ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਕਾਤਲਾਨਾ ਹਮਲੇ ਦੇ ਸਬੰਧ ‘ਚ ਬੱਦੀ ਤੋਂ ਨੌਜਵਾਨ ਗ੍ਰਿਫ਼ਤਾਰ

0
773

parmish-verma
ਐਸ.ਏ.ਐਸ. ਨਗਰ/ਬਿਊਰੋ ਨਿਊਜ਼:
ਚੰਡੀਗੜ੍ਹ ਦੇ ਨਾਲ ਲਗਦੇ ਮੁਹਾਲੀ ਸ਼ਹਿਰ ਵਿੱਚ ਸ਼ੁੱਕਰਵਾਰ ਦੇਰ ਰਾਤੀਂ ਮਸ਼ਹੂਰ ਪੰਜਾਬੀ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਬੱਦੀ ਵਿੱਚੋਂ ਹਰਵਿੰਦਰ ਸਿੰਘ ਉਰਫ਼ ਹੈਪੀ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਸੋਸ਼ਲ ਮੀਡੀਆ ‘ਤੇ ਗਾਇਕ ਉੱਪਰ ਹਮਲਾ ਕਰਨ ਦੀ ਜ਼ਿੰਮੇਵਾਰੀ ਲੈਣ ਵਾਲਾ ਗੈਂਗਸਟਰ ਦਿਲਪ੍ਰੀਤ ਸਿੰਘ ਹਾਲੇ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਸਬੰਧੀ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਗੁਪਤ ਸੂਚਨਾਵਾਂ ਨੂੰ ਆਧਾਰ ਬਣਾ ਕੇ ਕਾਫੀ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਇਸ ਤੋਂ ਇਲਾਵਾ ਪੁਲੀਸ ਵੱਲੋਂ ਸੋਸ਼ਲ ਮੀਡੀਆ ‘ਤੇ ਅਪਲੋਡ ਹੋ ਰਹੀਆਂ ਖ਼ਬਰਾਂ ਅਤੇ ਟਿੱਪਣੀਆਂ ‘ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਗੈਂਗਸਟਰ ਦਿਲਪ੍ਰੀਤ ਦੇ ਫੇਸਬੁੱਕ ਅਕਾਊਂਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਗੈਂਗਸਟਰ ਦੀ ਪੈੜ ਨੱਪਣ ਲਈ ਸਾਈਬਰ ਸੈੱਲ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਗੀਤ ‘ਗਾਲ੍ਹ ਨੀ ਕੱਢਣੀ’ ਨਾਲ ਮਸ਼ਹੂਰ ਹੋਏ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ‘ਤੇ ਇੱਥੋਂ ਸੈਕਟਰ-91 ਵਿੱਚ ਸ਼ੁੱਕਰਵਾਰ ਨੂੰ ਕਰੀਬ ਅੱਧੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਇਸ ਹਾਦਸੇ ਵਿੱਚ ਗਾਇਕ ਦੇ ਦੋਸਤ ਕੁਲਵੰਤ ਸਿੰਘ ਚਾਹਲ ਉਰਫ਼ ਲਾਡੀ ਵੀ ਜ਼ਖ਼ਮੀ ਹੋਇਆ ਹੈ। ਦੋਵਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗਾਇਕ ਅਤੇ ਲਾਡੀ ਦੇ ਗੋਡਿਆਂ ‘ਤੇ ਗੋਲੀ ਲੱਗੀ ਹੈ। ਉਧਰ, ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਅੱਜ ਦੱਸਿਆ ਕਿ ਪਰਮੀਸ਼ ਵਰਮਾ ਅਤੇ ਲਾਡੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਪੁਲੀਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਦੁਬਾਰਾ ਫੋਰਟਿਸ ਹਸਪਤਾਲ ਦਾ ਦੌਰਾ ਕਰਕੇ ਗਾਇਕ ਤੇ ਉਸ ਦੇ ਦੋਸਤ ਦੀ ਖਬਰਸਾਰ ਲਈ ਅਤੇ ਉਨ੍ਹਾਂ ਤੋਂ ਘਟਨਾ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਨੇ ਗਾਇਕ ਨੂੰ ਸੁਰੱਖਿਆ ਲਈ ਪੁਲੀਸ ਟੁਕੜੀ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਅਨੁਸਾਰ ਗਾਇਕ ਨੇ ਪੁਲੀਸ ਤੋਂ ਸੁਰੱਖਿਆ ਛੱਤਰੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਕੋਈ ਵੀ ਪੁਲੀਸ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ।
ਵਰਨਣਯੋਗ ਹੈ ਕਿ ਪਰਮੀਸ਼ ਵਰਮਾ ਨੂੰ ਇੱਕ ਗੈਂਗਸਟਰ ਨੇ ਰਸਤੇ ਵਿੱਚ ਘੇਰ ਕੇ ਸ਼ਰ੍ਹੇਆਮ ਗੋਲੀ ਮਾਰ ਦਿੱਤੀ ਪਰ ਗਾਇਕ ਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਿਆ। ਪੰਜਾਬੀ ਗੀਤ ‘ਗਾਲ੍ਹ ਨੀ ਕੱਢਣੀ’ ਨਾਲ ਮਸ਼ਹੂਰ ਹੋਏ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ‘ਤੇ ਲੰਘੀ ਰਾਤ ਇੱਥੋਂ ਸੈਕਟਰ-91 ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਦੇ ਗੋਡੇ ਵਿੱਚ ਗੋਲੀ ਲੱਗੀ ਪਰ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਹਾਲਾਂਕਿ ਪੁਲੀਸ ਹਮਲਾਵਰਾਂ ਦੀ ਭਾਲ ਕਰ ਹੀ ਰਹੀ ਸੀ ਕਿ ਐਨੇ ਵਿੱਚ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨਾਂਅ ਦੇ ਇੱਕ  ਗੈਂਗਸਟਰ ਨੇ ਫੇਸਬੁੱਕ ‘ਤੇ ਗਾਇਕ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਉਸ ਨੇ ਧਮਕੀ ਦਿੱਤੀ ਕਿ ਉਹ ਪਰਮੀਸ਼ ਨੂੰ ਜ਼ਿਊਂਦਾ ਨਹੀਂ ਛੱਡੇਗਾ। ਇਸ ਵਾਰ ਤਾਂ ਗਾਇਕ ਬਚ ਗਿਆ ਪਰ ਅਗਲੀ ਵਾਰ ਨਹੀਂ ਬਚੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਰਮੀਸ਼ ਵਰਮਾ ਦਾ ਸ਼ੁਕਰਵਾਰ ਸ਼ਾਮੀਂ ਚੰਡੀਗੜ੍ਹ ਐਲਾਂਤੇ ਮਾਲ ਵਿੱਚ ਪ੍ਰੋਗਰਾਮ ਸੀ ਅਤੇ ਉਹ ਰਾਤੀਂ ਕਰੀਬ ਸਾਢੇ 11:00 ਵਜੇ ਪ੍ਰੋਗਰਾਮ ਖ਼ਤਮ ਕਰ ਕੇ ਆਪਣੇ ਘਰ ਪਰਤ ਰਿਹਾ ਸੀ। ਦੱਸਿਆ ਗਿਆ ਹੈ ਕਿ ਗਾਇਕ ਮੁਹਾਲੀ ਦੇ ਸੈਕਟਰ-74 ਵਿੱਚ ਰਹਿੰਦਾ ਹੈ ਅਤੇ ਘਰ ਆਉਣ ਤੋਂ ਪਹਿਲਾਂ ਉਹ ਆਪਣੇ ਕਿਸੇ ਜਾਣਕਾਰ ਨੂੰ ਇੱਥੋਂ ਦੇ ਸੈਕਟਰ-91 ਵਿੱਚ ਛੱਡਣ ਜਾ ਰਿਹਾ ਸੀ ਕਿ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਦੇ ਬਰਾਬਰ ਕਾਰ ਖੜੀ ਕਰ ਦਿੱਤੀ ਅਤੇ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿੱਚ ਤਕਰਾਰ ਹੋ ਗਈ ਅਤੇ ਦੇਖਦੇ ਹੀ ਦੇਖਦੇ ਹੀ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਗੋਲੀ ਚਲਾ ਦਿੱਤੀ। ਹਾਲਾਂਕਿ ਪਰਮੀਸ਼ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਉਹ ਹਮਲਾਵਰ ਨੂੰ ਨਹੀਂ ਜਾਣਦਾ ਹੈ ਪ੍ਰੰਤੂ ਫੇਸਬੁੱਕ ‘ਤੇ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਗਾਇਕ ਨੂੰ ਗੋਲੀ ਮਾਰਨ ਦੀ ਗੱਲ ਕਬੂਲ ਕੇ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ।
ਉਧਰ, ਇਸ ਸਬੰਧੀ ਸੰਪਰਕ ਕਰਨ ‘ਤੇ ਫੇਜ਼-1 ਦੇ ਐਸਐਚਓ ਰਾਜਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਅਪਲੋਡ ਹੋਈ ਜਾਣਕਾਰੀ ਅਤੇ ਗਾਇਕ ਦੇ ਜਾਣਕਾਰ ਲਾਡੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੇ ਖ਼ਿਲਾਫ਼ ਧਾਰਾ 307, 148, 149 ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਹਮਲਾਵਰ ਕੌਣ ਸਨ ਅਤੇ ਕਿੰਨੇ ਵਿਅਕਤੀ ਸਨ।

ਕਈ ਮਾਮਲਿਆਂ ‘ਚ ਪੁਲੀਸ ਨੂੰ ਲੋੜੀਂਦਾ ਹੈ ਦਿਲਪ੍ਰੀਤ
ਗੈਂਗਸਟਰ ਦਿਲਪ੍ਰੀਤ ਸਿੰਘ ਪੰਜਾਬ ਪੁਲੀਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਉਹ ਜ਼ਿਲ੍ਹਾ ਰੂਪਨਗਰ ਦੇ ਕਸਬਾ ਨੁਰਪੂਰ ਬੇਦੀ ਦਾ ਰਹਿਣ ਵਾਲਾ ਹੈ ਅਤੇ ਉਸ ‘ਤੇ ਪਹਿਲਾਂ ਵੀ ਕਤਲ, ਡਕੈਤੀਆਂ ਤੇ ਕੋਈ ਹੋਰ ਅਪਰਾਧਿਕ ਮਾਮਲੇ ਦਰਜ ਹਨ। ਦਿਲਪ੍ਰੀਤ ਸਿੰਘ ਵੱਲੋਂ ਇਸ ਮਾਮਲੇ ਦੀ ਜ਼ਿੰਮੇਵਾਰੀ ਆਪਣੇ ਸਿਰ ਲਏ ਜਾਣ ਤੋਂ ਬਾਅਦ ਪੁਲੀਸ ਨੇ ਉਸ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਂਗਸਟਰ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਨੇ ਫੇਸਬੁੱਕ ਅਕਾਉੂਂਟ ਅਤੇ ਹੋਰ ਹੀਲੇ ਵਸੀਲਿਆਂ ਰਾਹੀਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।