ਸਰਦਾਰ ਅਜੀਤ ਸਿੰਘ: ਹਿੰਦੋਸਤਾਨ ਦੀ ਆਜ਼ਾਦੀ ਦਾ ਤੁਰਦਾ ਫਿਰਦਾ ਰਾਜਦੂਤ

0
602

sardar-ajit-singh
ਡਾ. ਗੁਰੂਮੇਲ ਸਿੱਧੂ

ਸਰਦਾਰ ਅਜੀਤ ਸਿੰਘ ਨੂੰ ਅਕਸਰ ਸ਼ਹੀਦ ਭਗਤ ਸਿੰਘ ਦਾ ਚਾਚਾ ਕਹਿ ਕੇ ਯਾਦ ਕੀਤਾ ਜਾਂਦਾ ਹੈ। ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ, ਚਾਚੇ-ਭਤੀਜੇ ਦਾ ਇਹ ਰਿਸ਼ਤਾ ਬ੍ਰਿਟਿਸ਼ ਰਾਜ ਲਈ ਬਹੁਤ ਘਾਤਿਕ ਸਾਬਿਤ ਹੋਇਆ। ਆਜ਼ਾਦੀ ਲੈਣ ਵਿਚ ਦੋਹਾਂ ਨੇ ਆਪਣੇ ਆਪਣੇ ਤੌਰ ਤੇ ਗੌਰਵਮਈ ਯੋਗਦਾਨ ਪਾਇਆ: ਇਕ ਨੇ ਜਾਨ ਦੀ ਆਹੂਤੀ ਦਿੱਤੀ ਅਤੇ ਦੂਜੇ ਨੇ ਉਮਰ ਭਰ ਦੀ ਜਲਾਵਤਨੀ ਕੱਟੀ। ਜਿਉਂਦੇ ਜੀਅ ਉਹ ਇਕ ਦੂਜੇ ਨੂੰ ਮਿਲ ਨਾ ਸਕੇ ਲੇਕਿਨ, ਭਗਤ ਸਿੰਘ ਨੂੰ ਆਪਣੇ ਚਾਚੇ ਨੂੰ ਮਿਲਣ ਦੀ ਬੜੀ ਸਿੱਕ ਰਹੀ। ਜਦ 1907 ਵਿਚ  ਭਗਤ ਸਿੰਘ ਜੰਮਿਆ ਤਾਂ ਅਜੀਤ ਸਿੰਘ ਜਲਾਵਤਨੀ ਦੇ ਰਾਹੇ ਪੈ ਚੁਕਿਆ ਸੀ। ਅਜੀਤ ਸਿੰਘ ਨੇ 22 ਕੁ ਸਾਲ ਦੀ ਉਮਰ ਵਿਚ ਇਕ ਕ੍ਰਾਂਤੀਕਾਰੀ ਗਰੁਪ ਦੀ ਨੀਂਹ ਧਰੀ ਤੇ ਭਗਤ ਸਿੰਘ ਨੇ 22 ਸਾਲ ਦੀ ਉਮਰ ਵਿਚ ਸੈਂਟਰਲ ਲੈਜਿਸਲੇਟਿਵ ਅਸੈਂਬਲੀ, ਦਿੱੱਲੀ ਵਿਚ ਬੰਬ ਸੁਟਿਆ।
ਭਗਤ ਸਿੰਘ ਨੇ ਆਪਣੇ ਚਾਚੇ ਨਾਲ ਚਿੱਠੀਆਂ ਰਾਹੀਂ ਸੰਪਰਕ ਪੈਦਾ ਕਰਨਾ ਚਾਹਿਆਂ, ਪਰ ਹੋ ਨਾ ਸਕਿਆ। ਬ੍ਰਿਟਿਸ਼ ਸਰਕਾਰ ਦੀ ਖੁਫੀਆ ਏਜੰਸੀ ਹਮੇਸ਼ਾ ਅਜੀਤ ਸਿੰਘ ਦੇ ਪਿਛੇ ਲੱਗੀ ਰਹੀ ਇਸ ਕਰਕੇ ਉਸ ਦੇ ਸਾਥੀਆਂ ਵਲੋਂ ਪਤਾ ਲੁਕੋ ਕੇ ਰੱਖਿਆ ਜਾਂਦਾ ਸੀ। ਭਾਵੇਂ ਅਜੀਤ ਸਿੰਘ ਕਦੇ ਅਮਰੀਕਾ ਨਹੀਂ ਵੜਿਆ, ਪਰ ਸਾਨ ਫਰਾਂਸਿਸਕੋ ਦੇ ਗ਼ਦਰ ਪਾਰਟੀ ਦੇ ਦਫਤਰ ਨੂੰ ਉਸ ਦੇ ਅਤੇ-ਪਤੇ ਦੀ ਹਮੇਸ਼ਾ ਜਾਣਕਾਰੀ ਹੁੰਦੀ ਸੀ। ਬਕੌਲ ਬਾਬਾ ਭਗਤ ਸਿੰਘ ਬਿਲਗਾ, ਭਗਤ ਸਿੰਘ ਨੇ ਤਿੰਨ ਖਤ ਹਿੰਦੋਸਤਾਨ ਦੇ ਕਾਂਗਰਸੀ ਲੀਡਰਾਂ ਦੇ ਕਿਰਦਾਰਾਂ ਬਾਰੇ ਅਜੀਤ ਸਿੰਘ ਨੂੰ ਲਿਖੇ ਜੋ ਗ਼ਦਰ ਪਾਰਟੀ ਦੇ ਦਫਤਰ ਰਾਹੀਂ ਅਜੀਤ ਸਿੰਘ ਨੂੰ ਬ੍ਰਾਜ਼ੀਲ ਵਿਖੇ ਪਹੁੰਚਾਏ ਗਏ। ਅਜੀਤ ਸਿੰਘ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਭਗਤ ਸਿੰਘ ਬ੍ਰਾਜ਼ੀਲ ਪਹੁੰਚ ਜਾਵੇ, ਪਰ ਹਿੰਦੋਸਤਾਨ ਦੀ ਆਜ਼ਾਦੀ ਲਈ ਵਿਢਿਆ ਕ੍ਰਾਂਤੀ ਦਾ ਕੰਮ ਛੱਡ ਕੇ ਆਉਣਾ ਮੁਸ਼ਕਲ ਸੀ। ਉਲਟਾ ਭਗਤ ਸਿੰਘ ਨੇ ਚਾਚੇ ਨੂੰ ਇਕ ਚਿੱਠੀ ਵਿਚ ਲਿਖਿਆ, ‘ਚਾਚਾ ਜੀ ਜੋ ਕੰੰਮ ਤੁਸੀਂ ਅਧੂਰਾ ਛੱਡ ਕੇ ਗਏ ਸੀ, ਉਸ ਨੂੰ ਆ ਕੇ ਪੂਰਾ ਕਰੋ।’ ਹਿੰਦੋਸਤਾਨ ‘ਚੋਂ ਜਲਾਵਤਨੀ ਵੇਲੇ ਅਜੀਤ ਸਿੰਘ ਨੇ ਪ੍ਰਣ ਲਿਆ ਸੀ ਕਿ ਜਦ ਤਕ ਉਹਦਾ ਵਤਨ ਆਜ਼ਾਦ ਨਹੀਂ ਹੋ ਜਾਂਦਾ, ਓਦੋਂ ਤਕ Àਹ ਵਾਪਸ ਨਹੀਂ ਪਰਤੇਗਾ। ਇਸ ਪ੍ਰਣ ਨੂੰ ਉਸ ਨੇ ਜੀਅ ਜਾਨ ਨਾਲ ਨਿਭਾਇਆ। ਇਹ ਬਹੁਤ ਵੱਡੀ ਕੁਰਬਾਨੀ ਸੀ। ਮੰਦੇ ਭਾਗਾਂ ਨੂੰ ਸਰਦਾਰ ਅਜੀਤ ਸਿੰਘ ਦਾ ਆਜ਼ਾਦੀ ਦੀ ਲੜਾਈ ਵਿਚ ਪਾਏ ਯੋਗਦਾਨ ਦਾ ਯੋਗ ਮੁੱਲ ਨਹੀਂ ਪਿਆ। ਇਤਿਹਾਸ ਨੇ ਉਸ ਦੀ ਘਾਲਣਾ ਨਾਲ ਪੂਰਾ ਨਿਆਂ ਨਹੀਂ ਕੀਤਾ। ਅਜੀਤ ਸਿੰਘ ਦੀ ਘਾਲਣਾ ਨੂੰ ਜੇ ਭਗਤ ਸਿੰਘ ਦੀ ਸ਼ਹੀਦੀ ਤੋਂ ਅਲਗ ਰੱੱਖ ਕੇ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਉਸ ਦਾ ਯੋਗਦਾਨ ਕਿਸੇ ਸ਼ਹੀਦ ਨਾਲੋਂ ਘੱਟ ਨਹੀਂ ਸੀ। ਇਸ ਲੇਖ ਦਾ ਇਹੋ ਮੂਲ ਮੰਤਵ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਵੀ ਪਹਿਲਾਂ ਅਜੀਤ ਸਿੰਘ ਦਾ ਪਰਿਵਾਰ ਜਾਗੀਰਦਾਰ ਸੀ। ਸਿੱਖ ਰਾਜ ਵੇਲੇ ਇਸ ਪਰਵਾਰ ਪਾਸ ਚੋਖੀ ਜਾਇਦਾਦ ਅਤੇ ਇਕ ਵੱਡੀ ਹਵੇਲੀ ਸੀ, ਜਿਸ ਨੂੰ ”ਗੜ੍ਹ ਕਲਾਂ”, ਅਰਥਾਤ ਵੱਡਾ ਕਿਲਾ ਕਹਿੰਦੇ ਸਨ। ਇਸ ਹਵੇਲੀ ਤੇ ਸਿੱਖ ਰਾਜ ਦਾ ‘ਕੌਮੀ ਝੰਡਾ’ ਲਹਿਰਾਇਆਂ ਜਾਂਦਾ ਸੀ। ਆਂਢ ਗੁਆਂਢ ਦੇ ਇਲਾਕੇ, ਖਾਸ ਕਰਕੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਲੋਕ ਹੁੰਮ-ਹੁਮਾ ਕੇ ਆਉਂਦੇ ਤੇ ਝੰਡੇ ਦੀ ਰਸਮ ਵਿਚ ਸ਼ਾਮਿਲ ਹੁੰਦੇ। ਜੋ ਰਸਦ ਜਾਂ ਚੜ੍ਹਾਵਾ ਚੜ੍ਹਦਾ, ਉਹ ਇਸੇ ਰਸਮ ਖਾਤਰ ਵਰਤਿਆ ਜਾਂਦਾ ਸੀ। ਇਸ ਹਵੇਲੀ ਦਾ ਪਿਛੋਕੜ ਬੜਾ ਦਿਲਚਸਪ ਹੈ।

ਹਵੇਲੀ ਦਾ ਪਿਛੋਕੜ
ਅਜੀਤ ਸਿੰਘ ਦੇ ਪੁਰਖੇ ਲਾਹੌਰ ਜਿਲ੍ਹੇ ਦੇ ਇਕ ਪਿੰਡ, ਨਾਰਲੀ, ਵਿਚ ਰਹਿੰਦੇ ਸਨ। ਉਥੇ ਦਾ ਇਕ ਮੱਸਫੁੱਟ ਨੌਜਵਾਨ ਮੁੰਡਾ ਆਪਣੇ ਪੁਰਖਿਆਂ ਦੀਆਂ ਅਸਥੀਆਂ (ashes) ਲੈਕੇ ਹਰਦੁਆਰ ਵਿਖੇ ਗੰਗਾ ਦਰਿਆ ਵਿਚ ਤਾਰਨ ਗਿਆ। ਓਦੋਂ ਲੋਕ ਪੈਦਲ ਜਾਂਦੇ ਸਨ; ਰਾਹ ਵਿਚ ਤਰਕਾਲਾਂ ਪੈ ਗਈਆਂ। ਉਸ ਨੇ ਇਕ ਵੱਡੀ ਸਾਰੀ ਹਵੇਲੀ ਦੇਖੀ ਤੇ ਰਾਤ ਕੱਟਣ ਲਈ ਦਰਬਾਨ ਨੂੰ ਪੁੱਛਿਆ। ਦਰਬਾਨ ਨੇ ਅੰਦਰ ਜਾ ਕੇ ਇਹ ਗੱਲ ਮਾਲਕ ਨੂੰ ਦੱਸੀ ਤਾਂ ਉਸ ਨੇ ਮੁੰਡੇ ਨੂੰ ਅੰਦਰ ਬੁਲਾ ਲਿਆ। ਉਸ ਦਾ ਸਵਾਗਤ ਵੱਡੀ ਸਾਰੀ ਬੈਠਕ ਵਿਚ ਕੀਤਾ ਜਿੱਥੇ ਮਾਲਕ ਦੀ ਬੀਵੀ ਅਤੇ ਲੜਕੀ ਵੀ ਮੌਜੂਦ ਸਨ। ਮੁੰਡੇ ਨੇ ਬੜੇ ਅਦਬ ਨਾਲ ਝੁਕ ਕੇ ਫਤੇਹ ਬੁਲਾਈ, ਪਰਿਵਾਰ ਨੇ ਵੀ ਉਸੇ ਲਹਿਜ਼ੇ ਵਿਚ ਉਸ ਦਾ ਸਵਾਗਤ ਕੀਤਾ। ਉਸ ਨੂੰ ਮਾਲਕ ਅਤੇ ਬੀਵੀ ਦੀਆਂ ਕੁਰਸੀਆਂ ਵਿਚਕਾਰ ਬਿਠਾਇਆ ਗਿਆ ਤੇ ਸਾਹਮਣੇ ਵਾਲੀ ਕੁਰਸੀ ਤੇ ਉਨ੍ਹਾਂ ਦੀ ਖ਼ੂਬਸੂਰਤ ਧੀ ਬੈਠ ਗਈ। ਮੁੰਡੇ ਦੇ ਸਫ਼ਰ ਬਾਰੇ ਗੱਲਾਂ-ਬਾਤਾਂ ਹੋਈਆਂ ਜੋ ਸ਼ਾਮ ਦੇ ਖਾਣੇ ਤਕ ਚਲਦੀਆਂ ਰਹੀਆਂ। ਵਾਰਤਾਲਾਪ ਦੌਰਾਨ ਉਨ੍ਹਾਂ ਦਾ ਤਾਲਮੇਲ ਘਰਦਿਆਂ ਵਰਗਾ ਹੋ ਗਿਆ। ਆਹਮਣੇ ਸਾਹਮਣੇ ਬੈਠੇ ਕੁੜੀ ਅਤੇ ਮੁੰਡੇ ਦੀਆਂ ਅੱਖਾਂ ਮਿਲੀਆਂ। ਖਾਣੇ ਤੋਂ ਬਾਅਦ ਮੁੰਡੇ ਨੂੰ ਸੌਣ ਵਾਲੇ ਕਮਰੇ ਵਿਚ ਛੱਡ ਕੇ ਹਵੇਲੀ ਦੇ ਤਿੰਨੋ ਜੀਅ ਉਸ ਬਾਰੇ ਦੇਰ ਤਕ ਗੱਲਾਂ ਕਰਦੇ ਰਹੇ। ਗੱਲਾਂ-ਗੱਲਾਂ ਵਿਚ ਕੁੜੀ ਨੇ ਕਿਹਾ ਕਿ ਉਹ ਕਿਸੇ ਏਦਾਂ ਦੇ ਮੁੰਡੇ ਨਾਲ ਵਿਆਹ ਕਰਾਉਣਾ ਪਸੰਦ ਕਰੇਗੀ। ਮਾਪਿਆਂ ਨੂੰ ਵੀ ਮੁੰਡਾ ਪਸੰਦ ਸੀ, ਉਹ ਵੀ ਇਹੋ ਸੋਚ ਰਹੇ ਸਨ। ਸਵੇਰੇ ਉਠੇ ਤਾਂ ਮੁੰਡੇ ਨੇ ਵਿਦਿਆ ਲੈਣ ਲਈ ਆਗਿਆ ਮੰਗੀ। ਹਵੇਲੀ ਦੇ ਮਾਲਕ ਨੇ ਪੁੱਛਿਆ, ‘ਬੇਟਾ ਤੇਰਾ ਵਿਆਹ ਹੋ ਗਿਆ?’ ਉਸ ਨੇ ਕਿਹਾ, ‘ਜੀਅ ਅਜੇ  ਨਹੀਂ।’ ਤੁਰਨ ਲੱਗਿਆਂ ਮਾਲਕ ਨੇ ਕਿਹਾ, ‘ਜੇ ਉਹ ਮੁੜਦਾ ਹੋਇਆ ਉਨ੍ਹਾਂ ਕੋਲ ਹੋ ਕੇ ਜਾਵੇ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ’। ਮੁੰਡੇ ਨੇ ਕਿਹਾ,  ‘ਜੀ ਜ਼ਰੂਰ।’ ਉਹ ਮੁੰਡਾ ਵੀ ਭਾਂਪ ਗਿਆ ਸੀ ਕਿ ਉਸ ਨੂੰ ਦੁਬਾਰਾ ਕਿਉਂ ਮਿਲਣਾ ਚਾਹੁੰਦੇ ਸਨ? ਇਸ ਖਿਆਲ ਨਾਲ ਮੁੰਡਾ ਅਸਥੀਆਂ ਪਾ ਕੇ ਛੇਤੀਂ ਵਾਪਸ ਆ ਗਿਆ। ਇਸ ਵਾਰ ਉਸ ਦਾ ਸਵਾਗਤ ਇਕ ਮੁਸਾਫ਼ਰ ਵਾਂਗ ਨਹੀਂ, ਹੋਣ ਵਾਲੇ ਦਾਮਾਦ ਵਾਂਗ ਕੀਤਾ ਗਿਆ। ਵਿਆਹ ਬਾਰੇ ਗੱਲਬਾਤ ਦੌਰਾਨ ਕੁੜੀ ਦੇ ਮਾਪਿਆਂ ਨੇ ਅਰਜ਼ ਕੀਤੀ ਕਿ, ਜੇ ਉਹ ਸ਼ਾਦੀ ਤੋਂ ਬਾਅਦ ਇਸ ਹਵੇਲੀ ਵਿਚ, ਜੁਆਈ ਵਾਂਗ ਨਹੀਂ, ਬੇਟੇ ਦੀ ਤਰ੍ਹਾਂ ਰਹੇ ਤਾਂ ਉਨ੍ਹਾਂ ਦੀ ਪੁੱਤਰ ਦੀ ਥੁੜ ਪੂਰੀ ਹੋ ਜਾਵੇਗੀ। Àਨ੍ਹਾਂ ਦਾ ਆਪਣਾ ਕੋਈ ਪੁੱਤ ਨਹੀਂ ਸੀ। ਉਸ ਮੁੰਡੇ ਨੇ ਕਿਹਾ, ‘ਜੀ ਘਰਦਿਆਂ ਤੋਂ ਇਜਾਜ਼ਤ ਤੋਂ ਵਗੈਰ  ਮੈਂ ਕੁਝ ਨਹੀਂ ਕਹਿ ਸਕਦਾ, ਪਰ ਅੰਦਰੋਂ ਮੇਜ਼ਬਾਨ  ਦੀ ਅਰਜੋਈ ਤੇ ਪਿਘਲ ਗਿਆ। ਮੁੰਡੇ ਦੇ ਮਾਂ-ਬਾਪ ਦੀ ਰਜ਼ਾਮੰਦੀ ਨਾਲ ਉਨ੍ਹਾਂ ਦਾ ਵਿਆਹ ਹੋ ਗਿਆ। ਇਕ ਪ੍ਰਕਾਰ ਨਾਲ ਉਹ ਹਵੇਲੀ ਮੁੰਡੇ ਨੂੰ ਖੱਟ (ਦਹੇਜ) ਵਿਚ ਮਿਲ ਗਈ। ਹਵੇਲੀ ਵਾਲੇ ਪਿੰਡ ਦਾ ਨਾਂ ‘ਗੜ੍ਹ ਕਲਾਂ’ ਸੀ। ਉਸ ਦਿਨ ਤੋਂ ਇਸ ਦਾ ਨਾਂ ਖੱਟ-ਗੜ੍ਹ ਕਲਾਂ ਪੈ ਗਿਆ ਜਿਸ ਨੂੰ ਹੁਣ ਖੱਟਕੜ ਕਲਾਂ ਕਹਿੰਦੇ ਹਨ।

ਮਹਾਰਾਜਾ ਰਣਜੀਤ ਸਿੰਘ ਤੇ ਅਜੀਤ ਸਿੰਘ ਦੇ ਪੁਰਖੇ
ਮਹਾਂਰਾਜਾ ਰਣਜੀਤ ਸਿੰਘ ਵੇਲੇ ਅਜੀਤ ਸਿੰਘ ਦੇ ਪੁਰਖੇ  ਸਰਕਾਰੇ ਦਰਬਾਰੇ ਮੰਨੇ ਪ੍ਰਮੰਨੇ ਸਨ। ਅਜੀਤ  ਸਿੰਘ ਦਾ ਪੜਦਾਦਾ ਸਰਦਾਰ ਫ਼ਤਿਹ ਸਿੰਘ ਮਹਾਰਾਜੇ  ਦੀ ਫੌਜ ਵਿਚ ਇਕ ਆਲ੍ਹਾ ਅਫਸਰ ਸੀ। ਉਸਨੇ ਅੰਗਰੇਜ਼ਾਂ ਵਿਰੁਧ  ਮੁਦਕੀ, ਬੱਦੋਵਾਲ, ਆਲੀਵਾਲ, ਅਤੇ ਸਭਰਾਉਂ ਦੀਆਂ ਲੜਾਈਆਂ ਵਿਚ ਭਾਗ ਲਿਆ ਸੀ। ਮਹਾਰਾਜਾ ਦੀ ਸੰਨ 1839 ਵਿਚ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਵਿਚਕਾਰ ਗੱਦੀ ਲਈ ਜੱਦੋ-ਜਹਿਦ ਸ਼ੁਰੂ ਹੋ ਗਈ। ਇਸ ਝਗੜੇ ਦਾ ਲਾਹਾ ਲੈਂਦਿਆਂ ਅੰਗਰੇਜਾਂ ਨੇ ਸੰਨ 1849 ਵਿਚ ਪੰੰਜਾਬ ਉਤੇ ਕਬਜ਼ਾ ਕਰ ਲਿਆ ਅਤੇ ਮਹਾਰਾਜਾ ਦੇ ਹਿਤੈਸ਼ੀਆਂ ਦੀਆਂ ਜਾਇਦਾਦਾਂ ਕੁਰਕ ਲਈਆਂ ਜਾਂ ਘਟਾ ਦਿਤੀਆਂ। ਅਜੀਤ ਸਿੰਘ ਦਾ ਪਰਿਵਾਰ ਵੀ ਇਸ ਮਾਰ ਹੇਠ ਆ ਗਿਆ। ਸੰਨ 1857 ਦੇ ਗ਼ਦਰ ਵੇਲੇ, ਜੋ ਮੁੱਖ ਤੌਰ ਤੇ ਪੰਜਾਬ ਤੋਂ ਬਾਹਰਲੀਆਂ ਰਿਆਸਤਾਂ ਵਲੋਂ ਵਿੱਢਿਆ ਗਿਆ ਸੀ, ਗੋਰਿਆਂ ਨੂੰ ਪੰਜਾਬੀਆਂ ਦੀ ਲੋੜ ਪਈ। ਪੰਜਾਬ ਦੇ ਗਵਰਨਰ ਨੇ ਐਲਾਨ ਕੀਤਾ ਕਿ ਜਿਹੜੇ ਪੰਜਾਬੀ ਸਾਡਾ ਸਾਥ ਦੇਣਗੇ, ਉਨ੍ਹਾਂ  ਦੀਆਂ ਜਾਇਦਾਦਾਂ, ਵਾਪਸ ਕਰ ਦਿੱਤੀਆਂ ਜਾਣਗੀਆਂ। ਸਰਦਾਰ ਸੂਰਤ ਸਿੰਘ ਮਜੀਠੀਆ (ਸਰਦਾਰ ਸੁੰਦਰ ਸਿੰਘ ਮਜੀਠੀਆ ਦਾ ਪਿਤਾ) ਨੇ ਫਤਿਹ  ਸਿੰਘ ਨੂੰ ਅੰਗਰੇਜ਼ਾਂ ਦਾ ਸਾਥ ਦੇਣ ਲਈ ਕਿਹਾ । ਫਤਿਹ ਸਿੰਘ ਨੇ ਉੱਤਰ ਦਿੰਦਿਆ ਕਿਹਾ, ”ਜਾਇਦਾਦ ਅਤੇ ਇਨਾਮ ਲੈ ਕੇ ਮੈਂ ਗ਼ੱਦਾਰ ਨਹੀਂ ਕਹਾਉਣਾ।” ਗੋਰਿਆਂ ਨੇ ਫਤਿਹ ਸਿੰਘ ਦੀ ”ਗੜ੍ਹ ਕਲਾਂ” ਵਾਲੀ ਕਿਲੇ ਵਰਗੀ ਹਵੇਲੀ ਦੀਆਂ ਕੰਧਾਂ ਢਾਅ ਕੇ ਛੋਟੀ ਕਰ ਦਿੱਤੀ।

ਫਤਿਹ ਸਿੰਘ ਦੇ ਪੁੱਤ ਸਰਦਾਰ ਅਰਜਨ ਸਿੰਘ ਦੇ ਤਿੰਨ ਪੁੱਤਰ, ਕਿਸ਼ਨ ਸਿੰਘ, ਅਜੀਤ ਸਿੰਘ ਅਤੇ ਸਵਰਨ ਸਿੰਘ, ਸਨ। ਅਜੀਤ ਸਿੰਘ ਵਿਚਕਾਰਲਾ ਸੀ ਅਤੇ ਉਸ ਦਾ ਜਨਮ 23 ਫਰਵਰੀ, 18181 ਵਿਚ ਹੋਇਆ। ਬੰਗਾ ਸਕੂਲ (ਜਿਲ੍ਹਾ ਨਵਾਂ ਸ਼ਹਿਰ) ਤੋਂ ਪ੍ਰਾਇਮਰੀ ਕਰਨ ਉਪਰੰਤ, ਸੰਨ 1889 ਵਿਚ ਜਲੰਧਰ ਦੇ ਸਾਂਈਂ ਦਾਸ ਐਂਗਲੋ ਸਕੂਲ ਤੋਂ ਦਸਵੀਂ ਕੀਤੀ। ਉਹ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਦਾਖਲਾ ਲੈਣਾ ਚਾਹੁੰਦੇ ਸਨ, ਪਰ ਪਿਤਾ ਨੇ ਬਰੇਲੀ ਦੇ ਲਾ-ਕਾਲਜ (Law 3ollege) ਵਿਚ ਪੜ੍ਹਨ ਲਈ ਦਾਖਲ ਕਰਾ ਦਿੱਤਾ। ਸਿਹਤ ਦੇ ਵਿਗੜਣ ਕਰਕੇ ਕਾਲਜ ਛੱਡਣਾ ਪਿਆ। ਇਲਾਜ ਤੋਂ ਬਾਅਦ ਡੀ.ਏ.ਵੀ. ਕਾਲਜ, ਲਾਹੌਰ ਤੋਂ ਐਫ. ਏ. ਪਾਸ ਕੀਤੀ। ਬ੍ਰਿਟਿਸ਼ ਸਰਕਾਰ ਦੀ ਨੌਕਰੀ ਕਰਨਾ ਗ਼ਨੀਮਤ ਨਾ ਸਮਝਿਆ, ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਣ  ਲਈ  ਗੋਰਿਆਂ ਨੂੰ ਉਰਦੂ, ਪੰਜਾਬੀ, ਹਿੰਦੀ ਅਤੇ ਪਰਸ਼ੀਅਨ ਪੜ੍ਹਾਉਣ ਲੱਗ ਪਿਆ। ਇਹ ਜ਼ਬਾਨਾਂ ਉਸ ਨੇ ਪਿਤਾ ਅਤੇ ਸਕੂਲ ਤੋਂ ਸਿੱਖੀਆਂ ਸਨ। ਪੜ੍ਹਾਉਣ ਪਿੱਛੇ ਅਜੀਤ ਸਿੰਘ ਦੀ ਇਨਕਲਾਬੀ ਸੋਚ ਦਾ ਢਾਸਣਾ  ਸੀ। ਉਸ ਦਾ ਮੱਤ ਸੀ ਕਿ ਅੰਗਰੇਜ਼ਾਂ ਨੂੰ ਸਮਝਣ ਲਈ ਉਨ੍ਹਾਂ ਨਾਲ ਸੰਪਰਕ ਰਖਣਾ ਜ਼ਰੂਰੀ ਸੀ। ਪੰਜਾਬੀ ਪੜ੍ਹਾਉਣ ਲਈ ਸ਼ਰਦਾ ਰਾਮ ਫਿਲੌਰੀ ਦੀ ਪੁਸਤਕ, ”ਪੰਜਾਬੀ ਬਾਤ ਚੀਤ” ਵਰਤਦਾ ਸੀ। ਯਾਦ ਰਹੇ ਕਿ ਸ਼ਰਦਾ ਰਾਮ ਫਿਲੌਰੀ, ਫਿਲੌਰ (ਜਲੰਧਰ) ਵਿਚ ਜੰਮਿਆ ਸੀ ਅਤੇ ਆਧੁਨਿਕ ਪੰਜਾਬੀ ਵਾਰਤਕ ਦਾ ਪਿਤਾਮਾ ਮੰਨਿਆਂ ਜਾਂਦਾ ਹੈ।

ਅੰਦੋਲਨ: ‘ਪਗੜੀ ਸੰਭਾਲ ਜੱਟਾ’
ਸੰਨ 1861 ਵਿਚ ਪੱਛਮੀ ਪੰਜਾਬ ਦਾ ਇਲਾਕਾ, ਜਿਸ ਨੂੰ ‘ਬਾਰ’ ਕਹਿੰਦੇ ਸਨ, ਬੇਆਬਾਦ ਪਿਆ ਸੀ। ਲੋਕ ਆਜੜੀ ਸਨ ਅਤੇ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਸਨ। ਅੰਗਰੇਜ਼ਾਂ ਨੇ ਆਪਣੇ ਹਿੱਤ ਲਈ ਇਸ ਇਲਾਕੇ ਨੂੰ ਆਬਾਦ ਕਰਨਾ ਚਾਹਿਆ। ਬਕੌਲ ਬਾਬਾ ਭਗਤ ਸਿੰਘ ਬਿਲਗਾ, ”ਇਕ ਅੰਗਰੇਜ਼ ਮਾਹਰ ਨੇ ਸਰਸਰੀ ਤੌਰ ਤੇ ਇਕ ਸਿੱਧੇ-ਸਾਦੇ ਜੱਟ ਤੋਂ ਪੁੱਛਿਆ ਕਿ, ਕੀ ਇਹ ਜ਼ਮੀਨ ਆਬਾਦ ਹੋ ਸਕਦੀ ਹੈ? ਉਸ ਨੇ ਜੁਆਬ ਦਿੱਤਾ, ‘ਦੇਖੋ ਇਥੇ ਮੱਖੀਆਂ ਨਹੀਂ ਹਨ, ਗੁੜ ਲਿਆ ਕੇ ਰੱਖ ਦਿਓ, ਮੱਖੀਆਂ ਖੁਦ-ਬ-ਖੁਦ ਆ ਜਾਣਗੀਆਂ’। ਜ਼ਮੀਨ ਹੈ, ਪਾਣੀ ਦਿਓ, ਕਿਸਾਨ ਖੁਦ-ਬਖੁਦ ਆ ਜਾਣਗੇ।” ਦੁਆਬੇ ਵਿਚ ਜ਼ਮੀਨਾਂ ਥੋੜ੍ਹੀਆਂ ਸਨ, ਏਥੋਂ ਪਿੰਡਾਂ ਦੇ ਪਿੰਡ ਬਾਰ ਵਿਚ ਜਾ ਵਸੇ। ਬੰਗਾ ਪਿੰਡ (ਜਲੰਧਰ), ਜਿੱਥੇ ਅਜੀਤ ਸਿੰਘ ਦਾ ਪਰਿਵਾਰ ਰਹਿੰਦਾ ਸੀ, ਦੇ ਕਿਸਾਨ ਵੀ ਬਾਰ ਵਿਚ ਜਾ ਵਸੇ। ਉਨ੍ਹਾਂ ਨੇ ਚੱਕ ਨੰ:105-ਬੰਗਾ ਨਾਮੀਂ ਪਿੰਡ ਵਸਾ ਲਿਆ ਜੋ ਤਹਿਸੀਲ ਜੜ੍ਹਾਂਵਾਲਾ (ਜ਼ਿਲਾ,ਲਾਇਲਪੁਰ) ਵਿਚ ਸੀ। ਉਨ੍ਹਾਂ ਨੇ ਮਿਹਨਤ ਮਸ਼ੱਕਤ ਕਰਕੇ ਜ਼ਮੀਨ ਉਪਜਾਊ ਬਣਾ ਲਈ। ਜਦ ਕਾਸ਼ਤਕਾਰੀ ਚੋਂ ਮਨਾਫਾ ਹੋਣ ਲੱਗ ਪਿਆ ਤਾਂ ਬ੍ਰਿਟਿਸ਼ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖਲ ਕਰਨ ਦੀ ਚਾਲ ਚੱਲੀ, ਮਾਲੀਆ/ਮਾਮਲਾ ਵਧਾ ਦਿੱਤਾ। ਸੰਨ 1891 ਵਿਚ ਕਾਸ਼ਤਕਾਰੀ ਦੇ ਕਾਬਿਲ ਬਣ ਚੁਕੀ ਜ਼ਮੀਨ ਦਾ ਮਾਮਲਾ 15 ਲੱਖ ਪੌਂਡ ਸੀ, ਸੰਨ 1905 ਵਿਚ ਉਹ 25 ਲੱਖ ਪਾਉਂਡ ਤੋਂ ਵੀ ਵੱਧ ਹੋ ਗਿਆ। ਸਰਕਾਰ ਨੂੰ ਫਿਰ ਵੀ ਸਬਰ ਨਾ ਅਇਆ ਤਾਂ ਕੋਲੋਨਾਈਜ਼ੇਸ਼ਨ ਬਿੱਲ (3olonisation 2ill) ਪਾਸ ਕਰ ਦਿੱਤਾ ਜਿਸ ਤਹਿਤ ਕਿਸਾਨਾਂ ਤੋਂ ਮਾਲਿਕੀ ਖੋਹ ਕੇ ਮੁਜਾਰੇ ਬਣਾਇਆ ਜਾਣ ਲੱਗਾ। ਕਿਸਾਨ ਤੋਂ ਜ਼ਮੀਨ ਨੂੰ ਵਸੀਅਤ ਕਰਨ ਜਾਂ ਵੇਚਣ ਦਾ ਹੱਕ ਵੀ ਖੋਹ ਲਿਆ ਗਿਆ। ਇਸ ਬਿੱਲ ਦੇ ਖਿਲਾਫ ਆਵਾਜ਼ ਬੁਲੰਦ ਹੋਈ ਜਿਸ ਦੀ ਵਾਗਡੋਰ ”ਭਾਰਤ ਮਾਤਾ ਸੋਸਾਇਟੀ, ਲਾਹੌਰ” ਨੇ ਆਪਣੇ ਹੱਥਾਂ ਵਿਚ ਲੈ ਲਈ। ਅੰਦੋਲਨ ਸ਼ੁਰੂ ਹੋ ਗਿਆ ਜਿਸ ਵਿਚ ਅਜੀਤ ਸਿੰਘ ਦੇ ਪਰਿਵਾਰ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਰਦਾਰ ਅਜੀਤ ਸਿੰਘ ਬਗਾਵਤ ਕਰਨ ਵਾਲਿਆਂ ਦ ਮੋਹਰੀ  ਸੀ।
ਉਨ੍ਹਾਂ ਦਿਨਾਂ ਵਿਚ ਲਾਲਾ ਲਾਜਪਤ ਰਾਏ, ਜੋ ਵਕੀਲ ਸਨ, ਬਹੁਤ ਵੱਡੇ ਬੁਲਾਰੇ ਗਿਣੇ ਜਾਂਦੇ ਸਨ। ਉਨ੍ਹਾਂ ਨੂੰ ਪ੍ਰੇਰਿਤ ਕਰਕੇ ਜਲਸਿਆਂ ਵਿਚ ਭਾਸ਼ਣ ਦੇਣ ਲਈ ਲਿਆਉਣ ਦੀ ਡਿਉਟੀ, ਅਜੀਤ ਸਿੰਘ ਦੇ ਸਿਰ ਸੀ। ਇਕ ਜਲਸਾ ਮਾਰਚ 3, 1907  ਵਿਚ ਲਾÂਲਪੁਰ ਵਿਖੇ ਹੋਇਆ ਜਿਸ ਵਿਚ ਲਾਲਾ ਜੀ ਨੇ ਭਖਵਾਂ ਭਾਸ਼ਣ ਦਿੱਤਾ। ਉਹ ਖੁਦ ਬਗਾਵਤ ਦੇ ਖਿਲਾਫ ਸਨ, ਪਰ ਅਜੀਤ ਸਿੰਘ ਧੜੱਲੇਦਾਰ ਬਗਾਵਤੀ ਰੌਂਅ ਵਿਚ ਬੋਲਿਆ। ਬੰਕੇ ਦਿਆਲ ਨੇ ਇਕ ਨਜ਼ਮ, ਪਗੜੀ ਸੰਭਾਲ ਜੱਟਾ ਪੜ੍ਹੀ । ਉਸ ਵੇਲੇ ਉਹ ”ਝੰਗ ਸਿਆਲ” ਨਾਮੀਂ ਪਰਚਾ ਕਢਦਾ ਸੀ, ਜਿਸ ਵਿਚ ਇਹ ਨਜ਼ਮ ਪਹਿਲੀ ਵਾਰ ਛਪੀ।

ਪਗੜੀ ਸੰਭਾਲ ਜੱਟਾ
ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਏ
ਹਿੰਦ ਹੈ ਤੇਰਾ ਮੰਦਰ, ਇਸ ਦਾ ਪੁਜਾਰੀ ਤੂੰ
ਝੱਲੇਂਗਾ ਕਦੋਂ ਤੀਕਣ ਆਪਣੀ ਖੁਆਰੀ ਤੂੰ
ਲੜਨੇ ਤੇ ਮਰਨੇ ਦੀ ਹੁਣ ਕਰ ਲੈ ਤਿਆਰੀ ਤੂੰ
ਮਰਨੇ ਤੋਂ ਜੀਣਾ ਭੈੜਾ, ਹੋ ਕੇ ਬੇਹਾਲ ਓਏ। ਪਗੜੀ ਸੰਭਾਲ….

ਮੰਨਦੀ ਨਾ ਗੱਲ ਅਸਾਡੀ, ਭੈੜੀ ਸਰਕਾਰ ਓਏ
ਅਸੀਂ ਕਿਉਂ ਦੇਂਦੇ ਵੀਰੋ, ਕਾਰੋਂ ਬੇਕਾਰ ਓਏ
ਤੁਸੀਂ ਕਿਉਂ ਦਬਦੇ ਵੀਰੋ, ਉਠਦੀ ਪੁਕਾਰ ਓਏ
ਹੋ ਕੇ ਇਕੱਠੇ ਸਾਰੇ, ਮਾਰੋ ਲਲਕਾਰ ਓਏ
ਤਾੜੀ ਦੋ ਹੱਥੀਂ ਵੱਜੇ, ਛਾਤੀ ਨੂੰ ਤਾਣ ਓਏ। ਪਗੜੀ ਸੰਭਾਲ …

ਫਸਲਾਂ ਨੂੰ ਖਾ ਗਏ ਕੀੜੇ, ਤਨ ‘ਤੇ ਨਹੀਂ ਤੇਰੇ ਲੀੜੇ
ਭੁੱਖਾਂ ਨੇ ਖੂਨ ਨਿਚੋੜੇ, ਰੋਂਦੇ ਨੇ ਬਾਲ ਓਏ। ਪਗੜੀ ਸੰਭਾਲ…

ਸੀਨੇ ਤੇ ਖਾਵੇਂ ਤੀਰ, ਰਾਂਝਾ ਤੂੰ ਦੇਸ਼ ਏ ਹੀਰ
ਸੰਭਲ ਕੇ ਚੱਲ ਤੂੰ ਵੀਰ, ਰਸਤੇ ਵਿਚ ਖਾਲ ਓਏ।
ਪਗੜੀ ਸੰਭਾਲ ਜੱਟਾ ਪਗੜ ਸੰਭਾਲ ਓਏ।

ਇਹ ਕਵਿਤਾ ਹਿੰਦੋਸਤਾਨ ਦੀ ਆਜ਼ਾਦੀ ਦੇ ਅੰਦੋਲਨ ਦਾ ਨਾਅਰਾ ਬਣ ਗਈ। ਲੋਕਾਂ ਵਿਚ ਐਨਾ ਜੋਸ਼ ਭਰ ਗਿਆ ਕਿ ਥਾਂ-ਥਾਂ ਤੇ ਦੰਗੇ ਸ਼ੁਰੂ ਹੋ ਗਏ। ਮਾਲੋ-ਜਾਨ ਦਾ ਨੁਕਸਾਨ ਹੋਇਆ, ਫਲਸਰੂਪ, ਬ੍ਰਿਟਿਸ਼ ਸਰਕਾਰ ਨੂੰ ਭੂਮੀ-ਕਾਨੂੰਨ ਵਾਪਸ ਲੈਣੇ ਪਏ। ਸਰਕਾਰ ਨੇ ਇਹ ਨਜ਼ਮ ਅਜੀਤ ਸਿੰਘ ਵਲੋਂ ਲਿਖੀ ਸਮਝ ਕੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਫੜੋਫੜਾਈ ਸ਼ੁਰੂ ਕਰ ਦਿੱਤੀ । ਅਜੀਤ ਸਿੰਘ ਦੇ ਵੱਡੇ ਭਰਾ ਕਿਸ਼ਨ ਸਿੰਘ (ਪਿਤਾ ਸ਼ਹੀਦ ਭਗਤ ਸਿੰਘ) ਅਤੇ ਛੋਟੇ ਭਰਾ ਸਵਰਨ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਮਾਂਡਲੇ ਦੀ ਜੇਲ੍ਹ ਵਿਚ ਕੈਦ ਕਰ ਦਿੱਤਾ। ਲੋਕ ਰੋਹ ਵਿਚ ਆ ਗਏ ਤੇ ਦੰਗੇ ਹੋਰ ਵੱਧ ਗਏ, ਫਲਸਰੂਪ ਅੰਗਰੇਜਾਂ ਨੂੰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ ਰਿਹਾਅ ਕਰਨਾ ਪਿਆ।

ਜਲਾਵਤਨੀ
ਸੰਨ 1907 ਵਿਚ ਸਾਰਦਾਰ ਅਜੀਤ ਸਿੰਘ ਦੀ ਜਲਵਤਨੀ ਸ਼ੁਰੂ ਹੋਈ ਤੇ ਉਸੇ ਸਾਲ ਭਗਤ ਸਿੰਘ ਦਾ ਜਨਮ ਹੋਇਆ।  ਜਲਾਵਤਨੀ ਦੌਰਾਨ ਉਹ ਦੁਨੀਆਂ ਦੇ ਅਨੇਕ ਮੁਲਕਾਂ ਵਿਚ ਗਿਆ। ਵੱਡੇ ਵੱਡੇ ਕ੍ਰਾਂਤੀਕਾਰੀਆਂ ਨੂੰ ਮਿਲਿਆਂ ਤੇ ਕਈ ਕ੍ਰਾਂਤੀਕਾਰੀ ਸੰਸਥਾਵਾਂ ਕਾਇਮ ਕੀਤੀਆਂ। ਉਸ ਦੀਆਂ ਵਿਦੇਸ਼ੀ ਸਰਗਰਮੀਆਂ ਦਾ ਸੰਖੇਪ ਜਿਹਾ ਵੇਰਵਾ ਹੇਠ ਦਿੱਤਾ ਜਾਂਦਾ ਹੈ।
ਅਜੀਤ ਸਿੰਘ ਮਾਂਡਲੇ ਤੋਂ ਈਰਾਨ ਗਿਆ ਤੇ ਓਥੇ ਦੇ ਕ੍ਰਾਂਤੀਕਾਰੀ, ਸਯਦ ਜ਼ਿਆਉਦੀਨ, ਨੂੰ ਮਿਲਿਆ ਜੋ ਬਾਅਦ ਵਿਚ ਈਰਾਨ ਦਾ ਪ੍ਰਧਾਨ ਮੰਤਰੀ ਬਣਿਆ। ਅਜੀਤ ਸਿੰਘ ਨਾਲ ਉਸ ਦੀ ਚੰਗੀ ਦੋਸਤੀ ਹੋ ਗਈ। ਮਗਰੋਂ ਉਸ ਨੇ ਯੂਰਪ  ਦੇ ਕਈ ਮੁਲਕਾਂ ਦਾ ਭਰਮਣ ਕੀਤਾ।

ਸਵਿਟਜ਼ਰਲੈਂਡ: ਉਸ ਵੇਲੇ ਸਵਿਟਜ਼ਰਲੈਂਡ ਦਾ ਪ੍ਰਧਾਨ ਮੰਤਰੀ ਗਿਊਸੈਪੇ ਮੋਟਾ ਸੀ ਜੋ ਕ੍ਰਾਂਤੀਕਾਰੀਆਂ ਦੀ ਮਦਦ ਕਰਦਾ ਸੀ ਜਿਨ੍ਹਾਂ ਦੇਸ਼ਾਂ ਵਿਚ ਆਜ਼ਾਦੀ ਦੀ ਜੰਗ ਲੜੀ ਜਾ ਰਹੀ ਸੀ ਉਨ੍ਹਾਂ ਦੇ ਬਹੁਤੇ ਕ੍ਰਾਂਤੀਕਤਰੀ ਏਥੇ ਪਨਾਹ ਲੈਂਦੇ ਸਨ। ਅਜੀਤ ਸਿੰਘ ਸਵਿਟਜ਼ਰਲੈਂਡ ਪਹੁੰਚ ਗਿਆ ਅਤੇ ਕਈ ਦੇਸ਼ਾਂ ਦੇ ਕ੍ਰਾਂਤੀਕਾਰੀਆਂ ਨੂੰ  ਮਿਲਿਆ ਜਿਵੇਂ:
1.ਸਦਾਰੇ ਆਸਦ (ਈਰਾਨ ਦਾ ਗ੍ਰਹਿਮੰਤਰੀ)।
2. ਗੁਪਾਲ ਕ੍ਰਿਸ਼ਨ ਗੋਖਲੇ (ਜਿਸ ਨੇ ਅਜੀਤ ਸਿੰਘ ਨੂੰ ਹਿੰਦੋਸਤਾਨ ਮੁੜਨ ਲਈ ਕਿਹਾ, ਪਰ ਉਹ ਆਜ਼ਾਦ ਭਾਰਤ ਵਿਚ ਮੁੜਨਾ ਚਾਹੁੰਦਾ ਸੀ)।
3. ਬਲਾਦੀਮੀਅਰ ਲੈਨਿਨ ਜੋ ਰੂਸੀ ਇਨਕਲਾਬੀਆਂ ਨੂੰ ਸੰਗਠਣ ਕਰਨ ਲਈ ਆਇਆ ਸੀ। ਬਾਅਦ ਵਿਚ ਰੂਸਦਾ ਪਹਿਲਾ ਪ੍ਰਧਾਨ ਬਣਿਆ।
4. ਲੀਓਨ ਟਰਾਟਸਕੀ ਜੋ ਰੂਸ ਦਾ ਮਹਾਨ ਮਾਰਕਸਵਾਦੀ ਇਨਕਲਾਬੀ ਸੀ ਅਤੇ ਲੈਨਿਨ ਦਾ ਡਟ ਕੇ ਦਮ ਭਰਦਾ  ਸੀ।
5. ਬੇਨੀਟੋ ਮਸੋਲਿਨੀ ਨੂੰ ਇਕ ਲਾਇਬਰੇਰੀ ਵਿਚ ਮਿਲਿਆ। ਉਸ ਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਬਾਅਦ ਵਿਚ ਉਹ ਇਟਲੀ ਦਾ ਪ੍ਰਧਾਨ ਮੰਤਰੀ ਬਣਿਆ ਅਤੇ ਫਾਸਿਸਟ ਵਿਚਾਰਧਾਰਾ  ਦੀ  ਸਰਕਾਰ ਕਾਇਮ ਕੀਤੀ।
6. ਲਾਲਾ ਹਰਦਿਆਲ ਜੋ ਅਮਰੀਕਾ ਵਿਚ ਗ਼ਦਰ ਲਹਿਰ ਦੀ ਨੀਂਹ ਰੱਖ ਕੇ ਆਇਆ ਸੀ । ਅੰਗਰੇਜ਼ ਸਰਕਾਰ ਚਾਹੁੰਦੀ ਸੀ ਕਿ ਅਮਰੀਕਨ  ਗੌਰਮਿੰਟ ਹਰਦਿਆਲ ਨੂੰ ਫੜ ਕੇ ਉਨ੍ਹਾਂ ਦੇ ਹਵਾਲੇ ਕਰ ਦੇਵੇ। ਇਸ ਤੋਂ ਬਚਣ ਲਈ  ਉਹ ਸਵਿਟਜ਼ਰਲੈਂਡ ਆ ਗਿਆ ਸੀ।

ਜਰਮਨੀ ਵਿਚ ਹਿਟਲਰ ਨਾਲ ਮੁਲਾਕਾਤ: ਦੂਜੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਸਰਦਾਰ ਅਜੀਤ ਸਿੰਘ ਜਰਮਨੀ ਪਹੁੰਚ ਗਏ। ਉੱਥੇ ਪਹਿਲਾਂ ਹੀ ਹਿੰਦੋਸਤਾਨ ਦੀ ਆਜ਼ਾਦੀ ਲਈ ਬਰਲਨ ਕਮੇਟੀ ਬਣਾਈ ਹੋਈ ਸੀ ਜਿਸ ਵਿਚ ਉਹ ਸ਼ਾਮਲ ਹੋ ਗਿਆ। ਉਸ ਕਮੇਟੀ ਵਿਚ ਲਾਲਾ ਹਰਦਿਆਲ, ਬਰਕਤਉੱਲ੍ਹਾ, ਮੈਡਮ ਕਾਮਾ, ਚਟੋਪਾਧਿਆਏ ਜਿਹੇ ਇਨਕਲਾਬੀ ਸ਼ਾਮਿਲ ਸਨ। ਉਸ ਵੇਲੇ ਹਿੰਦੋਸਤਾਨੀ ਫੌਜੀ ਦੇ ਭਗੌੜੇ ਜਰਮਨ ਦੇ ਕੰਨਸਟਰੇਸ਼ਨ ਕੈਂਪ ਵਿਚ ਸਨ। ਉਨ੍ਹਾਂ ਨੇ ਇੰਡੀਅਨ ਨੈਸ਼ਨਲ ਆਰਮੀ ਬਣਾਈ ਜਿਸ ਦੇ ਮੋਹਰੀ ਸੁਭਾਸ਼ ਚੰਦਰ ਬੋਸ ਸਨ। ਅਜੀਤ ਸਿੰਘ ਬੋਸ ਹੋਰਾਂ ਨੂੰ ਬਰਲਿਨ ਵਿਚ ਮਿਲਿਆ। ਉਨ੍ਹਾਂ ਦਿਨਾਂ ਵਿਚ ਬੜਾ ਪ੍ਰਾਪੇਗੰਡਾ ਸੀ ਕਿ ਜਰਮਨੀ ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਵਿਚ ਮਦਦ ਕਰੇਗਾ। ਅਜੀਤ ਸਿੰਘ ਨੇ ਹਿਟਲਰ ਤੇ ਉਸ ਦੇ ਸਾਥੀਆਂ ਨੂੰ ਮਿਲ ਕੇ ਕਿਹਾ ਕਿ ਜੰਗ ਵੇਲੇ ਭਾਰਤੀ ਫੌਜੀਆਂ ਨੂੰ ਲੜਨ ਖਾਤਰ ਕੇਵਲ ਹਿੰਦੋਸਤਾਨ ਦੀ ਹੱਦ ਉਤੇ ਹੀ ਭੇਜਿਆ ਜਾਵੇ। ਹਿਟਲਰ ਨੇ ਇਨਕਾਰ ਕਰ ਦਿੱਤਾ ਤੇ ਰੋਹ ਵਿਚ ਅਜੀਤ ਸਿੰਘ ਨੇ ਹਿਟਲਰ ਨੂੰ ਕਿਹਾ ਕਿ, ‘ਆਪਣੀ ਕਿਤਾਬ, ”ਮਾਈਨ ਕੈਂਪ”, ਚੋ ਉਹ ਫਿਕਰਾ ਕੱਢ ਦੇ ਜਿਸ ਵਿਚ ਹਿੰਦੋਸਤਾਨੀਆਂ ਨੂੰ ਘਟੀਆ ਦਰਜੇ ਦੇ ਇਨਸਾਨ ਤੇ ਚਿੱਟੀਆਂ ਕੌਮਾਂ ਦੇ ਗੁਲਾਮ ਕਿਹਾ ਗਿਆ ਹੈ।’ ਹਿਟਲਰ ਨੇ ਅਜਿਹਾ ਕਰਨ ਤੋਂ ਵੀ ਨਾਂਹ ਕਰ ਦਿੱਤੀ। ਇਸ ਗੱਲ ਤੇ ਝਗੜਾ ਹੋ ਗਿਆ ਤੇ ਅਜੀਤ ਸਿੰਘ ਜਰਮਨੀ  ਛੱਡ ਕੇ ਇਟਲੀ ਚਲਾ ਗਿਆ। ਉਸ ਵੇਲੇ ਇਟਲੀ ਦਾ ਪ੍ਰਧਾਨ ਮੰਤਰੀ ਮਸੋਲੀਨੀ ਸੀ, ਜਿਸ ਨੂੰ ਉਹ ਪਹਿਲਾਂ ਮਿਲ ਚੁਕਿਆ ਸੀ। ਮਸੋਲੀਨੀ ਨੇ ਅਜੀਤ ਸਿੰਘ ਨੂੰ ਰੋਮ ਤੋਂ ਰੇਡੀਓ ਰਾਹੀਂ ਅੰਗਰੇਜ਼ੀ ਸਰਕਾਰ ਵਿਰੁਧ ਭੰਡੀ ਪ੍ਰਚਾਰ ਕਰਨ ਦੀ ਇਜਾਜ਼ਤ ਦੇ ਦਿੱਤੀ। ਦੂਜੀ ਸੰਸਾਰ ਜੰਗ ਸ਼ੁਰੂ ਹੋ ਗਈ ਤੇ ਇਟਲ ਨੇ ਜਰਮਨੀ ਦਾ ਸਾਥ ਦਿੱਤਾ ਅਤੇ ਰੂਸ ਤੇ ਹਮਲਾ ਕਰ ਦਿੱਤਾ। ਰੂਸ ਨੂੰ ਹਿੰਦੋਸਤਾਨ ਦਾ ਹਮਾਇਤੀ ਸਮਝਿਆ ਜਾਂਦਾ ਸੀ। ਅਜੀਤ ਸਿੰਘ ਨੇ ਮਸੋਲੀਨੀ ਨੂੰ ਕਿਹਾ ਕਿ ਇੰਡੀਅਨ ਨੈਸ਼ਨਲ ਆਰਮੀ ਨੂੰ ਰੂਸ ਦੀ ਸਰਹੱਦ ਤੇ ਨਾ ਭੇਜਿਆ ਜਾਵੇ। ਉਸ ਨੇ ਅਜੀਤ ਸਿੰਘ ਦੀ ਇਹ ਗੱਲ ਮੰਨੀ ਜਾਂ ਨਹੀਂ ਇਸ ਬਾਰੇ ਕੋਈ ਉੱਘ-ਸੁੱਘ ਨਹੀਂ ਮਿਲਦੀ। ਮਸੋਲੀਨੀ ਹਾਰ ਗਿਆ ਤੇ ਅਗਲੇ ਹੁਕਮਰਾਨ ਨੇ ਅਜੀਤ ਸਿੰਘ ਨੂੰ ਕਿਹਾ ਕਿ, ਉਹ ਰੇਡੀਉ ਤੋਂ ਮਸੋਲੀਨੀ ਦੇ ਖਿਲਾਫ ਭੰਡੀ ਪ੍ਰਚਾਰ ਕਰੇ। ਅਜੀਤ ਸਿੰਘ ਨੇ ਕਿਹਾ, ‘ਮੈਂ ਉਸ ਦੇ ਵਿਰੁਧ ਨਹੀਂ, ਉਸਦੀ ਫਾਸਿਸਟ ਵਿਚਾਰਧਾਰਾ ਦੇ ਖਿਲਾਫ  ਬੋਲ ਸਕਦਾ ਹਾਂ।’

ਬਰਾਜ਼ੀਲ: ਸਰਦਾਰ ਸ਼ਅਜੀਤ ਸਿੰਘ ਦੀ ਸਿਹਤ ਖਰਾਬ ਰਹਿੰਦੀ ਸੀ, ਗ਼ਦਰੀ ਬਾਬਾ ਰਤਨ ਸਿੰਘ ਦੇ ਕਹਿਣ ਤੇ ਉਹ ਬਰਾਜ਼ੀਲ ਚਲਾ ਗਿਆ ਤੇ ਜਾ ਕੇ ਕਰਾਂਤੀਕਾਰੀ ਸੰਸਥਾ ਬਣਾਈ। ਓਥੇ ਕਈ ਸਾਲ ਪੰਜਾਬੀਆਂ ਨੂੰ ਵਸਾਉਣ ਦੇ Àੇਪਰਾਲੇ ਕਰਦਾ ਰਿਹਾ। ਉਨ੍ਹਾਂ ਦਿਨਾਂ ਵਿਚ ਪੰਜਾਬ ਦੇ ਪੁਲਸ ਸੁਪਰਡਿੰਟ, ਜੇ.ਪੀ. ਸਾਂਡਰਜ਼, ਦਾ ਕਤਲ (17 ਸਤੰਬਰ,1928) ਹੋ ਗਿਆ। ਇਹ ਕਤਲ ਭਗਤ ਸਿੰਘ ਵਲੋਂ ਲਾਲਾ ਲਾਜਪੱਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ। (ਯਾਦ ਰਹੇ, ਸਾਂਡਰਜ਼ ਦੇ ਕਤਲ ਬਾਰੇ ਲਾਹੌਰ ਪੁਲਸ ਸਟੇਸ਼ਨ ਦੀ ਰਿਪੋਰਟ ਵਿਚ ਭਗਤ ਸਿੰਘ ਦਾ ਨਾਂ ਨਹੀਂ)। ਭਗਤ ਸਿੰਘ ਨੇ ਆਪਣੇ ਚਾਚੇ ਨਾਲ ਸੰਪਰਕ ਕਰਨ ਦੀ ਬੜੀ ਕੋਸ਼ਿਸ਼ ਕੀਤੀ। ਭਗਤ ਸਿੰਘ ਦੇ ਸਕੂਲ ਵੇਲੇ ਦੇ ਇਕ ਦੋਸਤ ਦਾ ਪਿਤਾ ਗ਼ਦਰ ਪਾਰਟੀ ਦਾ ਹਿਮੈਤੀ ਸੀ। ਉਸ ਨੂੰ ਅਜੀਤ ਸਿੰਘ ਦੇ ਟਿਕਾਣੇ ਬਾਰੇ ਪਤਾ ਸੀ। ਉਸ ਨੇ ਕਿਹਾ ਕਿ ਭਗਤ ਸਿੰਘ ਆਪਣੇ ਖ਼ਤ ਸਾਨ ਫਰਾਂਸਿਸਕੋ ਦੇ ਇਕ ਗੁਪਤ ਪਤੇ ਤੇ ਭੇਜੇ, ਜਿਨ੍ਹਾਂ ਨੂੰ ਅਜੀਤ ਸਿੰਘ ਤਕ ਪਹੁੰਚਾ ਦਿੱਤਾ ਜਾਵੇਗਾ। ਇਸ ਤਰਾਂ ਅਜੀਤ ਸਿੰਘ ਨਾਲ ਭਗਤ ਸਿੰਘ ਦਾ ਖ਼ਤ ਰਾਹੀਂ ਸੰਪਰਕ ਹੋਇਆ। ਖ਼ਤਾਂ ਵਿਚ ਭਗਤ ਸਿੰਘ ਨੇ ਲਿਖਿਆ ਕਿ, ਚਾਚਾ ਅਜੀਤ ਸਿੰਘ ਵਾਪਸ ਆ ਕੇ ਆਜ਼ਾਦੀ ਦੀ ਜੰਗ ਯਾਰੀ ਰੱਖੇ। ਜਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਤਾਂ ਅਜੀਤ ਸਿੰਘ ਤੇ ਇਸ ਦਾ ਗਹਿਰਾ ਅਸਰ ਹੋਇਆ। ਉਸ ਦਾ ਹੰਦੋਸਤਾਨ ਨੂੰ ਆਜ਼ਾਦ ਕਰਾਉਣ ਦਾ ਇਰਾਦਾ ਹੋਰ ਵੀ ਦ੍ਰਿੜ ਹੋ ਗਿਆ।

ਅਰਜਨਟੀਨਾ: ਸਿਹਤ ਖਰਾਬ ਰਹਿਣ ਕਰਕੇ ਡਾਕਟਰਾਂ ਨੇ ਕਿਹਾ ਕਿ, ਅਜੀਤ ਸਿੰਘ ਨੂੰ ਕਿਸੇ ਠੰਡੀ ਥਾਂ ਤੇ ਭੇਜਿਆ ਜਾਵੇ। ਬਾਬਾ ਰਤਨ ਸਿੰਘ ਦੀ ਕੋਸ਼ਿਸ਼ ਨਾਲ ਉਹ ਅਰਜਨਟੀਨਾ ਪਹੁੰਚ ਗਿਆ। ਰਤਨ ਸਿੰਘ ਓਥੇ ਦੀ ਗ਼ਦਰ ਪਾਰਟੀ ਦਾ ਜਨਰਲ ਸੈਕਟਰੀ ਸੀ। ਦੂਜੀ ਸੰਸਾਰ ਜੰਗ ਖਤਮ ਹੋ ਗਈ ਤੇ ਜਰਮਨ ਹਾਰ ਗਿਆ। ਅਜੀਤ ਸਿੰਘ ਮੁੜ ਕੇ ਜਰਮਨ ਚਲਾ ਗਿਆ। ਬ੍ਰਿਟਿਸ਼ ਸਰਕਾਰ ਨੇ ਉਥੋਂ ਗ੍ਰਿਫਤਾਰ ਕਰਕੇ ਇੰਗਲੈਂਡ ਭੇਜ ਦਿੱਤਾ ।

ਹਿੰਦੋਸਤਾਨ ਵਾਪਸੀ:
ਹਿੰਦਸਤਾਨ ਆਜ਼ਾਦ ਹੋ ਗਿਆ, 1946 ਵਿਚ ਰਾਜਭਾਗ ਭਾਰਤੀਆਂ ਦੇ ਹਵਾਲੇ ਕੀਤਾ ਜਾਣਾ ਸੀ। ਅਜੀਤ ਸਿੰਘ ਨੂੰ ਜਰਮਨੀ ਦੀ ਜੇਲ੍ਹ ਤੋਂ ਲੰਡਨ ਲਿਆਂਦਾ ਗਿਆ ਤਾਂਕਿ ਉਸ ਨੂੰ ਹਿੰਦੋਸਤਾਨ ਭੇਜਿਆ ਜਾ ਸਕੇ। ਅਜੀਤ ਸਿੰਘ ਲਈ ਲੰਡਨ ਵਿਚ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨੇ ਗੁਰਦੁਆਰੇ ਵਿਚ ਸਵਾਗਤੀ ਮੀਟਿੰਗ ਰੱਖੀ। ਇੰਡੀਅਨ ਕੌਂਸਲ ਜਨਰਲ ਨੇ ਕਿਹਾ ਕਿ ਗੁਰਦੁਆਰੇ ਵਿਚ ਮੀਟਿੰਗ ਨਹੀਂ ਹੋ ਸਕਦੀ ਕਿਉਂਕਿ ਦੇਸ਼ ਭਗਤਾਂ ਵਿਚ ਮੁਸਲਮਾਨ ਅਤੇ ਹਿੰਦੂ ਵੀ ਹਨ। ਉਹ ਖੁਦ ਇਕ ਮੁਸਲਮਾਨ ਸੀ। ਅਜੀਤ ਸਿੰਘ ਅਤੇ ਗੁਰਦੁਆਰੇ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ। ਕੌਂਸਲ ਜਨਰਲ ਨੇ ਬਹਾਨਾ ਲਾਇਆ, ‘ਪੰਡਤ ਨਹਿਰੂ ਨਹੀਂ ਚਾਹੁੰਦੇ ਕਿ ਅਜੀਤ ਸਿੰਘ ਕੋਈ ਭਾਸ਼ਨ ਦੇਵੇ।’ ਪਤਾ ਲੱਗਿਆ ਕਿ ਪਰ ਪੰਡਤ ਜੀ ਵਲੋਂ ਅਜਿਹਾ ਕੋਈ ਸੰਦੇਸ਼ ਨਹੀਂ ਸੀ ਮਿਲਿਆ। ਅਜੀਤ ਸਿੰਘ ਨੇ ਗੁਰਦੁਆਰੇ ਵਿਚ ਭਾਸ਼ਨ ਦਿੱਤਾ। 7 ਅਗਸਤ,1947 ਨੂੰ ਹਵਾਈ ਜਹਾਜ਼ ਰਾਹੀਂ ਉਹ ਕਰਾਚੀ ਅਪੜ ਗਏ ਜਿੱਥੇ, ਹਿੰਦੋਸਤਾਨ ਦੀਆਂ ਸਾਰੀਆਂ ਪਾਰਟੀਆਂ ਨੇ ਭਰਵਾਂ ਸਵਾਗਤ ਕੀਤਾ। ਪੰਡਤ ਨਹਿਰੂ ਨੇ ਉਨ੍ਹਾਂ ਦੇ ਰਹਿਣ ਦਾ ਖਾਸ ਇੰਤਜ਼ਾਮ ਕੀਤਾ ਅਤੇ ਛੇਤੀਂ ਦਿੱਲੀ ਆ ਕੇ ਮਿਲਣ ਲਈ ਕਿਹਾ।

ਧਰਮ ਪਤਨੀ ਨਾਲ 38 ਸਾਲਾਂ ਬਾਅਦ ਮੁਲਾਕਾਤ
ਅਜੀਤ ਸਿੰਘ ਸੰਨ 1903 ਵਿਚ ਬਾਬਾ ਧਨਪਤ ਰਾਏ ਪਾਸ ਕੋਈ ਸਲਾਹ ਲੈਣ ਕਸੂਰ ਗਿਆ ਸੀ। ਬਾਬਾ ਜੀ ਸੂਫੀਵਾਦ ਵਿਚ ਯਕੀਨ ਰਖਦੇ ਸਨ। ਉਨ੍ਹਾਂ ਨੇ ਇਕ ਬੇਟੀ ਜਿਸ ਦਾ ਨਾਂ ਨਾਮੋ ਸੀ, ਗੋਦ ਲਈ ਹੋਈ ਸੀ। ਜਦ ਅਜੀਤ ਸਿੰਘ ਬਾਬਾ ਜੀ ਨਾਲ ਸਲਾਹ ਮਸ਼ਵਰਾ ਕਰ ਰਿਹਾ ਸਨ ਤਾਂ ਨਾਮੋ ਬੁਲ੍ਹੇ ਸ਼ਾਹ ਦੇ ਮੇਲੇ ਤੇ ਜਾਣ ਲਈ ਇਜਾਜ਼ਤ ਲੈਣ ਆਈ। ਜਦ ਇਜਾਜ਼ਤ ਲੈ ਕੇ ਉਹ ਮੇਲੇ ਚਲੀ ਗਈ ਤਾਂ ਬਾਬਾ ਜੀ ਨੇ ਅਜੀਤ ਸਿੰਘ ਨੂੰ ਵਿਆਹ ਬਾਰੇ ਪੁੱਛਿਆ। ਅਜੀਤ ਸਿੰਘ ਨੇ ਕਿਹਾ, ‘ਕਾਹਲੀ ਕਾਹਦੀ ਹੈ! ਬਾਬਾ ਜੀ ਨੇ ਕਿਹਾ, ‘ਕੁਦਰਤ ਦਾ ਅਸੂਲ ਹੈ ਕਿ ਇਨਸਾਨੀਅਤ ਦੇ ਵਿਕਾਸ ਲਈ ਮਰਦ-ਔਰਤ ਦਾ ਸਾਥ ਹੋਣਾ ਚਾਹੀਦਾ ਹੈ। ਨਾਮੋ ਤੇਰੇ ਸਾਥ ਲਈ ਯੋਗ ਹੈ।’ ਅਜੀਤ ਸਿੰਘ ਮੰਨ ਗਏ ਤਾਂ ਉਨ੍ਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਉਹ ਸੰਨ 1907 ਵਿਚ ਜਲਾਵਤਨ ਹੋ ਗਏ। ਹੁਣ ਉਹ 38 ਸਾਲਾਂ ਬਾਅਦ ਆਪਣੀ ਧਰਮ ਪਤਨੀ ਹਰਨਾਮ ਕੌਰ ਨੂੰ ਮਿਲ ਰਹੇ ਸਨ।

ਮੰਦੇ ਭਾਗਾਂ ਨੂੰ ਪੰਜਾਬ ਦੀ ਵੰਡ ਸ਼ੁਰੂ ਹੋ ਗਈ ਜਿਸ ਦਾ ਉਨ੍ਹਾਂ ਦੀ ਸਿਹਤ ਤੇ ਹੋਰ ਵੀ ਗਹਿਰਾ ਅਸਰ ਪਿਆ। ਉਸ ਮੁਲਕ ਦੀ ਵੰਡ ਉਹ ਕਿਵੇਂ ਦੇਖ ਸਕਦੇ ਸਨ ਜਿਸ ਦੀ ਆਜ਼ਾਦੀ ਲਈ ਸਾਰਾ ਜੀਵਨ ਅਰਪਨ ਕਰ ਦਿੱਤਾ। ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਾ ਸੌਰਿਆ। ਸਖਤ ਬੀਮਾਰ ਪੈ ਗਏ ਤੇ ਡਾਕਟਰਾਂ ਦੇ ਕਹਿਣ ਤੇ ਡਲਹੌਜ਼ੀ ਭੇਜ ਦਿੱਤਾ ਗਿਆ। ਮੁਲਕ ਦੀ ਵੰਡ ਦਾ ਦੁੱਖ ਉਨ੍ਹਾਂ ਨੂੰ ਗੁਣ ਵਾਂਗ ਖਾ ਰਿਹਾ ਸੀ। ਜਦ 15 ਅਗਸਤ, 1947 ਨੂੰ ਲਾਲ ਕਿਲੇ ਤੇ ਕੌਮੀ ਤਰੰਗਾ ਝੁਲਾਇਆ ਜਾ ਰਿਹਾ ਸੀ ਤਾਂ ਅਜੀਤ ਸਿੰਘ ਆਖਰੀ ਸਾਹ ਲੈ ਰਿਹਾ ਸੀ। ਸਵੇਰੇ 4:00 ਵਜੇ ਧਰਮਪਤਨੀ ਨੂੰ ਜਗਾਇਆ, ਹੱਥ ਜੋੜ ਕੇ ਕਿਹਾ, ‘ਮੈਂ ਭਾਰਤ ਮਾਤਾ ਦੀ ਸੇਵਾ ਕਰਦਾ ਰਿਹਾ ਤੁਹਾਡੇ ਪ੍ਰਤੀ ਬਣਦਾ ਰਿਣ ਨਾ ਚੁਕਾ ਸਕਿਆ, ਮੈਨੂੰ ਮੂਆਫ ਕਰਨਾ।’ ਭਗਤ ਸਿੰਘ ਦੇ ਭਾਣਜੇ ਸਰਦਾਰ ਜਗਮੋਹਨ ਸਿੰਘ ਅਨੁਸਾਰ, ‘ਇਹ ਕਹਿੰਦੇ ਉਨ੍ਹਾਂ ਦੇ ਦੋਵੇਂ ਹਥ ਸ੍ਰੀਮਤੀ ਹਰਨਾਮ ਕੌਰ ਦੇ ਪੈਰਾਂ ਨੂੰ ਛੂਹ ਗਏ। ਉਹ ਚੌਂਕੇ ਕੇ ਪਿੱਛੇ ਹੱਟ ਗਈ ਤੇ ਤਕੀਏ ਦੀ ਢੋਅ ਠੀਕ ਕਰਦਿਆਂ ਕਿਹਾ, ‘ਸਰਦਾਰ ਜੀ ਇਹ ਕੀ’। ਉਨ੍ਹਾਂ ਕਿਹਾ, ‘ਜੈ ਹਿੰਦ’ ਤੇ ਜੀਵਨ ਮੁਕਤ ਹੋ ਗਏ।”