ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਿੱਖ ਨਸਲਕੁਸ਼ੀ 1984 ਵਿਸ਼ੇ ਸਬੰਧੀ ਸੈਮੀਨਾਰ

0
534

pic-sikh-nasalkushi-seminar-4
ਰਾਣਾ ਅਯੂਬ ਨੇ ਕਿਹਾ-ਗੁਜਰਾਤ ਦੰਗਾ ਪੀੜਤਾਂ ਲਈ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਦੁਖਦਾਈ
ਸਿੱਖਾਂ ‘ਤੇ ਹਮਲਾ ਇਕੱਲੀ ਕਾਂਗਰਸ ਨੇ ਨਹੀਂ ਬਲਕਿ ਆਰਐਸਐਸ ਨੇ ਵੀ ਕਰਵਾਇਆ ਸੀ : ਅਜਮੇਰ ਸਿੰਘ
ਬਟਵਾਰਾ 47, ਜੂਨ 84 ਨਵੰਬਰ 84 ਅਤੇ ਗੁਜਰਾਤ 2002 ਵਿੱਚ ਹੋਏ ਕਤਲੇਆਮ ਦੇ ਇਤਿਹਾਸ ਨੂੰ ਸਾਂਭਣਾ ਚਾਹੀਦਾ ਹੈ : ਡਾ.ਜਸਪਾਲ ਸਿੰਘ
ਪਟਿਆਲਾ/ਬਿਊਰੋ ਨਿਊਜ਼ :
ਗੁਜਰਾਤ ਦੰਗਿਆਂ ਬਾਰੇ ਅਹਿਮ ਦਸਤਾਵੇਜ਼ੀ ਪੁਸਤਕ ‘ਗੁਜਰਾਤ ਫਾਈਲਜ਼’ ਦੀ ਲੇਖਿਕਾ ਰਾਣਾ ਅਯੂਬ ਨੇ ਕਿਹਾ ਹੈ ਕਿ ਦੇਸ਼ ਵਿੱਚ ਘੱਟ ਗਿਣਤੀਆਂ ਲਈ ਨਿਆਂ ਕੇਵਲ ਕਹਿਣ ਮਾਤਰ ਅਤੇ ਉਨ੍ਹਾਂ ਲਈ ਇੱਕ ਨਾ ਪੂਰੀ ਹੋਣ ਵਾਲੀ ਆਸ ਬਣ ਕੇ ਰਹਿ ਗਿਆ ਹੈ। 2002 ਦੇ ਮੁਸਲਮਾਨ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਸਟਿੰਗ ਅਪਰੇਸ਼ਨਾਂ ਜ਼ਰੀਏ ਗੁਜਰਾਤ ਦੇ ਤਤਕਾਲੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਮੌਜੂਦਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਜੇਲ੍ਹ ਯਾਤਰਾ ਕਰਵਾਉਣ ਵਾਲੀ ਪੱਤਰਕਾਰ ਰਾਣਾ ਅਯੂਬ ਨੇ ਇਹ ਵਿਚਾਰ ਮੰਗਲਵਾਰ 8 ਨਵੰਬਰ ਨੂੰ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ‘ਸਿੱਖ ਨਸਲਕੁਸ਼ੀ 1984’ ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਮੌਕੇ ਸੰਬੋਧਨ ਕਰਨ ਮੌਕੇ ਪ੍ਰਗਟਾਏ।
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ‘ਸਿੱਖ ਨਸਲਕੁਸ਼ੀ 1984’ ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਵਿੱਚ ਰਾਣਾ ਆਯੂਬ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਵਿੱਚ ਉੱਘੇ ਸਿੱਖ ਚਿੰਤਕ ਲੇਖਕ ਸ. ਅਜਮੇਰ ਸਿੰਘ, ਸਿੱਖ ਸ਼ਹਾਦਤ ਸਿੱਖ ਦੇ ਚੀਫ ਸ. ਪਰਮਜੀਤ ਸਿੰਘ ਗਾਜੀ ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ.ਜਸਪਾਲ ਸਿੰਘ, ਜੋ ਸੈਮੀਨਾਰ ਦੇ ਮੁੱਖ ਮਹਿਮਾਨ ਸਨ, ਸ਼ਾਮਲ ਸਨ।
ਸਭ ਤੋਂ ਪਹਿਲਾਂ ‘ਸਿੱਖ ਸ਼ਹਾਦਤ’ ਦੇ ਸ. ਗਾਜੀ ਨੇ ਨਸਲਕੁਸ਼ੀ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਸ ਤਰ੍ਹਾਂ ਬਹੁ-ਗਿਣਤੀ ਕੌਮਾਂ ਵਲੋਂ ਘੱਟ-ਗਿਣਤੀ ਕੌਮਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ। ਇਸ ਦੀਆਂ ਉਦਾਹਰਣਾਂ ਜੂਨ 84, ਨਵੰਬਰ 84 ਅਤੇ ਗੁਜਰਾਤ 2002 ਸਭ ਦੇ ਸਾਹਮਣੇ ਹਨ।
‘ਕਤਲੇਆਮ ਦੀ ਰਾਜਨੀਤੀ’ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦੌਰਾਨ ਰਾਣਾ ਅਯੂਬ ਨੇ ਕਿਹਾ ਕਿ ਜੇਕਰ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਤਾਂ ਜੋ ਸਿੱਖਾਂ ਨੂੰ ਮਹਿਸੂਸ ਹੋਵੇਗਾ, ਅਜਿਹਾ ਹੀ ਉਨ੍ਹਾਂ (ਮੁਸਲਮਾਨਾਂ) ਨੂੰ ਨਰਿੰਦਰ ਮੋਦੀ ਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ‘ਤੇ ਮਹਿਸੂਸ ਹੋਇਆ ਸੀ। ਰਾਣਾ ਨੇ ਆਪਣੇ ਵੱਲੋਂ ‘ਤਹਿਲਕਾ’ ਪੱਤ੍ਰਿਕਾ ਦੀ ਰਿਪੋਰਟਰ ਹੁੰਦਿਆਂ ਪਛਾਣ ਬਦਲ ਕੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਸਮੇਤ ਗੁਜਰਾਤ ਦੇ ਵੱਡੇ ਤੇ ਅਹਿਮ ਅਧਿਕਾਰੀਆਂ ਦੇ ਕੀਤੇ ਸਟਿੰਗ ਅਪਰੇਸ਼ਨਾਂ ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਨੇ ਖ਼ੁਲਾਸਾ ਕੀਤਾ ਸੀ ਕਿ ਜਦੋਂ ਕਿਸੇ ਘੱਟ ਗਿਣਤੀ ਵਿਰੁੱਧ ਕੋਈ ਸੋਚਿਆ ਸਮਝਿਆ ਕਾਰਾ ਕੀਤਾ ਜਾਂਦਾ ਹੈ ਤਾਂ ਮੁੱਖ ਮੰਤਰੀ ਤੇ ਹੋਰਨਾਂ ਵੱਲੋਂ ਦੰਗਾਕਾਰੀਆਂ ਨੂੰ ਖੁੱਲ੍ਹੀ ਛੋਟ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਉਹ ਆਗੂ ਹੋਰ ਵੀ ਵੱਡਾ ਬਣ ਕੇ ਉਭਰਦਾ ਹੈ, ਜਿਵੇਂ ਨਰਿੰਦਰ ਮੋਦੀ ਉਭਰੇ ਹਨ।
ਰਾਣਾ ਅਯੂਬ ਨੇ ਕਿਹਾ ਕਿ ਘੱਟ ਗਿਣਤੀਆਂ ਦੀ ਲੜਾਈ ਸਾਂਝੀ ਹੈ ਪ੍ਰੰਤੂ ਅਫ਼ਸੋਸ ਹੈ ਕਿ ਸਿੱਖਾਂ ਤੇ ਮੁਸਲਮਾਨਾਂ ਵਿਰੁੱਧ ਦੰਗੇ ਕਰਕੇ ਉਨ੍ਹਾਂ ਦਾ ਕਤਲੇਆਮ ਕਰਨ ਵਾਲੇ ਸੱਤਾ ਵਿੱਚ ਹਨ। ਉਨ੍ਹਾਂ ਕਿਹਾ ਕਿ ਨਵੰਬਰ 1984, 1993 ਤੇ 2002 ਭੁੱਲੇ ਨਹੀਂ ਜਾ ਸਕਦੇ ਪ੍ਰੰਤੂ ਅਫ਼ਸੋਸ ਦੇਸ਼ ਦਾ ਮੁੱਖ ਮੀਡੀਆ ਚੁੱਪ ਹੈ। ਆਪਣੀ ਪੁਸਤਕ ‘ਗੁਜਰਾਤ ਫਾਈਲਜ਼’ ਬਾਰੇ ਉਨ੍ਹਾਂ ਦੱਸਿਆ ਕਿ ਇਸ ਨੂੰ ‘ਤਹਿਲਕਾ’ ਅਦਾਰੇ, ਜਿਸ ਨੇ ਇਸ ਜੋਖ਼ਮ ਭਰੇ ਕੰ ਲਈ  ਨੇ ਵੀ ਛਾਪਣ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਉਨ੍ਹਾਂ ਨੇ ਇਸ ਨੂੰ ਇਸ ਆਸ ਨਾਲ ਛਪਵਾਇਆ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਗੁਜਰਾਤ ਵਿਚ ਕਤਲੇਆਮ ਬਾਬਤ ਜਾਣਕਾਰੀ ਮਿਲ ਸਕੇ।
ਉੱਘੇ ਸਿੱਖ ਚਿੰਤਕ ਤੇ ਲੇਖਕ ਅਜਮੇਰ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ‘ਤੇ ਹਮਲਾ ਇਕੱਲੀ ਕਾਂਗਰਸ ਨੇ ਨਹੀਂ ਬਲਕਿ ਆਰਐਸਐਸ ਨੇ ਵੀ ਕਰਵਾਇਆ ਸੀ। ਸ. ਅਜਮੇਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇੰਨਾ ਕੁੱਝ ਵਾਪਰਨ ਦੇ ਬਾਵਜੂਦ ਅਸੀਂ ਉਨ੍ਹਾਂ ਲੋਕਾਂ ਨੂੰ ਮਾਨ ਸਨਮਾਨ ਦੇ ਕੇ ਖੁਸ਼ ਹੋ ਰਹੇ ਹਾਂ ਜਿਨ੍ਹਾਂ ਲੋਕਾਂ ਨੇ ਸਾਡਾ ਜਾਨੀ-ਮਾਲੀ ਨੁਕਸਾਨ ਕੀਤਾ ਹੈ। ਇਹ ਸਾਡੀ ਮਰ ਚੁੱਕੀ ਜ਼ਮੀਰ ਦੀ ਨਿਸ਼ਾਨੀ ਹੈ। ਜੂਨ 84, ਨਵੰਬਰ 84 ਸਿੱਖ ਕੌਮ ਨੂੰ ਆਤਮ ਚੀਨਣ ਦਾ ਉਪਦੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਬਹੁ-ਗਿਣਤੀ ਕੌਮਾਂ ਹਮੇਸ਼ਾ ਹੀ ਘੱਟ ਗਿਣਤੀ ਦਾ ਕਤਲੇਆਮ ਕਰਕੇ ਕਹਾਣੀ ਨੂੰ ਆਪਣੇ ਹੱਕ ਵਿਚ ਕਰ ਲੈਂਦੀਆਂ ਹਨ। ਦੁਨੀਆ ਦੇ ਇਤਿਹਾਸਾਂ ਵਿੱਚ ਸਾਰੇ ਜਰਵਾਣੇ ਇਕੋਂ ਹੀ ਨੀਤੀ ਨਾਲ ਕੰਮ ਕਰਦੇ ਹਨ। ਜੂਨ 84 ਨੇ ਭਾਰਤ ਦੀ ਆਜ਼ਾਦੀ ਅਤੇ ਰੱਖਿਆ ਲਈ ਸਿੱਖਾਂ ਦੀਆਂ 80 ਪ੍ਰਤੀਸ਼ਤ ਕੁਰਬਾਨੀਆਂ ਅਤੇ ਹਿੰਦੂ ਸਿੱਖ ਨਹੁੰ-ਮਾਸ ਦੇ ਰਿਸ਼ਤੇ ਦਾ ਸਾਡਾ ਭਰਮ ਤੋੜ ਦਿੱਤਾ ਹੈ। ਸਾਨੂੰ ਬਹੁ-ਗਿਣਤੀ ਲੋਕਾਂ ਦੀ ਵਿਚਾਰਧਾਰਾ ਨੂੰ ਸਮਝਣਾ ਪਵੇਗਾ। ਇਹ ਲੋਕ ਸੱਤਾ ਵਿਚ ਆ ਕੇ ਜ਼ੁਲਮ ਕਰਦੇ ਹਨ ਇਸ ਦੇ ਉਲਟ ਸਿੱਖ ਸੱਤਾ ਵਿਚ ਆ ਕੇ ਕੁਰੱਪਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਵਿੱਚ ਕਾਂਗਰਸ, ਬੀ.ਜੇ.ਪੀ, ਸ਼ਿਵ ਸੈਨਾ ਜਿਹੀਆਂ ਪਾਰਟੀਆਂ ਦਾ ਘੱਟ-ਗਿਣਤੀਆਂ ਦੇ ਖ਼ਿਲਾਫ਼ ਇਕੋ ਜਿਹਾ ਏਜੰਡਾ ਹੈ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਇਕ ਰਾਸ਼ਟਰ ਨਾਲ ਜੋੜਨਾ ਹੈ। ਨੇਸ਼ਨ ਸਟੇਟ ਦਾ ਟੀਚਾ ਘੱਟ-ਗਿਣਤੀਆਂ ਦੀ ਬਲੀ ਮੰਗਦਾ ਹੈ ਜਦੋਂ ਵੀ ਕੋਈ ਵੱਡਾ ਅਪਰਾਧ ਕਰਨਾ ਹੋਵੇ ਤਾਂ ਦੇਸ਼ ਦੀ ਏਕਤਾ ਦਾ ਵਾਸਤਾ ਪਾਇਆ ਜਾਂਦਾ ਹੈ।
ਅਜਮੇਰ ਸਿੰਘ ਨੇ ਆਪਣੇ ਭਾਸ਼ਨ ਦੌਰਾਨ ਵਿਚ ਦੱਸਿਆ ਕਿ ਮਰ ਚੁੱਕੀਆਂ ਜ਼ਮੀਰਾਂ ਨੂੰ ਕਿਸ ਤਰ੍ਹਾਂ ਜਗਾਇਆ ਜਾ ਸਕਦਾ ਹੈ। ਅੱਜ ਸਾਡੀ ਕੌਮ ਨਗਰ ਕੀਰਤਨਾਂ, ਲੰਗਰਾਂ ਅਤੇ ਹੋਰ ਝੂਠੇ ਅਡੰਬਰਾਂ ਦੇ ਕਰਮ ਕਾਡਾਂ ਵਿਚ ਫਸ ਕੇ ਅਕਾਲ ਪੁਰਖ ਦੇ ਰੂਹਾਨੀ ਜਜ਼ਬੇ ਤੋਂ ਸੱਖਣੀ ਖਾਲ੍ਹੀ ਢੋਲ ਵਜਾ ਰਹੀ ਹੈ। ਸੋ ਸਾਨੂੰ ਗੁਰੂ ਸਾਹਿਬ ਦੀ ਅਸਲ ਵਿਚਾਰਧਾਰਾ ਨੂੰ ਸਮਝ ਕੇ ਅਸਲ ਜੀਵਨ ਮਨੋਰਥ ਵੱਲ ਵੱਧਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਬਹੁ ਗਿਣਤੀ ਦਾ ਏਜੰਡਾ ਸਮਝਣਾ ਪਵੇਗਾ ਅਤੇ ਨਾਲ ਹੀ ਸਿੱਖੀ ਦੇ ਵਿਚਾਰਾਂ ਅਤੇ ਮਰ ਚੁੱਕੀਆਂ ਜ਼ਮੀਰਾਂ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਮੁੜ ਜਗਾਉਣਾ ਪਵੇਗਾ।
ਅਖੀਰ ਵਿੱਚ ਸਮਾਗਮ ਦੇ ਚੌਥੇ ਬੁਲਾਰੇ ਮੁੱਖ ਮਹਿਮਾਨ ਡਾ.ਜਸਪਾਲ ਸਿੰਘ ਨੇ ਬਹੁਤ ਸੀਮਤ ਸਮੇਂ ਵਿੱਚ ਕਿਹਾ ਕਿ ਬਟਵਾਰਾ 47, ਜੂਨ 84 ਨਵੰਬਰ 84 ਅਤੇ ਗੁਜਰਾਤ 2002 ਵਿੱਚ ਹੋਏ ਕਤਲੇਆਮ ਦੇ ਇਤਿਹਾਸ ਨੂੰ ਸਾਂਭਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਆਪਣੇ ਨਾਲ ਹੋਏ ਵਿਤਕਰਿਆਂ ਤੋਂ ਸੇਧ ਲੈ ਕੇ ਅੱਗੇ ਵੱਧ ਸਕਣ। ਉਨ੍ਹਾਂ ਕਿਹਾ ਕਿ ਇਹ ਤਰਾਸਦੀ ਹੈ ਕਿ ਸਿੱਖਾਂ ਦਾ ਇਤਿਹਾਸ ਸਹੀ ਤਰੀਕੇ ਸੰਭਾਲਿਆ ਨਹੀਂ ਗਿਆ ਤੇ ਇਸੇ ਤਰਾਂ ਹੀ ’84 ਦਾ ਸਮੁੱਚਾ ਕਤਲੇਆਮ ਵੀ ਰਿਕਾਰਡ ਨਹੀਂ ਹੋਇਆ। ਹੁਣ ਵੀ ਸਮਾਂ ਹੈ ਕਿ ਇਸ ਨੂੰ ਸੰਭਾਲਿਆ ਜਾਵੇ।
ਉਨ੍ਹਾਂ ਨੇ ਬਹੁ-ਗਿਣਤੀ ਵਾਲਿਆਂ ਵਲੋਂ ਕੀਤੇ ਜ਼ੁਲਮਾਂ ਸਬੰਧੀ ਆਪਣੇ ਨਾਲ ਹੱਡ ਬੀਤੀ ਸਾਂਝੀ ਕਰਦਿਆਂ ਦੋ ਭਾਵਕ ਕਵਿਤਾਵਾਂ ਵੀ ਸੁਣਾਈਆਂ ਜਿਸ ਨਾਲ ਸਰੋਤਿਆਂ ਦੀਆਂ ਅੱਖਾਂ ਨਮ ਹੋ ਗਈਆਂ।
ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਨਵੰਬਰ 84 ਦਿੱਲੀ ਵਿੱਚ ਉਹ ਲੋਕ ਦੰਗਾਈ ਗੁੰਡਿਆਂ ਦੀ ਅਗਵਾਈ ਕਰਦੇ ਦੇਖੇ ਗਏ, ਜਿਨ੍ਹਾਂ ਨੂੰ ਅਸੀਂ ਜਾਣਦੇ ਸੀ। ਉਨ੍ਹਾਂ ਲੋਕਾਂ ਨੇ ਦੋਵੇਂ ਪਾਸੇ ਦੋਗਲਾ ਰੋਲ ਨਿਭਾਇਆਂ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿਚ ਅਕਾਦਮਿਕ ਤੌਰ ‘ਤੇ ਹੋਈਆਂ ਜ਼ਿਆਦਤੀਆਂ ਬਾਰੇ ਵੱਧ ਤੋਂ ਵੱਧ ਇਤਿਹਾਸ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗੇ।
ਅਖੀਰ ਵਿੱਚ ਗੁਰਨਾਮ ਸਿੰਘ ਸਿੱਧੂ ਵੱਲੋਂ ਆਏ ਹੋਏ ਬੁਲਾਰਿਆਂ, ਪ੍ਰਬੰਧਕਾਂ ਅਤੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਾਰੇ ਪ੍ਰਬੰਧਾਂ ਲਈ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਦਾ ਉੱਚੇਚਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਵਿਚ ਪੂਰੀ ਮਦਦ ਕੀਤੀ।