ਤਨਖਾਹੀਏ ਸਿਆਸੀ ਆਗੂਆਂ ਨੇ ਸੇਵਾ ਪੂਰੀ ਕਰਨ ਮਗਰੋਂ ਕੀਤੀ ਖਿਮਾ ਯਾਚਨਾ ਦੀ ਅਰਦਾਸ

0
409
Sikh leaders pray before the Akal Takht at the completion of their penance sewa in amritsar on Sunday. photo The Tribune
ਕੈਪਸ਼ਨ-ਅੰਮ੍ਰਿਤਸਰ ਵਿੱਚ ਐਤਵਾਰ ਨੂੰ ਖਿਮਾ ਯਾਚਨਾ ਦੀ ਅਰਦਾਸ ਵਿਚ ਸ਼ਾਮਲ ਸਿਆਸੀ ਆਗੂ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਵੋਟਾਂ ਲਈ ਸਮਰਥਨ ਮੰਗੇ ਜਾਣ ਦੇ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਤਨਖਾਹ ਪੂਰੀ ਕਰਨ ਵਾਲੇ 21 ਸਿੱਖ ਸਿਆਸੀ ਆਗੂਆਂ ਨੇ ਸੇਵਾ ਮੁਕੰਮਲ ਕਰਨ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਖਿਮਾ ਯਾਚਨਾ ਦੀ ਅਰਦਾਸ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 501-501 ਰੁਪਏ ਦੀ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਅਤੇ 5100-5100 ਸੌ ਰੁਪਏ ਗੋਲਕ ਵਿੱਚ ਪਾਏ। ਤਨਖਾਹੀਏ ਕਰਾਰ ਦਿੱਤੇ ਗਏ ਸਿੱਖ ਆਗੂਆਂ ਵਿੱਚ ਇੱਕ ਨੂੰ ਛੱਡ ਕੇ ਬਾਕੀ ਸਾਰੇ ਅਕਾਲੀ ਦਲ ਬਾਦਲ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ ਪੰਜ ਸਿੰਘ ਸਾਹਿਬਾਨ ਨੇ ਹੁਕਮਨਾਮੇ ਦੀ ਉਲੰਘਣਾ ਕਰਕੇ ਵੋਟ ਤੇ ਅਸ਼ੀਰਵਾਦ ਲੈਣ ਲਈ ਡੇਰਾ ਸਿਰਸਾ ਜਾਣ ਵਾਲੇ 21 ਸਾਬਤ ਸੂਰਤ ਸਿੱਖ ਆਗੂਆਂ ਨੂੰ 17 ਅਪ੍ਰੈਲ ਨੂੰ ਤਨਖਾਹੀਆ ਕਰਾਰ ਦਿੱਤ ਸੀ। ਅਜੇ ਚਾਰ ਸਿੱਖ ਆਗੂਆਂ ਦਾ ਡੇਰਾ ਸਿਰਸਾ ਜਾਣ ਦਾ ਮਾਮਲਾ ਬਾਕੀ ਹੈ। ਅਕਾਲ ਤਖ਼ਤ ਸਾਹਿਬ ਵੱਲੋਂ ਸੱਦੇ ਜਾਣ ‘ਤੇ 17 ਅਪ੍ਰੈਲ ਨੂੰ ਪੇਸ਼ ਨਾ ਹੋਣ ਵਾਲੇ ਚਾਰ ਸਿੱਖ ਆਗੂਆਂ ਵਿੱਚ ਕਾਂਗਰਸ ਪਾਰਟੀ ਦੇ ਬੀਬੀ ਰਜਿੰਦਰ ਕੌਰ ਭੱਠਲ ਲਹਿਰਾਗਾਗਾ, ਕਾਂਗਰਸ ਵਜ਼ਾਰਤ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁੱਤਰ ਅਰਜਨ ਸਿੰਘ, ਅਜਾਇਬ ਸਿੰਘ ਭੱਟੀ ਮਲੋਟ ਅਤੇ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ ਮੌੜ ਸ਼ਾਮਲ ਸਨ। ਸਿੰਘ ਸਾਹਿਬ ਦੇ ਆਦੇਸ਼ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਤੋਂ ਬਾਅਦ ਸਿੰਘ ਸਾਹਿਬਾਨ ਵੱਲੋਂ 44 ਸਿੱਖ ਆਗੂਆਂ ਨੂੰ ਅਕਾਲ ਤਖਤ ਸਾਹਿਬ ਵਿੱਚ ਸਪਸ਼ਟੀਕਰਨ ਲਈ ਸੱਦਿਆ ਗਿਆ ਸੀ, ਜਿਨ੍ਹਾਂ ਵਿਚੋਂ 4 ਆਗੂ ਨਹੀਂ ਪੁੱਜ ਸਕੇ ਸਨ। ਹਾਜ਼ਰ ਹੋਏ 40 ਆਗੂਆਂ ਵਿਚੋਂ 21 ਸਾਬਤ ਸੂਰਤ ਸਿੱਖ ਆਗੂਆਂ ਨੂੰ ਬਾਕਾਇਦਾ ਤਨਖਾਹੀਏ ਕਰਾਰ ਦਿੰਦਿਆਂ ਧਾਰਮਿਕ ਸੇਵਾ ਲਾਈ ਗਈ ਸੀ, 18 ਪਤਿਤ ਸਿੱਖ ਆਗੂਆਂ ਨੂੰ ਕੇਵਲ ਧਾਰਮਿਕ ਸੇਵਾ ਹੀ ਲਾਈ ਗਈ ਸੀ ਅਤੇ ਇੱਕ ਨੂੰ ਮੁਆਫ਼ ਕਰ ਦਿੱਤਾ ਗਿਆ ਸੀ। ਲਾਈ ਗਈ ਤਨਖਾਹ ਪੂਰੀ ਕਰਦਿਆਂ ਸਿੱਖ ਮੁੱਖ ਧਾਰਾ ਵਿੱਚ ਮੁੜ ਸ਼ਾਮਲ ਹੋਏ 21 ਸਾਬਤ ਸੂਰਤ ਸਿੱਖ ਆਗੂਆਂ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਅਜੀਤ ਸਿੰਘ ਸ਼ਾਂਤ, ਦਰਬਾਰਾ ਸਿੰਘ ਗੁਰੂ, ਪਰਮਿੰਦਰ ਸਿੰਘ ਢੀਂਡਸਾ, ਵਰਿੰਦਰ ਕੌਰ,  ਇੰਦਰਇਕਬਾਲ ਸਿੰਘ ਅਟਵਾਲ, ਮਨਤਾਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਭੱਟੀ, ਗੁਰਪ੍ਰੀਤ ਸਿੰਘ ਰਾਜੂ, ਜੀਤਮਹਿੰਦਰ ਸਿੰਘ ਸਿੱਧੂ, ਪਰਮਬੰਸ ਸਿੰਘ, ਕੰਵਲਜੀਤ ਸਿੰਘ ਰੋਜੀ ਬਰਕੰਦੀ, ਹਰਪ੍ਰੀਤ ਸਿੰਘ ਕੋਟਭਾਈ, ਸੁਰਜੀਤ ਸਿੰਘ ਰੱਖੜਾ, ਇਕਬਾਲ ਸਿੰਘ ਝੂੰਦਾਂ, ਈਸ਼ਰ ਸਿੰਘ ਮਿਹਰਬਾਨ, ਗੋਬਿੰਦ ਸਿੰਘ ਲੌਂਗੋਵਾਲ, ਰਣਜੀਤ ਸਿੰਘ ਤਲਵੰਡੀ, ਹਰੀ ਸਿੰਘ ਨਾਭਾ ਤੇ ਦੀਦਾਰ ਸਿੰਘ ਭੱਟੀ (ਸਾਰੇ ਸ਼੍ਰੋਮਣੀ ਅਕਾਲੀ ਦਲ) ਅਤੇ ਅਜੀਤਇੰਦਰ ਸਿੰਘ ਮੋਫ਼ਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ।   ਸ੍ਰੀ ਮਲੂਕਾ ਨੇ ਕਿਹਾ ਕਿ ਵੋਟਾਂ ਖਾਤਰ ਡੇਰੇ ਜਾਣਾ ਉਨ੍ਹਾਂ ਦੀ ਗਲਤੀ ਸੀ। ਪੜਤਾਲ ਉਪਰੰਤ ਹੀ ਸਿੰਘ ਸਾਹਿਬਾਨ ਵੱਲੋਂ ਧਾਰਮਿਕ ਸੇਵਾ ਲਾਈ ਗਈ ਸੀ, ਜੋ ਉਨ੍ਹਾਂ ਸਿਰ ਮੱਥੇ ਮੰਨਦਿਆਂ ਪੂਰੀ ਕੀਤੀ ਹੈ।