ਕਿਵੇਂ ਬੀਤ ਰਹੀ ਏ ਸੌਦਾ ਸਾਧ ਦੀ ਜੇਲ੍ਹ ‘ਚ ਜ਼ਿੰਦਗੀ

0
182

ram-rahim-baba
* ਸਾਦੀ ਰੋਟੀ ਖਾਣ ਕਾਰਨ ਬਾਬੇ ਦਾ ਘਟਿਆ ਭਾਰ, 100 ਤੋਂ 84 ਕਿਲੋ ਹੋਇਆ

* ਜੇਲ੍ਹ ‘ਚ ਕਰਦਾ ਏ ਖੇਤੀਬਾੜੀ, ਉਗਾਉਂਦਾ ਹੈ ਸਬਜ਼ੀਆਂ

* ਬਾਬੇ ਦੀ ਦਾੜ੍ਹੀ ਤੇ ਮੁੱਛਾਂ ਹੋਈਆਂ ਚਿੱਟੀਆਂ

* ਬਾਬੇ ਦੀਆਂ ਬਹੁਤ ਸਾਰੀਆਂ ਭੈਣਾਂ, ਜੇਲ੍ਹ ‘ਚ ਪੁੱਜੀਆਂ ਲੱਖਾਂ ਰੱਖੜੀਆਂ, ਕੁੱਲ ਵਜ਼ਨ ਇੱਕ ਟਨ

ਰੋਹਤਕ/ਬਿਊਰੋ ਨਿਊਜ਼ :
ਇਥੋਂ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਦਾ 20 ਕਿੱਲੋ ਭਾਰ ਘਟ ਗਿਆ ਹੈ। ਸੌਦਾ ਸਾਧ ਬਲਾਤਕਾਰ ਦੇ ਦੋਸ਼ਾਂ ਤਹਿਤ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਜੇਲ੍ਹ ਵਿੱਚ ਬਾਬੇ ਤੋਂ ਰੋਜ਼ਾਨਾ ਮਜ਼ਦੂਰੀ ਕਰਵਾਈ ਜਾ ਰਹੀ ਹੈ ਅਤੇ ਖਾਣ ਲਈ ਸਾਦੀ ਰੋਟੀ ਦਿੱਤੀ ਜਾਂਦੀ ਹੈ। ਖਾਣੇ ਵਿੱਚ ਆਮ ਤੌਰ ‘ਤੇ ਦਾਲ ਹੁੰਦੀ ਹੈ ਅਤੇ ਖਾਸ ਮੌਕਿਆਂ ‘ਤੇ ਹੀ ਖਾਣ ਲਈ ਮਿਠਾਈ ਦਿੱਤੀ ਜਾਂਦੀ ਹੈ। ਇਸ ਕਾਰਨ ਸੌਦਾ ਸਾਧ ਦਾ ਪਹਿਲਾਂ ਨਾਲੋਂ ਭਾਰ ਕਾਫ਼ੀ ਘੱਟ ਗਿਆ ਹੈ। ਜੇਲ੍ਹ ਦੇ ਵਿੱਚ ਜ਼ਮੀਨ ਨੂੰ ਵਾਹੁਣਾ, ਪੌਦਿਆਂ ਨੂੰ ਪਾਣੀ ਦੇਣਾ ਅਤੇ ਮੌਸਮੀ ਸਬਜ਼ੀਆਂ ਉਗਾਉਣਾ ਉਸ ਦਾ ਮੁੱਖ ਕੰਮ ਹੈ। ਸੌਦਾ ਸਾਧ ਦਾ ਭਾਰ ਹੁਣ 84 ਕਿੱਲੋ ਹੈ ਪਰ ਜਦੋਂ ਪੰਚਕੂਲਾ ਦੀ ਸੀਬੀਆਈ ਕੋਰਟ ਵੱਲੋਂ ਦੋਸ਼ੀ ਠਹਿਰਾਇਆ ਗਿਆ ਤਾਂ ਉਸ ਵੇਲੇ ਭਾਰ 104 ਕਿੱਲੋ ਸੀ। ਡੇਰਾ ਮੁਖੀ ਨੂੰ ਜੇਲ੍ਹ ਗਿਆਂ ਇੱਕ ਸਾਲ ਹੋ ਗਿਆ ਹੈ। ਬਾਬੇ ਦੀ ਲੰਬੀ ਕਾਲੀ ਦਾੜ੍ਹੀ ਅਤੇ ਮੁੱਛਾਂ ਹੁਣ ਅੱਧੀਆਂ ਚਿੱਟੀਆਂ ਹੋ ਚੁੱਕੀਆਂ ਹਨ। ਕੈਦੀਆਂ ਨੂੰ ਸ਼ਾਮ ਦੇ ਸਮੇਂ ਇੱਕ-ਦੂਜੇ ਨਾਲ ਮਿਲਣ ਦੀ ਇਜਾਜ਼ਤ ਹੁੰਦੀ ਹੈ ਪਰ ਬਾਬਾ ਉਹ ਸਮਾਂ ਕਿਤਾਬਾਂ ਪੜ੍ਹਨ ਜਾਂ ਕਵਿਤਾਵਾਂ ਲਿਖਣ ਵਿੱਚ ਬਤੀਤ ਕਰਦਾ ਹੈ।

ਜੇਲ੍ਹ ‘ਚ ਪੁੱਜੀਆਂ ਲੱਖਾਂ ਰੱਖੜੀਆਂ : ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਸਮੇਤ ਹੋਰਨਾਂ ਸੂਬਿਆਂ ਤੋਂ ਸਪੀਡ ਪੋਸਟ, ਰਜਿਸਟਰੀ ਤੇ ਸਾਧਾਰਣ ਡਾਕ ਰਾਹੀਂ ਲੱਖਾਂ ਦੀ ਗਿਣਤੀ ਵਿੱਚ ਡੇਰਾ ਸ਼ਰਧਾਲੂਆਂ ਨੇ ਪਹਿਲਾਂ ਗ੍ਰੀਟਿੰਗ ਕਾਰਡ ਤੇ ਹੁਣ ਰੱਖੜੀਆਂ ਭੇਜੀਆਂ ਹਨ। ਉਨ੍ਹਾਂ ਦਾ ਵਜ਼ਨ ਇੱਕ ਟਨ ਦੇ ਲਗਭਗ ਹੈ।

ਬਾਬਾ ਹਾਲਾਂ ਵੀ ਨਹੀਂ ਛੱਡਦਾ ਗੱਦੀ : ਸੌਦਾ ਸਾਧ ਪਿਛਲੇ ਇਕ ਸਾਲ ਤੋਂ ਜੇਲ੍ਹ ਵਿਚ ਬੰਦ ਹੋਣ ਦੇ ਬਾਵਜੂਦ ਅਜੇ ਤੱਕ ਆਪਣੀ ਜਗ੍ਹਾ ਦੀ ਥਾਂ ਡੇਰੇ ਦੀ ਗੱਦੀ ਕਿਸੇ ਹੋਰ ਨੂੰ ਸੌਂਪਣ ਲਈ ਤਿਆਰ ਨਹੀਂ ਹੈ। ਡੇਰਾ ਮੁਖੀ ਦੇ ਜੇਲ੍ਹ ਜਾਂਦੇ ਹੀ ਬਾਬੇ ਦੇ ਪਰਿਵਾਰਕ ਅਤੇ ਨਜ਼ਦੀਕੀ ਲੋਕ ਚਾਹੁੰਦੇ ਸਨ ਕਿ ਡੇਰਾ ਮੁਖੀ ਆਪਣੀ ਜਗ੍ਹਾ ‘ਤੇ ਡੇਰੇ ਦੀ ਗੱਦੀ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਸੌਂਪ ਦੇਣ ਤਾਂ ਜੋ ਡੇਰੇ ਦੀਆਂ ਗਤੀਵਿਧੀਆਂ ਚਲਦੀਆਂ ਰਹਿਣ ਤੇ ਲੋਕਾਂ ਦਾ ਡੇਰੇ ਵਿਚ ਆਣਾ-ਜਾਣਾ ਬਣਿਆ ਰਹੇ। ਸ਼ੁਰੂ ਵਿਚ ਡੇਰਾ ਮੁਖੀ ਦੇ ਇਕਲੌਤੇ ਪੁੱਤਰ ਜਸਮੀਤ ਇੰਸਾਂ ਦਾ ਨਾਂਅ ਵੀ ਸਾਹਮਣੇ ਆਇਆ ਸੀ ਅਤੇ ਸੋਚਿਆ ਜਾ ਰਿਹਾ ਸੀ ਕਿ ਸੌਦਾ ਸਾਧ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਆਪਣੇ ਇਕਲੌਤੇ ਪੁੱਤਰ ਨੂੰ ਡੇਰੇ ਦੀ ਗੱਦੀ ਦਾ ਵਾਰਿਸ ਬਣਾ ਦੇਵੇਗਾ, ਪਰ ਡੇਰਾ ਪ੍ਰਬੰਧਕਾਂ ਨੇ ਇਨ੍ਹਾਂ ਕਿਆਸ ਰਾਈਆਂ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਹੈ। ਰੋਹਤਕ ਜੇਲ੍ਹ ਵਿਚ ਬੰਦ ਸੌਦਾ ਸਾਧ ਸਭ ਤੋਂ ਜ਼ਿਆਦਾ ਗੱਲਬਾਤ ਆਪਣੀ ਵੱਡੀ ਪੁੱਤਰੀ ਚਰਨਪ੍ਰੀਤ ਨਾਲ ਕਰਦਾ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਡੇਰਾ ਮੁਖੀ ਦਾ ਸਭ ਤੋਂ ਜ਼ਿਆਦਾ ਭਰੋਸਾ ਆਪਣੀ ਪੁੱਤਰੀ ਚਰਨਪ੍ਰੀਤ ‘ਤੇ ਹੈ ਅਤੇ ਉਸ ਨੂੰ ਹੀ ਡੇਰੇ ਦੀ ਗੱਦੀ ਸੌਂਪੀ ਜਾ ਸਕਦੀ ਹੈ। ਪਰ ਡੇਰਾ ਮੁਖੀ ਉਸ ਨੂੰ ਵੀ ਗੱਦੀ ਸੌਂਪਣ ਨੂੰ ਤਿਆਰ ਨਹੀਂ ਹੈ। ਬਾਅਦ ਵਿਚ ਡੇਰਾ ਮੁਖੀ ਦੇ ਕੋਲ ਇਹ ਸੁਝਾਅ ਵੀ ਆਇਆ ਕਿ ਉਹ ਆਪਣੀ ਮਾਂ ਨਸੀਬ ਕੌਰ ਨੂੰ ਡੇਰੇ ਦੀ ਗੱਦੀ ਦਾ ਕਾਰਜ ਦੇ ਕੇ ਮੁਖੀ ਬਣਾ ਦੇਣ ਤਾਂ ਜੋ ਡੇਰੇ ਦੀਆਂ ਗਤੀਵਿਧੀਆਂ ਫਿਰ ਤੋਂ ਸ਼ੁਰੂ ਹੋ ਸਕੇ। ਡੇਰਾ ਮੁਖੀ ਇਸ ਗੱਲ ‘ਤੇ ਵੀ ਰਾਜ਼ੀ ਨਹੀਂ ਹੋਇਆ ਅਤੇ ਪਿਛਲੇ 1 ਸਾਲ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਸੌਦਾ ਸਾਧ ਕਿਸੇ ਨੂੰ ਵੀ ਆਪਣੀ ਜਗ੍ਹਾ ‘ਤੇ ਗੱਦੀ ਸੌਂਪਣ ਦੇ ਮੂਡ ਵਿਚ ਨਹੀਂ ਹੈ।
ਸੌਦਾ ਸਾਧ ਨਾਲ ਜੇਲ੍ਹ ਵਿਚ ਮੁਲਾਕਾਤ ਕਰਨ ਦੇ ਲਈ ਉਸਦਾ ਪੁੱਤਰ ਜਸਮੀਤ ਇੰਸਾਂ ਅਤੇ ਪੁੱਤਰੀ ਚਰਨਪ੍ਰੀਤ ਇੰਸਾਂ ਮਹੀਨੇ ਵਿਚ ਲਗਪਗ 3-3 ਵਾਰ ਆਉਂਦੇ ਹਨ। ਡੇਰਾ ਮੁਖੀ ਦੀ ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ, ਜਵਾਈ ਰੂਹੇਮੀਤ ਅਤੇ ਸ਼ਾਨੋਮੀਤ ਮਹੀਨੇ ਵਿਚ ਲਗਪਗ 1-1 ਵਾਰ ਅਤੇ ਪੁੱਤਰੀ ਅਮਰਪ੍ਰੀਤ ਇੰਸਾਂ ਅਤੇ ਨੂੰਹ ਹੁਸਨਮੀਤ ਇੰਸਾਂ ਕਈ ਦਫ਼ਾ ਮਹੀਨੇ ਵਿਚ 2 ਵਾਰ ਉਸ ਨਾਲ ਮੁਲਾਕਾਤ ਕਰਨ ਲਈ ਆਉਂਦੇ ਹਨ। ਡੇਰਾ ਮੁਖੀ ਨੇ ਮੁਲਾਕਾਤ ਲਈ ਜਿਨ੍ਹਾਂ 10 ਲੋਕਾਂ ਦੀ ਸੂਚੀ ਦਿੱਤੀ ਸੀ, ਉਨ੍ਹਾਂ ਵਿਚੋਂ ਉਸ ਦੀ ਮੂੰਹ ਬੋਲੀ ਪੁੱਤਰੀ ਹਨੀਪ੍ਰੀਤ ਦਾ ਨਾਂਅ ਵੀ ਸ਼ਾਮਿਲ ਸੀ, ਪਰ ਜੇਲ੍ਹ ਵਿਚ ਬੰਦ ਹੋਣ ਕਾਰਨ ਉਹ ਡੇਰਾ ਮੁਖੀ ਨਾਲ ਕਦੇ ਵੀ ਮੁਲਾਕਾਤ ਕਰਨ ਨਹੀਂ ਜਾ ਸਕੀ। ਇਸ ਤੋਂ ਇਲਾਵਾ ਮੁਲਾਕਾਤ ਕਰਨ ਵਾਲਿਆਂ ਦੀ ਸੂਚੀ ਵਿਚ ਡੇਰੇ ਦੀ ਉਪ-ਪ੍ਰਬੰਧਕ ਸ਼ੋਭਾ ਇੰਸਾਂ ਦਾ ਨਾਂਅ ਵੀ ਸ਼ਾਮਿਲ ਸੀ। ਉਹ ਹੁਣ ਤੱਕ 2 ਵਾਰ ਡੇਰਾ ਮੁਖੀ ਨਾਲ ਮੁਲਾਕਾਤ ਕਰ ਚੁੱਕੀ ਹੈ। ਕੈਦੀਆਂ ਵਲੋਂ ਦਿੱਤੀ ਗਈ ਸੂਚੀ ਵਿਚੋਂ ਗਿਣਤੀ ਦੇ 4 ਲੋਕਾਂ ਦੇ ਨਾਲ ਹਫ਼ਤੇ ਵਿਚ ਇਕ ਦਿਨ 20 ਮਿੰਟ ਲਈ ਮੁਲਾਕਾਤ ਕਰਨ ਦੀ ਇਜ਼ਾਜਤ ਹੁੰਦੀ ਹੈ ਅਤੇ ਇਹ ਮੁਲਾਕਾਤ ਸ਼ੀਸ਼ੇ ਵਾਲੇ ਕੈਬਿਨ ਜ਼ਰੀਏ ਇੰਟਰਕਾਮ ‘ਤੇ ਹੁੰਦੀ ਹੈ। ਡੇਰਾ ਮੁਖੀ ਨਾਲ ਮਿਲਣ ਆਉਣ ਵਾਲੇ ਪਰਿਵਾਰਕ ਮੈਂਬਰ ਚੁੱਪ-ਚੁਪੀਤੇ ਖੜ੍ਹੇ ਸੌਦਾ ਸਾਧ ਦੀਆਂ ਹਦਾਇਤਾਂ ਸੁਣਦੇ ਰਹਿੰਦੇ ਹਨ ਤੇ ਸਿਰਫ਼ ਹਾਂ-ਨਾ ਵਿਚ ਜਵਾਬ ਦਿੰਦੇ ਹਨ। ਜ਼ਿਆਦਾਤਰ ਗੱਲ ਡੇਰਾ ਮੁਖੀ ਹੀ ਕਰਦਾ ਹੈ। ਪਰਿਵਾਰ ਵਾਲੇ ਜਦੋਂ ਡੇਰਾ ਮੁਖੀ ਨਾਲ ਮਿਲਣ ਆਉਂਦੇ ਹਨ ਤਾਂ ਬਾਕੀ ਲੋਕਾਂ ਦੀ ਸੌਦਾ ਸਾਧ ਨਾਲ ਕੇਵਲ ਇਕ ਜਾਂ ਦੋ ਮਿੰਟ ਗੱਲ ਹੁੰਦੀ ਹੈ, ਜਦੋਂ ਕਿ ਉਹ ਆਪਣੀ ਪੁੱਤਰੀ ਚਰਨਪ੍ਰੀਤ ਨਾਲ 14-15 ਮਿੰਟ ਤੱਕ ਗੱਲ ਕਰਦਾ ਹੈ ਅਤੇ ਉਸ ਨੂੰ ਸਾਰੇ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੰਦਾ ਹੈ।

ਸੌਦਾ ਸਾਧ ਦਾ ਅਦਿਤਿਆ ਇੰਸਾ : ਡੇਰਾ ਸਿਰਸਾ ਦੀ ਪ੍ਰਧਾਨ ਵਿਪਾਸਨਾ ਇੰਸਾਂ ਅਜੇ ਵੀ ਹਰਿਆਣਾ ਪੁਲੀਸ ਦੇ ਹੱਥ ਨਹੀਂ ਆ ਸਕੀ ਪਰ ਈਡੀ ਉਸ ਤੋਂ ਦੋ ਵਾਰ ਪੁੱਛਗਿੱਛ ਕਰ ਚੁੱਕਾ ਹੈ। ਈਡੀ ਨੇ ਅੱਠ ਅਗਸਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਇਸ ਦੌਰਾਨ ਵਿਪਾਸਨਾ ਤੋਂ ਦੋ ਵਾਰ ਪੁੱਛਗਿੱਛ ਕੀਤੀ ਗਈ ਹੈ। ਏਜੰਸੀ ਡੇਰੇ ਦੀ ਵਿੱਤੀ ਜਾਇਦਾਦ ਤੇ ਵਿੱਤੀ ਗਤੀਵਿਧੀਆਂ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ।
ਵਿਪਾਸਨਾ ਇਸ ਸਾਲ ਫਰਵਰੀ ਵਿਚ ਮਾਮਲੇ ਵਿਚ ਆਪਣੇ ਨਾਂ ਜੁੜਨ ਤੋਂ ਪਹਿਲਾਂ ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਈ ਸੀ। ਇਸ ਤੋਂ ਬਾਅਦ ਉਹ ਪੁਲੀਸ ਦੇ ਹੱਥ ਨਹੀਂ ਲੱਗੀ। ਪੁਲੀਸ ਨੇ ਆਦਿੱਤਿਆ ਬਾਰੇ ਸੂਚਨਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ। ਪੰਚਕੂਲਾ ਹਿੰਸਾ ਵਿੱਚ ਡੇਰੇ ਨਾਲ ਸਬੰਧਿਤ ਅਦਿਤਿਆ ਇੰਸਾ ਸਣੇ ਹੋਰਨਾਂ ਨੂੰ ਦੋਸ਼ੀ ਠਹਿਰਾਇਆ ਗਿਆ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾ-ਕਾਮਯਾਬ ਰਹੀ ਹੈ।
ਅਦਿਤਿਆ ਇੰਸਾ ਉਰਫ਼ ਅਦਿਤਿਆ ਅਰੋੜਾ ਦਾ ਸਬੰਧ ਮੁਹਾਲੀ ਸ਼ਹਿਰ ਨਾਲ ਹੈ। 25 ਅਗਸਤ ਜਿਸ ਦਿਨ ਸੌਦਾ ਸਾਧ ਨੂੰ ਰੇਪ ਮਾਮਲੇ ਵਿੱਚ ਦੋਸ਼ੀ ਐਲਾਨਿਆ ਗਿਆ ਉਸ ਦਿਨ ਤੱਕ ਅਦਿਤਿਆ ਇੰਸਾ ਵੱਖ-ਵੱਖ ਟੀਵੀ ਚੈਨਲਾਂ ਉੱਤੇ ਅੰਤਿਮ ਵਾਰ ਇੰਟਰਵਿਊ ਦਿੰਦਾ ਦਿਖਾਈ ਦਿੱਤਾ। ਜਦੋਂ ਹਰਿਆਣਾ ਪੁਲਿਸ ਨੇ ਡੇਰੇ ਦੇ ਪ੍ਰਬੰਧਕਾਂ ਦੀਆਂ ਗ੍ਰਿਫ਼ਤਾਰੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹ ਅਚਾਨਕ ਲਾਪਤਾ ਹੋ ਗਿਆ।
ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਪੀਕੇ ਅਗਰਵਾਲ ਜੋ ਕਿ ਪੰਚਕੂਲਾ ਹਿੰਸਾ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਹਨ, ਨੇ ਕਿਹਾ ਕਿ ਅਦਿਤਿਆ ਬਚਣ ਦੇ ਤਰੀਕੇ ਅਪਣਾ ਰਿਹਾ ਹੈ ਪਰ ਫਿਰ ਵੀ ਪੁਲਿਸ ਉਸ ਦੀ ਗ੍ਰਿਫ਼ਤਾਰੀ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ”ਅਦਿਤਿਆ ਦੇਸ ਵਿੱਚ ਹੀ ਹੈ ਜਾਂ ਵਿਦੇਸ਼ ਚਲਾ ਗਿਆ ਹੈ, ਇਸ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਹੈ। ਅਦਿਤਿਆ ਡੇਰਾ ਮੁਖੀ ਦਾ ਮੁੱਖ ਰਾਜ਼ਦਾਰ ਹੈ, ਇਸ ਲਈ ਉਸ ਦੀ ਭਾਲ ਲਈ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।”
48 ਸਾਲਾ ਅਦਿਤਿਆ ਇੰਸਾ ਨਾਲ ਇਸ ਪੱਤਰਕਾਰ ਦੀਆਂ ਕਈ ਮੀਟਿੰਗਾਂ ਹੋਈਆਂ ਸਨ। ਇਸ ਦੌਰਾਨ ਉਹ ਦੱਸਿਆ ਕਰਦਾ ਸੀ ਕਿ ਉਸ ਨੇ ਆਲ ਇੰਡੀਆ ਇੰਸਟੀਚਿਊਟ ਫ਼ਾਰ ਮੈਡੀਕਲ ਸਾਇੰਸਜ਼, ਦਿੱਲੀ ਵਿੱਚੋਂ ਮੈਡੀਕਲ ਦੀ ਪੜਾਈ ਕੀਤੀ ਅਤੇ ਫਿਰ ਨੇਤਰ ਵਿਗਿਆਨ ਵਿੱਚ ਮੁਹਾਰਤ ਹਾਸਲ ਕੀਤੀ। ਅਦਿਤਿਆ ਨੇ ਦੱਸਿਆ ਸੀ ਕਿ ਉਹ ਡੇਰਾ ਮੁਖੀ ਦੀਆਂ ਅਲੌਕਿਕ ਸ਼ਕਤੀਆਂ ਤੋਂ ਪ੍ਰਭਾਵਿਤ ਹੋ ਗਿਆ ਅਤੇ ਉਸ ਨੇ ਆਪਣਾ ਪੂਰਾ ਜੀਵਨ ਡੇਰੇ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ।
ਡੇਰਾ ਮੁਖੀ ਦੀ ਜ਼ਮਾਨਤ ਅਰਜ਼ੀ ਰੱਦ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਡੇਰਾ ਮੁਖੀ ਦੋ ਸਾਧਵੀਆਂ ਨਾਲ ਬਲਾਤਾਕਾਰ ਦੇ ਮਾਮਲੇ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਵੀਹ ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਵਿਦੇਸ਼ ਵਿਚ ਵੀ ਹੈ ਸੌਦਾ ਸਾਧ ਦੀ ਜਾਇਦਾਦ : ਡੇਰਾ ਸਿਰਸਾ ਵਲੋ ਵਿਦੇਸ਼ੀ ਜਾਇਦਾਦ ਹਾਸਲ ਕਰਨ ਦੀ ਜਾਣਕਾਰੀ ਏਜੰਸੀ ਦੇ ਸਾਹਮਣੇ ਆਈ ਹੈ। ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਵਿਦੇਸ਼ੀ ਜਾਇਦਾਦ ਦੇ ਦਸਤਾਵੇਜਾਂ ਦੀ ਪੜਤਾਲ ਕਰਨ ਤੋਂ ਬਾਅਦ ਡੇਰਾ ਮੁਖੀ ਅਤੇ ਉਸ ਦੀ ਬੇਟੀ ਚਰਨਪ੍ਰੀਤ ਦਾ ਨਾਂ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿਚ ਉਸ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ। ਡੇਰਾ ਆਦਿ ਦੀ ਵਿਦੇਸ਼ੀ ਜਾਇਦਾਦ ਦਾ ਮਾਲਿਕਾਨਾ ਹੱਕ ਜਾਣਨ ਲਈ ਇਗਮੋਂਟ ਗਰੁੱਪ ਆਫ ਫਾਈਨਾਂਸ਼ੀਅਲ ਯੂਨਿਟਸ ਨੂੰ ਜਾਣਕਾਰੀ ਦਿੱਤੀ ਗਈ ਹੈ।

ਡੇਰੇ ਦੇ ਵਰਕਰ ਹੋਏ ਬੇਰੁਜ਼ਗਾਰ : ਸੌਦਾ ਸਾਧ ਨੂੰ ਜੇਲ੍ਹ ਹੋਣ ਤੋਂ ਬਾਅਦ ਡੇਰੇ ਨਾਲ ਜੁੜੀਆਂ ਕਈ ਸੰਸਥਾਵਾਂ ਇਸ ਦੇ ਅਸਰ ਹੇਠ ਆਈਆਂ ਹਨ। ਇਸੇ ਤਰ੍ਹਾਂ ਸਾਮਾਜਿਕ ਕੰਮਾਂ ਲਈ ਬਣਾਈ ਗਈ ਸੰਸਥਾ ਗਰੀਨ ਐੱਸ ਵੈਲਫੇਅਰ ਫੋਰਸ ਵਿੱਚ ਕੰਮ ਕਰਨ ਵਾਲੇ ਕਈ ਵਿਅਕਤੀਆਂ ਨੂੰ ਹਟਾ ਦਿੱਤਾ ਗਿਆ ਤੇ ਕਈ ਖੁਦ ਹੀ ਡੇਰੇ ਦੀਆਂ ਫੈਕਟਰੀਆਂ ਤੇ ਹੋਰਨਾਂ ਅਦਾਰਿਆਂ ਨੂੰ ਛੱਡ ਕੇ ਆ ਗਏ।