ਸੰਤ ਢੱਡਰੀਆਂ ਵਾਲਿਆਂ ਵਲੋਂ ਸਮਾਗਮ ਰੱਦ ਕਰ ਦੇਣ ਬਾਅਦ ਮਾਹੌਲ ਸ਼ਾਂਤ

0
583

ranjit-singh-dhadrian-wala
ਤਰਨ ਤਾਰਨ/ਬਿਊਰੋ ਨਿਊਜ਼
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਇਲਾਕੇ ਦੇ ਕਸਬਾ ਚੋਹਲਾ ਸਾਹਿਬ ਵਿੱਚਂ ਕੀਤੇ ਜਾਣ ਵਾਲੇ ਤਿੰਨ ਰੋਜ਼ਾ ‘ਗੁਰੂ ਮਾਨਿਓਂ ਗ੍ਰੰਥ ਚੇਤਨਾ ਸਮਾਗਮਾਂ’ ਨੂੰ ਰੱਦ ਕੀਤੇ ਜਾਣ ‘ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਇਨ੍ਹਾਂ ਸਮਾਗਮਾਂ ਦਾ ਵਿਰੋਧ ਕਰ ਰਹੀਆਂ ਗਰਮਖਿਆਲੀ ਸਿੱਖ ਜਥੇਬੰਦੀਆਂ ਨੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।
ਦੂਜੇ ਪਾਸੇ, ਇਨ੍ਹਾਂ ਸਮਾਗਮਾਂ ਲਈ ਪ੍ਰਬੰਧ ਕਰਨ ਵਾਲੀ ਸੰਸਥਾ ਗੁਰਦੁਆਰਾ ਪਰਮੇਸ਼ਵਰ ਦਵਾਰ ਗੁਰਮਤਿ ਪ੍ਰਚਾਰ ਸੇਵਾ ਦਲ, ਚੋਹਲਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਅਤੇ ਉਨ੍ਹਾਂ ਦੇ ਕਈ ਹਮਾਇਤੀਆਂ ਨੇ ਇੱਥੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਇਹ ਸਮਾਗਮ ਰੱਦ ਕਰਨ ਲਈ ਮਜਬੂਰ ਕਰਨ ਪਿੱਛੇ ਖ਼ਾਲਿਸਤਾਨੀ ਜਥੇਬੰਦੀਆਂ ਦੇ ਨਾਲ-ਨਾਲ ਅਕਾਲ ਤਖ਼ਤ ਦੇ ਜਥੇਦਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਸਮਾਗਮਾਂ ਸਬੰਧੀ ਬੀਤੇ ਕਈ ਦਿਨਾਂ ਤੋਂ ਇਲਾਕੇ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਸੀ। ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਰਕੇ ਪ੍ਰਸ਼ਾਸਨ ਨੇ ਸਮਾਗਮ ਲਈ ਤਿੰਨ ਦਿਨਾਂ ਦੀ ਥਾਂ 26 ਅਤੇ 27 ਮਾਰਚ ਲਈ ਦੋ ਦਿਨਾਂ ਲਈ ਇਜਾਜ਼ਤ ਦਿੱਤੀ ਸੀ। ਇਹ ਸਮਾਗਮ ਐਤਵਾਰ ਸ਼ੁਰੂ ਹੋਣੇ ਸਨ। ਸਮਾਗਮ ਸਬੰਧੀ ਪ੍ਰਬੰਧ ਕਰ ਰਹੇ ਭਾਈ ਰਾਮ ਸਿੰਘ ਨੇ ਇੱਥੇ ਦੱਸਿਆ ਕਿ ਉਨ੍ਹਾਂ ਨੇ ਸੰਗਤ ਦੇ ਬੈਠਣ ਲਈ ਕਰੀਬ 100 ਏਕੜ ਜਗ੍ਹਾ ਦਾ ਪ੍ਰਬੰਧ ਕੀਤਾ ਸੀ ਅਤੇ ਰਾਸ਼ਨ ਪਾਣੀ ਸਮੇਤ ਸਾਰੇ ਬੰਦੋਬਸਤ ਕੀਤੇ ਸਨ। ਇਨ੍ਹਾਂ ਸਮਾਗਮਾਂ ਸਬੰਧੀ ਪ੍ਰਸ਼ਾਸਨ ਨੇ ਦੋਹਾਂ ਧਿਰਾਂ ਦੀਆਂ ਮੀਟਿੰਗਾਂ ਵੀ ਬੁਲਾਈਆਂ ਸਨ, ਪਰ ਦੋਵੇਂ ਧਿਰਾਂ ਆਪਸ ਵਿੱਚ ਸਹਿਮਤ ਨਹੀਂ ਹੋ ਰਹੀਆਂ ਸਨ। ਅਜੇ ਬੀਤੇ ਕੱਲ੍ਹ ਹੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਨੇ ਭਾਈ ਢੱਡਰੀਆਂ ਵਾਲੇ ਨੂੰ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਰਕੇ ਇਨ੍ਹਾਂ ਸਮਾਗਮਾਂ ਨੂੰ ਰੱਦ ਕੀਤੇ ਜਾਣ ਦੀ ਅਪੀਲ ਕੀਤੀ ਸੀ।
ਇਨ੍ਹਾਂ ਸਮਾਗਮਾਂ ਦਾ ਵਿਰੋਧ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ (ਦਮਦਮੀ ਟਕਸਾਲ), ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਸੂਬਾ ਸਿੰਘ ਰਾਮ ਰੌਣੀ, ਗਰਮਖਿਆਲੀ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਬਲਵੰਤ ਸਿੰਘ ਗੋਪਾਲਾ, ਹਰਜਿੰਦਰ ਸਿੰਘ ਪੰਜਵੜ ਅਤੇ ਯੂਨਾਈਟਿਡ ਅਕਾਲੀ ਦਲ ਦੇ ਭਾਈ ਸਤਨਾਮ ਸਿੰਘ ਮਨਾਵਾਂ ਸ਼ਾਮਲ ਸਨ। ਵਿਰੋਧ ਨੂੰ ਧਿਆਨ ਵਿੱਚ ਰਖਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਖ਼ੁਦ ਹੀ ਇਨ੍ਹਾਂ ਸਮਾਗਮਾਂ ਨੂੰ ਰੱਦ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਹੈ।

ਜਥੇਦਾਰ ਜੀ ਡੇਰਾ ਸਿਰਸਾ ਨੂੰ ਮੁਆਫ਼ੀ ਦਾ ਸੱਚ
ਵੀ ਸੰਗਤਾਂ ਨੂੰ ਦੱਸੋ-ਸੰਤ ਢੱਡਰੀਆਂ ਵਾਲੇ
ਮਾਛੀਵਾੜਾ/ਬਿਊਰੋ ਨਿਊਜ਼:
ਤਰਨ ਤਾਰਨ ਨੇੜੇ ਗੁਰਦੁਆਰਾ ਚੋਹਲਾ ਸਾਹਿਬ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਸਮਾਗਮਾਂ ਨੂੰ ਰੱਦ ਕਰਨ ਦੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦਿੱਤੇ ਮਸ਼ਵਰੇ ਤੋਂ ਬਾਅਦ ਭਾਈ ਰਣਜੀਤ ਸਿੰਘ ਨੇ ਵੀ ਜਥੇਦਾਰ ਨੂੰ ਕਈ ਤਿੱਖੇ ਸਵਾਲ ਕਰਕੇ ਜਵਾਬ ਮੰਗੇ ਹਨ। ਇਸ ਬਾਰੇ ਵੀਡੀਓ ਵਾਇਰਲ ਹੋਈ ਹੈ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਭਾਈ ਸਾਹਿਬ ਦਾ ਮਸ਼ਵਰਾ ਮੰਨ ਕੇ ਸਿੱਖ ਕੌਮ ਵਿਚਕਾਰ ਵਧ ਰਹੇ ਟਕਰਾਅ ਦੇ ਮੱਦੇਨਜ਼ਰ ਇਹ ਦੀਵਾਨ ਰੱਦ ਕਰ ਦਿੱਤੇ ਹਨ, ਪਰ ਹੁਣ ਉਹ ਵੀ ਸਲਾਹ ਦਿੰਦੇ ਹਨ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੁਆਫ਼ੀ ਦੀ ਅਸਲੀਅਤ ਲੋਕਾਂ ਸਾਹਮਣੇ ਆਉਣ ਅਤੇ ਸਿੱਖ ਕੌਮ ਵੱਲੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੂਰੀ ਤਰ੍ਹਾਂ ਨਕਾਰਨ ਦੇ ਸੰਦਰਭ ‘ਚ ਉਹ ਵੀ ਹੁਣ ਆਪਣੇ ਅਹੁਦੇ ਨੂੰ ਛੱਡ ਕੇ ਘਰ ਬੈਠਣ। ਭਾਈ ਰਣਜੀਤ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਗੁਰਮਤਿ ਪ੍ਰਚਾਰ ਦੇ ਸਮਾਗਮਾਂ ਨੂੰ ਰੋਕਣ ਲਈ ਸਾਰੀਆਂ ਧਿਰਾਂ ਇਕੱਠੀਆਂ ਹੋ ਜਾਂਦੀਆਂ ਹਨ, ਪਰ ਉਨ੍ਹਾਂ ਦੇ ਇੱਕ ਸਾਥੀ ਨੂੰ ਮਾਰ ਮੁਕਾਉਣ ਵਾਲਿਆਂ ਬਾਰੇ ਕੁਝ ਨਹੀਂ ਕਿਹਾ ਜਾਂਦਾ। ਉਨ੍ਹਾਂ ਕਿਹਾ ਕਿ ਜੋ ਸੰਪਰਦਾਵਾਂ ਸਿੱਖ ਮਰਿਆਦਾ ਦੇ ਉਲਟ ਜਾ ਕੇ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ, ਉਨ੍ਹਾਂ ਦੇ ਸਮਾਗਮਾਂ ਵਿੱਚ ਜਾ ਕੇ ਲਿਫਾਫੇ ਲੈਣ ਦੀ ਬਜਾਏ ਉਨ੍ਹਾਂ ਨੂੰ ਰੋਕਿਆ ਜਾਵੇ।
ਭਾਈ ਰਣਜੀਤ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਿੱਖ ਪੰਥ ‘ਚੋਂ ਛੇਕਣ ਲਈ ਬਹਾਨੇ ਲੱਭੇ ਜਾ ਰਹੇ ਹਨ, ਪਰ ਉਨ੍ਹਾਂ ਨੂੰ ਕੋਈ ਠੋਸ ਗੱਲ ਨਹੀਂ ਲੱਭ ਰਹੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਆਪਣਾ ਗੁਰਮਤਿ ਪ੍ਰਚਾਰ ਜਾਰੀ ਰੱਖਣਗੇ, ਸਿਰਫ਼ ਟਕਰਾਅ ਦੇ ਮੱਦੇਨਜ਼ਰ ਉਨ੍ਹਾਂ ਨੇ ਸਮਾਗਮ ਰੱਦ ਕੀਤੇ ਹਨ।