ਮੁਤਵਾਜ਼ੀ ਜਥੇਦਾਰਾਂ ਨੇ 8 ਦਸੰਬਰ ਨੂੰ ਸੱਦਿਆ ਸਰਬੱਤ ਖ਼ਾਲਸਾ

0
740

2015_11largeimg11_wednesday_2015_011528924

ਤਲਵੰਡੀ ਸਾਬੋ ਵਿਖੇ ਹੋਏਗਾ ਸਰਬੱਤ ਖ਼ਾਲਸਾ
ਬਠਿੰਡਾ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਸਿੱਖ ਜਥੇਬੰਦੀਆਂ ਵੱਲੋਂ 10 ਨਵੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਸਰਬੱਤ ਖਾਲਸਾ ਨੂੰ ਸਖ਼ਤੀ ਨਾਲ ਫੇਲ੍ਹ ਕਰ ਦਿੱਤਾ ਸੀ ਪਰ ਹੁਣ ਮੁਤਵਾਜ਼ੀ ਜਥੇਦਾਰਾਂ ਨੇ 8 ਦਸੰਬਰ ਨੂੰ ਸਰਬੱਤ ਖ਼ਾਲਸਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਇਤਿਹਾਸਕ ਧਰਤੀ ‘ਤੇ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਜਥੇਦਾਰ ਭਾਈ ਧਿਆਨ ਸਿੰਘ ਮੰਡ, ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਜਾਰੀ ਬਿਆਨ ‘ਚ ਮੁੜ ਸਰਬੱਤ ਖ਼ਾਲਸਾ ਕਰਵਾਉਣ ਦਾ ਇਹ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ, ਸਿੱਖ ਜਥੇਬੰਦੀਆਂ ਦੇ ਵਿਚਾਰ ਲੈਣ ਤੇ ਡੂੰਘੀ ਵਿਚਾਰ ਤੋਂ ਬਾਅਦ ਮੁੜ ਤੋਂ ਤਲਵੰਡੀ ਸਾਬੋ ਦੀ ਧਰਤੀ ‘ਤੇ ਸਰੱਬਤ ਖ਼ਾਲਸਾ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਸਰਬੱਤ ਖ਼ਾਲਸਾ ਬਾਰੇ ਬਾਦਲਾਂ ਦੇ ਬਿਆਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਸਰਬੱਤ ਖ਼ਾਲਸਾ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਆਪਣੀਆਂ ਪ੍ਰੰਪਰਾਵਾਂ ਦੀ ਬਹਾਲੀ ਲਈ ਹੋਵੇਗਾ। ਅਸੀਂ ਹਿੰਦੂ, ਮੁਸਲਮਾਨ, ਈਸਾਈ ਭਾਈਚਾਰੇ ਦੇ ਲੋਕਾਂ ਨੂੰ ਬਤੌਰ ਦਰਸ਼ਕ ਪਹੁੰਚਣ ਦੀ ਅਪੀਲ ਕਰਦੇ ਹਾਂ। ਜਥੇਦਾਰਾਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਉਹ ਬਾਦਲਾਂ ਦੇ ਗ਼ੈਰ-ਸੰਵਿਧਾਨਕ ਹੁਕਮ ਨਾ ਮੰਨਣ।