ਸਾਬਕਾ ਅਕਾਲੀ ਮੰਤਰੀ ਲੰਗਾਹ ਦੇ ਪੁਲੀਸ ਰਿਮਾਂਡ ‘ਚ 3 ਦਿਨ ਦਾ ਵਾਧਾ

0
62

langah

ਅਸ਼ਲੀਲ ਵੀਡੀਓ ਮਾਮਲਾ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਵੀ ਜੁੜੀ
ਗੁਰਦਾਸਪੁਰ/ਬਿਊਰੋ ਨਿਊਜ਼:
ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਇੱਕ ਦਿਨ ਦਾ ਰਿਮਾਂਡ ਖ਼ਤਮ ਹੋਣ ‘ਤੇ ਮੰਗਲਵਾਰ ਦੁਪਹਿਰ ਬਾਅਦ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਲੰਗਾਹ ਦੇ ਪੁਲੀਸ ਰਿਮਾਂਡ ਵਿੱਚ 3 ਦਿਨ ਦਾ ਵਾਧਾ ਕਰ ਦਿੱਤਾ ਹੈ। ਪੁਲੀਸ ਨੇ ਲੰਗਾਹ ਦੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਪੁਲੀਸ ਦਾ ਕਹਿਣਾ ਹੈ ਕਿ ਅਜੇ ਜਾਂਚ ਅਧੂਰੀ ਹੈ।
ਇਸੇ ਦੌਰਾਨ ਪੁਲੀਸ ਨੇ ਲੰਗਾਹ ਖਿਲਾਫ਼ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295ਏ ਤਹਿਤ ਇਕ ਹੋਰ ਕੇਸ ਦਰਜ ਕਰ ਲਿਆ ਹੈ। ਉਸ ਨੇ ਪਿਛਲੇ ਬੁੱਧਵਾਰ ਗੁਰਦਾਸਪੁਰ ਦੀ ਅਦਾਲਤ ਵਿਚ ਸਮਰਪਣ ਕੀਤਾ ਸੀ ਜਿਸ ਮਗਰੋਂ ਉਸ ਨੂੰ 5 ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਭੇਜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਹੋਰ ਸਿੱਖ ਸੰਗਠਨਾਂ ਵੱਲੋਂ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਮੰਗ-ਪੱਤਰ ਵੀ ਸੌਂਪਿਆ ਸੀ। ਸਿਟੀ ਪੁਲੀਸ ਗੁਰਦਾਸਪੁਰ ਵਿਖੇ ਸਿੱਖ ਸੰਗਠਨਾਂ ਦੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਲੰਗਾਹ ਖਿਲਾਫ਼ ਪਹਿਲਾਂ ਦਰਜ ਕੇਸਾਂ ਵਿੱਚ ਧਾਰਾ 295ਏ ਵੀ ਜੋੜ ਲਈ ਗਈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਸਿੰਘ ਸਾਹਿਬਾਨਾਂ ਦੀ ਵੀਰਵਾਰ ਨੂੰ ਹੋਈ ਬੈਠਕ ਦੌਰਾਨ ਲੰਗਾਹ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ।
ਪੁਲੀਸ  ਨੇ ਲੰਗਾਹ ਕੋਲੋਂ ਪੁੱਛ-ਪੜਤਾਲ ਕਰਨ ਲਈ ਅਦਾਲਤ ਤੋਂ 10 ਰੋਜ਼ਾ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਪੰਜ ਦਿਨਾ ਰਿਮਾਂਡ ਦਿੱਤਾ। ਮੁਲਜ਼ਮ ਦਾ ਰੋਜ਼ਾਨਾ ਮੈਡੀਕਲ ਕਰਵਾਇਆ ਜਾਵੇਗਾ। ਇਸ ਦੌਰਾਨ ਜ਼ਿਲ੍ਹਾ ਕਚਹਿਰੀ ਕੰਪਲੈਕਸ ਅਤੇ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਰਹੀ। ਮੁਲਜ਼ਮ ਜਦੋਂ ਆਪਣੇ ਵਕੀਲ ਨੂੰ ਲੈ ਕੇ ਅਦਾਲਤ ਪੁੱਜਿਆ ਤਾਂ ਉਸ ਦਾ ਲੜਕਾ ਸੋਨੂੰ ਲੰਗਾਹ ਵੀ ਨਾਲ ਸੀ।
ਇਸ ਮੌਕੇ ਲੰਗਾਹ ਨੇ ਕਿਹਾ ਸੀ ਕਿ ਅਦਾਲਤ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਇਸ ਤੋਂ ਪਹਿਲਾਂ ਉਸ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਸਮਰਪਣ ਕਰਨ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਗੁਰਦਾਸਪੁਰ ਜਾਣ ਲਈ ਆਖ ਦਿੱਤਾ ਸੀ। ਇਸ ਮਗਰੋਂ ਮੁਲਜ਼ਮ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਵੀ ਦਾਇਰ ਕੀਤੀ ਸੀ, ਜੋ ਮਨਜ਼ੂਰ ਨਹੀਂ ਹੋਈ। ਗੌਰਤਲਬ ਹੈ ਕਿ ਲੰਗਾਹ ਦੇ ਖਿਲਾਫ਼ 29 ਸਤੰਬਰ ਨੂੰ ਪੁਲੀਸ ਵਿੱਚ ਤਾਇਨਾਤ  ਇੱਕ ਵਿਧਵਾ ਔਰਤ ਨਾਲ ਜਬਰ-ਜਨਾਹ ਅਤੇ ਧੋਖਾਧੜੀ ਕਰਨ ਦਾ ਕੇਸ ਦਰਜ ਹੈ। ਇਸ ਦੌਰਾਨ ਹੀ ਅਦਾਲਤ ਵਿੱਚ ਪੇਸ਼ੀ ਦੌਰਾਨ ਹਮਾਇਤੀਆਂ ਵੱਲੋਂ ਲੰਗਾਹ ਦੇ ਹੱਕ ਵਿੱਚ ਕੀਤੀ ਨਾਅਰੇਬਾਜ਼ੀ ਦੀ ਸਖ਼ਤ ਨਿਖੇਧੀ ਕਰਦਿਆਂ ਸਿੱਖ ਨੁਮਾਇੰਦਿਆਂ ਨੇ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਉੱਤੇ ਤਲਬ ਕੀਤਾ ਜਾਣਾ ਚਾਹੀਦਾ ਹੈ।

ਪੇਸ਼ੀ ਦੌਰਾਨ ਲੰਗਾਹ ‘ਤੇ ਹਮਲੇ ਦੀ ਕੋਸ਼ਿਸ਼ :
ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਜਦੋਂ ਪੁਲੀਸ ਨੇ ਸੁੱਚਾ ਸਿੰਘ ਲੰਗਾਹ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਤਾਂ ਅਚਾਨਕ ਇਕ ਸਿੱਖ ਨੌਜਵਾਨ ਨੇ ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਪਰ ਹਮਲੇ ਤੋਂ ਮੁਲਜ਼ਮ ਵਾਲ-ਵਾਲ ਬਚ ਗਿਆ। ਪੁਲੀਸ ਨੇ ਹਮਲਾਵਰ ਨੌਜਵਾਨ ਨੂੰ ਕਾਬੂ ਕਰ ਲਿਆ। ਇਸ ਮੌਕੇ ਪੁਲੀਸ ਨੂੰ ਲੋਕਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ।
ਸਤਿਕਾਰ ਕਮੇਟੀ ਨੇ ਫੂਕਿਆ ਪੁਤਲਾ :
ਅਦਾਲਤ ਵਲੋਂ ਸੁੱਚਾ ਸਿੰਘ ਲੰਗਾਹ ਨੂੰ ਪੁਲਿਸ ਰਿਮਾਂਡ ‘ਤੇ ਭੇਜਣ ਉਪਰੰਤ ਜਦੋਂ ਸਿਟੀ ਪੁਲਿਸ ਗੁਰਦਾਸਪੁਰ ਦੀ ਗੱਡੀ ਸੁੱਚਾ ਸਿੰਘ ਲੰਗਾਹ ਨੂੰ ਬਿਠਾ ਕੇ ਥਾਣੇ ਵੱਲ ਰਵਾਨਾ ਹੋਈ ਤਾਂ ਅਦਾਲਤ ਕੰਪਲੈਕਸ ਦੇ ਬਾਹਰ ਪਹਿਲਾਂ ਤੋਂ ਹੀ ਹਾਜ਼ਰ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ‘ਲੰਗਾਹ ਮੁਰਦਾਬਾਦ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਬਾਅਦ ਵਿਚ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਪ੍ਰਧਾਨ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਵਿਚ ਕਚਹਿਰੀ ਦੇ ਬਾਹਰ ਹੀ ਲੰਗਾਹ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਏਨੀ ਘਿਣਾਉਣੀ ਹਰਕਤ ਕਰਨ ਵਾਲੇ ਸੁੱਚਾ ਸਿੰਘ ਲੰਗਾਹ ਖਿਲਾਫ਼ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਕਮੇਟੀ ਦੇ ਮੈਂਬਰਾਂ ਨੇ ਐਸ.ਐਸ.ਪੀ. ਗੁਰਦਾਸਪੁਰ ਨੂੰ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੇ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂਨੂੰ ਸੱਟ ਮਾਰੀ ਹੈ, ਇਸ ਸਬੰਧੀ ਵੀ ਇਸ ਉੱਪਰ ਮਾਮਲਾ ਦਰਜ ਕੀਤਾ ਜਾਵੇ।

ਸਿੰਘ ਸਾਹਿਬਾਨ ਨੇ ਵੀ ਲੰਗਾਹ ਨੂੰ ਸਿੱਖ ਪੰਥ ‘ਚੋਂ ਛੇਕਿਆ
ਅੰਮ੍ਰਿਤਸਰ/ਬਿਊਰੋ ਨਿਊਜ਼ :
ਮੁਤਵਾਜ਼ੀ ਜਥੇਦਾਰਾਂ ਵੱਲੋਂ ਕੀਤੇ ਗਏ ਫ਼ੈਸਲੇ ਮਗਰੋਂ ਅਕਾਲ ਤਖ਼ਤ ਤੋਂ ਪੰਜ ਜਥੇਦਾਰਾਂ ਨੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਪਰ ਨਾਰੀ ਨਾਲ ਸਬੰਧ ਰੱਖਣ ਦੀ ਬਜਰ ਕੁਰਹਿਤ ਦੇ ਦੋਸ਼ ਹੇਠ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਹੈ। ਤਖ਼ਤ ਨੇ ਸਿੱਖ ਸੰਸਥਾਵਾਂ ਨੂੰ ਆਖਿਆ ਕਿ ਜੇਕਰ ਇਹ ਵਿਅਕਤੀ ਕਿਸੇ ਸੰਸਥਾ ਦਾ ਮੈਂਬਰ ਹੈ ਤਾਂ ਇਸ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਵੇ। ਹੁਕਮਨਾਮੇ ਵਿਚ ਕਿਸੇ ਵੀ ਧਾਰਮਿਕ ਅਸਥਾਨ ਵਿੱਚ ਉਸ ਦੇ ਨਾਂ ਦੀ ਅਰਦਾਸ ਨਾ ਕਰਨ ਦੀ ਤਾੜਨਾ ਵੀ ਕੀਤੀ ਗਈ।
ਇਹ ਹੁਕਮਨਾਮਾ ਅਕਾਲ ਤਖ਼ਤ ਦੀ ਫ਼ਸੀਲ ਤੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤਾਂ ਨੂੰ ਸੁਣਾਇਆ। ਇਸ ਤੋਂ ਪਹਿਲਾਂ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਧਾਰਮਿਕ ਸਲਾਹਕਾਰ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਹੋਈ, ਜਿਸ ਵਿਚ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਅਤੇ ਪੁਲੀਸ ਵੱਲੋਂ ਦਰਜ ਕੀਤੇ ਮਾਮਲੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਪੰਜ ਜਥੇਦਾਰਾਂ ਦੀ ਮੀਟਿੰਗ ਵਿੱਚ ਉਸ ਨੂੰ ਪੰਥ ਵਿੱਚੋਂ ਛੇਕਣ ਦਾ ਫੈਸਲਾ ਕੀਤਾ ਗਿਆ। ਇਕੱਤਰਤਾ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਗ੍ਰੰਥੀ ਗਿਆਨੀ ਜਗਤਾਰ ਸਿੰਘ ਸ਼ਾਮਲ ਸਨ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਸੁੱਚਾ ਸਿੰਘ ਲੰਗਾਹ ਖਿਲਾਫ਼ ਸਿੱਖ ਸੰਗਤ ਵੱਲੋਂ ਵੱਡੇ ਪੱਧਰ ‘ਤੇ ਸ਼ਿਕਾਇਤਾਂ ਪੁੱਜੀਆਂ ਸਨ। ਇਸ ਤੋਂ ਇਲਾਵਾ ਅਖ਼ਬਾਰਾਂ ਅਤੇ ਇਲੈਕਟਰੋਨਿਕ ਮੀਡੀਆ ਰਾਹੀਂ ਵੀ ਇਸ ਦੀ ਭਾਰੀ ਚਰਚਾ ਹੋਈ ਹੈ। ਅਕਾਲੀ ਆਗੂ ਦੀ ਇਸ ਬਦਇਖਲਾਕੀ ਵਾਲੀ ਕਾਰਵਾਈ ਕਾਰਨ ਜਿੱਥੇ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ, ਉਥੇ ਸਿੱਖ ਕਿਰਦਾਰ ਨੂੰ ਵੀ ਢਾਹ ਲੱਗੀ ਹੈ। ਉਨ੍ਹਾਂ ਦੱਸਿਆ ਕਿ ਪੰਜ ਜਥੇਦਾਰਾਂ ਨੇ ਸ੍ਰੀ ਲੰਗਾਹ ਨੂੰ ਸਿੱਖ ਰਹਿਤ ਮਰਿਆਦਾ ਅਨੁਸਾਰ ਬਜਰ ਕੁਰਹਿਤ ਕਰਨ ਦਾ ਦੋਸ਼ੀ ਮੰਨਿਆ ਹੈ। ਮਾਮਲੇ ਦੀ ਗੰਭੀਰਤਾ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਉਸ ਨੂੰ ਪੰਥ ਵਿੱਚੋਂ ਛੇਕਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਲਾਹਕਾਰ ਕਮੇਟੀ ਵੱਲੋਂ ਵੀ ਇਸੇ ਸਜ਼ਾ ‘ਤੇ ਮੋਹਰ ਲਾਈ ਗਈ ਸੀ। ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਕਿ ਉਸ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ, ਉਸ ਦਾ ਨਾਂ ਲੈ ਕੇ ਕਿਸੇ ਵੀ ਗੁਰਦੁਆਰੇ ਵਿੱਚ ਅਰਦਾਸ ਨਾ ਕੀਤੀ ਜਾਵੇ ਅਤੇ ਸਿੱਖ ਸੰਸਥਾਵਾਂ ਉਸ ਨੂੰ ਬਤੌਰ ਮੈਂਬਰ ਤੁਰੰਤ ਬਰਖਾਸਤ ਕਰਨ। ਉਨ੍ਹਾਂ ਦੱਸਿਆ ਕਿ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਬਜਰ ਕੁਰਹਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਭਵਿੱਖ ਵਿਚ ਕਿਸੇ ਧਾਰਮਿਕ ਸੰਸਥਾ ਦੀ ਨੁਮਾਇੰਦਗੀ ਨਾ ਦਿੱਤੀ ਜਾਵੇ ਅਤੇ ਅਹੁਦੇਦਾਰ ਬਣਾਉਣ ਤੋਂ ਪਹਿਲਾਂ ਉਸ ਦੇ ਕਿਰਦਾਰ ਨੂੰ ਧਿਆਨ ਵਿੱਚ ਰੱਖਿਆ ਜਾਵੇ।
ਇਸ ਦੌਰਾਨ ਗੁਰਦਾਸਪੁਰ ਦੇ ਗੁਰਦੁਆਰਾ ਛੋਟਾ ਘੱਲੂਘਾਰਾ ਦੇ ਮਾਮਲੇ ਵਿਚ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਜੋਹਰ ਸਿੰਘ ਨੂੰ ਆਦੇਸ਼ ਦਿੱਤਾ ਕਿ ਉਹ 13 ਅਕਤੂਬਰ ਨੂੰ ਅਕਾਲ ਤਖਤ ‘ਤੇ ਪੇਸ਼ ਹੋ ਕੇ ਆਪਣਾ ਪੱਖ ਸਪਸ਼ਟ ਕਰਨ। ਨਹੀਂ ਤਾਂ ਉਸ ਨੂੰ ਬਾਗ਼ੀ ਸਮਝਦੇ ਹੋਏ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਸ ਨੂੰ ਦੋ ਵਾਰ ਪੇਸ਼ ਹੋਣ ਲਈ ਸਮਾਂ ਦਿੱਤਾ ਜਾ ਚੁੱਕਾ ਹੈ। ਇਕ ਸਵਾਲ ਦੇ ਜਵਾਬ ਵਿੱਚ ਗੁਰਦੁਆਰਾ ਕਮੇਟੀ ਦੇ ਆਗੂ ਬੂਟਾ ਸਿੰਘ ਸਬੰਧੀ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ 13 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਸੱਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ। ਇਸ ਮਾਮਲੇ ਸਬੰਧੀ ਜਾਂਚ ਕਮੇਟੀ ਦੀ ਰਿਪੋਰਟ ਪੁੱਜ ਚੁੱਕੀ ਹੈ। ਯਾਦ ਰਹੇ ਕਿ ਬੂਟਾ ਸਿੰਘ ਖਿਲਾਫ਼ ਵੀ ਸੁੱਚਾ ਸਿੰਘ ਲੰਗਾਹ ਵਾਂਗ ਬਜਰ ਕੁਰਹਿਤ ਦਾ ਦੋਸ਼ ਹੈ।

ਲੰਗਾਹ ਮੈਡੀਕਲ ਕਾਲਜ ਟਰੱਸਟ ਦੇ ਮੈਂਬਰ ਵਜੋਂ ਵੀ ਫਾਰਗ :
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਨੇ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਟਰੱਸਟ ਵਿੱਚੋਂ ਬਤੌਰ ਮੈਂਬਰ ਬਰਖਾਸਤ ਕਰ ਦਿੱਤਾ ਹੈ। ਲੰਗਾਹ ਨੂੰ ਹਾਲ ਹੀ ਵਿੱਚ ਟਰੱਸਟ ਦੇ ਨਵੇਂ ਮੈਂਬਰਾਂ ਵਜੋਂ ਨਾਮਜ਼ਦ ਕੀਤਾ ਗਿਆ ਸੀ। ਟਰਸੱਟ ਦੇ ਪ੍ਰਬੰਧ ਹੇਠ ਮੈਡੀਕਲ ਯੂਨੀਵਰਸਿਟੀ, ਡੈਂਟਲ ਕਾਲਜ ਅਤੇ ਚੈਰੀਟੇਬਲ ਹਸਪਤਾਲ ਚਲ ਰਹੇ ਹਨ।

ਬੀਬੀ ਭੱਠਲ ਤੇ ਅਰਜਨ ਬਾਦਲ ਨੂੰ ਪੇਸ਼ ਹੋਣ ਦਾ ਆਖਰੀ ਮੌਕਾ :
ਅੰਮ੍ਰਿਤਸਰ : ਡੇਰਾ ਸਿਰਸਾ ਜਾ ਕੇ ਵੋਟਾਂ ਮੰਗਣ ਦੇ ਦੋਸ਼ ਹੇਠ ਅਕਾਲ ਤਖ਼ਤ ਤੋਂ ਦੋਸ਼ੀ ਕਰਾਰ ਦਿੱਤੀ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅਤੇ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬੇਟੇ ਅਰਜਨ ਸਿੰਘ ਬਾਦਲ ਨੂੰ ਤਖਤ ਤੋਂ ਪੰਜ ਜਥੇਦਾਰਾਂ ਨੇ ਪੇਸ਼ ਹੋਣ ਦਾ ਆਖਰੀ ਮੌਕਾ ਦਿੰਦਿਆਂ ਹਦਾਇਤ ਕੀਤੀ ਹੈ ਕਿ ਜੇਕਰ ਉਹ ਹੁਣ ਵੀ ਪੇਸ਼ ਨਾ ਹੋਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਦੋਵਾਂ ਆਗੂਆਂ ਲਈ ਇਹ ਆਖਰੀ ਮੌਕਾ ਹੋਵੇਗਾ। ਯਾਦ ਰਹੇ ਕਿ ਲੰਘੀ 17 ਅਪਰੈਲ ਨੂੰ ਅਕਾਲ ਤਖ਼ਤ ਤੋਂ 43 ਸਿੱਖ ਆਗੂਆਂ ਨੂੰ ਡੇਰਾ ਸਿਰਸਾ ਜਾ ਕੇ ਤਖ਼ਤ ਵੱਲੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।

ਮੁਤਵਾਜ਼ੀ ਜਥੇਦਾਰਾਂ ਨੇ ਲੰਗਾਹ ਤੇ ਬੂਟਾ ਸਿੰਘ ਨੂੰ ਪੰਥ ਵਿੱਚੋਂ ਛੇਕਿਆ
ਅੰਮ੍ਰਿਤਸਰ/ਬਿਊਰੋ ਨਿਊਜ਼ :
ਮੁਤਵਾਜ਼ੀ ਜਥੇਦਾਰਾਂ ਨੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਗੁਰਦੁਆਰਾ ਛੋਟਾ ਘੱਲੂਘਾਰਾ, ਕਾਹਨੂੰਵਾਨ ਦੇ ਸਕੱਤਰ ਬੂਟਾ ਸਿੰਘ ਨੂੰ ਗੈਰ ਔਰਤਾਂ ਨਾਲ ਕੁਕਰਮ ਕਰਨ ਦੀ ਬਜਰ ਕੁਰਹਿਤ ਦੇ ਦੋਸ਼ ਹੇਠ ਪੰਥ ਵਿੱਚੋਂ ਖਾਰਜ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਹੈ। ਇਹ ਹੁਕਮਨਾਮਾ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਮੁਤਵਾਜ਼ੀ ਜਥੇਦਾਰਾਂ ਵਿੱਚ ਸ਼ਾਮਲ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਮੇਜਰ ਸਿੰਘ ਤੇ ਭਾਈ ਸੂਬਾ ਸਿੰਘ ਨੇ ਮੀਡੀਆ ਨੂੰ ਜਾਰੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਵਿਖੇ ਮੱਥਾ ਟੇਕਿਆ।
ਭਾਈ ਮੰਡ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਰਾਜਸੀ ਤਾਕਤ ਦੀ ਦੁਰਵਰਤੋਂ ਕਰਦਿਆਂ ਸਿੱਖ ਰਹਿਤ ਮਰਿਆਦਾ ਦੇ ਉਲਟ ਜਾ ਕੇ ਇੱਕ ਮਜਬੂਰ ਔਰਤ ਨਾਲ ਕੁਕਰਮ ਕਰਨ ਦੇ ਦੋਸ਼ ਹੇਠ ਸਿੱਖੀ ਵਿੱਚੋਂ ਖਾਰਜ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਕਿ ਸੁੱਚਾ ਸਿੰਘ ਲੰਗਾਹ ਨਾਲ ਕਿਸੇ ਵੀ ਤਰ੍ਹਾਂ ਦਾ ਸਿੱਖੀ ਸਬੰਧ ਨਾ ਰੱਖਣ ਕਿਉਂਕਿ ਉਸ ਨੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਤਹਿਤ ਬਜਰ ਕੁਰਹਿਤ ਕੀਤੀ ਹੈ।
ਇੱਕ ਹੋਰ ਆਦੇਸ਼ ਜਾਰੀ ਕਰਦਿਆਂ ਕਾਹਨੂੰਵਾਨ ਦੇ ਗੁਰਦੁਆਰਾ ਘੱਲੂਘਾਰਾ ਸਾਹਿਬ ਦੇ ਪ੍ਰਬੰਧਕੀ ਟਰਸੱਟ ਦੇ ਸਕੱਤਰ ਬੂਟਾ ਸਿੰਘ ਨੂੰ ਇੱਕ ਗੈਰ ਔਰਤ ਨਾਲ ਕੁਕਰਮ (ਬਜਰ ਕੁਰਹਿਤ) ਕਰਨ ਦੇ ਦੋਸ਼ ਹੇਠ ਪੰਥ ਵਿੱਚੋਂ ਛੇਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਵਿਅਕਤੀ ਨੂੰ ਮੌਕੇ ‘ਤੇ ਸਿੱਖ ਸੰਗਤ ਵੱਲੋਂ ਕਾਬੂ ਕੀਤਾ ਗਿਆ ਸੀ ਅਤੇ ਇਸ ਸਬੰਧੀ ਬਣਾਈ ਗਈ ਜਾਂਚ ਕਮੇਟੀ ਵੱਲੋਂ ਵੀ ਇਸ ਨੂੰ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਸਿੱਖ ਸੰਗਤ ਨੂੰ ਆਖਿਆ ਕਿ ਇਸ ਵਿਅਕਤੀ ਨਾਲ ਕਿਸੇ ਕਿਸਮ ਦਾ ਵੀ ਸਬੰਧ ਨਾ ਰੱਖਿਆ ਜਾਵੇ। ਟਰਸੱਟ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਵਿਖੇ 12 ਅਕਤੂਬਰ ਨੂੰ ਤਲਬ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਨੇ ਇਸ ਵਿਅਕਤੀ ਨੂੰ ਗੁਰਦੁਆਰਾ ਪ੍ਰਬੰਧਾਂ ਵਿੱਚ ਮਰਿਆਦਾ ਦੀ ਉਲੰਘਣਾ ਲਈ ਦੋਸ਼ੀ ਪਾਇਆ ਹੈ।
ਭਾਈ ਮੰਡ ਨੇ ਖੁਲਾਸਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ 14 ਅਕਤੂਬਰ ਨੂੰ ਕੋਟਕਪੂਰਾ ਵਿਖੇ ਕਾਂਗਰਸ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਗੋਲੀ ਕਾਂਡ ਦਾ ਇਨਸਾਫ ਦਿਵਾਉਣ ਲਈ ਜਨਤਕ ਵਾਅਦਾ ਕੀਤਾ ਸੀ ਪਰ ਹੁਣ ਤੱਕ ਇਹ ਵਾਅਦਾ ਪੂਰਾ ਨਹੀਂ ਹੋਇਆ।