ਭਾਰਤ ‘ਚ ਸਰਕਾਰ ਦੀ ”ਹਾਂ ਵਿਚ ਹਾਂ” ਨਾ ਮਿਲਾਉਣ ਵਾਲੇ ਪੱਤਰਕਾਰਾਂ ਲਈ ਖਤਰਾ ਵਧਿਆ

0
142

risky-jornalism_india
ਵਾਸ਼ਿੰਗਟਨ/ਬਿਊਰੋ ਨਿਊਜ਼ :
ਭਾਰਤ ਵਿਚ ਨਿਰਪੱਖ ਤੇ ਆਜ਼ਾਦਾਨਾ ਪੱਤਰਕਾਰੀ ਕਰਨਾ ਪਹਿਲਾਂ ਵੀ ਜੋਖਮ ਦਾ ਕੰਮ ਸੀ ਪਰ ਹੁਣ ਜਦ ਤੋਂ ਮੋਦੀ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਹਾਲਾਤ ਹੋਰ ਵਿਗੜ ਗਏ ਹਨ। ਇਹ ਕਹਿਣਾ ਹੈ, ਪ੍ਰੈਸ ਦੀ ਆਜ਼ਾਦੀ ਉਤੇ ਨਜ਼ਰ ਰੱਖਣ ਵਾਲੇ ਕੌਮਾਂਤਰੀ ਅਦਾਰੇ ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ (ਆਰਐਸਐਫ਼) ਦਾ। ਆਰਐਸਐਫ਼ ਨੇ ਕਿਹਾ ਹੈ ਕਿ ਭਾਰਤ ਵਿਚ ਸਰਕਾਰ ਦੀ ”ਹਾਂ ਵਿਚ ਹਾਂ” ਨਾ ਮਿਲਾਉਣ ਵਾਲੇ ਪੱਤਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਰੁਝਾਨ ‘ਖ਼ਤਰਨਾਕ ਹੱਦ’ ਤੱਕ ਵਧ ਗਿਆ ਹੈ। ਅਦਾਰੇ ਨੇ ਇਸ ਦੇ ਮੱਦੇਨਜ਼ਰ ਅਜਿਹੇ ਪੱਤਰਕਾਰਾਂ ਨੂੰ ਆਨਲਾਈਨ ਨਿਸ਼ਾਨਾ ਬਣਾਉਣ ਵਾਲੇ ਹਿੰਦੂ ਕੱਟੜਪੰਥੀਆਂ ਉਤੇ ਪਾਬੰਦੀ ਲਾਏ ਜਾਣ ਦੀ ਮੰਗ ਕੀਤੀ ਹੈ।
ਆਰਐਸਐਫ਼ ਨੇ ਕਿਹਾ ਹੈ ਕਿ ਭਾਰਤ ਵਿਚ ਆਮ ਚੋਣਾਂ ਨਜ਼ਦੀਕ ਆ ਰਹੀਆਂ ਹਨ, ਜਿਸ ਕਾਰਨ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਪੱਤਰਕਾਰ ਆਪਣੀ ਜਿਸਮਾਨੀ ਤੇ ਪੇਸ਼ੇਵਰ ਹੋਂਦ ਨੂੰ ਖ਼ਤਰੇ ਦੇ ਕਿਸੇ ਭੈਅ ਤੋਂ ਬਿਨਾਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਣ। ਆਰਐਸਐਫ਼ ਦੇ ਏਸ਼ੀਆ-ਪੈਸਿਫਿਕ ਡੈਸਕ ਦੇ ਮੁਖੀ ਡੇਨੀਅਲ ਬਾਸਟਰਡ ਨੇ ਕਿਹਾ, ”ਨਹੀਂ ਤਾਂ ਭਾਰਤੀ ਜਮਹੂਰੀਅਤ ਇਕ ਭਰਮ ਤੋਂ ਬਿਨਾਂ ਹੋਰ ਕੁਝ ਨਹੀਂ ਰਹਿ ਜਾਵੇਗੀ।” ਅਦਾਰੇ ਨੇ ਕਿਹਾ ਕਿ ਭਾਰਤ ਵਿੱਚ ਪੱਤਰਕਾਰਾਂ ਨੂੰ ਆਨਲਾਈਨ ਤੰਗ-ਪ੍ਰੇਸ਼ਾਨ ਕੀਤਾ ਜਾਣਾ ਕਤਲ ਤੱਕ ਵੀ ਪੁੱਜ ਸਕਦਾ ਹੈ, ਜਿਵੇਂ ਬੀਤੇ ਸਾਲ ਇਕ ਅਖ਼ਬਾਰ ਦੀ ਸੰਪਾਦਕ ਗੌਰੀ ਲੰਕੇਸ਼ ਨੂੰ ਕਤਲ ਕਰ ਦਿੱਤਾ ਗਿਆ ਸੀ। ਅਦਾਰੇ ਨੇ ਕਿਹਾ ਕਿ ਇਸ ਵਰਤਾਰੇ ਦੇ ਪਿੱਛੇ ਹਿੰਦੂਤਵੀ ਸੱਜੇ-ਪੱਖੀ ਤਾਕਤਾਂ ਦਾ ਹੱਥ ਹੈ।
ਆਰਐਸਐਫ਼ ਨੇ ਕਿਹਾ ਕਿ ਇਸ ਆਨਲਾਈਨ ਫ਼ੌਜ ਨੇ ਬੀਤੇ ਹਫ਼ਤੇ ਟਵਿੱਟਰ ਉਤੇ ਆਪਣੇ ਆਪ ਨੂੰ ਹੈਸ਼ਟੈਗ ਆਈਏਬੀਐਮ ਭਾਵ ‘ਇੰਡੀਆ ਅਗੇਂਸਟ ਬਾਇਸਡ ਮੀਡੀਆ’ ਰਾਹੀਂ ਪੇਸ਼ ਕੀਤਾ ਹੈ। ਸ੍ਰੀ ਬਾਸਟਰਡ ਨੇ ਕਿਹਾ, ”ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਗਰੁੱਪ ਉਤੇ ਪਾਬੰਦੀ ਲਾਈ ਜਾਵੇ, ਜਿਹੜਾ ਖੁੱਲ੍ਹੇਆਮ ਕਤਲਾਂ ਲਈ ਉਕਸਾ ਰਿਹਾ ਹੈ।”