ਅਕਾਲੀ ਸਰਪੰਚ ਦੇ ਪਤੀ ਤੇ ਅਧਿਆਪਕ ਆਗੂ ਮਾਸਟਰ ਹਰਕੀਰਤ ਸਿੰਘ ਦਾ ਕਤਲ

0
423

sarpanch-katal
ਘਟਨਾ ਸਥਾਨ ‘ਤੇ ਜਾਂਚ ਕਰਦੀ ਹੋਏ ਐਸਪੀ ਮਾਲੇਰਕੋਟਲਾ ਰਾਜ ਕੁਮਾਰ ਤੇ ਹੋਰ ਪੁਲੀਸ ਅਧਿਕਾਰੀ।
ਸੰਦੌੜ/ਬਿਊਰੋ ਨਿਊਜ਼ :
ਥਾਣਾ ਸੰਦੌੜ ਅਧੀਨ ਪੈਂਦੇ ਮੁਬਾਰਕਪੁਰ ਚੂੰਘਾਂ ਦੀ ਮੌਜੂਦਾ ਅਕਾਲੀ ਸਰਪੰਚ ਮਨਪ੍ਰੀਤ ਕੌਰ ਦੇ ਪਤੀ ਅਤੇ ਅਧਿਆਪਕ ਆਗੂ ਮਾਸਟਰ ਹਰਕੀਰਤ ਸਿੰਘ ਚੂੰਘਾਂ ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਵਿੱਚ ਹਰਕੀਰਤ ਸਿੰਘ ਦਾ ਸਾਥੀ ਅਧਿਆਪਕ ਵੀ ਜ਼ਖ਼ਮੀ ਹੋ ਗਿਆ। ਘਟਨਾ ਦਾ ਪਤਾ ਲਗਦਿਆਂ ਹੀ ਐਸਪੀ ਮਾਲੇਰਕੋਟਲਾ ਰਾਜ ਕੁਮਾਰ, ਡੀਐੱਸਪੀ ਯੋਗੀਰਾਜ, ਥਾਣਾ ਸੰਦੌੜ ਦੇ ਮੁਖੀ ਪਵਿੱਤਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਮੌਕੇ ‘ਤੇ ਪੁੱਜ ਕੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ। ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਪਿੰਡ ਚੂੰਘਾਂ ਨਾਲ ਸਬੰਧਤ ਹਰਪ੍ਰੀਤ ਸਿੰਘ ਹੈਪੀ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।
ਥਾਣਾ ਸੰਦੌੜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਵਿਚ ਬਤੌਰ ਮੁੱਖ ਅਧਿਆਪਕ ਤਾਇਨਾਤ ਹਰਕੀਰਤ ਸਿੰਘ ਜਦੋਂ ਆਪਣੇ ਅਧਿਆਪਕ ਦੋਸਤ ਨਾਲ ਮੋਟਰਸਾਈਕਲ ‘ਤੇ ਸਕੂਲ ਜਾ ਰਿਹਾ ਸੀ ਤਾਂ ਕੁਝ ਹੀ ਦੂਰੀ ‘ਤੇ ਕਾਰ ਸਵਾਰਾਂ ਨੇ ਹਰਕੀਰਤ ਸਿੰਘ ‘ਤੇ ਅੱਧੀ ਦਰਜਨ ਦੇ ਕਰੀਬ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਉਸ ਦੇ ਸਾਥੀ ਅਧਿਆਪਕ ਨੇ ਖੇਤਾਂ ਵੱਲ ਭੱਜ ਕੇ ਆਪਣੀ ਜਾਨ ਬਚਾਈ। ਜ਼ਿਕਰਯੋਗ ਹੈ ਕਿ ਮ੍ਰਿਤਕ ਹਰਕੀਰਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਇਸ ਵੇਲੇ ਪਿੰਡ ਦੀ ਸਰਪੰਚ ਹੈ ਅਤੇ ਉਹ ਅਕਾਲੀ ਦਲ ਨਾਲ ਸਬੰਧਤ ਹੈ। ਮਾਸਟਰ ਹਰਕੀਰਤ ਸਿੰਘ ਦੇ ਪਿਤਾ ਲਾਲ ਸਿੰਘ ਨੇ ਪਿੰਡ ਨਾਲ ਸਬੰਧਤ ਕੁਝ ਵਿਅਕਤੀਆਂ ‘ਤੇ ਇਹ ਹੱਤਿਆ ਕਰਨ ਦਾ ਸ਼ੱਕ ਪ੍ਰਗਟਾਇਆ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 2013 ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਕਥਿਤ ਨਿੱਜੀ ਰੰਜ਼ਿਸ਼ ਕਾਰਨ ਇੱਕ ਲੜਾਈ ਹੋਈ ਸੀ ਜਿਸ ਵਿਚ ਉਸ ਦੇ ਪੁੱਤਰ ਹਰਕੀਰਤ ਸਿੰਘ ਨਾਲ ਕੁਝ ਵਿਅਕਤੀਆਂ ਨੇ ਮਾਰਕੁੱਟ ਕੀਤੀ ਸੀ। ਇਸ ਮਾਮਲੇ ਵਿੱਚ ਉਨ੍ਹਾਂ ਪਿੰਡ ਨਾਲ ਸਬੰਧਤ ਹਰਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਖ਼ਿਲਾਫ਼ ਥਾਣਾ ਸੰਦੌੜ ਵਿਚ 307 ਤਹਿਤ ਕੇਸ ਵੀ ਦਰਜ ਹੋਇਆ ਸੀ। ਉਕਤ ਦੋਵੇਂ ਜਣੇ ਇਸ ਸਮੇਂ ਸੈਸ਼ਨ ਕੋਰਟ ਵੱਲੋਂ ਸੁਣਾਈ ਸਜ਼ਾ ਮਗਰੋਂ ਜ਼ਮਾਨਤ ‘ਤੇ ਬਾਹਰ ਸਨ।
ਮ੍ਰਿਤਕ ਦੀ ਲੜਕੀ ਹਾਦਸੇ ‘ਚ ਜ਼ਖ਼ਮੀ :
ਮੁੱਖ ਅਧਿਆਪਕ ਹਰਕੀਰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਘਟਨਾ ਦਾ ਪਤਾ ਲੱਗਾ ਤਾਂ ਘਟਨਾ ਸਥਾਨ ਵੱਲ ਸਕੂਟਰੀ ‘ਤੇ ਆ ਰਹੀ ਉਸ ਦੀ ਲੜਕੀ ਕਰਨਪ੍ਰੀਤ ਕੌਰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਈ। ਪਿੰਡ ਫਰੀਦਪੁਰ ਖੁਰਦ ਨੇੜੇ ਇਕ ਬੱਸ ਨਾਲ ਲੜਕੀ ਦੀ ਸਕੂਟਰੀ ਟਕਰਾ ਗਈ। ਲੜਕੀ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਲਿਜਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।