ਹਿੰਦੂ ਰਾਸ਼ਟਰਵਾਦ, ਭਗਵਾਂ ਸਿੱਖਿਆ ਏਜੰਡਾ ਤੇ ਖਾਲਸਾ ਪੰਥ

0
357

sikh-rss
ਪ੍ਰੋ. ਬਲਵਿੰਦਰਪਾਲ ਸਿੰਘ
(ਮੋਬਾਇਲ: 9815700916)

25 ਸਤੰਬਰ, 1925 ਨੂੰ ਤਕਰੀਬਨ 93 ਸਾਲ ਪਹਿਲਾਂ ਨਾਗਪੁਰ ਵਿਖੇ ਹੋਂਦ ਵਿੱਚ ਆਈ ਹਿੰਦੂ ਰਾਸ਼ਟਰਵਾਦੀ ਸੰਸਥਾ ‘ਆਰ. ਐਸ. ਐਸ.’ ਦੇ ਪਹਿਲੇ ਬਾਨੀ ਮੁੱਖੀ ਕੇਸ਼ਵ ਬਲੀਰਾਮ ਹੈਡਗੇਵਰ ਨੇ ਇਸ ਸੰਸਥਾ ਨੂੰ ਬਣਾਉਣ ਵੇਲੇ ਭਾਰਤ ਨੂੰ ‘ਹਿੰਦੂ ਰਾਸ਼ਟਰ’ ਉਸਾਰਨ ਦਾ ਸੁਪਨਾ ਦੇਖਿਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਸੰਸਥਾ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਦੇ ਲਈ ਬੜੀ ਸਰਗਰਮੀ ਨਾਲ ਜੁਟੀ ਹੋਈ ਹੈ। ਆਰ ਐਸ ਐਸ ਦੇ ਕੋਲ 60 ਲੱਖ ਤੋਂ ਵੱਧ ਰਜਿਸਟਰਡ ਵਲੰਟੀਅਰ ਮੈਂਬਰ ਹਨ, ਜੋ ਕਿ 50 ਹਜ਼ਾਰ ਤੋਂ ਵੱਧ ਸ਼ਾਖਾਵਾਂ ਵਿਚ ਸਰਗਰਮ ਹਨ। ਇਨ੍ਹਾਂ ਕੋਲ ਇਸ ਤੋਂ ਇਲਾਵਾ ਹਜ਼ਾਰਾਂ ਹੀ ਨਾਨ ਰਜਿਸਟਰਡ ਮੈਂਬਰ ਹਨ। ਆਰ ਐਸ ਐਸ ਦੀਆਂ ਸੈਂਕੜੇ ਹੋਰ ਸੰਸਥਾਵਾਂ ਸਰਗਰਮ ਹਨ, ਜਿਨ੍ਹਾਂ ਵਿਚ ‘ਭਾਰਤੀ ਜਨਤਾ ਪਾਰਟੀ’, ਇਸ ਦਾ ਮੁੱਖ ਰਾਜਨੀਤਕ ਵਿੰਗ ਹੈ, ਜੋ ਕਿ ਮੋਦੀ ਦੀ ਅਗਵਾਈ ਵਿਚ ਸਰਕਾਰ ਚਲਾ ਰਹੀ ਹੈ ਤੇ ਇਸ ਤੋਂ ਇਲਾਵਾ ‘ਵਿਸ਼ਵ ਹਿੰਦੂ ਪ੍ਰੀਸ਼ਦ’ ਜਿਸ ਨੇ ਬਾਬਰੀ ਮਸਜਿਦ ਢਾਹੁਣ ਵਿਚ ਅਹਿਮ ਭੂਮਿਕਾ ਨਿਭਾਈ ਸੀ, ‘ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ’ (ਜੋ ਕਿ ਮੋਦੀ ਸਰਕਾਰ ਬਣਨ ਵੇਲੇ ਤੋਂ ਬੜੇ ਯੋਜਨਾਬੱਧ ਢੰਗ ਨਾਲ ਕਾਲਜਾਂ, ਯੂਨੀਵਰਸਿਟੀਆਂ ਵਿਚ ਧਰਮ ਨਿਰਪੱਖ, ਮਾਰਕਸੀ, ਦਲਿਤ, ਮੁਸਲਿਮ ਤੇ ਹੋਰ ਘੱਟ ਗਿਣਤੀ ਪ੍ਰੋਫੈਸਰਾਂ, ਵਿਦਿਆਰਥੀ ਲੀਡਰਾਂ, ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁੰਨਾਂ, ਲੇਖਕਾਂ ਆਦਿ ਨੂੰ ਹਿੰਸਕ ਨਿਸ਼ਾਨਾ ਬਣਾ ਰਹੀ ਹੈ), ‘ਬਜਰੰਗ ਦਲ’ (ਜੋ ਕਿ ਯੋਜਨਾਬੱਧ ਢੰਗ ਨਾਲ ਮੁਸਲਮਾਨਾਂ, ਦਲਿਤਾਂ, ਆਦਿ ਵਾਸੀਆਂ ਤੇ ਘੱਟ ਗਿਣਤੀਆਂ ਤੇ ਖ਼ੂਨੀ ਹਮਲੇ ਕਰ ਰਿਹਾ ਹੈ, ‘ਰਾਸ਼ਟਰੀ ਸਿੱਖ ਸੰਗਤ’ ਤੇ ‘ਮੁਸਲਿਮ ਰਾਸ਼ਟਰੀਆ ਮੰਚ’ (ਸਿੱਖਾਂ ਤੇ ਮੁਸਲਮਾਨਾਂ ਦਾ ਸਾਜ਼ਿਸ਼ੀ ਢੰਗ ਨਾਲ ਭਗਵਾਂਕਰਨ ਕਰਨ ਵਿੱਚ ਲੱਗੀਆਂ ਹੋਈਆਂ ਹਨ), ‘ਅਖਿਲ ਭਾਰਤੀ ਕਿਸਾਨ ਸੰਘ’, ‘ਅਖਿਲ ਭਾਰਤੀ ਮਜਦੂਰ ਸੰਘ’, ‘ਭਾਰਤੀ ਵਿਚਾਰ ਕੇਂਦਰ’ (ਜੋ ਕਿ ਆਰ. ਐਸ. ਐਸ. ਨਾਲ ਸਬੰਧਿਤ ਬੁਧੀਜੀਵੀਆਂ ਦਾ ਥਿੰਕ ਟੈਂਕ ਹੈ) ਆਦਿ ਸ਼ਾਮਲ ਹਨ। ਮੋਦੀ ਸਰਕਾਰ ਬਣਨ ਤੋਂ ਬਾਅਦ ਆਰ. ਐਸ. ਐਸ. ਨੇ ਆਪਣੇ ਭਗਵੇਂ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ।
ਮੋਦੀ ਸਰਕਾਰ ਵਲੋਂ ਆਪਣੇ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਤਿੰਨੇ ਫੌਜਾਂ ਦੇ ਮੁੱਖੀ, ਸੁਪਰੀਮ ਕੋਰਟ ਦੇ ਜੱਜ ਤੇ ਹੋਰ ਉੱਚ ਅਹੁਦਿਆਂ ‘ਤੇ ਪਹਿਲਾਂ ਹੀ ਤਿਆਰ ਕੀਤੇ ਹੋਏ ਆਈ. ਏ. ਐਸ. , ਆਈ. ਪੀ. ਐਸ. , ਪੀ. ਸੀ. ਐਸ., ਆਈ. ਐਫ. ਐਸ. , ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਤੇ ਹੋਰ ਅਧਿਕਾਰੀ ‘ਆਪਣੇ ਬੰਦੇ’ ਲਗਾਏ ਜਾ ਰਹੇ ਹਨ।

ਭਗਵਾਂ ਸਿੱਖਿਆ ਏਜੰਡਾ
ਆਰ ਐਸ ਐਸ ਹੁਣ ਭਗਵੇਂ ਸਿੱਖਿਆ ਏਜੰਡੇ ਲਈ ਲਗਾਤਾਰ ਸਰਗਰਮ ਹੈ ਤੇ ਉਹ ਪੂਰੇ ਭਾਰਤ ਦਾ ਇਤਿਹਾਸ ਬਦਲ ਰਹੀ ਹੈ ਤਾਂ ਜੋ ਇਤਿਹਾਸ ਦਾ ਭਗਵਾਂਕਰਨ ਕਰਕੇ ਹਿੰਦੂ ਰਾਸ਼ਟਰਵਾਦ ਵਲ ਵਧਿਆ ਜਾਵੇ। ਇਸ ਸੰਬੰਧ ਵਿਚ ਸਿੱਖ ਇਤਿਹਾਸ ਦਾ ਭਗਵਾਂਕਰਨ ਤੇ ਗੁਰਬਾਣੀ ਦੀ ਬ੍ਰਾਹਮਣਵਾਦੀ ਵਿਆਖਿਆ ਤੇ ਅੰਬੇਡਕਰ ਦੀਆਂ ਬ੍ਰਾਹਮਣਵਾਦ ਵਿਰੋਧੀ ਨੀਤੀਆਂ ਦਾ ਭਗਵਾਂਕਰਨ ਕਰਕੇ ਹਿੰਦੂ ਰਾਸ਼ਟਰਵਾਦ ਦੇ ਹੱਕ ਵਿਚ ਭੁਗਤਾਇਆ ਜਾਵੇ ਤਾਂ ਜੋ ਸਿੱਖ ਤੇ ਮੂਲਨਿਵਾਸੀ ਹਿੰਦੂ ਧਰਮ ਦਾ ਇਕ ਹਿੱਸਾ ਬਣ ਸਕਣ। ਇਹ ਰਾਜ ਕਰਨ ਦਾ ਚਾਣਕੀਆ ਨੀਤੀ ਅਨੁਸਾਰ ਇਕ ਢੰਗ ਹੈ। ਆਰ ਐਸ ਐਸ ਲਗਾਤਾਰ ਸਿੱਖਿਆ ਦੇ ਖੇਤਰ ਵਿਚ ਕੰਮ ਕਰਦੀ ਆ ਰਹੀ ਹੈ। ਆਰ ਐਸ ਐਸ ਦੀ ਭਗਵੀਂਵਾਦੀ ਸਿੱਖਿਆ ਨੀਤੀ ਦਾ ਪ੍ਰਚਾਰ ਤੇ ਪਾਸਾਰ ਸਰਵਸਵਤੀ ਸਿੱਖਿਆ ਮੰਦਰ, ਏਕਲ ਸਕੂਲ ਤੇ ਵਿਦਿਆ ਭਾਰਤੀ ਸੰਸਥਾਵਾਂ ਕਰਦੀਆਂ ਆ ਰਹੀਆਂ ਹਨ। ਮੋਦੀ ਦੇ ਰਾਜ ਦੌਰਾਨ ਆਰ ਐਸ ਐਸ ਨੇ ਭਾਰਤ ਦੀਆਂ ਪ੍ਰਮੁਖ ਯੂਨੀਵਰਸਿਟੀਆਂ ਤੇ ਸੋਧ ਸੰਸਥਾਵਾਂ ਦੇ ਉੱਚੇ ਅਹੁਦਿਆਂ ‘ਤੇ ਭਗਵੇਂਵਾਦੀ ਏਜੰਡੇ ਨਾਲ ਸਹਿਮਤ ਵਿਦਵਾਨ ਬਿਰਾਜਮਾਨ ਹਨ।  ਭਾਜਪਾ ਦੀ ਅਗਵਾਈ ਵਾਲੀ ਪਿਛਲੀ ਐਨਡੀਏ ਸਰਕਾਰ ਜਿਸ ਦੀ ਅਗਵਾਈ ਅਟਲ ਬਿਹਾਰੀ ਵਾਜਪਾਈ ਕਰ ਰਹੇ ਸਨ, ਨੇ ਵੀ ਸਿੱਖਿਆ ਦੇ ਭਗਵਾਂਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਸਕੂਲੀ ਸਿਲੇਬਸਾਂ ਵਿਚ ਪਰਿਵਰਤਨ ਕੀਤੇ ਸਨ ਤੇ ਮਿੱਥਕ ਸਾਹਿਤ ਤੇ ਕਰਮਕਾਂਡ ਵਰਗੇ ਸਿਲੇਬਸ ਲਾਗੂ ਕੀਤੇ ਸਨ।
ਆਰਐੱਸਐੱਸ ਅਤੇ ਭਾਜਪਾ ਵਰਗੇ ਹਿੰਦੂਵਾਦੀ ਸੰਗਠਨਾਂ ਦੀ ਰਾਏ ਇਹ ਵੀ ਹੈ ਕਿ ਬ੍ਰਿਟਿਸ਼ ਸਾਮਰਾਜ ਦੇ ਦੌਰ ਵਿਚ ਲਿਖੀਆਂ ਗਈਆਂ ਦੇਸ ਦੇ ਇਤਿਹਾਸ ਦੀਆਂ ਕਿਤਾਬਾਂ ਵਿਚ ਹਿੰਦੂ ਸੰਸਕ੍ਰਿਤੀ ਤੇ ਸੱਭਿਅਤਾ ਤੇ ਉਸ ਦੀਆਂ ਕਾਮਯਾਬੀਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੀ ਵਿਚਾਰਧਾਰਾ ਇਹ ਹੈ ਕਿ ‘ਭਾਰਤ ਹਿੰਦੂਆਂ ਦਾ ਹੈ, ਹਿੰਦੂਆਂ ਲਈ ਹੈ’।
ਆਰਐੱਸਐੱਸ ਦੇ ਸੰਸਥਾਪਕਾਂ ਦਾ ਖਿਆਲ ਸੀ ਕਿ ਆਰੀਅਨ ਨਸਲ ਦੇ ਲੋਕ ਅਸਲ ਭਾਰਤੀ ਹਨ ਅਤੇ ਹਿੰਦੂਆਂ ਦੀਆਂ ਦੋ ਅਹਿਮ ਕਿਤਾਬਾਂ ‘ਮਹਾਂਭਾਰਤ’ ਅਤੇ ‘ਰਮਾਇਣ’ ਸਿਰਫ ਧਾਰਮਿਕ ਕਿਤਾਬਾਂ ਨਹੀਂ, ਸਗੋਂ ਇਤਿਹਾਸਕ ਹਕੀਕਤ ਹਨ। ਉਨ੍ਹਾਂ ਦਾ ਖ਼ਿਆਲ ਹੈ ਕਿ ਇਸਲਾਮ, ਈਸਾਈ ਮਤ ਅਤੇ ਖੱਬੇ ਪੱਖੀ ਆਦਿ ‘ਬਾਹਰੀ’ ਧਾਰਾਨਾਵਾਂ ਨੇ ਹਿੰਦੂ ਸੰਸਕ੍ਰਿਤੀ ਅਤੇ ਸਭਿਅਤਾ ਨੂੰ ਡੂੰਘਾ ਨੁਕਸਾਨ ਪਹੁੰਚਾਇਆ ਹੈ।
ਆਰਐੱਸਐੱਸ ਦੇ ਬੁਲਾਰੇ ਮਨਮੋਹਣ ਵੈਦਿਆ ਦਾ ਕਹਿਣਾ ਹੈ ਕਿ ਭਾਰਤ ਦੇ ਇਤਿਹਾਸ ਦਾ ਅਸਲੀ ਰੰਗ ਭਗਵਾ ਹੈ ਅਤੇ ਸਾਨੂੰ ਦੇਸ ਵਿਚ ਸਭਿਆਚਾਰਕ ਬਦਲਾਅ ਲਿਆਉਣ ਲਈ ਇਤਿਹਾਸ ਨੂੰ ਛੇਤੀ ਹੀ ਲਿਖਣਾ ਚਾਹੀਦਾ ਹੈ। ਮੋਦੀ ਸਰਕਾਰ ਨੇ ਕੁਝ ਸਮੇਂ ਪਹਿਲਾਂ ਇਤਿਹਾਸਕਾਰਾਂ, ਪੁਰਾਤਤਵ ਵਿਗਿਆਨੀਆਂ ਤੇ ਸੰਸਕ੍ਰਿਤੀ ਦੇ ਸਕਾਲਰਾਂ ਦੀ ਇੱਕ ਕਮੇਟੀ ਬਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਮੇਟੀ ਸਾਬਿਤ ਕਰੇਗੀ ਕਿ ਮੌਜੂਦਾ ਭਾਰਤ ਵਿਚ ਵਸਣ ਵਾਲੇ ਲੋਕ ਸਭ ਤੋਂ ਪਹਿਲਾਂ ਵਸਣ ਵਾਲੇ ਆਰੀਅਨ ਲੋਕਾਂ ਦੀਆਂ ਸੰਤਾਨਾਂ ਹੀ ਹਨ। ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹ ਕਮੇਟੀ ਪੁਰਾਤਤਵਿਕ, ਪ੍ਰਾਚੀਨ ਪਾਂਡੂਲਿਪੀਆਂ ਤੇ ਡੀਐੱਨਏ ਦੇ ਆਧਾਰ ‘ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰੇਗੀ ਕਿ ਮੌਜੂਦਾ ਹਿੰਦੂ ਹੀ ਦੇਸ ਵਿਚ ਹਜ਼ਾਰਾਂ ਸਾਲ ਪਹਿਲਾਂ ਆਬਾਦ ਹੋਣ ਵਾਲੇ ਲੋਕਾਂ ਦੀਆਂ ਨਸਲਾਂ ਹਨ। ਇਤਿਹਾਸਕਾਰਾਂ ਦੀ ਇਹ ਕਮੇਟੀ ਇਹ ਵੀ ਸਾਬਿਤ ਕਰੇਗੀ ਕਿ ਹਿੰਦੂਆਂ ਦੀਆਂ ਪ੍ਰਾਚੀਨ ਧਾਰਮਿਕ ਕਿਤਾਬਾਂ ਸਿਰਫ ਕਹਾਣੀਆਂ ਨਹੀਂ ਇਤਿਹਾਸਕ ਹਕੀਕਤ ਹਨ ਅਤੇ ਉਸ ਦੇ ਪਾਤਰ ਅਸਲੀ ਹਨ।
ਸੰਨ 2014 ਵਿਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਪ੍ਰਾਚੀਨ, ਮੱਧ ਕਾਲੀਨ ਤੇ ਆਧੁਨਿਕ ਭਾਰਤੀ ਇਤਿਹਾਸ ਨੂੰ ਦੇਖਣ ਦੇ ਆਰ ਐਸ ਐਸ ਦੇ ਤਰੀਕਿਆਂ ਨੂੰ ਵਿਦਿਆਰਥੀਆਂ ‘ਤੇ ਥੋਪਿਆ ਜਾ ਰਿਹਾ ਹੈ। ਆਰ ਐਸ ਐਸ ਦੇ ਨੇਤਾ ਕੇਂਦਰ ਸਰਕਾਰ ਤੋਂ ਲਗਾਤਾਰ ਇਹ ਮੰਗ ਕਰ ਰਹੇ ਹਨ ਕਿ ਸਿੱਖਿਆ ਪ੍ਰਬੰਧ ਵਿਚ ਪਰਿਵਰਤਨ ਕੀਤਾ ਜਾਵੇ। ਸਿਲੇਬਸਾਂ ਵਿਚ ਸਿੱਖਿਆ ਨੀਤੀਆਂ ਵਿਚ ਜੋ ਪਰਿਵਰਤਨ ਕੀਤੇ ਜਾ ਰਹੇ ਹਨ, ਉਨ੍ਹਾਂ ਦਾ ਉਦੇਸ਼ ਸਿੱਖਿਆ ਨੂੰ ਵਿÎਸ਼ਵੀਕਰਨ ਤੇ ਨਿੱਜੀਕਰਨ ਦੀਆਂ ਆਰਥਿਕ ਨੀਤੀਆਂ ਤੇ ਹਿੰਦੂਵਾਦੀ ਏਜੰਡੇ ਦੇ ਅਨੁਸਾਰ ਬਣਾਉਣਾ ਹੈ।
ਜਿਸ ਤਰ੍ਹਾਂ ਦੀ ਸਿੱਖਿਆ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ, ਉਸ ਦਾ ਅੰਤਿਮ ਨਿਸ਼ਾਨਾ ਆਉਣ ਵਾਲੀਆਂ ਪੀੜ੍ਹੀਆਂ ਦੇ ਸੋਚਣ ਦੇ ਤਰੀਕਿਆਂ ਵਿਚ ਤਬਦੀਲੀ ਲਿਆਉਣਾ ਹੈ। ਇਸ ਦਾ ਉਦੇਸ਼ ਬ੍ਰਾਹਮਣਵਾਦੀ ਸੋਚ ਨੂੰ ਸਮਾਜ ‘ਤੇ ਜ਼ਬਰੀ ਲਾਗੂ ਕਰਨਾ ਹੈ ਤੇ ਵਿਗਿਆਨਕ ਸਮਝ ਨੂੰ ਕਮਜ਼ੋਰ ਕਰਨਾ ਹੈ ਤੇ ਮੱਧ ਕਾਲੀਨ ਰੂੜੀਵਾਦੀ ਮਾਨਸਿਕਤਾ ਤੇ ਜਾਤੀਵਾਦੀ ਸਿਸਟਮ ਨੂੰ ਉਤਸ਼ਾਹਿਤ ਕਰਨਾ ਹੈ। ਹੁਣੇ ਜਿਹੇ ਇਕ ਮੀਟਿੰਗ ਵਿਚ ਆਰ ਐਸ ਐਸ ਦੇ ਨੇਤਾਵਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਤਿਹਾਸ ਤੇ ਹੋਰ ਵਿਸ਼ਿਆਂ ਦੀਆਂ ਪੁਸਤਕਾਂ ਆਪਣੇ ਢੰਗ ਨਾਲ ਲਿਖੀਆਂ ਹਨ। ਇਹ ਇਤਿਹਾਸ ਸੱਚਾ ਨਹੀਂ ਹੈ ਤੇ ਹਿੰਦੂ ਵਿਰੋਧੀ ਹੈ। ਹੁਣ ਸਮਾਂ ਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਅਸਲੀ ਇਤਿਹਾਸ ਪੜ੍ਹਾਇਆ ਜਾਵੇ ਤੇ ਸਿੱਖਿਆ ਵਿਵਸਥਾ ਨੂੰ ਸਹੀ ਦਿਸ਼ਾ ਵਿਚ ਲਿਆਂਦਾ ਜਾਵੇ। ਸਪੱਸ਼ਟ ਹੈ ਕਿ ਆਰ ਐਸ ਐਸ ਸੰਪੂਰਨ ਸਿੱਖਿਆ ਪ੍ਰਣਾਲੀ ਨੂੰ ਬਦਲਣ ਦੇ ਲਈ ਸਰਗਰਮ ਹੈ ਤੇ ਉਹ ਇਤਿਹਾਸ, ਸਾਮਾਜਿਕ ਤੇ ਵਿਗਿਆਨ ਤੇ ਹੋਰ ਵਿਸ਼ਿਆਂ ਦੀਆਂ ਪੁਸਤਕਾਂ ਨੂੰ ਭਗਵੀਂ ਨੀਤੀ ਤਹਿਤ ਪੂਰੀ ਤਰ੍ਹਾਂ ਬਦਲ ਦੇਣਾ ਚਾਹੁੰਦੀ ਹੈ। ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਹੀ ਭਗਵੀਆਂ ਸੰਸਥਾਵਾਂ ਨੇ ਵਿਦਵਾਨਾਂ ਤੇ ਇਤਿਹਾਸਕਾਰਾਂ ਦੇ ਖਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਸੀ।
ਸਿੱਖਿਆ ਬਚਾਅ ਅਭਿਆਨ ਸਮਿਤੀ ਤੇ ਆਰ ਐਸ ਐਸ ਨਾਲ ਜੁੜੇ ਸਿੱਖਿਆ ਸੰਸਕ੍ਰਿਤੀ ਉਤਥਾਨ ਨਿਆਸ ਦੇ ਦੀਨਾਨਾਥ ਬੱਤਰਾ ਨੇ ਦੁਨੀਆਂ ਦੇ ਸਭ ਤੋਂ ਵੱਡੇ ਪ੍ਰਕਾਸ਼ਕ ਪੈਂਗਵਿਨ ਨੂੰ ਇਸ ਗੱਲ ਦੇ ਲਈ ਮਜ਼ਬੂਰ ਕਰ ਦਿੱਤਾ ਕਿ ਉਹ ਵੇਂਡੀ ਡੋਨੀਗਰ ਦੀ ਵਿਦਵਤਾ ਪੂਰਨ ਪੁਸਤਕ ਦਾ ਹਿੰਦੂਜ਼ : ਐਨ ਅਲਟਰਨੇਟ ਹਿਸਟਰੀ ਨੂੰ ਪ੍ਰਕਾਸ਼ਿਤ ਨਾ ਕਰੇ। ਇਹ ਪੁਸਤਕ ਪੋਰਾਣਿਕ ਸ਼ਾਸ਼ਤਰਾਂ ਦੀ ਵਿਆਖਿਆ ਦੇ ਰਾਹੀਂ, ਜਾਤੀਗਤ ਤੇ ਲਿੰਗਕ ਅਸਲੀਅਤਾਂ ਨੂੰ ਸਮਝਣ ਦਾ ਸੰਵੇਦਨਸ਼ੀਲ ਯਤਨ ਹੈ। ਲੇਖਿਕਾ ਦੀ ਇਤਿਹਾਸ ਦੀ ਵਿਆਖਿਆ ਸੰਘ ਪਰਿਵਾਰ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ ਤੇ ਇਸ ਲਈ ਪੈਂਗਵਿਨ ‘ਤੇ ਦਬਾਅ ਪਾ ਕੇ ਇਸ ਪੁਸਤਕ ਦਾ ਪ੍ਰਕਾਸ਼ਨ ਰੁਕਵਾ ਦਿੱਤਾ ਗਿਆ। ਬੱਤਰਾ ਦੀਆਂ ਲਿਖੀਆਂ ਹੋਈਆਂ ਨੌ ਪੁਸਤਕਾਂ ਦਾ ਗੁਜਰਾਤੀ ਵਿਚ ਅਨੁਵਾਦ ਕਰਕੇ ਉਸ ਨੂੰ ਗੁਜਰਾਤ ਦੇ 42 ਹਜ਼ਾਰ ਸਕੂਲਾਂ ਵਿਚ ਲਾਗੂ ਕਰ ਦਿੱਤਾ ਗਿਆ। ਇਹ ਇਕ ਤਰ੍ਹਾਂ ਦੀ ਪਾਈਲਟ ਪ੍ਰਯੋਜਨਾ ਹੈ, ਜਿਸ ਦੇ ਬਾਅਦ ਹੋਰ ਵੱਡੇ ਪੈਮਾਨੇ ‘ਤੇ ਇਹੀ ਕੰਮ ਕੀਤਾ ਜਾਵੇਗਾ। ਤੁਹਾਨੂੰ ਯਾਦ ਕਰਵਾ ਦੇਈਏ ਕਿ 23 ਜੂਨ 2013 ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਵੇਕਈਆ ਨਾਇਡੂ ਨੇ ਕਿਹਾ ਸੀ ਕਿ ਜੇਕਰ ਭਾਜਪਾ ਸੱਤਾ ਵਿਚ ਵਾਪਸ ਆਈ ਤਾਂ ਉਹ ਸਿਲੇਬਸ ਬਦਲੇਗੀ। ਬੱਤਰਾ ਦੇਸ ਵਿਚ ਰਾਸ਼ਟਰਵਾਦੀ ਸਿੱਖਿਆ ਪ੍ਰਣਾਲੀ ਲਾਗੂ ਕਰਨਾ ਚਾਹੁੰਦੇ ਹਨ, ਜਿਸ ਦੇ ਰਾਹੀਂ ਇਕ ਅਜਿਹੀ ਨਵੀਂ ਪੀੜ੍ਹੀ ਉਭਰੇ ਜੋ ਹਿੰਦੂ ਰਾਸ਼ਟਰਵਾਦ ਦੇ ਪ੍ਰਤੀ ਪ੍ਰਤੀਬੱਧ ਹੋਵੇ।

ਇਤਿਹਾਸ ਦਾ ਭਗਵਾਂਕਰਨ
ਆਰ ਐਸ ਐਸ ਪੁਰਾਣਾਂ ਨੂੰ ਇਤਿਹਾਸ ਦਾ ਭਾਗ ਬਣਾਉਣਾ ਚਾਹੁੰਦੀ ਹੈ। ਆਰ ਐਸ ਐਸ ਹੁਣ ਆਪਣੀ ਸਿੱਖਿਆ ਪ੍ਰਣਾਲੀ ਰਾਹੀਂ ਇਹ ਝੂਠਾ ਦਾਅਵਾ ਕਰ ਰਹੀ ਹੈ ਕਿ ਆਰੀਅਨ ਭਾਰਤ ਦੇ ਮੂਲਨਿਵਾਸੀ ਸਨ। ਮੋਹਨਜੋਦੋੜੋ ਤੇ ਹੜੱਪਾ ਨੂੰ ਆਰੀਆ ਸੱਭਿਅਤਾ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ। ਰਾਮਾਇਣ ਤੇ ਮਹਾਂਭਾਰਤ ਦੀ ਇਤਿਹਾਸਕਤਾ ਨੂੰ ਸਾਬਤ ਕਰਨ ਦੇ ਯਤਨ ਹੋ ਰਹੇ ਹਨ। ਹਾਲਾਂਕਿ ਹੁਣ ਤੱਕ ਸਮਝਿਆ ਜਾਂਦਾ ਹੈ ਕਿ ਰਾਮਾਇਣ ਤੇ ਮਹਾਂਭਾਰਤ ਇਤਿਹਾਸ ਨਹੀਂ, ਮਿਥਿਹਾਸ ਹਨ। ਪਰ ਆਰ ਐਸ ਐਸ ਰਾਮਾਇਣ ਤੇ ਮਹਾਂਭਾਰਤ ਮਹਾਂਕਾਵਾਂ ਨੂੰ ਇਤਿਹਾਸ ਦਾ ਦਰਜ ਦਿਵਾਉਣ ਦੇ ਲਈ ਸਰਗਰਮ ਹੈ ਤੇ ਇਸੇ ਗੱਲ ਨੂੰ ਉਹ ਲਗਾਤਾਰ ਪ੍ਰਚਾਰ ਰਹੀ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਗ੍ਰੰਥਾਂ ਨੂੰ ਸਿਲੇਬਸ ਦਾ ਆਧਾਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਆਰ ਐਸ ਐਸ ਵੱਲੋਂ ਇਹ ਵੀ ਛੁਰਲੀ ਛੱਡੀ ਜਾ ਰਹੀ ਹੈ ਕਿ ਪ੍ਰਾਚੀਨ ਭਾਰਤ ਵਿਚ ਮਨੁੱਖੀ ਸਭਿਅਤਾ ਆਪਣੇ ਉੱਚਤਮ ਸਿਖਰ ‘ਤੇ ਸੀ ਤੇ ਇਸੇ ਕਾਲ ਵਿਚ ਸਟੇਮਸੈੱਲ ‘ਤੇ ਸੋਧ ਹੁੰਦੀ ਸੀ, ਪਲਾਸਟਿਕ ਸਰਜਰੀ ਕੀਤੀ ਜਾਂਦੀ ਸੀ ਤੇ ਹਵਾਈ ਜਹਾਜ਼ (ਪੁਸ਼ਪਕ ਵਿਮਾਨ) ਵੀ ਸਨ। ਇਨ੍ਹਾਂ ਝੂਠੇ ਦਾਅਵਿਆਂ ਨੂੰ ਆਰ ਐਸ ਐਸ ਆਰੀਅਨ ਇਤਿਹਾਸ ਦੀ ਪ੍ਰਾਪਤੀ ਦਸ ਰਹੀ ਹੈ।
ਕੁਝ ਸਾਲ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿਚ ਇਕ ਆਧੁਨਿਕ ਹਸਪਤਾਲ ਦਾ ਉਦਘਾਟਨ ਕਰਦੇ ਹੋਏ ਆਪਣੇ ਸਰੋਤਿਆਂ ਨੂੰ ਇਹ ਯਾਦ ਦਿਵਾਇਆ ਕਿ ਪ੍ਰਾਚੀਨ ਭਾਰਤ ਨੇ ਵਿਗਿਆਨ ਦੇ ਖੇਤਰ ਵਿਚ ਬਹੁਤ ਪ੍ਰਗਤੀ ਕੀਤੀ ਸੀ, ਉਸ ‘ਤੇ ਸਾਨੂੰ ਸਭ ਨੂੰ ਮਾਣ ਕਰਨਾ ਚਾਹੀਦਾ ਹੈ। ਅਸੀਂ ਸਭ ਨੇ ਮਹਾਂਭਾਰਤ ਵਿਚ ਕਰਨ ਦੇ ਬਾਰੇ ਪੜ੍ਹਿਆ ਸੀ। ਮਹਾਂਭਾਰਤ ਵਿਚ ਇਹ ਵੀ ਕਿਹਾ ਕਿ ਕਰਨ ਆਪਣੀ ਮਾਂ ਦੇ ਗਰਭ ਵਿਚ ਪੈਦਾ ਨਹੀਂ ਹੋਇਆ ਸੀ। ਇਸ ਦਾ ਅਰਥ ਇਹ ਹੈ ਕਿ ਉਸ ਸਮੇਂ ਜਿਨਸੀ ਵਿਗਿਆਨ ਵੀ ਹੋਵੇਗਾ। ਤਦ ਕਰਨ ਆਪਣੀ ਮਾਂ ਦੇ ਗਰਭ ਤੋਂ ਬਾਹਰ ਪੈਦਾ ਹੋ ਸਕਿਆ। ਅਸੀਂ ਸਾਰੇ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਾਂ, ਉਸ ਸਮੇਂ ਸ਼ਾਇਦ ਕੋਈ ਪਲਾਸਟਿਕ ਸਰਜਨ ਹੋਵੇਗਾ, ਜਿਸ ਨੇ ਹਾਥੀ ਦੇ ਸਿਰ ਨੂੰ ਮਨੁੱਖ ਦੇ ਸਿਰ ‘ਤੇ ਲਗਾ ਦਿੱਤਾ।
ਇਹ ਕਾਲਪਨਿਕ ਗੱਲਾਂ ਹੋਲੀ ਹੋਲੀ ਸਕੂਲੀ ਸਿਲੇਬਸਾਂ ਦਾ ਹਿੱਸਾ ਬਣ ਰਹੀਆਂ ਹਨ। ਇਹ ਸਾਰਾ ਭਗਵਾਂ ਏਜੰਡਾ ਭਾਜਪਾ ਰਾਜਾਂ ਵਿਚ ਲਾਗੂ ਕੀਤਾ ਜਾ ਰਿਹਾ ਹੈ। ਦੀਨਾਨਾਥ ਬੱਤਰਾ ਨਾਮ ਦੇ ਲੇਖਕ ਦੀ ਪੁਸਤਕ ‘ਤੇਜੋਮਯ ਭਾਰਤ’ ਇਸ ਦੀ ਉਦਾਹਰਣ ਹੈ। ਪੁਸਤਕ ਵਿਦਿਆਰਥੀਆਂ ਨੂੰ ਦੱਸਦੀ ਹੈ ਕਿ ਅਮਰੀਕਾ ਸਟੈਮ ਸੈੱਲ ਵਿਚ ਸੋਧ ਦਾ ਰਚੇਤਾ ਹੋਣ ਦਾ ਦਾਅਵਾ ਕਰਦਾ ਹੈ। ਪਰੰਤੂ ਸੱਚ ਇਹ ਹੈ ਕਿ ਡਾਕਟਰ ਬਾਲ ਕ੍ਰਿਸ਼ਨ ਗਣਪਤ ਮਾਤਾਪੁਰਕਰ ਨੇ ਪਹਿਲਾਂ ਹੀ ਸਰੀਰ ਦੇ ਅੰਗਾਂ ਦਾ ਫਿਰ ਤੋਂ ਨਿਰਮਾਣ ਕਰਨ ਦੀ ਵਿਧੀ ਦਾ ਪੇਟੈਂਟ ਕਰਵਾ ਲਿਆ ਸੀ। …. ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਸੋਧ ਨਵਾਂ ਨਹੀਂ ਸੀ। ਡਾਕਟਰ ਮਾਤਾਪੁਰਕਰ ਦੀ ਪ੍ਰੇਰਨਾ ਸੀ, ਮਹਾਂਭਾਰਤ। ਕੁੰਤੀ ਦਾ ਸੂਰਜ ਵਰਗਾ ਤੇਜਸਵੀ ਪੁੱਤਰ ਇਸੇ ਢੰਗ ਦੇ ਨਾਲ ਪੈਦਾ ਹੋਇਆ ਸੀ।
ਜਦ ਗੰਧਾਰੀ ਦੋ ਸਾਲ ਤੱਕ ਗਰਭਵਤੀ ਨਹੀਂ ਹੋ ਸਕੀ ਤਾਂ ਇਸ ਨੂੰ ਪਤਾ ਚੱਲਿਆ ਕਿ ਇਸ ਦਾ ਗਰਭਪਾਤ ਹੋ ਗਿਆ ਹੈ। ਇਸ ਦੇ ਗਰਭ ਵਿਚ ਮਾਸ ਦਾ ਇਕ ਲੋਥੜਾ ਨਿਕਲਿਆ, ਫਿਰ ਰਿਸ਼ੀ ਦੈਪਾਇਅਨ ਵੇਦ ਬਿਆਸ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਮਾਸ ਦੇ ਲੋਥੜੇ ਨੂੰ ਧਿਆਨ ਨਾਲ ਦੇਖਿਆ ਤੇ ਉਸ ਵਿਚ ਕੁਝ ਖਾਸ ਦਵਾਈਆਂ ਨਾਲ ਠੰਡੇ ਪਾਣੀ ਦੀ ਇਕ ਟੈਂਕੀ ਰਖਵਾ ਦਿੱਤੀ। ਉਨ੍ਹਾਂ ਨੇ ਮਾਸ ਦੇ ਇਸ ਲੋਥੜੇ ਦੇ ਸੌ ਟੁਕੜੇ ਕੀਤੇ ਤੇ ਉਨ੍ਹਾਂ ਵਿਚ ਦੋ ਸਾਲ ਤੱਕ ਘਿਓ ਨਾਲ ਭਰੀ ਸੌ ਸੌ ਅਲੱਗ ਅਲੱਗ ਟੰਕੀਆਂ ਵਿਚ ਰੱਖਿਆ। ਇਨ੍ਹਾਂ ਟੁਕੜਿਆਂ ਨਾਲ ਦੋ ਸੌ ਸਾਲ ਬਾਅਦ ਸੌ ਕੌਰਵਾਂ ਦਾ ਜਨਮ ਹੋਇਆ। ਇਹ ਪੜ੍ਹਨ ਤੋਂ ਬਾਅਦ ਉਨ੍ਹਾਂ (ਮਾਤਾਪੁਰਕਰ) ਨੂੰ ਇਹ ਅਹਿਸਾਸ ਹੋਇਆ ਕਿ ਸਟੈਮ ਸੈੱਲ ਉਨ੍ਹਾਂ ਦੀ ਖੋਜ ਨਹੀਂ ਹੈ। ਸਟੈਮ ਸੈੱਲ ਖੋਜ ਤਾਂ ਭਾਰਤ ਵਿਚ ਹਜ਼ਾਰਾਂ ਸਾਲ ਪਹਿਲਾਂ ਕਰ ਲਈ ਗਈ ਸੀ। (ਪੰਨਾ 92-93)।
ਇਸ ਤਰ੍ਹਾਂ ਪੋਰਾਣਿਕ ਕਥਾਵਾਂ ਨੂੰ ਵਿਗਿਆਨ ਦੱਸਿਆ ਜਾ ਰਿਹਾ ਹੈ। ਪੁਰਾਣਕ ਕਹਾਣੀਆਂ ਪੜ੍ਹਨ ਸੁਣਨ ਵਿਚ ਬਹੁਤ ਦਿਲਚਸਪ ਲਗਦੀਆਂ ਹਨ, ਪਰੰਤੂ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਪਰਾਸਰੀਰਕ ਅੰਸ਼ਾਂ ਤੇ ਮਨੋਕਲਪਿਤ ਅੰਸ਼ਾਂ ਨਾਲ ਭਰੀਆਂ ਹੁੰਦੀਆਂ ਹਨ। ਇਨ੍ਹਾਂ ਦਾ ਤਰਕ, ਵਿਗਿਆਨ, ਸੱਚ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਸੇ ਤਰ੍ਹਾਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਵਿਚ ਪ੍ਰਾਚੀਨ ਕਾਲ ਦੌਰਾਨ ਟੈਲੀਵਿਜ਼ਨ ਸੀ, ਕਿਉਂਕਿ ਸੰਜੇ ਨੇ ਕੁਰੂਕਸੇਤਰ ਵਿਚ ਮੀਲਾਂ ਦੂਰ ਬੈਠੇ ਵਿਆਸ ਨੂੰ ਮਹਾਂਭਾਰਤ ਯੁੱਧ ਦਾ ਵੇਰਵਾ ਸੁਣਾਇਆ ਸੀ। ਇਹ ਵੀ ਕਿਹਾ ਜਾਂਦਾ ਸੀ ਕਿਉਂਕਿ ਰਾਮ ਨੇ ਪੁਸ਼ਪਕ ਵਿਮਾਨ ਵਿਚ ਯਾਤਰਾ ਕੀਤੀ ਸੀ। ਇਸ ਲਈ ਪ੍ਰਾਚੀਨ ਭਾਰਤ ਵਿਚ ਆਧੁਨਿਕ ਵਿਗਿਆਨਕ ਖੋਜਾਂ ਹੋਈਆਂ ਸਨ। ਜਦ ਕਿ ਸੱਚਾਈ ਇਹ ਹੈ ਕਿ ਵਿਗਿਆਨਕ ਸਿਧਾਂਤਾਂ ਤੇ ਉਪਕਰਣਾਂ ਦਾ ਵਿਕਾਸ ਅਠਾਰਵੀਂ ਸਦੀ ਦੇ ਬਾਅਦ ਹੀ ਸ਼ੁਰੂ ਹੋਇਆ ਸੀ। ਇਸ ਲਈ ਆਰ ਐਸ ਐਸ ਦੀਆਂ ਇਹ ਕਾਲਪਨਿਕ ਖੋਜਾਂ ਗੱਪਾਂ ਦੇ ਭੰਡਾਰ ਹਨ, ਜਿਸ ਦਾ ਅਸਲੀ ਜ਼ਿੰਦਗੀ ਤੇ ਸੱਚ ਦੇ ਨਾਲ ਕੋਈ ਵਾਸਤਾ ਨਹੀਂ।
ਆਰ ਐਸ ਐਸ ਮੱਧਕਾਲੀਨ ਇਤਿਹਾਸ ਨੂੰ ਤਰੋੜ ਮਰੋੜ ਰਹੀ ਹੈ। ਐਨਸੀਈਆਰਟੀ ਆਰ ਐਸ ਐਸ ਦੀ ਦਿਸ਼ਾ ਨਿਰਦੇਸ਼ ਅਨੁਸਾਰ ਹਿੰਦੂ ਰਾਸ਼ਟਰਵਾਦ ਦੇ ਹੱਕ ਵਿਚ ਭੁਗਤ ਰਹੀ ਹੈ।  ਅਜਿਹਾ ਕਿਹਾ ਜਾ ਰਿਹਾ ਹੈ ਕਿ ਕੁਤਬਮਿਨਾਰ ਦਾ ਨਿਰਮਾਣ ਸਮਰਾਟ ਸਮੁੰਦਰ ਗੁਪਤ ਨੇ ਕੀਤਾ ਸੀ ਤੇ ਇਸ ਦਾ ਅਸਲੀ ਨਾਮ ਵਿਸ਼ਨੂੰ ਸਤੰਭ ਸੀ। ਇਤਿਹਾਸ ਤੇ ਸਾਹਿਤ ਨੂੰ ਬਦਲਣ ਦੇ ਨਾਮ ‘ਤੇ ਆਰ ਐਸ ਐਸ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਤਰ੍ਹਾਂ ਦੇ ਪਰਿਵਰਤਨਾਂ ਦਾ ਵਿਰੋਧ ਪ੍ਰਗਤੀਸ਼ੀਲ, ਧਰਮ ਨਿਰਪੱਖ ਵਿਦਵਾਨਾਂ, ਮੂਲਨਿਵਾਸੀਆਂ ਘੱਟ ਗਿਣਤੀਆਂ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਰ ਐਸ ਐਸ ਦੇ ਇਸ ਏਜੰਡੇ ਨੂੰ ਸਿੱਖਿਆ ਦੇ ਭਗਵਾਂਕਰਨ ਦਾ ਨਾਮ ਦਿੱਤਾ ਹੈ। ਆਰ ਐਸ ਐਸ ਇਹ ਪ੍ਰਚਾਰ ਰਹੀ ਹੈ ਕਿ ਜਿੰਨੇ ਵੀ ਹਿੰਦੂ ਰਾਜਿਆਂ ਨੇ ਮੁਸਲਮ ਸ਼ਾਸ਼ਕਾਂ ਦੇ ਖਿਲਾਫ਼ ਯੁੱਧ ਕੀਤੇ, ਉਹ ਸਭ ਹਿੰਦੂ ਰਾਸ਼ਟਰਵਾਦੀ ਸਨ। ਇਹ ਇਤਿਹਾਸ ਨੂੰ ਤਰੋੜਨ ਮਰੋੜਨ ਵਾਲੀ ਕਾਰਵਾਈ ਹੈ, ਕਿਉਂਕਿ ਰਾਜਿਆਂ ਨੇ ਕਦੇ ਵੀ ਧਰਮ ਦੇ ਲਈ ਯੁੱਧ ਨਹੀਂ ਲੜੇ ਤੇ ਨਾ ਹੀ ਉਸ ਸਮੇਂ ਭਾਰਤ ਇਕ ਸੀ। ਹਿੰਦੂ ਰਾਸ਼ਟਰਵਾਦ ਤਾਂ ਆਰ ਐਸ ਐਸ ਦੀ ਘਾੜਤ ਹੈ। ਉਸ ਸਮੇਂ ਰਾਜੇ ਤਾਂ ਕੇਵਲ ਸੱਤਾ ਤੇ ਸੰਪਤੀ ਦੇ ਪੁਜਾਰੀ ਸਨ।

ਸਿੱਖ ਕੌਮ ਦੇ ਭਗਵੇਂਕਰਨ ਦੀ ਸਾਜ਼ਿਸ਼
ਆਰ ਐਸ ਐਸ ਸਿੱਖ ਕੌਮ ਦਾ ਭਗਵਾਂਕਰਨ ਲਈ ਯਤਨਸ਼ੀਲ ਹੈ। ਵੱਡੀ ਗੱਲ ਇਹ ਹੈ ਕਿ ਬਾਦਲ ਅਕਾਲੀ ਦਲ ਦੀ ਰਾਜਨੀਤਕ ਸਾਂਝ ਭਾਜਪਾ ਨਾਲ ਹੈ ਤੇ ਆਰ ਐਸ ਐਸ ਬਾਦਲ ਦਲ ਰਾਹੀਂ ਸਿੱਖ ਪੰਥ ‘ਤੇ ਭਗਵਾਂ ਏਜੰਡਾ ਲਾਗੂ ਕਰਾਉਣ ਦੇ ਲਈ ਬਾਦਲ ਦਲ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਨੂੰ ਟੂਲ ਵਜੋਂ ਵਰਤ ਰਹੀ ਹੈ।  ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਵਿਖੇ ਨਿਸ਼ਾਨ ਸਾਹਿਬਾਂ ਦੇ ਬਸੰਤੀ ਰੰਗ ਭਗਵੇਂ ਹੋ ਜਾਣੇ, ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਦੀ ਥਾਂ ਗੁਰੂ ਸਾਹਿਬ ਦੀਆਂ ਤਸਵੀਰਾਂ ਤੇ ਐਮੀਨੇਸ਼ਨ ਫ਼ਿਲਮਾਂ ਨੂੰ ਤਰਜੀਹ ਦੇਣਾ ਇਸ ਗੱਲ ਦਾ ਸਬੂਤ ਹਨ। ਆਰ ਐਸ ਐਸ ਨੇ ਸਿੱਖ ਕੌਮ ਦਾ ਭਗਵਾਂਕਰਨ ਕਰਨ ਦੇ ਲਈ ਆਪਣੀ ਸੰਸਥਾ ਰਾਸ਼ਟਰੀ ਸਿੱਖ ਸੰਗਤ ਉਸਾਰੀ ਹੋਈ ਹੈ, ਜਿਸ ਰਾਹੀਂ ਸਿੱਖ ਇਤਿਹਾਸ, ਸਿੱਖ ਸਾਹਿਤ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਤੁਹਾਨੂੰ ਯਾਦ ਕਰਵਾ ਦੇਈਏ ਕਿ ਰਾਸ਼ਟਰੀ ਸੰਗਠਨ ਦੀ ਪਹਿਲੀ ਇਕੱਤਰਤਾ ਅਗਸਤ 1986 ਵਿਚ ਦਿੱਲੀ ਵਿਚ ਕੀਤੀ ਗਈ ਤੇ ਫਿਰ ਉਸੇ ਨਾਲ ਨਵੰਬਰ ਵਿਚ ਅੰਮ੍ਰਿਤਸਰ ਵਿਚ ਵੱਡੇ ਇਕੱਠ ਵਿਚ ਇਸ ਦੀ ਸਥਾਪਨਾ ਕੀਤੀ ਗਈ। ਇਸ ਜਥੇਬੰਦੀ ਦਾ ਮੁੱਖ ਮਨੋਰਥ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਵਿਸ਼ੇਸ਼ ਅੰਗ ਸਥਾਪਤ ਕਰਨਾ ਸੀ।

ਰਾਸ਼ਟਰੀ ਸਿੱਖ ਸੰਗਤ ਦੀਆਂ ਸਾਜ਼ਿਸ਼ਾਂ
ਰਾਸ਼ਟਰੀ ਸਿੱਖ ਸੰਗਤ ਵੱਲੋਂ 6 ਅਗਸਤ, 1988 ਨੂੰ ਨਾਂਦੇੜ ਵਿਖੇ ਜਾਰੀ ਕੀਤੇ ਗਏ ਉਸ ਦੇ ਪਹਿਲੇ ਦਸਤਾਵੇਜ਼ ‘ਸੰਗਤ ਸੰਦੇਸ਼’ ਵਿਚੋਂ ਉਸ ਦੇ ਸਿੱਖ ਵਿਰੋਧੀ ਏਜੰਡੇ ਦੀ ਅਸਲੀਅਤ ਪ੍ਰਗਟ ਹੋ ਜਾਂਦੀ ਹੈ। ਇਸ ਦਸਤਾਵੇਜ਼ ਵਿਚ ਦਰਸਾਇਆ ਗਿਆ ਹੈ ਕਿ ‘ਰਾਸ਼ਟਰੀ ਸਿੱਖ ਸੰਗਤ ਐਸੇ ਕੇਸਾਧਾਰੀ ਅਤੇ ਸਹਿਜਧਾਰੀ ਰਾਸ਼ਟਰਵਾਦੀ ਸਿੱਖਾਂ ਦੀ ਜਥੇਬੰਦੀ ਹੈ ਜਿਨ੍ਹਾਂ ਦੀ ਸਮਾਜ ਤੇ ਰਾਸ਼ਟਰ ਦੀ ਪਰੰਪਰਾ, ਏਕਤਾ ਤੇ ਇਕਮਿਕਤਾ ਵਿਚ ਸ਼ਰਧਾ ਤੇ ਨਿਸ਼ਠਾ ਹੈ।’
ਸਪੱਸ਼ਟ ਹੈ ਕਿ ਇਹ ਜਥੇਬੰਦੀ ਭਾਰਤ ਦੇ ਵੱਖ-ਵੱਖ ਸਭਿਆਚਾਰਾਂ ਦੀ ਵੱਖਰੀ ਹੋਂਦ ਨੂੰ ਸਵੀਕਾਰ ਨਹੀਂ ਕਰਦੀ ਤੇ ਸਭ ਨੂੰ ਭਗਵੇਂਕਰਨ ਦੇ ਏਜੰਡੇ ਅਧੀਨ ਲਿਆਉਣਾ ਚਾਹੁੰਦੀ ਹੈ। ਰਾਸ਼ਟਰੀ ਸਿੱਖ ਸੰਗਤ ਦੇ ਰਸਾਲੇ ‘ਸੰਗਤ ਸੰਦੇਸ਼’ ਜੋ ਕਿ ਅਗਸਤ 1988 ਵਿਚ ਨਾਂਦੇੜ ਵਿਖੇ ਜਾਰੀ ਕੀਤਾ ਗਿਆ ਸੀ, ਉਸ ਵਿਚ ਸਿੱਖ ਕੌਮ ਦੀ ਵੱਖਰੀ ਹੋਂਦ ਤੇ ਗੁਰਬਾਣੀ ਦੇ ਫਲਸਫੇ ਉੱਪਰ ਤਿੱਖੇ ਹਮਲੇ ਕੀਤੇ ਗਏ ਹਨ। ਰਾਸ਼ਟਰੀ ਸਿਖ ਸੰਗਤ ਦਾ ਮੰਨਣਾ ਹੈ ‘ਗੁਰਬਾਣੀ ਨੂੰ ਐਸੀ ਗਿਆਨ ਗੰਗਾ ਮੰਨਿਆ ਗਿਆ ਹੈ, ਗੰਗਾ ਜਿਹੜੀ ਵੇਦਾਂ ਦੀ ਗੰਗੋਤਰੀ ਵਿਚੋਂ ਫੁਟਦੀ ਹੈ। ਉਸ ਦੀ ਸਾਰੀ ਖੁਸ਼ਬੂ, ਗਰਿਮਾ ਤੇ ਪਵਿੱਤਰਤਾ ਨੂੰ ਲੈ ਕੇ ਇਹ ਵੈਦਿਕ ਗੰਗਾ ਜਨ-ਜਨ ਨੂੰ ਪਾਵਨ ਬਣਾਉਾਂਦੀ ਾ ਰਹੀ ਹੈ। ਇਸੇ ਲਈ ਗੁਰਬਾਣੀ ਦੇ ਅਨੇਕਾਂ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੇਦ ਦਾ ਸਰੂਪ ਮੰਨਿਆ ਹੈ। ਉਸ ਨੂੰ ਭਾਰਤੀ ਗਿਆਨ ਦਾ ਵਿਸ਼ਵਕੋਸ਼ ਵੀ ਮੰਨਿਆ ਹੈ। ਉਹ ਆਪਣੇ ਆਪ ਵਿਚ ਇੱਕ ਪੁਰਾਣ-ਕੋਸ਼ ਹੈ। ਪੰਜਾਬ ਦੀ ਇਹ ਗੁਰੂ ਗੰਗਾ, ਵੈਦਿਕ-ਚਿੰਤਨ, ਉਪਨਿਸ਼ਦਾਂ ਦੇ ਗਿਆਨ ਦਾ ਰਿਸ਼ੀਕੇਸ਼ ਹੈ। ਉਸ ਦੀ ਮਹਿਮਾ ਹਰ ਕੀ ਪਉੜੀ ਹੈ, ਹਰੀ ਨਾਮ ਦੀ ਗੰਗਾ ਹੈ।”
ਇਸ ਰਸਾਲੇ ਵਿਚ ਅੱਗੇ ਇੱਕ ਥਾਂ ‘ਤੇ ਗੁਰੂ ਘਰ ਦੀ ਸਮੁੱਚੀ ਮਰਿਆਦਾ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਇਸ ਦਾ ਮਕਸਦ ਸਿੱਧੇ ਰੂਪ ਵਿਚ ਸਿੱਖ ਪਰੰਪਰਾ ਦੀ ਵਿਲੱਖਣਤਾ ਉੱਪਰ ਸੱਟ ਮਾਰਨਾ ਹੈ ਤੇ ਉਸ ਨੂੰ ਹਿੰਦੂ ਪਰੰਪਰਾ ਵਿਚ ਜਜ਼ਬ ਕਰਨਾ ਹੈ। ਲਿਖਿਆ ਹੈ ‘ਗੁਰੂ ਘਰ ਦੀਆਂ ਮਰਿਆਦਾਵਾਂ ਵਿਚ ਤਿਲਕ ਤੇ ਯਗਯੋਪਵੀਤ ਦੀ ਵਿਸ਼ੇਸ਼ ਮਹਿਮਾ ਰਹੀ ਹੈ। ਗੁਰ-ਗੱਦੀ ਦੇਣ ਸਮੇਂ ਤਿਲਕ ਲਾਉਣ ਦੀ ਸਨਾਤਨੀ ਪਰੰਪਰਾ ਤਾਂ ਗੁਰੂ ਘਰ ਵਿਚ ਪ੍ਰਚੱਲਿਤ ਹੋ ਚੁੱਕੀ ਸੀ। ਉਸ ਨੂੰ ਪੂਰੀ ਮਾਨਤਾ ਮਿਲੀ ਹੈ। ਇਸੇ ਤਰ੍ਹਾਂ ਗੁਰੂ ਘਰ ਵਿਚ ਯਗਯੋਪਵੀਤ ਦੀ ਇੱਕ ਆਸਥਾਪੂਰਣ ਮਰਿਆਦਾ ਰਹੀ ਹੈ। ਸਾਰੇ ਸਿੱਖ ਗੁਰੂਆਂ ਦਾ, ਉਹਨਾਂ ਦੀਆਂ ਸੰਤਾਨਾਂ ਦਾ ਉਪਨਯਨ ਸੰਸਕਾਰ ਹੋਇਆ ਹੈ। ਉਹਨਾਂ ਦੇ ਆਪਣੇ ਵਿਆਹ, ਉਹਨਾਂ ਦੇ ਪੁੱਤਰਾਂ ਤੇ ਪੁੱਤਰੀਆਂ ਦੇ ਵਿਆਹ ਸੰਪੂਰਨ ਸਨਾਤਨੀ-ਵੈਦਿਕ ਮਰਿਆਦਾ ਅਨੁਸਾਰ ਹੋਏ ਹਨ। ਏਨਾ ਹੀ ਨਹੀਂ, ਗੁਰੂ ਘਰ ਵਿਚ ਸਾਰਿਆਂ ਦੇ ਅੰਤਿਮ ਸਸਕਾਰ ਵੈਦਿਕ ਨੀਤੀਆਂ ਰਾਹੀਂ ਹੁੰਦੇ ਆਏ ਹਨ। ਇਸ ਦੇ ਪਰਮਾਣ ਨਾਨਕ ਪ੍ਰਕਾਸ਼ – ਸੂਰਜ ਪ੍ਰਕਾਸ਼ ਵਿਚ ਦਰਜ ਹਨ। ਇਹ ਗ੍ਰੰਥ ਸਿੱਖ ਪੰਥ ਵਿਚ ਸਤਿਕਾਰੇ ਜਾਂਦੇ ਰਹੇ ਹਨ। ਇਸ ਲਈ ਇਹ ਗੱਲ ਨਿਰਵਿਵਾਦ ਹੈ ਕਿ ਗੁਰੂ ਘਰ ਵਿਚ ਤਿਲਕ ਤੇ ਜੰਜੂ ਦੀ ਮਰਿਆਦਾ ਸੀ।
ਅਸਲ ਵਿਚ ਰਾਸ਼ਟਰੀ ਸਿੱਖ ਸੰਗਤ ਸਿੱਖਾਂ ਦੀ ਮੁੱਢਲੀ ਪਛਾਣ ਤੋਂ ਇਨਕਾਰੀ ਹੈ। ਉਹ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਹਿੱਸਾ ਦਸ ਕੇ ਸਿੱਖ ਕੌਮ ਨੂੰ ਛੋਟਾ ਦਰਸਾਉਣ ਦੀ ਕੋਸ਼ਿਸ਼ ਵਿਚ ਹੈ। ਰਾਸ਼ਟਰੀ ਸਿੱਖ ਦੇ ਜਾਰੀ ਕੀਤੇ ਦਸਤਾਵੇਜ਼ ‘ਸੰਗਤ ਸੰਦੇਸ਼’ ਵਿਚ ਇੱਕ ਹੋਰ ਥਾਂ ‘ਤੇ ਲਿਖੇ ਇਹ ਸ਼ਬਦ ਬਹੁਤ ਖਤਰਨਾਕ ਹਨ-‘ਹਿੰਦੂ ਜੀਵਨ ਦਰਸ਼ਨ ਤਾਂ ਇੱਕ ਅਨਾਦਿ ਜਲ-ਸਰੋਤਿ ਹੈ। ਕਿਸ ਗੰਗੋਤਰੀ ਤੋਂ ਇਸ ਦਾ ਜਨਮ ਹੋਇਆ ਹੈ, ਕਿਸ ਪਾਵਨ ਖਿਨ ਵਿਚ ਜੀਵਨ ਦੀ ਇਹ ਮਾਨਵਤਾਵਾਦੀ ਅੰਮ੍ਰਿਤ ਜਲਧਾਰਾ ਫੁੱਟੀ, ਇਤਿਹਾਸ ਇਸ ਬਾਰੇ ਮੋਨ ਹੈ। ਇੱਕ ਵਿਸ਼ਾਲ ਕਲਪ ਵ੍ਰਿਛ, ਰਸਾਤਲ ਤੱਕ ਜਿਸ ਦੀਆਂ ਜੜ੍ਹਾਂ ਪ੍ਰਸਾਰ ਕਰ ਚੁੱਕੀਆਂ ਹਨ, ਉਸ ਦੇ ਤਨੇ, ਉਪਤਨੇ, ਪ੍ਰਤਨੇ, ਸ਼ਾਖਾਵਾਂ, ਪ੍ਰਸ਼ਾਖਾਵਾਂ ਓਪਸ਼ਾਖਾਵਾਂ, ਅਨੰਤ ਯੋਜਨਾ ਵਿਚ ਉਹਨਾਂ ਦਾ ਵਿਸਤਾਰ ਹੋ ਚੁੱਕਿਆ ਹੈ। ਇਹ ਖਾਲਸਾ ਸਮਾਜ ਹਿੰਦੂ ਕਲਪ ਬ੍ਰਿਛ ਦਾ ਮਧੁਰ ਅੰਮ੍ਰਿਤ ਫਲ ਹੈ।”
ਸਿੱਖ ਮੱਤ ਤੇ ਖਾਲਸਾ ਪੰਥ ਬਾਰੇ 1988 ਦੇ ਮੁੱਢਲੇ ਦਸਤਾਵੇਜ਼ ਦੀਆਂ ਇਹ ਟੂਕਾਂ ਸਾਜ਼ਿਸ਼ਾਂ ਭਰਪੂਰ ਹਨ :
1. ਸਿੱਖ ਤੇ ਬਾਕੀ ਹਿੰਦੂ ਸਮਾਜ ਇਕ ਅਖੰਡ ਅਤੇ ਨਾ ਵੰਡੇ ਜਾਣ ਵਾਲੀ ਇਕਾਈ ਹੈ।
2. ਸਿੱਖ ਵਿਆਪਿਕ ਹਿੰਦੂ ਸਮਾਜ ਦਾ ਅੰਗ ਹਨ।
3. ਗੁਰਸਿਖ ਨੂੰ ਕੇਸ਼ਧਾਰੀ ਤੇ ਸਹਿਜਧਾਰੀ ਵਿਚਕਾਰ ਵੰਡਣਾ ਤੇ ਇਨ੍ਹਾਂ ਨੂੰ ਦੋ ਅਲੱਗ ਧਾਰਾਵਾਂ ਦੇ ਰੂਪ ਵਿਚ ਵੇਖਣਾ ਇਤਿਹਾਸ ਦੀ ਨਾ-ਸਮਝੀ ਹੈ।
4. ਸਿੱਖ ਪੰਥ ਹਿੰਦੂ ਧਰਮ ਦਾ ਇੱਕ ਸੰਪਰਦਾਇ ਹੈ। ਇਹੋ ਜਿਹੇ ਸੰਪਰਦਾਇ ਇੱਕੋ ਜਿਹੇ ਭੇਦਾਂ ਕਰਕੇ ਕਈ ਧਰਮਾਂ ਵਿਚ ਪਾਏ ਜਾਂਦੇ ਹਨ।
5. ਸਿੱਖ ਪੰਥ ਹਿੰਦੂ ਧਰਮ ਰੂਪੀ ਵਿਸ਼ਾਲ ਬਗੀਚੇ ਦਾ ਇੱਕ ਚੁਣਿਆ ਹੋਇਆ ਸੁੰਦਰ ਤੇ ਸੁਗੰਧਿਤ ਫੁੱਲਾਂ ਦਾ ਗੁੱਛਾ ਹੈ।
6. ਹਿੰਦੂ ਕਲਪ ਬਿਰਛ ਦਾ ਅੰਮ੍ਰਿਤ ਫਲ ਹੈ ਖਾਲਸਾ ਪੰਥ।
7. ਸਿੱਖ ਮੱਤ ਤੇ ਖਾਲਸਾ ਪੰਥ ਦੀ ਸਥਾਪਨਾ ਅਤੇ ਹਿੰਦੂ ਧਰਮ ਦੀ ਰਖਿਆ ਲਈ ਹੋਈ ਸੀ।
ਗੁਰੂ ਸਾਹਿਬਾਨ ਦੇ ਵਿਅਕਤਿਤਵ ਤੇ ਕੁਰਬਾਨੀਆਂ ਨੂੰ ਆਪਣੀ ਸਾਜ਼ਿਸ਼ ਅਨੁਸਾਰ ਢਾਲਣ ਵਾਲੀਆਂ ਇਹ ਟੂਕਾਂ ਵੀ ਵੇਖਣ ਵਾਲੀਆਂ ਹਨ :-
1. ਗੁਰੂ ਨਾਨਕ ਦਾ ਜੀਵਨ ਹਿੰਦੂ ਜੀਵਨ ਪੱਧਤੀ ਦੇ ਆਦਰਸ਼ਵਾਦ, ਕਰਮ, ਭਗਤੀ ਤੇ ਗਿਆਨ ਦਾ ਵਿਚਿਤਰ ਮੇਲ ਹੈ।
2. ਸਿੱਖ ਗੁਰੂਆਂ ਦੀ ਅਧਿਆਤਮਕ, ਭਗਤੀ ਅਤੇ ਸੂਰਮਗਤਾ ਦੀ ਪਰੰਪਰਾ ਸੰਪੂਰਨ ਹਿੰਦੂ ਸਮਾਜ ਲਈ ਗੌਰਵ ਦਾ ਵਿਸ਼ਾ ਹੈ।
3. ਗੁਰੂ ਤੇਗ਼ ਬਹਾਦਰ ਨੇ ਹਿੰਦੂ ਧਰਮ ਅਤੇ ਸਮਾਜ ਉੱਪਰ ਆਏ ਸੰਕਟ ਦੇ ਨਿਵਾਰਣ ਲਈ ਬਲੀਦਾਨ ਦਿੱਤਾ ਸੀ।
4. ਗੁਰੂ ਗੋਬਿੰਦ ਸਿੰਘ ਦੇ ਦੋ ਪੁੱਤਰ ਹਿੰਦੂ ਧਰਮ ਦੀ ਰਖਿਆ ਲਈ ਮੁਗਲਾਂ ਨਾਲ ਜੂਝੇ ਸਨ ਤੇ ਦੋ ਪੁੱਤਰਾਂ ਨੇ ਖ਼ੁਸ਼ੀ ਨਾਲ ਆਪਣੇ ਆਪ ਨੂੰ ਦੀਵਾਰ ਵਿਚ ਚਿਣਾ ਦਿੱਤਾ ਸੀ।
ਗੁਰਬਾਣੀ ਅਤੇ ਗੁਰਮਤਿ ਬਾਰੇ ਰਾਸ਼ਟਰੀ ਸਿੱਖ ਸੰਗਤ ਦਾ ਦ੍ਰਿਸ਼ਟੀਕੋਣ ਇਹਨਾਂ ਕੁਝ ਸਾਜ਼ਿਸ਼ੀ ਟੂਕਾਂ ਤੋਂ ਪ੍ਰਗਟ ਹੁੰਦਾ ਹੈ :
1. ਗੁਰਬਾਣੀ ਨੂੰ ਵੈਦਿਕ ਉਪਨਿਸ਼ਦਿਕ ਪਰੰਪਰਾ ਤੋਂ ਵੱਖਰਾ ਕਰਕੇ ਵੇਖਣਾ ਅਬੋਧਤਾ ਅਤੇ ਅਗਿਆਨ ਹੈ।
2. ਗੁਰਬਾਣੀ ਐਸੀ ਗਿਆਨ ਗੰਗਾ ਹੈ, ਜਿਹੜੀ ਵੇਦਾਂ ਦੀ ਗੰਗੋਤਰੀ ਤੋਂ ਫੁਟਦੀ ਹੈ।
3. ਵੇਦਾਂ ਤੋਂ ਪ੍ਰੇਰਣਾ ਲੈ ਕੇ ਸਿੱਖ ਗੁਰੂਆਂ ਨੇ ਪੰਥ-ਅਭਿਮਾਨ ਰਹਿਤ ਮਾਰਗ ਅਪਨਾਇਆ ਸੀ।
4. ਜਪੁਜੀ ਗੀਤਾ ਦਾ ਛੋਟਾ ਰੂਪ ਹੈ।
ਜੇਕਰ ਰਾਸ਼ਟਰੀ ਸਿੱਖ ਸੰਗਤ ਦੀ ਵਿਚਾਰਧਾਰਾ ਦਾ ਅਧਿਐਨ ਕਰੀਏ ਤਾਂ ਇਹ ਸਿੱਖ ਪੰਥ ਨੂੰ ਹਿੰਦੂ ਰਾਸ਼ਟਰਵਾਦ ਤੇ ਹਿੰਦੂਤਵ ਦਾ ਅੰਗ ਬਣਾਉਣਾ ਚਾਹੁੰਦੀ ਹੈ ਤੇ ਗੁਰੂਆਂ ਦੇ ਫਲਸਫੇ ਨੂੰ ਖਤਮ ਕਰਕੇ ਸਨਾਤਨਵਾਦ ਦੇ ਚੱਕਰਵਿਊ ਵਿਚ ਜਕੜਨਾ ਚਾਹੁੰਦੀ ਹੈ। ਉਹ ਸਿੱਖ ਪੰਥ ਦੀ ਅੱਡਰੀ ਤੇ ਵੱਖਰੀ ਧਾਰਮਿਕ ਹੋਂਦ ਨੂੰ ਉਹ ਕਦਾਚਿਤ ਮਾਨਤਾ ਦੇਣ ਨੂੰ ਤਿਆਰ ਨਹੀਂ। ਸਿੱਖ ਗੁਰੂਆਂ ਦੀ ਸਖਸ਼ੀਅਤ ਨੂੰ ਇਹਨਾਂ ਹਿੰਦੂ ਰਾਸ਼ਟਰਵਾਦੀਆਂ ਨੇ ਭਗਵਾਂਕਰਨ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਉਦਾਹਰਣ ਵਜੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਸਾਰੇ ਸਾਕੇ ਨੂੰ ਆਪਣੇ ਭਗਵੇਂ ਸੰਕਲਪ ਵਿਚ ਫਿਟ ਕਰ ਦਿੱਤਾ ਹੈ ਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੇ ਲਈ ਨਹੀਂ, ਜਨੇਊ ਦੀ ਰੱਖਿਆ ਲਈ ਦਿੱਤੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਤੇ ਹਿੰਦੂ ਧਰਮ ਦੀ ਲਈ ਸਿਰਜਿਆ ਸੀ। ਇਸ ਤਰ੍ਹਾਂ ਇਹ ਸਿੱਖ ਇਤਿਹਾਸ ਨੂੰ ਮਨਮਰਜ਼ੀ ਨਾਲ ਤਰੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਰਾਸ਼ਟਰੀ ਸਿੱਖ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੇਦਾਂ-ਉਪਨਿਸ਼ਦਾਂ ਵਿਚੋਂ ਨਿਕਲਿਆ ਦਸ ਕੇ ਸਿੱਖ ਵਿਚਾਰਧਾਰਾ ਤੇ ਗੁਰੂਆਂ ਦੇ ਫਲਸਫੇ ਨੂੰ ਚੈਲਿੰਜ ਕਰ ਰਹੀ ਹੈ।  ਇਸ ਪਿੱਛੇ ਭਗਵੇਂਵਾਦੀਆਂ ਦੀ ਸਾਜ਼ਿਸ਼ ਇਹ ਹੈ ਕਿ ਸਿੱਖ ਮਨਾਂ ਵਿਚ ਵੇਦਾਂ ਦੀ ਮਹੱਤਤਾ ਉਜਾਗਰ ਹੋਵੇ ਤੇ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਅੰਗ ਵਜੋਂ ਪੇਸ਼ ਕੀਤਾ ਜਾਵੇ।

ਪੰਥ ਸੁਚੇਤ ਹੋਵੇ
ਪਰ ਸਿੱਖ ਧਰਮ ਇੱਕ ਖ਼ੁਦ-ਮੁਖਤਿਆਰ ਸੰਪੂਰਨ, ਸੁਤੰਤਰ ਤੇ ਕੌਮਾਂਤਰੀ ਧਰਮ ਹੈ ਅਤੇ ਉਸ ਦੇ ਪੈਰੋਕਾਰਾਂ ਦੀ ਅੱਡਰੀ ਹੋਂਦ ਹੈ ਜਿਹੜੀ ਉਹਨਾਂ ਨੇ ਬੜੀਆਂ ਸ਼ਹਾਦਤਾਂ ਤੇ ਸੰਘਰਸ਼ ਤੋਂ ਬਾਅਦ ਹੋਂਦ ਵਿਚ ਲਿਆਂਦੀ ਹੈ। ਸਿੱਖ ਪੰਥ ਦਾ ਆਰੀਅਨ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਸਿੱਖ ਧਰਮ ਦੀ ਹੋਂਦ ਸਿੰਥੀਅਨ ਤੇ ਮੂਲਨਿਵਾਸੀ ਭਾਈਚਾਰੇ ਵਿਚੋਂ ਪ੍ਰਗਟ ਹੋਈ ਹੈ। ਆਰੀਅਨ ਸਭਿਅਤਾ ਨਾਲ ਸਿੱਖ ਧਰਮ ਦਾ ਸਿੱਧਾ ਟਕਰਾਅ ਹੈ। ਗੁਰਬਾਣੀ ਦਾ ਫਲਸਫਾ ਸਮੁੱਚੀ ਮਾਨਵਤਾ ਨੂੰ ਕਲਾਵੇ ਵਿਚ ਲੈਂਦਾ ਹਿੰਦੂ ਰਾਸ਼ਟਰਵਾਦ ਦੇ ਜਾਤੀਵਾਦ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਤੇ ਚੈਲਿੰਜ ਕਰਦਾ ਹੈ। ਸਿੱਖ ਕੌਮ ਦਾ ਨਿਸ਼ਾਨਾ ਜਾਤੀਵਾਦ ਤੋਂ ਰਹਿਤ ਬੇਗਮਪੁਰੇ ਤੇ ਹਲੇਮੀ ਰਾਜ ਦੀ ਸਿਰਜਣਾ ਕਰਨਾ ਹੈ, ਜਦ ਕਿ ਆਰ ਐਸ ਐਸ ਦਾ ਨਿਸ਼ਾਨਾ ਹਿੰਦੂ ਰਾਸ਼ਟਰ ਦੀ ਸਿਰਜਣਾ ਕਰਨਾ ਹੈ। ਦੋਹਾਂ ਵਿਚ ਇਤਿਹਾਸਕ ਤੇ ਸਭਿਆਚਾਰਕ ਟਕਰਾਅ ਹੈ। ਇਹ ਕਿਸੇ ਵੀ ਤਰ੍ਹਾਂ ਮਿਟ ਨਹੀਂ ਸਕਦਾ। ਸਿੱਖ ਧਰਮ ਹਮੇਸ਼ਾ ਮਨੁੱਖਤਾ ਤੇ ਸਰਬੱਤ ਭਲੇ ਦੀ ਆਵਾਜ਼ ਬੁਲੰਦ ਕਰਦਾ ਰਹੇਗਾ ਤੇ ਜਾਤੀਵਾਦ ਤੇ ਫਾਸ਼ੀਵਾਦੀ ਵਿਚਾਰਧਾਰਾ ਚੈਲਿੰਜ ਕਰਦਾ ਹੋਇਆ ਭਾਈ ਲਾਲੋਆ ਦੇ ਹੱਕ ਵਿਚ ਖੜਦਾ ਰਹੇਗਾ.