ਪਰਵਾਸੀ ਪਤੀਆਂ ਦੀਆਂ ਸਤਾਈਆਂ ਪਤਨੀਆਂ ਇਨਸਾਫ ਲਈ ਕੌਮਾਂਤਰੀ ਕਾਨੂੰਨ ਬਣਾਏ ਜਾਣ ਦੀਆਂ ਇਛੁੱਕ

0
35

parwasi_wedding
ਭਾਰਤ ਸਰਕਾਰ ਨੇ 33 ਭਗੌੜੇ ਪਤੀਆਂ ਦੇ ਪਾਸਪੋਰਟ ਕੀਤੇ ਰੱਦ
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਖਾਸ ਕਰ ਕੇ ਪੰਜਾਬ ਵਿਚ ਐਨਆਰਆਈ ਪਤੀਆਂ ਦੁਆਰਾ ਦੁਰਕਾਰੀਆਂ ਪਤਨੀਆਂ ਦਾ ਮਾਮਲਾ ਕਾਫੀ ਪੇਚੀਦਾ ਬਣਿਆ ਹੋਇਆ ਹੈ। ਬਹੁਤ ਸਾਰੀਆਂ ਕੁੜੀਆਂ ਤਾਂ ਵਿਦੇਸ਼ ਗਏ ਪਤੀਆਂ ਦੀ ਉਡੀਕ ਵਿਚ ਉਮਰ ਵਿਹਾ ਗਈਆਂ ਹਨ ਪਰ ਪਤੀ ਪਰਮੇਸ਼ਰ ਜੀ ਦੇ ਵਿਦੇਸ਼ੀ ਧਰਤੀ ਉਤੇ ਬਿਨਾ ਦੱਸੇ ਦੂਜਾ ਵਿਆਹ ਕਰਵਾਉਣ ਦਾ ਪਤਾ ਹੀ ਕਿੰਨਾ ਚਿਰ ਬਾਅਦ ਲਗਦਾ ਹੈ। ਕਈਆਂ ਦੇ ਹੋਰ ਤਰ੍ਹਾਂ ਦੇ ਬਹੁਤ ਸਾਰੇ ਦਿਲ ਦੁਖਾਉਣ ਵਾਲੇ ਕਿੱਸੇ ਹਨ। ਵਿਆਹ ਤੇ ਤਲਾਕ ਬਾਰੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਹੋਣ ਕਰ ਕੇ ਗੱਲ ਕਿਸੇ ਬੰਨੇ ਨਾ ਲੱਗਣ ਕਾਰਨ ਮਾਮਲੇ ਸਾਲਾਂਬੱਧੀ ਉਲਝੇ ਹੀ ਰਹਿੰਦੇ ਹਨ। ਬਹੁਤ ਸਾਰੀਆਂ ਪੀੜਤ ਮਹਿਲਾਵਾਂ ਦਾ ਮੰਨਣਾ ਹੈ ਕਿ ਕਿਸੇ ਸਾਂਝੇ ਕੌਮਾਂਤਰੀ ਕਾਨੂੰਨ ਨਾਲ ਹੀ ਉਨ੍ਹਾਂ ਨੂੰ ਇਨਸਾਫ਼ ਮਿਲ ਸਕਦਾ ਹੈ। ਉਨ੍ਹਾਂ ਆਈਪੀਸੀ ਦੀ ਧਾਰਾ 498ਏ ‘ਚ ਬਲਾਤਕਾਰ, ਕੁੱਟਮਾਰ, ਧੋਖਾਧੜੀ ਜਿਹੇ ਵੱਡੇ ਜੁਰਮਾਂ ਨੂੰ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਭਗੌੜੇ ਪਤੀਆਂ ਦੀ ਇਕ ਤੋਂ ਦੂਜੇ ਦੇਸ਼ ਹਵਾਲਗੀ ਸੰਭਵ ਹੋ ਸਕੇ। ਇਸ ਬਾਬਤ ਭਾਰਤ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਨਆਰਆਈ ਵਿਆਹਾਂ ਨਾਲ ਜੁੜੇ ਮਸਲਿਆਂ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਹੁਣੇ ਜਿਹੇ 33 ਭਗੌੜੇ ਪਤੀਆਂ ਦੇ ਪਾਸਪੋਰਟ ਵੀ ਰੱਦ ਕੀਤੇ ਹਨ।
ਭਗੌੜੇ ਪਤੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ : ਪਰਮਿੰਦਰ ਕੌਰ (ਬਦਲਿਆ ਨਾਮ) ਦਾ ਕਹਿਣਾ ਹੈ ਕਿ ਸੰਨ 2015 ‘ਚ ਉਸ ਦਾ ਵਿਆਹ ਇਕ ਸੁਫ਼ਨਾ ਪੂਰਾ ਹੋਣ ਵਰਗਾ ਸੀ ਅਤੇ ਉਸ ਮਗਰੋਂ 40 ਦਿਨ ਉਸ ਦੀ ਜ਼ਿੰਦਗੀ ਦੇ ਬਿਹਤਰੀਨ ਪਲ ਸਨ। ਅਚਾਨਕ ਉਸ ਦੇ ਪਤੀ ਦੇ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਜਾਣ ਤੋਂ ਬਾਅਦ ਹਾਲਾਤ ਬਦਲ ਗਏ। ਪਰਮਿੰਦਰ ਨੇ ਕਿਹਾ ਕਿ ਉਸ ਦੇ ਪਤੀ ਦੇ ਬਾਹਰ ਜਾਂਦਿਆਂ ਹੀ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਮਾਪਿਆਂ ਤੋਂ ਹਰ ਮਹੀਨੇ ਇਕ ਲੱਖ ਰੁਪਏ ਦਾਜ ਮੰਗਣਾ ਸ਼ੁਰੂ ਕਰ ਦਿੱਤਾ।
ਉਸ ਨੇ ਕਿਹਾ, ”ਮਾਪਿਆਂ ਨੇ ਜਦੋਂ ਪੈਸੇ ਨਾ ਦਿੱਤੇ ਤਾਂ ਸਹੁਰੇ ਪਰਿਵਾਰ ਵਾਲਿਆਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ।” ਇਕ ਦਿਨ ਉਸ ਦੇ ਸਹੁਰੇ ਪਰਿਵਾਰ ਵਾਲੇ ਅਚਾਨਕ ਕੈਨੇਡਾ ਚਲੇ ਗਏ ਅਤੇ ਉਸ ਤੋਂ ਬਾਅਦ ਨਾ ਤਾਂ ਪਤੀ ਅਤੇ ਨਾ ਹੀ ਕਿਸੇ ਹੋਰ ਨਾਲ ਕੋਈ ਗੱਲਬਾਤ ਹੋਈ। ਮਗਰੋਂ ਉਸ ਦੇ ਪਤੀ ਨੇ ਇਕਤਰਫ਼ਾ ਤਲਾਕ ਦੇ ਕੇ ਦੂਜਾ ਵਿਆਹ ਕਰ ਲਿਆ। ਪਰਮਿੰਦਰ ਅਤੇ ਉਸ ਵਰਗੀਆਂ ਹੋਰ ਕਈ ਮਹਿਲਾਵਾਂ ਹੁਣ ਅਜਿਹੇ ਕੌਮਾਂਤਰੀ ਕਾਨੂੰਨ ਦੀ ਮੰਗ ਕਰ ਰਹੀਆਂ ਹਨ ਜਿਸ ਨਾਲ ਭਗੌੜੇ ਪਤੀਆਂ ਦੀ ਹਵਾਲਗੀ ਸੰਭਵ ਹੋ ਸਕੇ।
ਸ਼ਿਲਪਾ (ਬਦਲਿਆ ਨਾਮ) ਸੰਨ 2010 ‘ਚ ਵਿਆਹ ਕਰਕੇ ਅਮਰੀਕਾ ਜਾਣ ਤੋਂ ਪਹਿਲਾਂ ਆਈਟੀ ਕੰਪਨੀ ‘ਚ ਕੰਮ ਕਰਦੀ ਸੀ। ਉਹ ਜਿਵੇਂ ਹੀ ਕੈਲੀਫੋਰਨੀਆ ਪੁੱਜੀ ਤਾਂ ਉਸ ਦੇ ਪਤੀ ਨੇ ਸਾਰੇ ਦਸਤਾਵੇਜ਼ ਅਤੇ ਪੈਸੇ ਲੈ ਲਏ। ਉਸ ਮੁਤਾਬਕ ਪਤੀ ਨੇ ਮਗਰੋਂ ਉਸ ਨੂੰ ਸੜਕ ‘ਤੇ ਸੁੱਟ ਦਿੱਤਾ। ਉਸ ਕੋਲ ਭਾਰਤ ਆਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਸੀ।
ਸ਼ਿਲਪਾ ਦਿੱਲੀ ‘ਚ ਅੱਠ ਸਾਲ ਦੀ ਧੀ ਨਾਲ ਰਹਿੰਦੀ ਹੈ ਅਤੇ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੋਈ ਹੈ ਪਰ ਪਤੀ ਅਜੇ ਤਕ ਨਹੀਂ ਪਰਤਿਆ। ਉਸ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਪਤੀ ਨੇ ਦੂਜਾ ਵਿਆਹ ਕਰ ਲਿਆ ਹੈ।