ਮਿਲ ਬੈਠ ਕੇ ਨਜਿੱਠਿਆ ਜਾਵੇ ਪਾਣੀਆਂ ਦਾ ਮਸਲਾ : ਮੋਦੀ

0
339

PM Narender Modi being honored by CM Parkash Singh Badal after lays foundation stone of AIIMS in Bathinda on Friday. Also aree seen in the pic Sukhbir Badal J P Nadha and Harsimrat Kaur Badal- Tribune photo: Pawan sharma

ਬਠਿੰਡਾ ਵਿੱਚ ਏਮਜ਼ ਦਾ ਨੀਂਹ ਪੱਥਰ ਰੱਖਿਆ
ਦਸਮ ਪਿਤਾ ਦੇ 350ਵੇਂ ਪ੍ਰਕਾਸ਼ ਉਤਸਵ ਸਬੰਧੀ ਵਿਸ਼ੇਸ਼ ਰੇਲ  ਗੱਡੀਆਂ ਚਲਾਉਣ ਦਾ ਐਲਾਨ
ਬਠਿੰਡਾ/ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ :
ਬਠਿੰਡਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 925 ਕਰੋੜ ਰੁਪਏ ਨਾਲ ਬਣਨ ਵਾਲੇ ਏਮਜ਼ ਦਾ ਨੀਂਹ ਪੱਥਰ ਰੱਖਦਿਆਂ ਨਸੀਹਤ ਦਿੱਤੀ ਕਿ ਪਾਣੀਆਂ ਦੇ ਮਾਮਲੇ ਮਿਲ ਬੈਠ ਕੇ ਨਜਿੱਠੇ ਜਾਣ। ਉਨ੍ਹਾਂ ਨੇ ਸਿੰਧ ਜਲ ਸੰਧੀ ਦੀ ਗੱਲ ਕਰਦਿਆਂ ਇਹ ਨਸੀਹਤ ਦਿੱਤੀ ਪਰ ਸਤਲੁਜ ਯਮਨਾ ਨਹਿਰ ਦਾ ਸਿੱਧੇ ਤੌਰ ‘ਤੇ ਕੋਈ ਜ਼ਿਕਰ ਨਾ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਸਿੰਧ ਜਲ ਸੰਧੀ ਤਹਿਤ ਦਰਿਆਵਾਂ ਦੇ ਪਾਣੀ ਦਾ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਇਹ ਪਾਣੀ ਪਾਕਿਸਤਾਨ ਵਿੱਚ ਅਜਾਈਂ ਜਾ ਰਿਹਾ ਹੈ। ਉਧਰ ਪਾਣੀਆਂ ਲਈ ਕੁਰਬਾਨੀ ਦੇਣ ਦੀ ਗੱਲ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਐਸਵਾਈਐਲ ਦਾ ਜ਼ਿਕਰ ਵੀ ਨਾ ਕੀਤਾ। ਕਿਸਾਨਾਂ ਦੀ ਕਰੋੜਾਂ ਰੁਪਏ ਦੀ ਅਦਾਇਗੀ, ਗੁਜਰਾਤ ਦੇ ਪੰਜਾਬੀ ਕਿਸਾਨਾਂ ਅਤੇ ਕੇਂਦਰ ਨਾਲ ਜੁੜੇ ਹੋਰ ਮਸਲੇ ਉਠਾਉਣ ਦੀ ਥਾਂ ਬਾਦਲਾਂ ਨੇ ਪ੍ਰਧਾਨ ਮੰਤਰੀ ਦਾ ਗੁਣਗਾਣ ਹੀ ਕੀਤਾ। ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਉਤਸਵ ਸਬੰਧੀ ਸੂਬਾਈ ਸਮਾਗਮ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਨਾਲ ਖੂਨ ਦਾ ਰਿਸ਼ਤਾ ਹੈ ਕਿਉਂਕਿ ਪੰਜ ਪਿਆਰਿਆਂ ਵਿੱਚੋਂ ਇਕ ਗੁਜਰਾਤ ਦਾ ਸੀ। ਉਨ੍ਹਾਂ ਐਲਾਨ ਕੀਤਾ ਕਿ ਦੇਸ਼ ਭਰ ਤੋਂ ਤਖ਼ਤ ਪਟਨਾ ਸਾਹਿਬ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
ਬਠਿੰਡਾ ਵਿੱਚ ਪ੍ਰਧਾਨ ਮੰਤਰੀ ਨੇ ਜਨਤਕ ਇਕੱਠ ਵਿੱਚ ‘ਕਿਸਾਨ ਤੇ ਜਵਾਨ’ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਉਨ੍ਹਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਮਿਲ ਜਾਵੇ ਤਾਂ ਉਹ ਮਿੱਟੀ ਵਿਚੋਂ ਸੋਨਾ ਪੈਦਾ ਕਰ ਦਿੰਦੇ ਹਨ। ਉਨ੍ਹਾਂ ਪਾਕਿਸਤਾਨ ਨੂੰ ਆਖਿਆ ਕਿ ਉਹ ਭਾਰਤ ਨਾਲ ਲੜਨ ਦੀ ਥਾਂ ਕਾਲੇ ਧਨ, ਗਰੀਬੀ ਅਤੇ ਜਾਅਲੀ ਕਰੰਸੀ ਖ਼ਿਲਾਫ਼ ਲੜੇ। ਉਨ੍ਹਾਂ ਕਿਹਾ ਕਿ ਭਾਰਤ ਨੇ ਸਰਜੀਕਲ ਸਟ੍ਰਾਈਕ ਨਾਲ ਆਪਣਾ ਦਮ ਖ਼ਮ ਦਿਖਾ ਦਿੱਤਾ ਹੈ ਅਤੇ ਪਾਕਿਸਤਾਨ ਨੂੰ ਹੁਣ ਕਾਲੇ ਧਨ ਅਤੇ ਜਾਅਲੀ ਨੋਟਾਂ ਖ਼ਿਲਾਫ਼ ਲੜਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਲਾ ਧਨ ਭਾਰਤ ਨੂੰ ਸਿਊਂਕ ਵਾਂਗ ਖਾ ਰਿਹਾ ਹੈ, ਜਿਸ ਦੇ ਟਾਕਰੇ ਲਈ ਨੋਟਬੰਦੀ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਕਾਲਾ ਧਨ ਰੋਕਣ ਲਈ ਮੋਬਾਈਲ ਐਪ ਤਕਨਾਲੋਜੀ ਦਾ ਸਹਾਰਾ ਲੈਣ ਲਈ ਕਿਹਾ। ਪ੍ਰਧਾਨ ਮੰਤਰੀ ਦੇ ਪੁੱਜਣ ਤੋਂ ਪਹਿਲਾਂ ਪੰਡਾਲ ਵਿੱਚ ਖਾਲੀ ਕੁਰਸੀਆਂ ਨੇ ਲੀਡਰਸ਼ਿਪ ਨੂੰ ਪ੍ਰੇਸ਼ਾਨ ਕਰ ਦਿੱਤਾ ਸੀ। ਸਟੇਜ ਸੰਚਾਲਕ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵਾਰ ਵਾਰ ਕੁਰਸੀਆਂ ਭਰਨ ਲਈ ਹੇਠਲੇ ਲੀਡਰਾਂ ਨੂੰ ਹਦਾਇਤਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਦੀ ਸਮੱਸਿਆ ਦਾ ਹੱਲ ਤਾਂ ਦੱਸਿਆ ਪਰ ਮੁੱਖ ਮੰਤਰੀ ਵੱਲੋਂ ਉਠਾਈ ਮੰਗ ਵੱਲ ਕੋਈ ਗੌਰ ਨਾ ਕੀਤਾ। ਉਨ੍ਹਾਂ ਮੁੱਖ ਮੰਤਰੀ ਪੰਜਾਬ ਦੀ ਪਿੱਠ ਥਾਪੜੀ ਅਤੇ ਸਟੇਜ ਤੋਂ ਐਲਾਨ ਕੀਤਾ ਕਿ ਦਿੱਲੀ ਦਿਲੋਂ ਪੰਜਾਬ ਦੇ ਨਾਲ ਹੈ ਅਤੇ ਨਵਾਂ ਪੰਜਾਬ ਉਸਾਰਨ ਵਿੱਚ ਕੇਂਦਰੀ ਸਹਿਯੋਗ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਜੇਪੀ ਨੱਢਾ ਨੇ ਆਪਣੇ ਭਾਸ਼ਨ ਦੌਰਾਨ ਕਾਂਗਰਸ ਅਤੇ ‘ਆਪ’ ਖ਼ਿਲਾਫ਼ ਇੱਕ ਸ਼ਬਦ ਵੀ ਨਹੀਂ ਬੋਲਿਆ ਜਦੋਂ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਰੱਖਿਆ। ਮੁੱਖ ਮੰਤਰੀ ਨੇ ਮੋਦੀ ਸਰਕਾਰ ਦੀ ਵਾਰ ਵਾਰ ਪ੍ਰਸ਼ੰਸਾ ਕਰਦਿਆਂ ਐਲਾਨ ਵੀ ਕੀਤਾ ਕਿ ਹਰ ਪੰਜਾਬੀ ਦੀ ਆਮਦਨ ਨੂੰ ਦੁੱਗਣਾ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਦੁਹਰਾਇਆ ਕਿ ਪੰਜਾਬ ਵਿੱਚ ਗਠਜੋੜ ਸਰਕਾਰ 25 ਸਾਲ ਰਾਜ ਕਰੇਗੀ ਤੇ ਕੇਂਦਰ ਵਿੱਚ ਵੀ ਸ੍ਰੀ ਮੋਦੀ 25 ਸਾਲ ਰਾਜ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਟੋਪੀਆਂ ਵਾਲਿਆਂ ਦੀ ਪਾਰਟੀ ‘ਆਪ’ ਨੂੰ ਪੰਜਾਬ ਵਿੱਚ ਇੱਕ ਸੀਟ ਵੀ ਨਹੀਂ ਮਿਲੇਗੀ। ਸਿਹਤ ਮੰਤਰੀ ਜੇਪੀ ਨੱਢਾ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਨੂੰ 190 ਕਰੋੜ ਰੁਪਏ ਨਾਲ ਅੱਪਗਰੇਡ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਜਿਹੜੇ ਵੀ ਜ਼ਿਲ੍ਹਾ ਹਸਪਤਾਲ ਦੀ ਸ਼ਨਾਖ਼ਤ ਕਰੇਗੀ ਉਸ ਨੂੰ ਅੱਪਗਰੇਡ ਕਰਕੇ ਮੈਡੀਕਲ ਕਾਲਜ ਬਣਾ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਵਾਗਤ ਕਰਦੇ ਹੋਏ ਕਾਂਗਰਸ ਵੱਲੋਂ ਗੁਰਧਾਮਾਂ ‘ਤੇ ਕੀਤੇ ਹਮਲਿਆਂ ਅਤੇ ਦਿੱਲੀ ਦੰਗਿਆਂ ਦਾ ਮਾਮਲਾ ਉਠਾਇਆ। ਭਾਜਪਾ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਟੇਜ ‘ਤੇ ਸਿਹਤ ਮੰਤਰੀ ਪੰਜਾਬ ਸੁਰਜੀਤ ਜਿਆਣੀ, ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਬਠਿੰਡਾ ਤੋਂ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਮੌਜੂਦ ਸਨ।
ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਸਰਕਾਰ ਦੇ ਸਮਾਗਮ ਵਿਚ ਕੇਸਰੀ ਦਸਤਾਰ ਸਜਾ ਕੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਆਸੀ ਗੱਲਾਂ ਕਰਨ ਤੋਂ ਪ੍ਰਹੇਜ਼ ਕੀਤਾ ਅਤੇ ਉਨ੍ਹਾਂ ਵੱਲੋਂ ਦਿੱਤਾ ਗਿਆ ਸੰਖੇਪ ਭਾਸ਼ਣ ਸਿਰਫ ਧਾਰਮਿਕ ਗੱਲਾਂ ਤੱਕ ਹੀ ਸੀਮਿਤ ਰਿਹਾ। ਤਖ਼ਤ ਕੇਸਗੜ੍ਹ ਸਾਹਿਬ ਦੇ ਸਾਹਮਣੇ ਮੈਦਾਨ ਵਿੱਚ ਪੰਡਾਲ ਵਿਚ ਮੌਜੂਦ ਸੰਗਤ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 1999 ਵਿਚ ਉਹ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਲ ਸੰਗਤ ਦੇ ਰੂਪ ਵਿਚ ਇਥੇ ਆਏ ਸਨ ਤੇ ਮੁੜ ਇਸ ਮਹਾਨ ਧਰਤੀ ‘ਤੇ ਆਉਣ ਦਾ ਮੌਕਾ ਮਿਲਿਆ ਹੈ। ਇਥੇ ਵੀ ਉਨ੍ਹਾਂ ਪੰਜਾਬ ਨਾਲ ਖੂਨ ਦਾ ਰਿਸ਼ਤਾ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਪੰਜ ਪਿਅਰਿਆਂ ਵਿਚੋ ਇੱਕ ਦੀ ਜਨਮ ਭੂਮੀ ਗੁਜਰਾਤ ਸੀ। ਉਨ੍ਹਾਂ ਕਿਹਾ ਕਿ ਤਖ਼ਤ ਪਟਨਾ ਸਾਹਿਬ ਵਿਖੇ ਜਨਵਰੀ- 2017 ਦੇ ਪਹਿਲੇ ਹਫਤੇ ਵਿਸ਼ਾਲ ਸਮਾਗਮ ਕੀਤਾ ਜਾ ਰਿਹਾ ਹੈ ਇਸ ਲਈ ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਰੇਲਗੱਡੀਆਂ ਵੀ ਚਲਾਈਆਂ ਜਾਣਗੀਆਂ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਇਹ ਸਮਾਰੋਹ ਪ੍ਰਕਾਸ਼ ਉਤਸਵ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਲੜੀਵਾਰ ਸਮਾਰੋਹਾਂ ਦਾ ਹਿੱਸਾ ਹੈ। ਸਮਾਗਮ ਨੂੰ ਮੁੱਖ ਮੰਤਰੀ ਤੋਂ ਇਲਾਵਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਸੰਬੋਧਨ ਕੀਤਾ, ਜਦਕਿ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੰਚ ਦਾ ਸੰਚਾਲਨ ਕੀਤਾ। ਮੰਚ ‘ਤੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮੰਤਰੀ ਮਦਨ ਮੋਹਨ ਮਿੱਤਲ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰੀਬ ਸਾਢੇ 16 ਸਾਲਾਂ ਬਾਅਦ ਆਏ ਸਨ ਪਰ ਉਨ੍ਹਾਂ ਵੱਲੋਂ ਨਾ ਤਾਂ ਪੰਜਾਬ ਲਈ ਅਤੇ ਨਾ ਹੀ ਆਨੰਦਪੁਰ ਸਾਹਿਬ ਲਈ ਕੋਈ ਵਿਸ਼ੇਸ਼ ਐਲਾਨ ਕੀਤਾ ਗਿਆ ਹੈ। ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਸ੍ਰੀ ਮੋਦੀ ਦਾ ਦੌਰਾ ਸਿਰਫ਼ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਤੱਕ ਹੀ ਸੀਮਿਤ ਸੀ। ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਹ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਗਰੀਬ ਤੇ ਪੱਛੜੇ ਇਲਾਕੇ ਲਈ ਕੁੱਝ ਵੀ ਨਹੀਂ ਦੇ ਕੇ ਗਏ।
ਰੈਲੀ ਵਿੱਚ ਖਲਲ ਤੋਂ ਮੋਦੀ ਪ੍ਰੇਸ਼ਾਨ :
ਬਠਿੰਡਾ ਰੈਲੀ ਵਿੱਚ ਜਦੋਂ 55 ਵਰ੍ਹਿਆਂ ਦੀ ਬਲਵਿੰਦਰ ਕੌਰ ਬਰਨਾਲਾ ਨੇ ਨਾਅਰੇਬਾਜ਼ੀ ਕਰ ਦਿੱਤੀ ਤਾਂ ਨਰਿੰਦਰ ਮੋਦੀ ਨੂੰ ਆਪਣਾ ਭਾਸ਼ਨ ਸਮੇਟਣਾ ਪਿਆ। 35 ਮਿੰਟ ਦਾ ਤੈਅ ਭਾਸ਼ਨ ਉਨ੍ਹਾਂ 23 ਮਿੰਟ ਵਿੱਚ ਸਮਾਪਤ ਕਰ ਦਿੱਤਾ। ਜਦੋਂ ਮੋਦੀ ਸਟੇਜ ਤੋਂ ਜਾਣ ਲੱਗੇ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਗੁੱਸੇ ਵਿੱਚ ਉਪ ਮੁੱਖ ਮੰਤਰੀ ਨੂੰ ਕੁੱਝ ਇਸ਼ਾਰਾ ਕਰਕੇ ਆਖਿਆ ਜਿਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮੋਦੀ ਦੇ ਭਾਸ਼ਨ ਮਗਰੋਂ ਹਾਵ ਭਾਵ ਬਦਲੇ ਹੋਏ ਨਜ਼ਰ ਆਏ ਅਤੇ ਸੁਖਬੀਰ ਬਾਦਲ ਵੀ ਪੰਡਾਲ ਵੱਲ ਵਾਰ ਵਾਰ ਵੇਖਦੇ ਹੋਏ ਮੋਦੀ ਦੇ ਪਿੱਛੇ ਹੀ ਉੱਤਰ ਗਏ। ਜਦੋਂ ਇੱਕ ਔਰਤ ਵੀਆਈਪੀ ਗੈਲਰੀ ਦੇ ਪਿਛੋਂ ਉੱਠੀ ਤੇ ਨਾਅਰੇ ਮਾਰਨ ਲੱਗੀ ਤਾਂ ਮੌਕੇ ‘ਤੇ ਮੌਜੂਦ ਪੁਲੀਸ ਨੇ ਇਸ ਮਹਿਲਾ ਨੂੰ ਨੱਪ ਲਿਆ ਅਤੇ ਛੋਟੇ ਵਾਹਨ ਵਿੱਚ ਸੁੱਟ ਕੇ ਲੈ ਗਏ। ਮਹਿਲਾ ਨਾਲ ਪੁਲੀਸ ਨੇ ਕਾਫ਼ੀ ਧੱਕਾ ਮੁੱਕੀ ਵੀ ਕੀਤੀ।