ਪਿਸ਼ਾਵਰ : ਗੁਰਦੁਆਰਾ ਬੀਬਾ ਸਿੰਘ ਦੀ ਇਮਾਰਤ ਦੀ ਹਾਲਤ ਖਸਤਾ

0
311

10612cd-_peshawar_gurudwara-biba-singh_2
ਕੈਪਸ਼ਨ-ਗੁਰਦੁਆਰਾ ਭਾਈ ਬੀਬਾ ਸਿੰਘ ਦੀ ਖੰਡਰ ਬਣੀ ਪੁਰਾਤਨ ਇਤਿਹਾਸਕ ਇਮਾਰਤ ਅਤੇ ਭਾਈ ਬੀਬਾ ਸਿੰਘ ਦੀ ਸਮਾਧ।
ਪਿਸ਼ਾਵਰ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਸ਼ਹਿਰ ਪਿਸ਼ਾਵਰ ਦੇ ਇਲਾਕੇ ਹਸਤਨਗਰੀ ਦੇ ਮੁਹੱਲਾ ਝੁਗੀਵਾੜਾ ਦੀ ਚੱਕਾ ਗਲੀ ਵਿੱਚ ਮੌਜੂਦ ਗੁਰਦੁਆਰਾ ਭਾਈ ਬੀਬਾ ਸਿੰਘ ਦੀ ਪੁਰਾਤਨ ਇਤਿਹਾਸਕ ਇਮਾਰਤ ਖ਼ਸਤਾ ਹਾਲਤ ਵਿੱਚ ਹੈ, ਜੋ ਕਦੇ ਵੀ ਢਹਿ ਸਕਦੀ ਹੈ। ਭਾਈ ਬੀਬਾ ਸਿੰਘ ਨੂੰ ਧਰਮ ਪ੍ਰਚਾਰ ਲਈ ਗੁਰੂ ਗੋਬਿੰਦ ਸਿੰਘ ਨੇ ਪਿਸ਼ਾਵਰ ਭੇਜਿਆ ਸੀ। ਪਿਸ਼ਾਵਰੀ ਸਿੱਖਾਂ ਦੀ ਮੰਗ ‘ਤੇ ਇਸੇ ਵਰ੍ਹੇ ਉਪਰੋਕਤ ਗੁਰਦੁਆਰੇ ਦੇ ਲੰਗਰ ਹਾਲ ਅਤੇ ਮੁਸਾਫਰਖ਼ਾਨੇ ਦਾ ਨਵਨਿਰਮਾਣ ਕਰਵਾ ਕੇ ਗੁਰਦੁਆਰਾ ਸਿੱਖ ਸੰਗਤਾਂ ਲਈ ਖੋਲ੍ਹਿਆ ਗਿਆ ਹੈ।
ਜਾਣਕਾਰੀ ਅਨੁਸਾਰ ਗੁਰਦੁਆਰੇ ਦੀ ਨਵੀਂ ਉਸਾਰੀ ਇਮਾਰਤ ਦੇ ਵਿਹੜੇ ਵਿੱਚ ਹੀ ਗੁਰਦੁਆਰੇ ਦੀ ਲੱਕੜੀ ਨਾਲ ਬਣੀ ਪੁਰਾਤਨ ਇਤਿਹਾਸਕ ਇਮਾਰਤ ਦੇ ਖੰਡਰ ਅਤੇ ਭਾਈ ਬੀਬਾ ਸਿੰਘ ਦੀ ਸਮਾਧ ਵੀ ਮੌਜੂਦ ਹੈ, ਜਿਸ ਵੱਲ ਕੋਈ ਧਿਆਨ ਨਾ ਦਿੱਤੇ ਜਾਣ ਕਰਕੇ ਇਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। 2005 ਵਿੱਚ ਆਏ ਭੂਚਾਲ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੱਡਾ ਨੁਕਸਾਨ ਪਹੁੰਚਿਆ ਸੀ ਅਤੇ ਉਸ ਤੋਂ ਬਾਅਦ ਇਸ ਅਸਥਾਨ ਨੂੰ ਅਸੁਰੱਖਿਅਤ ਇਮਾਰਤ ਐਲਾਨ ਦਿੱਤਾ ਗਿਆ ਸੀ।
ਇਸੇ ਦੌਰਾਨ ਪਤਾ ਲੱਗਾ ਹੈ ਕਿ ਲਹਿੰਦੇ ਪੰਜਾਬ ਦੀ ਸਰਕਾਰ ਨੇ ਲਾਹੌਰ ਦੀ ਫਿਰੋਜ਼ਪੁਰ ਰੋਡ ਸਥਿਤ ਗੱਦਾਫ਼ੀ ਸਟੇਡੀਅਮ ਵਿੱਚ 20 ਦਸੰਬਰ ਤੋਂ ਗੁਰਮੁਖੀ ਕੋਰਸ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ ਐਂਡ ਕਲਚਰ ਵੱਲੋਂ ਸ਼ੁਰੂ ਕੀਤੇ ਇਸ ਤਿੰਨ ਮਹੀਨੇ ਦੇ ਕੋਰਸ ਵਿੱਚ ਹਰ ਹਫ਼ਤੇ ਮੰਗਲਵਾਰ ਤੇ ਬੁੱਧਵਾਰ ਨੂੰ ਗੁਰਮੁਖੀ ਲਿਖਣ ਤੇ ਪੜ੍ਹਨ ਦੀ ਸਿਖਲਾਈ ਪ੍ਰੋ. ਕਲਿਆਣ ਸਿੰਘ ਕਲਿਆਣ ਵੱਲੋਂ ਦਿੱਤੀ ਜਾਵੇਗੀ।