ਪੰਜਾਬੀ ਤੇ ਜੀ.ਐਨ.ਯੂ ਦੇ ਉਪ ਕੁਲਪਤੀਆਂ ਡਾ. ਜਸਪਾਲ ਤੇ ਪ੍ਰੋ. ਅਜੈਬ ਬਰਾੜ ਵੱਲੋਂ ਅਸਤੀਫ਼ੇ 

0
342

patiala-vc-jaspal-te-ajib-singh-brar
ਪਟਿਆਲਾ/ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀਆਂ ਵਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ। ਉੱਘੇ ਸਿੱਖ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇਹ ਅਸਤੀਫਾ ਉਨ੍ਹਾਂ ਪੰਜਾਬ ਦੇ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਕੁਲਪਤੀ ਸ੍ਰੀ ਬੀ. ਪੀ. ਸਿੰਘ ਬਦਨੌਰ ਨੂੰ ਸੌਂਪਿਆ।
ਇਸ ਸਬੰਧੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਨਾਂਅ ‘ਤੇ ਬਣੀ ਇੱਕ ਵਿਲੱਖਣ ਯੂਨੀਵਰਸਿਟੀ ਹੈ, ਜਿਸ ਦਾ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਕੰਪਿਊਟਰ, ਸਾਹਿਤ, ਕਹਾਣੀ, ਕਵਿਤਾ, ਅਨੁਵਾਦ, ਰੰਗਮੰਚ, ਸੰਗੀਤ ਦੇ ਹਵਾਲੇ ਨਾਲ ਇਸ ਉਦੇਸ਼ ਨੂੰ ਪੂਰਾ ਕਰਨ ਦੀ ਮੁਹਿੰਮ ਚਲਾਈ ਹੈ ਅਤੇ ਇਹ ਮੁਹਿੰਮ ਚੱਲਦੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦਾ ਕੈਨਵਸ ਆਉਣ ਵਾਲੇ ਸਮੇਂ ਵਿਚ ਹੋਰ ਵਿਸ਼ਾਲ ਹੋਵੇ। ਜ਼ਿਕਰਯੋਗ ਹੈ ਕਿ ਡਾ. ਜਸਪਾਲ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਅਹੁਦਾ 11 ਦਸੰਬਰ 2007 ਨੂੰ ਸੰਭਾਲਿਆ ਸੀ ਤੇ ਇਸ ਅਹੁਦੇ ਦੀ ਮਿਆਦ ਵਿਚ 2010-2013 ਤੇ 2015 ਵਿਚ ਵਾਧਾ ਕੀਤਾ ਗਿਆ ਅਤੇ ਉਨ੍ਹਾਂ ਦਾ ਉਪ ਕੁਲਪਤੀ ਵਜੋਂ ਸਮਾਂ 10 ਦਸੰਬਰ 2018 ਨੂੰ ਪੂਰਾ ਹੋਣਾ ਸੀ।
ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਜੈਬ ਸਿੰਘ ਬਰਾੜ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤੇ ਜਾਣ ਦੀ ਸੂਚਨਾ ਹੈ। ਪ੍ਰੋ. ਬਰਾੜ ਨੇ ਸਾਲ 2009 ਵਿਚ ਇਸ ‘ਵਰਸਿਟੀ ਵਿਖੇ ਉਪ ਕੁਲਪਤੀ ਵਜੋਂ ਅਹੁਦਾ ਸੰਭਾਲਿਆ ਸੀ। ਬਾਅਦ ਵਿੱਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਸਮਝੇ ਜਾਂਦੇ ਪ੍ਰੋ. ਬਰਾੜ ਦੇ ਕਾਰਜਕਾਲ ਵਿਚ ਪੰਜਾਬ ਸਰਕਾਰ ਵਲੋਂ ਦੋ ਵਾਰ ਵਾਧਾ ਕੀਤਾ ਗਿਆ। ਉਨ੍ਹਾਂ ਦੇ ਇਸ ਵਾਰ ਦੇ ਸੇਵਾ ਕਾਲ ਵਿਚ ਵਾਧੇ ਦੀ ਮਿਆਦ ਅਜੇ ਜੁਲਾਈ 2018 ਤੱਕ ਹੈ। ਪ੍ਰੋ. ਬਰਾੜ ਦੇ ਅਸਤੀਫੇ ਦੇ ਚੱਲ ਰਹੇ ਚਰਚਿਆਂ ਸਬੰਧੀ ਜਦੋਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰ-ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਨ੍ਹਾਂ ਫੋਨ ਨਹੀਂ ਚੁੱਕਿਆ। ਉਂਜ ‘ਵਰਸਿਟੀ ਦੇ ਕਈ ਅਧਿਕਾਰੀਆਂ ਨੇ ਦੱਬੀ ਜ਼ੁਬਾਨ ਨਾਲ ਉਨ੍ਹਾਂ ਵੱਲੋਂ ਅਸਤੀਫਾ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਕੁਲਪਤੀ ਤੇ ਰਾਜਪਾਲ ਪੰਜਾਬ ਨੂੰ ਭੇਜੇ ਆਪਣੇ ਅਸਤੀਫੇ ਵਿਚ ਪ੍ਰੋ: ਬਰਾੜ ਨੇ ਅਸਤੀਫੇ ਦਾ ਕਾਰਨ ਨਿੱਜੀ ਦੱਸਦਿਆਂ 31 ਮਾਰਚ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਫਾਰਗ ਕਰਨ ਲਈ ਲਿਖਿਆ ਹੈ। ਭਾਵੇਂ ਕਿ ਪ੍ਰੋ. ਬਰਾੜ ਦੇ ਅਸਤੀਫੇ ਦਾ ਮੁੱਖ ਕਾਰਨ ਉਨ੍ਹਾਂ ਦੇ ਇਕਲੌਤੇ ਬੇਟੇ ਦੀ ਬਿਮਾਰੀ ਦੱਸਿਆ ਜਾ ਰਿਹਾ ਹੈ, ਪਰ ਵਿੱਦਿਅਕ ਤੇ ਰਾਜਸੀ ਮਾਹਰਾਂ ਵੱਲੋਂ ਇਸ ਨੂੰ ਪੰਜਾਬ ਵਿਚ ਸੱਤਾ ਤਬਦੀਲੀ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।