ਬਰਤਾਨੀਆ : ਪ੍ਰਾਇਮਰੀ ਸਕੂਲ ਦੇ ਪੰਜਾਬੀ ਲੜਕੇ ਨੂੰ ਕੜਾ ਪਾਉਣ ਤੋਂ ਰੋਕਿਆ

0
487

sikh-larke-nu-kara-paun-ton-rokea
ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਦੇ ਟਿਪਟਨ ਵਿਚ ਸਮਰ ਹਿੱਲ ਪ੍ਰਾਇਮਰੀ ਸਕੂਲ ਦੇ 8 ਸਾਲਾ ਸਿੱਖ ਲੜਕੇ ਕਾਦੇਨ ਸਿੰਘ ਨੂੰ ਸਕੂਲ ਵਲੋਂ ਕੜਾ ਪਹਿਨਣ ਤੋਂ ਰੋਕਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜੇ ਉਹ ਕੜਾ ਨਹੀਂ ਉਤਾਰਦਾ ਤਾਂ ਉਸ ਨੂੰ ਸਕੂਲ ਵਿਚੋਂ ਕੱਢ ਦਿੱਤਾ ਜਾਵੇਗਾ। ਕਾਦੇਨ ਆਪਣੇ ਮਾਪਿਆਂ ਨਾਲ ਇਸ ਇਲਾਕੇ ਵਿਚ ਨਵਾਂ ਆਇਆ ਹੈ ਅਤੇ ਉਸ ਨਾਲ ਪਹਿਲਾਂ ਕਦੇ ਵੀ ਕਿਸੇ ਸਕੂਲ ਵਿਚ ਅਜਿਹਾ ਨਹੀਂ ਵਾਪਰਿਆ। ਕਾਦੇਨ ਦੇ ਪਿਤਾ 29 ਸਾਲਾ ਸੂਨੇ ਨੇ ਕਿਹਾ ਕਿ ਉਹ ਇਸ ਦੇ ਖ਼ਿਲਾਫ਼ ਸੰਘਰਸ਼ ਕਰੇਗਾ। ਉਨ੍ਹਾਂ ਕਿਹਾ ਕਿ ਉਹ ਲਗਪਗ 30 ਸਾਲ ਦਾ ਹੋ ਗਿਆ ਹੈ ਉਸ ਨਾਲ ਕਦੇ ਵੀ ਅਜਿਹਾ ਨਹੀਂ ਵਾਪਰਿਆ ਅਤੇ ਨਾ ਹੀ ਉਸ ਦੇ ਬੇਟੇ ਨਾਲ ਕਿਸੇ ਸਕੂਲ ਵਿਚ ਅਜਿਹੀ ਕੋਈ ਮੁਸ਼ਕਲ ਆਈ ਹੈ। ਇਕ ਅਧਿਆਪਕ ਉਸ ਨੂੰ ਕੜਾ ਉਤਾਰਨ ਲਈ ਮਜਬੂਰ ਨਹੀਂ ਕਰ ਸਕਦਾ, ਮੈਂ ਆਪਣੇ ਬੇਟੇ ਨੂੰ ਕਿਹਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਕਹਿ ਦੇਣਾ ਉਹ ਉਤਾਰ ਨਹੀਂ ਸਕਦਾ। ਸੂਨੇ ਨੇ ਕਿਹਾ ਕਿ ਕਾਦੇਨ ਇਹ ਕੜਾ ਸਿਰਫ਼ ਧਾਰਮਿਕ ਤੌਰ ‘ਤੇ ਪਹਿਨਦਾ ਹੈ ਨਾ ਕਿ ਕਿਸੇ ਫੈਸ਼ਨ ਲਈ। ਸਮਰਹਿੱਲ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਕੈਰੀ ਰੌਚੈਸਟਰ ਨੇ ਕਿਹਾ ਕਿ ਸਾਡੇ ਸਕੂਲ ਦੇ ਵਰਦੀ ਨਿਯਮ ਅਨੁਸਾਰ ਬੱਚਿਆਂ ਨੂੰ ਗਹਿਣੇ ਪਹਿਨਣ ਦੀ ਆਗਿਆ ਨਹੀਂ ਹੈ। ਸਿਰਫ਼ ਜਿਨ੍ਹਾਂ ਬੱਚਿਆਂ ਦੇ ਕੰਨ ਵਿੰਨ੍ਹੇ ਹੋਏ ਹਨ ਉਹ ਕੰਨਾਂ ਵਿਚ ਸਟੱਡ ਪਾ ਸਕਦੇ ਹਨ। ਕਾਦੇਨ ਦੇ ਮਾਪਿਆਂ ਨੇ ਸਤੰਬਰ ਵਿਚ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਸਕੂਲ ਦੇ ਇਨ੍ਹਾਂ ਨਿਯਮਾਂ ਨੂੰ ਲਿਖਤੀ ਰੂਪ ਵਿਚ ਸਵੀਕਾਰਿਆ ਹੈ ਪਰ ਇਹ ਇਕ ਧਾਰਮਿਕ ਮੁੱਦਾ ਹੋਣ ਕਰਕੇ ਅਸੀਂ ਕੇਦਾਨ ਦੇ ਮਾਪਿਆਂ ਨਾਲ ਦੁਬਾਰਾ ਮੁਲਾਕਾਤ ਕਰ ਰਹੇ ਹਾਂ। ਦੂਜੇ ਪਾਸੇ ਸਿੱਖ ਫੈਡਰੇਸ਼ਨ ਯੂ. ਕੇ. ਨੇ ਕਿਹਾ ਹੈ ਕਿ ਕੜਾ ਕੋਈ ਗਹਿਣਾ ਨਹੀਂ ਹੈ ਇਹ ਸਿੱਖ ਧਰਮ ਦੀ ਨਿਸ਼ਾਨੀ ਹੈ ਜਿਸ ਨੂੰ ਹਰ ਸਿੱਖ ਪਹਿਨਦਾ ਹੈ। ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਕੜਾ ਸਿੱਖੀ ਦੀ ਅਜਿਹੀ ਪਹਿਚਾਣ ਹੈ ਜਿਸ ਨੂੰ ਅੰਮ੍ਰਿਤਧਾਰੀ ਅਤੇ ਗ਼ੈਰ-ਅੰਮ੍ਰਿਤਧਾਰੀ ਵੀ ਬੜੇ ਮਾਣ ਨਾਲ ਪਹਿਨਦੇ ਹਨ।