ਪੰਜ ਸੂਬਿਆਂ ਦੇ ਨਵੇਂ ਚੁਣੇ ਵਿਧਾਇਕਾਂ ਵਿਚੋਂ 192 ‘ਅਪਰਾਧੀ’, 540 ਕਰੋੜਪਤੀ

0
554

A cashier displays the new 2000 Indian rupee banknotes inside a bank in Jammu, November 15, 2016. REUTERS/Mukesh Gupta/File photo     TPX IMAGES OF THE DAY

ਪੰਜਾਬ ਦੇ 16 ਵਿਧਾਇਕ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ
‘ਕਰੋੜਪਤੀ’ ਵਿਧਾਇਕਾਂ ਵਿੱਚ ਪੰਜਾਬ ਦਾ ਨੰਬਰ ਦੂਜਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪਿਛਲੇ ਦਿਨੀਂ ਪੰਜ ਰਾਜਾਂ ਦੀਆਂ ਹੋਈਆਂ ਚੋਣਾਂ ਦੌਰਾਨ ਚੁਣੇ 689 ਵਿਧਾਇਕਾਂ ਵਿਚੋਂ 192 ਵਿਰੁੱਧ ਅਪਰਾਧਕ ਕੇਸ ਦਰਜ ਹਨ ਜਦਕਿ 540 ਵਿਧਾਇਕ ਕਰੋੜਪਤੀ ਹਨ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਅਤੇ ਨੈਸ਼ਨਲ ਇਲੈਕਸ਼ਨ ਵਾਚ ਦੇ ਮੁਖੀ ਮੇਜਰ ਜਨਰਲ (ਸੇਵਾਮੁਕਤ) ਅਨਿਲ ਵਰਮਾ ਤੇ ਬਾਨੀ ਮੈਂਬਰ ਜਗਦੀਪ ਚੋਕਰ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਪੰਜ ਰਾਜਾਂ ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਮਣੀਪੁਰ ਅਤੇ ਗੋਆ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਜਿੱਤੇ ਕੁੱਲ 690 ਵਿਧਾਇਕਾਂ ਵਿਚੋਂ 689 ਵਿਧਾਇਕਾਂ ਦੇ ਕੀਤੇ ਵਿਸ਼ਲੇਸ਼ਣ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿਚੋਂ 28 ਫੀਸਦ (192) ਵਿਧਾਇਕਾਂ ਵਿਰੁੱਧ ਅਪਰਾਧਕ ਕੇਸ ਦਰਜ ਹਨ। ਜਿਹੜੇ 192 ਵਿਧਾਇਕਾਂ ਵਿਰੁੱਧ ਅਪਰਾਧਕ ਕੇਸ ਦਰਜ ਹਨ, ਉਨ੍ਹਾਂ ਵਿਚੋਂ 140 ਵਿਰੁੱਧ ਕਤਲ, ਇਰਾਦਾ ਕਤਲ, ਬਲਾਤਕਾਰ, ਮਹਿਲਾਵਾਂ ਨਾਲ ਸ਼ੋਸ਼ਣ ਕਰਨ ਵਰਗੇ ਕੇਸ ਦਰਜ ਹਨ। ਏਡੀਆਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਉੱਤਰ ਪ੍ਰਦੇਸ਼ ਵਿਚ ਕੁੱਲ 402 ਵਿਧਾਇਕਾਂ ਵਿਚੋਂ 143 (36 ਫੀਸਦ), ਉਤਰਾਖੰਡ ਦੇ ਕੁੱਲ 70 ਵਿਧਾਇਕਾਂ ਵਿਚੋਂ 22 (31 ਫੀਸਦ), ਗੋਆ ਦੇ ਕੁੱਲ 40 ਵਿਧਾਇਕਾਂ ਵਿਚੋਂ 9 (23 ਫੀਸਦ), ਪੰਜਾਬ ਦੇ ਕੁੱਲ 117 ਵਿਧਾਇਕਾਂ ਵਿਚੋਂ 16 (14 ਫੀਸਦ) ਅਤੇ ਮਣੀਪੁਰ ਦੇ ਕੁੱਲ 60 ਵਿਧਾਇਕਾਂ ਵਿਚੋਂ 2 (3 ਫੀਸਦ) ਵਿਧਾਇਕਾਂ ਵਿਰੁੱਧ ਅਪਰਾਧਕ ਕੇਸ ਦਰਜ ਹਨ। ਦੱਸਣਯੋਗ ਹੈ ਕਿ ਇਨ੍ਹਾਂ ਵਿਧਾਇਕਾਂ ਵੱਲੋਂ ਖੁਦ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਵਿਚ ਇਹ ਖੁਲਾਸੇ ਕੀਤੇ ਹਨ। ਹੈਰਾਨੀਜਨਕ ਅੰਕੜਿਆਂ ਅਨੁਸਾਰ ਉੱਤਰ ਪ੍ਰਦੇਸ਼ ਦੇ 117, ਪੰਜਾਬ ਦੇ 11, ਉਤਰਾਖੰਡ ਦੇ 14, ਮਣੀਪੁਰ ਦੇ 2 ਅਤੇ ਗੋਆ ਦੇ 6 ਵਿਧਾਇਕਾਂ ਵਿਰੁੱਧ ਗੰਭੀਰ ਅਪਰਾਧਕ ਕੇਸ ਦਰਜ ਹਨ। ਇਸ ਤਰ੍ਹਾਂ ਪੰਜ ਰਾਜਾਂ ਦੇ ਚੁਣੇ 20 ਫੀਸਦ ਵਿਧਾਇਕਾਂ ਵਿਰੁੱਧ ਅਜਿਹੇ ਗੰਭੀਰ ਕੇਸ ਦਰਜ ਹਨ ਜੋ ਸਾਬਤ ਹੋਣ ‘ਤੇ ਉਨ੍ਹਾਂ ਨੂੰ ਪੰਜ ਸਾਲ ਦੀ ਕੈਦ ਹੋ ਸਕਦੀ ਹੈ।

ਬਾਦਲ ਸਭ ਤੋਂ ਵੱਡੇਰੀ ਉਮਰ ਦੇ ਵਿਧਾਇਕ :
ਪੰਜ ਰਾਜਾਂ ਵਿਚੋਂ ਚੁਣੇ ਗਏ 689 ਵਿਧਾਇਕਾਂ ਵਿਚੋਂ 329 (48 ਫੀਸਦ) ਵਿਧਾਇਕਾਂ ਦੀ ਉਮਰ 25 ਤੋਂ 50 ਸਾਲ ਦਰਮਿਆਨ ਹੈ। ਇਸੇ ਤਰ੍ਹਾਂ 358 (52 ਫੀਸਦ) ਵਿਧਾਇਕਾਂ ਦੀ ਉਮਰ 51 ਤੋਂ 80 ਸਾਲਾਂ ਦਰਮਿਆਨ ਹੈ ਜਦਕਿ ਕੁੱਝ ਇਸ ਤੋਂ ਵੀ ਵੱਧ ਉਮਰ ਦੇ ਵਿਧਾਇਕ ਚੁਣੇ ਗਏ ਹਨ, ਜਿਨ੍ਹਾਂ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹਨ।

‘ਕਰੋੜਪਤੀ’ ਵਿਧਾਇਕਾਂ ਵਿੱਚ ਪੰਜਾਬ ਦਾ ਨੰਬਰ ਦੂਜਾ :
ਏਡੀਆਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜ ਰਾਜਾਂ ਦੇ ਚੁਣੇ 689 ਵਿਧਾਇਕਾਂ ਵਿਚੋਂ 540 ਭਾਵ 78 ਫੀਸਦ ਕਰੋੜਪਤੀ ਹਨ ਜਦਕਿ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਰਾਜਾਂ ਦੇ 456 (67 ਫੀਸਦ) ਵਿਧਾਇਕ ਕਰੋੜਪਤੀ ਸਨ। ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ ਦੇ ਕੁੱਲ 402 ਵਿਧਾਇਕਾਂ ਵਿਚੋਂ 322 (80 ਫੀਸਦ), ਪੰਜਾਬ ਦੇ 117 ਵਿਧਾਇਕਾਂ ਵਿਚੋਂ 95 (81 ਫੀਸਦ), ਉਤਰਾਖੰਡ ਦੇ 70 ਵਿਧਾਇਕਾਂ ਵਿਚੋਂ 51 (73 ਫੀਸਦ), ਮਣੀਪੁਰ ਦੇ 60 ਵਿਧਾਇਕਾਂ ਵਿਚੋਂ 32 (53 ਫੀਸਦ) ਅਤੇ ਗੋਆ ਦੇ 100 ਫੀਸਦ ਭਾਵ ਸਮੂਹ 40 ਵਿਧਾਇਕ ਹੀ ਕਰੋੜਪਤੀ ਹਨ। ਵਿਧਾਇਕਾਂ ਦੇ ਕਰੋੜਪਤੀਆਂ ਦੇ ਮਾਮਲੇ ਵਿਚ ਪੰਜਾਬ ਦੂਸਰੇ ਨੰਬਰ ‘ਤੇ ਆਉਂਦਾ ਹੈ। ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕਾਂ ਵਿਚ ਹੁਕਮਰਾਨ ਪਾਰਟੀ ਦੇ ਕਪੂਰਥਲਾ ਦੇ ਰਾਣਾ ਗੁਰਜੀਤ ਸਿੰਘ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 169 ਕਰੋੜ ਰੁਪਏ ਹੈ। ਪੰਜਾਬ ਦੇ ਦੂਸਰੇ ਸਭ ਤੋਂ ਅਮੀਰ ਵਿਧਾਇਕਾਂ ਵਿਚ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 102 ਕਰੋੜ ਰੁਪਏ ਹੈ। ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਮੀਰੀ ਦੇ ਮਾਮਲੇ ਵਿਚ ਤੀਸਰੇ ਨੰਬਰ ‘ਤੇ ਹਨ। ਉਨ੍ਹਾਂ ਦੀ ਜਾਇਦਾਦ 66 ਕਰੋੜ ਰੁਪਏ ਤੋਂ ਵੱਧ ਹੈ। ਵਿਧਾਇਕਾਂ ਦੇ ਕਰੋੜਪਤੀ ਹੋਣ ਦੇ ਮਾਮਲੇ ਵਿਚ ਗੋਆ ਪਹਿਲੇ ਅਤੇ ਉਤਰ ਪ੍ਰਦੇਸ਼ ਤੀਸਰੇ ਨੰਬਰ ‘ਤੇ ਹੈ।