ਬਰਤਾਨੀਆ : ਗੁਰੂ ਘਰ ‘ਚ ਸ਼ਰਾਬ ਤੋਂ ਟੈਕਸ ਹਟਾਉਣ ਸਬੰਧੀ ਦਿੱਤੇ ਬਿਆਨ ਕਾਰਨ ਫਸੇ ਵਿਦੇਸ਼ ਮੰਤਰੀ

0
41

sharab-tax
ਲੰਡਨ/ਬਿਊਰੋ ਨਿਊਜ਼ :
ਇੰਗਲੈਂਡ ਦੇ ਸ਼ਹਿਰ ਬ੍ਰੈਸਟਲ ਦੇ ਗੁਰਦੁਆਰਾ ਸਾਹਿਬ ਵਿਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਮੌਕੇ ਬਰਤਾਨੀਆ ਦੇ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭਾਰਤ ਅਤੇ ਬਰਤਾਨੀਆ ਦੇ ਵਪਾਰਕ ਸਬੰਧਾਂ ਦੀ ਗੱਲ ਕਰਦਿਆਂ ਹਵਾਈ ਅੱਡਿਆਂ ‘ਤੇ ਸ਼ਰਾਬ ‘ਤੇ ਲੱਗਣ ਵਾਲੀ ਡਿਊਟੀ ਦੀ ਗੱਲ ਕਰਕੇ ਨਵਾਂ ਵਿਵਾਦ ਛੇੜ ਲਿਆ ਹੈ। ਵਿਦੇਸ਼ ਮੰਤਰੀ ਨੇ ਜਿਉਂ ਹੀ ਸ਼ਰਾਬ ਬਾਰੇ ਸ਼ਬਦ ਬੋਲੇ ਤਾਂ ਇੱਕ ਬੀਬੀ ਬਲਵੀਰ ਕੌਰ ਨੇ ਇਤਰਾਜ਼ ਕਰਦਿਆਂ ਕਿਹਾ ਕਿ ਗੁਰੂ ਘਰ ਵਿੱਚ ਸ਼ਰਾਬ ਬਾਰੇ ਇਸ ਤਰ੍ਹਾਂ ਬਿਆਨ ਬਾਜ਼ੀ ਕਰਨਾ ਗਲਤ ਹੈ। ਬੀਬੀ ਨੇ ਸਪਸ਼ਟ ਕੀਤਾ ਕਿ ਸਿੱਖ ਧਰਮ ਵਿੱਚ ਸ਼ਰਾਬ ਪੀਣ ਦੀ ਮਨਾਹੀ ਹੈ। ਸਿੱਖ ਧਰਮ ਨੂੰ ਮੰਨਣ ਵਾਲੇ ਬਹੁਤ ਲੋਕ ਸ਼ਰਾਬ ਨਹੀਂ ਪੀਂਦੇ। ਬੀਬੀ ਨੇ ਕਿਹਾ, ‘ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਥੇ ਸ਼ਰਾਬ ਨੂੰ ਉਤਸ਼ਾਹਿਤ ਕਰਨਾ ਗਲਤ ਹੈ।’ ਭਾਰਤ ਨਾਲ ਮੁਕਤ ਵਪਾਰ ਵਧਾਉਣ ਲਈ ਨੀਤੀਆਂ ਵਿੱਚ ਸ਼ਰਾਬ ਵੀ ਸ਼ਾਮਲ ਹੈ। ਬੀਬੀ ਨੇ ਕਿਹਾ ਕਿ ਸ਼ਰਾਬ ਦੀ ਸਮੱਸਿਆ ਤਾਂ ਉੱਥੇ ਪਹਿਲਾਂ ਹੀ ਬਹੁਤ ਹੈ, ਸਾਨੂੰ ਅਜਿਹੀ ਸਰਕਾਰ ਦੀ ਲੋੜ ਨਹੀਂ ਜੋ ਭਾਰਤ ਵਿੱਚ ਹੋਰ ਸ਼ਰਾਬ ਭੇਜਣ ਲਈ ਕਾਹਲੀ ਕਰ ਰਹੀ ਹੋਵੇ। ਵਿਦੇਸ਼ ਮੰਤਰੀ ਨੇ ਇਹ ਤਾਂ ਕਿਹਾ ਕਿ ਚੰਗਾ ਹੋਇਆ ਤੁਸੀਂ ਮੈਨੂੰ ਇਸ ਤੋਂ ਜਾਣੂ ਕਰਵਾਇਆ, ਪਰ ਉਨ੍ਹਾਂ ਨੇ ਸ਼ਰਾਬ ਬਾਰੇ ਦਿੱਤੇ ਬਿਆਨ ਲਈ ਮੁਆਫ਼ੀ ਮੰਗ ਲਈ ਸੀ। ਸਿੱਖ ਭਾਈਚਾਰੇ ਵੱਲੋਂ ਬਾਅਦ ਵਿੱਚ ਸਾਕਾ ਨੀਲਾ ਤਾਰਾ ਵਿੱਚ ਬਰਤਾਨੀਆ ਦੀ ਭੂਮਿਕਾ ਬਾਰੇ ਕੀਤੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਹੁਣ ਬੰਦ ਹੋ ਚੁੱਕਾ ਹੈ। ਦੂਜੇ ਪਾਸੇ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਇਸ ਮੌਕੇ ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਪਰ ਉਨ੍ਹਾਂ ਦੀ ਇਸ ਬਿਆਨਬਾਜ਼ੀ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਵਿਦੇਸ਼ ਮੰਤਰੀ ਦੇ ਬਿਆਨ ਦੀ ਨਿਖੇਧੀ ਕਰਦਿਆਂ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ।