ਅਕਾਲੀ ਲੀਡਰਸ਼ਿਪ ‘ਚ ਬਾਗੀ ਸੁਰਾਂ ਦਾ ਉਠਣਾ ਬਾਦਲਾਂ ਲਈ ਖਤਰੇ ਦੀ ਘੰਟੀ

0
118

sukhdev-singh-dindsha
ਚੰਡੀਗੜ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਅੰਦਰਖਾਤੇ ਬਾਦਲ ਪਰਿਵਾਰ ਵਿਰੋਧੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਾਂਭੇ ਹੋਣ ਦਾ ਮਸ਼ਵਰਾ ਦੇਣ ਤੋਂ ਬਾਅਦ ਅਕਾਲੀ ਦਲ ਦੇ ਹੋਰਨਾਂ ਆਗੂਆਂ ਨੇ ਵੀ ਦੱਬਵੀਂ ਸੁਰ ਵਿੱਚ ਸ੍ਰੀ ਢੀਂਡਸਾ ਦੇ ਤਰਕ ਦਾ ਸਮਰਥਨ ਕੀਤਾ ਹੈ। ਅਕਾਲੀ ਦਲ ਦੇ ਅੱਧੀ ਦਰਜਨ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਕਿ ਪਾਰਟੀ ਅੰਦਰ ਦੂਜੀ ਕਤਾਰ ਦੀ ਲੀਡਰਸ਼ਿਪ ਮਹਿਸੂਸ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ ਦੀ ਵੱਕਾਰ ਬਹਾਲੀ ਸਮੇਂ ਦੀ ਲੋੜ ਹੈ। ਸਿਆਸੀ ਮਾਹਰਾਂ ਮੁਤਾਬਕ ਇਸ ਨਾਜ਼ੁਕ ਮੋੜ ਉਤੇ ਅਕਾਲੀ ਲੀਡਰਸ਼ਿਪ ‘ਚ ਬਾਗੀ ਸੁਰਾਂ ਦਾ ਉਠਣਾ ਬਾਦਲਾਂ ਲਈ ਖਤਰੇ ਦੀ ਘੰਟੀ ਹੈ।

ਸੂਬੇ ਦੀ ਸੱਤਾ ‘ਤੇ ਲੰਮਾ ਸਮਾਂ ਕਾਬਜ਼ ਰਹਿਣ ਮਗਰੋਂ ਪਾਰਟੀ ਲਈ ਸਿਆਸੀ ਮੁਸ਼ਕਿਲਾਂ ਹੀ ਮੂੰਹ ਅੱਡੀ ਨਹੀਂ ਖੜ੍ਹੀਆਂ ਸਗੋਂ ਧਾਰਮਿਕ ਖੇਤਰ ਵਿੱਚ ਵੀ ਚੁਣੌਤੀਆਂ ਮਿਲ ਰਹੀਆਂ ਹਨ। ਪੰਜਾਬ ਵਿਧਾਨ ਸਭਾ ਦੇ ਹਾਲੀਆ ਸੈਸ਼ਨ ਵਿੱਚ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਬੇਅਦਬੀ ਅਤੇ ਕੋਟਕਪੂਰਾ, ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਰਿਪੋਰਟ ‘ਤੇ ਹੋਈ ਬਹਿਸ ਤੋਂ ਬਾਅਦ ਪਾਰਟੀ ਵਿੱਚ ਸੁਧਾਰਾਂ ਦੀ ਗੱਲ ਉਠਣ ਲੱਗੀ ਹੈ।
ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਸਿਆਸੀ ਗਤੀਵਿਧੀਆਂ ਨੂੰ ਸੀਮਤ ਕਰਨ ਵਾਲੇ ਘਾਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣੇ ਅਤੇ ਆਪਣੇ ਪੁੱਤਰ ਦੇ ਬਚਾਅ ਲਈ ਮੈਦਾਨ ਵਿੱਚ ਨਿੱਤਰਨਾ ਪੈ ਰਿਹਾ ਹੈ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਹਾਲ ਦੀ ਘੜੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਾਵੇਂ ਅੰਦਰੂਨੀ ਤੌਰ ‘ਤੇ ਕੋਈ ਚੁਣੌਤੀ ਨਹੀਂ ਦਿਖਾਈ ਦਿੰਦੀ ਪਰ ਬਾਹਰੀ ਚੁਣੌਤੀਆਂ ਵਧਣ ਤੋਂ ਬਾਅਦ ਛੋਟੇ ਬਾਦਲ ਲਈ ਵੀ ਚੁਣੌਤੀਪੂਰਨ ਦਿਨ ਆ ਸਕਦੇ ਹਨ।
ਇੱਕ ਸੀਨੀਅਰ ਅਕਾਲੀ ਨੇਤਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਡੇਰਾ ਮੁਖੀ ਨੂੰ ਮੁਆਫ਼ੀ ਦਾ ਮਾਮਲਾ ਭਖਣ ਤੋਂ ਬਾਅਦ ਹੀ ਜਥੇਦਾਰਾਂ ਨੂੰ ਬਦਲਣ ਦਾ ਮਾਮਲਾ ਪਾਰਟੀ ਵੱਲੋਂ ਵਿਚਾਰਿਆ ਜਾਣ ਲੱਗਾ ਸੀ ਪਰ ਰਾਜਸੀ ਹਾਲਾਤ ਦੇ ਮੱਦੇਨਜ਼ਰ ਪਾਰਟੀ ਵੱਲੋਂ ਇਹ ਫੈਸਲਾ ਨਹੀਂ ਸੀ ਲਿਆ ਜਾ ਸਕਿਆ ਪਰ ਹੁਣ ਫੈਸਲਾ ਲੈਣਾ ਚਾਹੀਦਾ ਹੈ। ਇਕ ਅਕਾਲੀ ਆਗੂ ਦਾ ਇਹ ਵੀ ਕਹਿਣਾ ਹੈ ਕਿ ਧਾਰਮਿਕ ਖੇਤਰ ਦੀ ਕੋਈ ਕੱਦਾਵਰ ਸ਼ਖ਼ਸੀਅਤਾਂ ਦਾ ਖ਼ਲਾਅ ਹੋਣ ਕਾਰਨ ਵੀ ਜਥੇਦਾਰ ਬਦਲਿਆ ਨਹੀਂ ਜਾ ਸਕਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਸਥਿਤੀ ਦੇ ਟਾਕਰੇ ਲਈ ਭਾਵੇਂ ਰੈਲੀਆਂ ਅਤੇ ਕਾਂਗਰਸੀ ਖਿਲਾਫ਼ ਪ੍ਰਦਰਸ਼ਨਾਂ ਦਾ ਆਸਰਾ ਲਿਆ ਜਾ ਰਿਹਾ ਹੈ ਪਰ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਇਸ ਪਾਰਟੀ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ।
ਨਵੰਬਰ ਮਹੀਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ ਹੋਣੀ ਹੈ। ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਬਾਰੇ ਕਹਿਣਾ ਹੈ ਕਿ ਭਾਈ ਲੌਂਗੋਵਾਲ ਧਾਰਮਿਕ ਖੇਤਰ ਵਿੱਚ ਕੋਈ ਵੱਡਾ ਪ੍ਰਭਾਵ ਨਹੀਂ ਛੱਡ ਸਕੇ। ਇਸ ਲਈ ਸਿੱਖਾਂ ਦਾ ਇਸ ਸਿਰਮੌਰ ਸੰਸਥਾ ਦੇ ਪ੍ਰਧਾਨ ਦੀ ਕੁਰਸੀ ਲਈ ਹੁਣੇ ਤੋਂ ਲਾਮਬੰਦੀ ਸ਼ੁਰੂ ਹੋਣੀ ਸ਼ੁਰੂ ਹੋ ਗਈ ਹੈ। ਮਾਝੇ ਦੇ ਕੁੱਝ ਆਗੂਆਂ ਨੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਵੇਂ ਇਹ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਸਿਆਸੀ ਫੈਸਲੇ ਸਮੂਹ ਨੇਤਾਵਾਂ ਦੀ ਸਹਿਮਤੀ ਨਾਲ ਹੀ ਲਏ ਜਾਂਦੇ ਹਨ ਜਦਕਿ ਸੀਨੀਅਰ ਅਕਾਲੀ ਨੇਤਾਵਾਂ ਦਾ ਕਹਿਣਾ ਹੈ ਕਿ ਪਾਰਟੀ ‘ਤੇ ਪੂਰੀ ਤਰ੍ਹਾਂ ਕੰਟਰੋਲ ਬਾਦਲ ਪਰਿਵਾਰ ਦਾ ਹੀ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਦਾ ਸਿਹਰਾ ਪੂਰੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਸਿਰ ਬੱਝਣ ਤੋਂ ਬਾਅਦ ਇਹ ਮੰਨਿਆ ਜਾਂਦਾ ਸੀ ਕਿ ਪਾਰਟੀ ਅਤੇ ਸਰਕਾਰ ਉਪਰ ਸੁਖਬੀਰ ਸਿੰਘ ਬਾਦਲ ਦਾ ਹੀ ਕੰਟਰੋਲ ਹੈ। ਇਸ ਤੋਂ ਬਾਅਦ ਅਜਿਹਾ ਦੌਰ ਆਇਆ ਜਦੋਂ ਪਾਰਟੀ ਨੂੰ ਚੁਣੌਤੀਆਂ ਘੇਰਨ ਲੱਗੀਆਂ। ਸਾਲ 2014 ਵਿੱਚ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਸਿਆਸੀ ਸੰਕਟ ਨੇ ਦਸਤਕ ਦੇ ਦਿੱਤੀ ਸੀ ਪਰ ਇਸ ਵੱਲ ਕੋਈ ਧਿਆਨ ਨਾ ਦਿੱਤਾ ਤੇ ਉਸ ਤੋਂ ਬਾਅਦ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਂ ਤੋਂ ਬਾਅਦ ਹੀ ਅਕਾਲੀ ਦਲ ਨੇ ਸਿਆਸੀ ਤੌਰ ‘ਤੇ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਨਾ ਲਾਇਆ।