ਆਪਣੇ ਪਿਤਾ ਦੇ ਕਾਤਲਾਂ ਨੂੰ ਅਸੀਂ ਬਖ਼ਸ਼ ਚੁੱਕੇ ਹਾਂ: ਰਾਹੁਲ ਗਾਂਧੀ

0
300

rahul
ਸਿੰਗਾਪੁਰ/ਬਿਊਰੋ ਨਿਊਜ਼:
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਆਪਣੇ ਪਿਤਾ ਰਾਜੀਵ ਗਾਂਧੀ ਦੇ ਕਾਤਲਾਂ ਨੂੰ ” ਪੂਰੀ ਤਰ੍ਹਾਂ ਮੁਆਫ਼ ” ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਲਈ ਲੋਕਾਂ ਨੂੰ ਨਫ਼ਰਤ ਕਰਨਾ ਬੇਹੱਦ ਔਖਾ ਜਾਪਦਾ ਹੈ।
ਸਿੰਗਾਪੁਰ ਵਿੱਚ ਆਈਆਈਐਮ ਦੀ ਅਲੂਮਨੀ ਦੇ ਰੂ-ਬ-ਰੂ ਹੁੰਦਿਆਂ ਰਾਹੁਲ ਗਾਂਧੀ ਨੇ ਆਪਣੀ ਦਾਦੀ ਇੰਦਰਾ ਗਾਂਧੀ ਤੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਸੀ ਕਿ ਕੋਈ ਸਟੈਂਡ ਲੈਣ ਸਮੇਂ ਕਿਹੋ ਜਿਹੀ ਕੀਮਤ ਤਾਰਨੀ ਪੈ ਸਕਦੀ ਹੈ। ” ਅਸੀਂ ਜਾਣਦੇ ਸਾਂ ਕਿ ਸਾਡੇ ਪਿਤਾ ਨੂੰ ਮਰਨਾ ਪਵੇਗਾ।  ਅਸੀਂ ਜਾਣਦੇ ਸਾਂ ਕਿ ਸਾਡੀ ਦਾਦੀ ਮਰਨ ਜਾ ਰਹੀ ਹੈ। ਸਿਆਸਤ ਵਿੱਚ ਜਦੋਂ ਤੁਸੀਂ ਗ਼ਲਤ ਤਾਕਤਾਂ ਨਾਲ ਉਲਝਦੇ ਹੋ ਜਾਂ ਤੁਸੀਂ ਕੋਈ ਸਟੈਂਡ ਲੈਂਦੇ ਹੋ ਤਾਂ ਤੁਹਾਨੂੰ ਜਾਨ ਦੇਣੀ ਪੈਣੀ ਹੈ।” ਇਸ ਸਮਾਗਮ ਦੀ ਵੀਡੀਓ ਕਾਂਗਰਸ ਨੇ ਟਵਿਟਰ ‘ਤੇ ਜਾਰੀ ਕੀਤੀ ਹੈ। ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਤੇ ਭੈਣ ਪ੍ਰਿਅੰਕਾ ਨੇ ਆਪਣੇ ਪਿਤਾ ਦੇ ਕਾਤਲਾਂ ਨੂੰ ਮੁਆਫ਼ ਕਰ ਦਿੱਤਾ ਹੈ ਤਾਂ ਉਨ੍ਹਾਂ ਕਿਹਾ ” ਅਸੀਂ ਬੇਹੱਦ ਪ੍ਰੇਸ਼ਾਨ ਤੇ ਦੁਖੀ ਸਾਂ ਅਤੇ ਕਈ ਸਾਲ ਬਹੁਤ ਕ੍ਰੋਧਿਤ ਵੀ ਰਹੇ ਪਰ ਫਿਰ ਕਿਵੇਂ ਨਾ ਕਿਵੇਂ ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤਾ ।” ਤਾਮਿਲ ਨਾਡੂ ਵਿੱਚ 21 ਮਈ 1991 ਨੂੰ ਇਕ ਚੋਣ ਰੈਲੀ ਦੌਰਾਨ ਲਿੱਟੇ ਦੇ ਇਕ ਮਹਿਲਾ ਆਤਮਘਾਤੀ ਦਸਤੇ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਸੀ।
ਕਾਂਗਰਸ ਆਗੂ ਨੇ ਕਿਹਾ ” ਇਤਿਹਾਸ ਗਵਾਹ ਹੈ ਕਿ ਜਦੋਂ ਕੋਈ ਅਜਿਹੀਆਂ ਘਟਨਾਵਾਂ ਨੂੰ ਮਹਿਸੂਸ ਕਰਦਾ ਹੈ ਤਾਂ ਪਾਉਂਦਾ ਹੈ ਕਿ ਇਹ ਵਿਚਾਰਾਂ , ਤਾਕਤਾਂ ਦਾ ਟਕਰਾਅ ਤੇ ਭਰਮ ਹੁੰਦਾ ਹੈ। ਤੁਸੀਂ ਖ਼ੁਦ ਨੂੰ ਇਸ ਵਿੱਚ ਘਿਰਿਆ ਪਾਉਂਦੇ ਹੋ। ਮੈਨੂੰ ਚੇਤੇ ਆਉਂਦਾ ਹੈ ਕਿ ਜਦੋਂ ਮੈਂ ਪ੍ਰਭਾਕਰਨ ਦੀ ਲਾਸ਼ ਟੀਵੀ ‘ਤੇ ਦੇਖੀ ਸੀ ਤਾਂ ਮੈਂ ਸੋਚ ਰਿਹਾ ਸਾਂ ਕਿ ਇਸ ਨੂੰ ਕਿਉਂ ਖੁਆਰ ਕੀਤਾ ਜਾ ਰਿਹਾ ਹੈ।”