ਅੰਗ ਮੰਨ ਲਿਆ ਜਾਵੇ ਤਾਂ ਗਿਣਤੀ ਵਧ ਕੇ 15 ਕਰੋੜ ਬਣ ਜਾਵੇਗੀ। ਇਥੇ ਜ਼ਿਕਰਯੋਗ ਹੈ ਕਿ ਸਿਕਲੀਗਰਾਂ ਨੇ ਸਿਖ ਧਰਮ ਗੁਰੁ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗ੍ਰਹਿਣ ਕੀਤਾ। ਗੁਰੂ ਨਾਨਕ ਸਾਹਿਬ ਨੇ ਆਪਣੀਆਂ ਯਾਤਰਾਵਾਂ ਦੌਰਾਨ ਸਿਕਲੀਗਰਾਂ ਨੂੰ ਸਿਖ ਬਣਾਇਆ ਸੀ ਤੇ ਉਨ੍ਹਾਂ ਨੂੰ ਉਪਦੇਸ਼ ਦਿੱਤੇ ਸਨ, ਜੋ ਅੱਜ ਤਕ ਉਨ੍ਹਾਂ ਨੂੰ ਯਾਦ ਹਨ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਤਕ ਇਨ੍ਹਾਂ ਦਾ ਸਿਖ ਪੰਥ ਨਾਲ ਅਟੁੱਟ ਸੰਬੰਧ ਰਿਹਾ ਹੈ। ਪਰ ਜਦੋਂ 18ਵੀਂ ਸਦੀ ਦੇ ਦੌਰਾਨ ਮੁਗਲ ਹਕੂਮਤ ਦੇ ਜ਼ੁਲਮ ਤੇਜ਼ ਹੋ ਗਏ ਅਤੇ ਸਰਕਾਰੀ ਪੱਧਰ ‘ਤੇ ਤਿੰਨ ਵਾਰੀ ਇਹ ਐਲਾਨ ਕੀਤਾ ਗਿਆ ਕਿ ਕਿਸੇ ਕਤਲ ਕੀਤੇ ਸਿਖ ਦਾ ਸਿਰ ਵੀ ਕੋਈ ਲਿਆ ਦੇਵੇ ਤਾਂ ਉਸ ਨੂੰ ਇਨਾਮ ਵਜੋਂ ਵੱਡੀ ਰਕਮ ਦਿੱਤੀ ਜਾਵੇਗੀ। ਇਸ ਇਤਿਹਾਸਕ ਕਾਰਨ ਕਰਕੇ, ਮੁਗਲ ਹਕੂਮਤ ਦੇ ਜ਼ੁਲਮਾਂ ਕਰਕੇ ਅਜਿਹੀਆਂ ਪ੍ਰਸਥਿਤੀਆਂ ਬਣ ਗਈਆਂ ਜਿਸ ਕਰਕੇ ਇਹ ਪੰਜਾਬ ਦੇ ਸਿਖਾਂ ਨਾਲੋਂ ਟੁੱਟ ਗਏ। ਇਨ੍ਹਾਂ ਨੂੰ ਭਾਰਤ ਦੇ ਲੋਕ ਵਣਜਾਰਿਆਂ ਅਤੇ ਸਿਕਲੀਗਰਾਂ ਵਜੋਂ ਜਾਣਦੇ ਹਨ, ਸਿਖ ਵਜੋਂ ਨਹੀਂ। ਪਰ ਇਨ੍ਹਾਂ ਸਿਕਲੀਗਰਾਂ ਨੂੰ ਖਾਲਸਾ ਪੰਥ ਦੀ ਮੁੱਖ ਧਾਰਾ ਵਿਚ ਲਿਆਉਣ ਦਾ ਉਪਰਾਲਾ ਬ੍ਰਿਟਿਸ਼ ਸਿਖ ਕੌਂਸਲ ਨੇ ਕੀਤਾ ਹੈ। ਭਾਰਤ ਵਿਚ ਸਿਖ ਘੱਟ ਗਿਣਤੀ ਵਿਚ ਹੋਣ ਕਰਕੇ ਉਨ੍ਹਾਂ ਦੀ ਕਦਰ ਨਹੀਂ ਪੈ ਰਹੀ। ਹਾਲਾਂ ਕਿ ਦੇਸ ਦੀ ਅਜ਼ਾਦੀ ਲਈ ਉਨ੍ਹਾਂ ਨੇ 85% ਕੁਰਬਾਨੀਆਂ ਦਿੱਤੀਆਂ ਹਨ। ਇਸ ਲਈ ਸਿਖ ਕੌਮ ਨੂੰ ਭਾਰਤ ਵਿਚ ਚੜ੍ਹਦੀਕਲਾ ਵਲ ਲਿਜਾਣ ਲਈ ਸਿਖ ਕੌਮ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਇਹ ਤਾਂ ਹੀ ਸੰਭਵ ਹੈ ਕਿ ਜੇਕਰ ਅਸੀਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੇ ਗੁਰੂ ਸਿਧਾਂਤ ਉਪਰ ਪਹਿਰਾ ਦੇਵਾਂਗੇ। ਭਾਈ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਅੱਜ ਪੰਜਾਬ ਅੰਦਰ ਜਨਸੰਖਿਆ ਦੀ ਗਿਣਤੀ ਵਿਚ ਬੜੀ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ ਜਿਹੜਾ ਸਿਖ ਸਮਾਜ ਨੂੰ ਹਰ ਪੱਖ ਤੋਂ ਪ੍ਰਭਾਵਿਤ ਕਰ ਰਿਹਾ ਹੈ ਅਤੇ ਅਗਾਂਹ ਵੀ ਕਰੇਗਾ। ਸਿੱਖ ਨੌਜਵਾਨ ਵੱਡੀ ਗਿਣਤੀ ਵਿਚ ਪੱਛਮੀ ਅਤੇ ਹੋਰ ਦੇਸ਼ਾਂ ਵਲ ਪ੍ਰਵਾਸ ਕਰ ਰਹੇ ਹਨ। ਜਿਸ ਵਿਚੋਂ 15 ਤੋਂ 40 ਸਾਲ ਦੀ ਪੀੜ੍ਹੀ ਜ਼ਿਆਦਾ ਹੈ। ਹਾਲਾਤਾਂ ਦੇ ਨਾਲ ਨਾਲ ਪੰਜਾਬ ਅੰਦਰ ਰੁਜ਼ਗਾਰ ਪ੍ਰਾਪਤ ਕਰਨਾ ਮੁਸ਼ਕਲ ਹੋਇਆ ਹੈ। ਅੱਜ ਸਿਖਾਂ ਅੰਦਰ ਵੀ ਹੱਥੀਂ ਕਿਰਤ ਕਰਨ ਜ਼ਿਆਦਾ ਚੰਗਾ ਨਹੀਂ ਸਮਝਿਆ ਜਾ ਰਿਹਾ, ਜਿਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਹਥੀਂ ਕੀਤੇ ਜਾਣ ਵਾਲੇ ਬਹੁਤੇ ਕਾਰਜਾਂ ਉੱਤੇ ਗੈਰ ਸਿਖਾਂ ਦੀ ਗਿਣਤੀ ਭਾਰੂ ਹੋ ਰਹੀ ਹੈ। ਵੋਟਾਂ ਦੀ ਰਾਜਨੀਤੀ ਕਰਕੇ ਇਸ ਪੱਖ ਤੋਂ ਬਿਲਕੁਲ ਹੀ ਅਵੇਸਲਾਪਨ ਵਰਤਿਆ ਜਾ ਰਿਹਾ ਹੈ।
ਇਹ ਸਾਰਾ ਕੁਝ ਪੰਜਾਬ ਅਤੇ ਖਾਸ ਕਰਕੇ ਸਿਖਾਂ ਦੇ ਭਵਿੱਖ ਲਈ ਕੋਈ ਚੰਗਾ ਵਰਤਾਰਾ ਨਹੀਂ ਹੈ। ਜੇਕਰ ਅਸੀਂ ਪੰਜਾਬ ਵਿਚ ਖਾਲਸਾ ਪੰਥ ਦਾ ਬੋਲਬਾਲਾ ਚਾਹੁੰਦੇ ਹਾਂ ਤੇ ਸਿਖ ਪੰਥ ਦਾ ਹਾਲ ਬੁੱਧ ਧਰਮ ਵਰਗਾ ਨਹੀਂ ਦੇਖਣਾ ਚਾਹੁੰਦੇ ਤਾਂ ਸਿਕਲੀਗਰ ਸਿਖ ਪਰਿਵਾਰਾਂ ਨੂੰ ਪੰਜਾਬ ਵਿਚ ਵਸਾਉਣਾ ਪਵੇਗਾ ਤੇ ਉਨ੍ਹਾਂ ਦੇ ਰੁਜ਼ਗਾਰ ਅਤੇ ਰਹਿਣ ਸਹਿਣ ਦਾ ਪ੍ਰਬੰਧ ਕਰਨਾ ਪਵੇਗਾ। ਸੇਵਾ ਦੇ ਬੇਅੰਤ ਕਾਰਜਾਂ ਵਿਚੋਂ ਪੰਜਾਬ ਤੋਂ ਬਾਹਰ ਰਹਿੰਦੇ ਅਤਿ ਪਛੜੇ ਸਿਕਲੀਗਰਾਂ ਅੰਦਰ ਸੇਵਾ ਕਾਰਜਾਂ ਦੀ ਬਹੁਤ ਲੋੜ ਹੈ। ਵਿਸ਼ੇਸ਼ ਕਰਕੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਸਿਖਲਾਈ ਦੇ ਪ੍ਰਾਜੈਕਟ ਬਣਾ ਕੇ, ਉਨ੍ਹਾਂ ਨੂੰ ਪੈਰਾਂ ‘ਤੇ ਖੜ੍ਹਾ ਕਰਨਾ ਤੇ ਰੁਜ਼ਗਾਰ ਦੇ ਯੋਗ ਬਣਾਉਣਾ ਹੈ। ਇਸ ਸੰਬੰਧੀ ਕਪੂਰਥਲਾ ਵਿਖੇ ਸਕੂਲ ਖੋਲ੍ਹਣ ਦਾ ਇਰਾਦਾ ਕੀਤਾ ਹੈ, ਜਿਥੇ ਸਿਕਲੀਗਰ ਤੇ ਗਰੀਬ ਬੱਚੇ ਸਿਖਿਆ ਲੈ ਸਕਣ ਤੇ ਸਿਖ ਧਰਮ ਨਾਲ ਜੁੜ ਸਕਣ। ਪ੍ਰਵਾਸੀ ਸਿਖ ਭਾਈਚਾਰਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਹਿਯੋਗ ਦੇਣ ਤਾਂ ਜੋ ਅਸੀਂ ਉਹਨਾਂ ਨੂੰ ਪੰਜਾਬ ਵਸਾ ਸਕੀਏ ਤੇ ਉਹਨਾਂ ਦਾ ਜੀਵਨ ਪਧਰ ਉਚਾ ਕਰ ਸਕੀਏ।ਉਹਨਾਂ ਦਾ ਸੰਪਰਕ ਨੰਬਰ ਹੈ,
Head Office : British Sikh Council, Charity Reg. No. 1122686, 101 Wolverhampton Road West, Walshall, WS2 OBX, England, UK. Bank Account Detail : Lloyds Bank Plc, British Sikh Council, Account Number 03674675, Sort Code 30-99-83, BIC : LOYDGB21114 IBAN : GB52 LOYD 3099 8303 674675. UK residents can donate by text message, Text 70700, BSCE 35. Email : deol_bsc@hotmail.com. Contact : 07950 692 370 and 01922 448925