ਹੈਲੀਕਾਪਟਰਾ ਘੁਟਾਲਾ : 450 ਕਰੋੜ ਦੇ ਰਿਸ਼ਵਤ ਮਾਮਲੇ ਵਿਚ ਸਾਬਕਾ ਹਵਾਈ ਫ਼ੌਜ ਮੁਖੀ ਤਿਆਗੀ ਗ੍ਰਿਫ਼ਤਾਰ

0
484

sp-tyagi-halicoptor
ਫ਼ੌਜ ਮੁਖੀ ਰਹੇ ਵਿਅਕਤੀ ‘ਤੇ ਇਤਿਹਾਸ ਵਿਚ ਪਹਿਲੀ ਅਜਿਹੀ ਕਾਰਵਾਈ
ਤਿਆਗੀ ਦੇ ਨਾਲ ਚਚੇਰਾ ਭਰਾ ਤੇ ਚੰਡੀਗੜ੍ਹ ਦਾ ਇਕ ਵਕੀਲ ਵੀ ਗ੍ਰਿਫ਼ਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼ :
ਯੂਪੀਏ-2 ਸਰਕਾਰ ਵੇਲੇ ਬਰਤਾਨੀਆ ਆਧਾਰਤ ਕੰਪਨੀ ਅਗਸਤਾਵੈਸਟਲੈਂਡ ਤੋਂ 12 ਵੀਵੀਆਈਪੀ ਹੈਲੀਕੌਪਟਰਾਂ ਦੀ ਖ਼ਰੀਦ ਸਬੰਧੀ 450 ਕਰੋੜ ਰੁਪਏ ਰਿਸ਼ਵਤ ਲੈਣ ਦੇ ਕੇਸ ਵਿੱਚ ਸੀਬੀਆਈ ਨੇ ਹਵਾਈ ਫ਼ੌਜ ਦੇ ਸਾਬਕਾ ਮੁਖੀ ਐਸ.ਪੀ.ਤਿਆਗੀ, ਉਨ੍ਹਾਂ ਦੇ ਰਿਸ਼ਤੇਦਾਰ ਸੰਜੀਵ ਅਤੇ ਇੱਕ ਵਕੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
71 ਸਾਲਾ ਤਿਆਗੀ ਜੋ ਕਿ ਸਾਲ 2007 ਵਿੱਚ ਸੇਵਾਮੁਕਤ ਹੋਏ ਸਨ, ਨੂੰ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਚੰਡੀਗੜ੍ਹ ਆਧਾਰਤ ਵਕੀਲ ਗੌਤਮ ਖੇਤਾਨ ਸਮੇਤ ਪੁੱਛ-ਪੜਤਾਲ ਲਈ ਸੀਬੀਆਈ ਹੈੱਡਕੁਆਰਟਰਜ਼ ਵਿਖੇ ਸੱਦਿਆ ਗਿਆ ਸੀ। ਸੀਬੀਆਈ ਸੂਤਰਾਂ ਮੁਤਾਬਕ ਚਾਰ ਘੰਟੇ ਪੁੱਛ-ਪੜਤਾਲ ਕਰਨ ਤੋਂ ਬਾਅਦ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਘੁਟਾਲੇ ਸਬੰਧੀ ਜਾਣਕਾਰੀ ਸਾਹਮਣੇ ਆਉਣ ‘ਤੇ ਸਾਲ 2013 ਵਿੱਚ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਵਿੱਚ ਸੀਬੀਆਈ ਵੱਲੋਂ ਕੀਤੀਆਂ ਗਈਆਂ ਇਹ ਪਹਿਲੀਆਂ ਗ੍ਰਿਫ਼ਤਾਰੀਆਂ ਹਨ।
ਸੀਬੀਆਈ ਦੇ ਬੁਲਾਰੇ ਦੇਵਪ੍ਰੀਤ ਸਿੰਘ ਨੇ ਕਿਹਾ ਕਿ ਹਵਾਈ ਫ਼ੌਜ ਦੇ ਮੁਖੀ ਅਤੇ ਹੋਰ ਮੁਲਜ਼ਮ ਕਥਿਤ ਤੌਰ ‘ਤੇ ਖ਼ਰੀਦ ਸਬੰਧੀ ਵੀਵੀਆਈਪੀ ਹੈਲੀਕੌਪਟਰਾਂ ਦੀ ‘ਸਰਵਿਸ ਸੀਲਿੰਗ’ ਲੋੜ 6 ਹਜ਼ਾਰ ਮੀਟਰ ਤੋਂ ਘਟਾ ਕੇ 4500 ਮੀਟਰ ਕਰਨ ਨਾਲ ਜੁੜੇ ਹੋਏ ਸਨ। ਉਨ੍ਹਾਂ ਆਖਿਆ ਕਿ ਅਜਿਹੀਆਂ ਤਬਦੀਲੀਆਂ ਕਾਰਨ ਬਰਤਾਨੀਆ ਆਧਾਰਤ ਪ੍ਰਾਈਵੇਟ ਕੰਪਨੀ ਅਗਸਤਾਵੈੱਸਲੈਂਡ ਨੂੰ ਵੀਵੀਆਈਪੀ ਹੈਲੀਕੌਪਟਰਾਂ ਸਬੰਧੀ ਪ੍ਰਸਤਾਵ ਲਈ ਅਰਜ਼ੀ ਦੇਣ ਦਾ ਮੌਕਾ ਮਿਲ ਗਿਆ। ਬੁਲਾਰੇ ਮੁਤਾਬਕ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਮੰਗਿਆ ਜਾਵੇਗਾ। ਪਿਛਲੇ ਤਿੰਨ ਸਾਲ ਦੌਰਾਨ ਤਿਆਗੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵੱਲੋਂ ਰਿਸ਼ਵਤ ਸਬੰਧੀ ਦੋਸ਼ ਨਕਾਰੇ ਜਾਂਦੇ ਰਹੇ ਹਨ।
ਉਡਾਣ ਦੀ ਉਚਾਈ 6 ਹਜ਼ਾਰ ਤੋਂ ਘਟਾ ਕੇ ਸਾਢੇ 4 ਹਜ਼ਾਰ ਕਰਵਾਈ :
ਤਿਆਗੀ ਦਾ ਇਕ ਫ਼ੈਸਲਾ ਸ਼ੱਕ ਦਾ ਕਾਰਨ ਬਣਿਆ। ਖ਼ਰੀਦੇ ਜਾਣ ਵਾਲੇ 12 ਵਿਚੋਂ 6 ਹੈਲੀਕਾਪਟਰ ਜ਼ਿਆਦਾ ਉੱਚੇ ਨਹੀਂ ਉਡ ਸਕਦੇ ਸਨ। ਦੋਸ਼ ਹੈ ਕਿ ਸੌਦਾ ਪੂਰਾ ਕਰਨ ਲਈ ਤਿਆਗੀ ਨੇ ਸਾਲ 2005 ਵਿਚ ਖ਼ਰੀਦ ਦੀਆਂ ਸ਼ਰਤਾਂ ਵਿਚ ਬਦਲਾਅ ਕੀਤਾ। ਵੱਧ ਤੋਂ ਵੱਧ ਉਡਾਣ ਦੀ ਉਚਾਈ 6000 ਤੋਂ ਘਟਾ ਕੇ 4500 ਮੀਟਰ ਕਰਵਾ ਦਿੱਤੀ। ਇਸ ਨਾਲ ਅਗਸਤਾ ਵੈਸਟਲੈਂਡ ਵੀ ਦੌੜ ਵਿਚ ਸ਼ਾਮਲ ਹੋ ਗਈ। ਹਾਲਾਂਕਿ ਤਿਆਗੀ ਦਾ ਕਹਿਣਾ ਸੀ ਇਹ ਫ਼ੈਸਲਾ ਉਨ੍ਹਾਂ ਦਾ ਇਕੱਲੇ ਦਾ ਨਹੀਂ ਬਲਕਿ ਸਮੂਹਕ ਸੀ।

ਰਿਸ਼ਤੇਦਾਰਾਂ ਤੇ ਵਕੀਲਾਂ ਰਾਹੀਂ ਲਈ ਗਈ ਰਿਸ਼ਵਤ :
ਦੋਸ਼ ਹੈ ਕਿ ਤਿਆਗੀ ਨੇ ਰਿਸ਼ਤੇਦਾਰਾਂ ਤੇ ਵਕੀਲਾਂ ਰਾਹੀਂ ਰਿਸ਼ਵਤ ਲਈ। ਸੀ.ਬੀ.ਆਈ. ਅਨੁਸਾਰ ਵਕੀਲ ਖੇਤਾਨ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਯੂਰਪ ਦੇ ਵਿਚੋਲੀਏ ਗਿਊਡੀ ਹੈਸ਼ਕ ਤੇ ਕਾਰਲੀ ਗੇਰੋਸਾ ਤੋਂ ਪੈਸੇ ਲਈ। ਉਸ ਨੇ ਕਿਹਾ ਕਿ ਇਹ ਪੈਸੇ ਰਿਸ਼ਵਤ ਵਜੋਂ ਨਹੀਂ ਸਨ ਲਏ।

ਇਟਲੀ ਤੋਂ ਹਵਾਲਾ ਰਾਹੀਂ ਚੰਡੀਗੜ੍ਹ, ਮੁਹਾਲੀ ਦੀਆਂ ਆਈ.ਟੀ. ਕੰਪਨੀਆਂ ਵਿਚ ਪਹੁੰਚਿਆ ਸੀ ਪੈਸਾ…
ਹੈਲੀਕਾਪਟਰ ਡੀਲ ਵਿਚ ਚੰਡੀਗੜ੍ਹ ਦੀ ਐਰੋਮੈਟ੍ਰਿਕਸ ਇਨਫੋ ਸਾਲਿਊਸ਼ਨ ਅਤੇ ਮੁਹਾਲੀ ਦੀ ਆਈ.ਡੀ.ਐਸ. ਇੰਡੀਆ ਕੰਪਨੀ ਦੀ ਅਹਿਮ ਭੂਮਿਕਾ ਰਹੀ। ਰਿਸ਼ਵਤ ਦੀ ਰਕਮ ਹਵਾਲਾ ਰਾਹੀਂ ਇਨ੍ਹਾਂ ਦੋ ਕੰਪਨੀਆਂ ਵਿਚ ਦੇਸ਼ ਵਿਚ ਪੁੱਜੀ। ਫਿਰ ਇਥੋਂ ਇਸ ਨੂੰ ਰੱਖਿਆ ਮੰਤਰਾਲੇ ਅਤੇ ਹੋਰਨਾਂ ਦਲਾਲਾਂ ਨੂੰ ਪਹੁੰਚਾਇਆ ਗਿਆ। ਆਈ.ਟੀ. ਪਾਰਕ ਸਥਿਤ ਐਰੋਮੈਟ੍ਰਿਕਸ ਇਨਫੋ ਸਲਿਊਸ਼ਨ ਵਿਚ ਇਟਲੀ ਦੇ ਗਾਇਦੋ ਹਾਸ਼ਕੇ ਭਾਈਵਾਲ ਸਨ।
ਕੰਪਨੀ ਇਟਲੀ ਤੋਂ ਹੀ ਅਪਰੇਟ ਹੁੰਦੀ ਸੀ। ਹਾਸ਼ਕੇ ਇਸ ਡੀਲ ਵਿਚ ਮੁੱਖ ਮੁਲਜ਼ਮ ਹੈ। ਉਥੇ ਆਈ.ਡੀ.ਐਸ. ਇਨਫੋਟੈਕ ਦੀ ਬਰਾਂਚ ਆਈ.ਡੀ.ਐਸ. ਇੰਡੀਆ ਦੇ ਮੁਹਾਲੀ ਤੇ ਚੰਡੀਗੜ੍ਹ ਦਫ਼ਤਰ ਵਿਚ ਰਿਸ਼ਵਤ ਦੀ ਕਰੀਬ 140 ਕਰੋੜ ਰਕਮ ਪਹੁੰਚੀ। ਇਟਲੀ ਦੀ ਕੰਪਨੀ ਨੇ ਅਦਾਲਤ ਵਿਚ ਦਿੱਤੇ ਦਸਤਾਵੇਜ਼ਾਂ ਵਿਚ ਇਹ ਗੱਲ ਕਹੀ ਹੈ। ਐਰੋਮੈਟ੍ਰਿਕਸ ਇਨਫੋ ਸਲਿਊਸ਼ਨ 2009 ਵਿਚ ਆਈ.ਡੀ.ਐਸ. ਇਨਫੋਟੈਕ ਤੋਂ ਵੱਖ ਹੋ ਕੇ ਬਣੀ। ਐਰੋਮੈਟ੍ਰਿਕਸ ਦੇ ਸੀ.ਈ.ਓ. ਪ੍ਰਵੀਣ ਬਖ਼ਸ਼ੀ ਪਹਿਲਾਂ ਆਈ.ਡੀ.ਐਸ. ਇਨਫੋਟੈਕ ਵਿਚ ਸਨ। ਐਰੋਮੈਟ੍ਰਿਕਸ ਇਨਫੋਟੈਕ ਵਿਚ ਕੰਮ ਕਰਦੇ ਰਹੇ ਹਨ। ਮੁਲਜ਼ਮ ਹਾਸ਼ਕੇ ਐਰੋਮੈਟ੍ਰਿਕਸ ਇਨਫੋ ਸਲਿਊਸ਼ਨ ਦੇ ਵੀ ਡਾਇਰੈਕਟਰ ਰਹੇ ਹਨ।

ਇਟਲੀ ਵਿਚ ਹੋਈ ਸੀ ਕਾਰਵਾਈ ਜਨਤਕ :
ਘੁਟਾਲੇ ਦੀ ਜਾਣਕਾਰੀ ਇਟਲੀ ਵਿਚ ਜਨਤਕ ਹੋਈ। ਉਥੇ ਸਰਕਾਰੀ ਵਕੀਲਾਂ ਨੇ ਅਗਸਤਾ ਦੀ ਮੁੱਖ ਕੰਪਨੀ ਫਿਨਮੇਕਕੈਨਿਕਾ ਦੇ ਮੁਖੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਇਸ ਸਾਲ ਸੱਤ ਅਪ੍ਰੈਲ ਨੂੰ ਇਟਲੀ ਦੀ ਅਦਾਲਤ ਨੇ ਇਸ ਸੌਦੇ ਵਿਚ ਰਿਸ਼ਵਤ ਦੇਣ ਦੇ ਦੋਸ਼ ਵਿਚ ਫਿਨਮੇਕਕੈਨਿਕਾ ਦੇ ਦੋ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਸੀ। ਘੁਟਾਲੇ ਸਾਹਮਣੇ ਆਉਣ ‘ਤੇ ਕੇਂਦਰ ਸਰਕਾਰ ਨੇ 2014 ਵਿਚ ਸੌਦਾ ਰੱਦ ਕਰ ਦਿੱਤਾ ਸੀ। ਜਾਂਚ ਵਿਚ ਕਰਾਰ ਲਈ ਕਰੀਬ 450 ਕਰੋੜ ਦੀ ਰਿਸ਼ਵਤ ਦਾ ਖ਼ੁਲਾਸਾ ਹੋਇਆ ਸੀ।