ਪਾਕਿ ਫ਼ੌਜ ਨੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਕੇ ਦੋ ਜਵਾਨਾਂ ਦੇ ਸਿਰ ਕੀਤੇ ਕਲਮ

0
491

pakistan-fouj
ਕੈਪਸ਼ਨ-ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਗਸ਼ਤ ਕਰਦੇ ਹੋਏ ਭਾਰਤੀ ਫੌਜ ਦੇ ਜਵਾਨ। (ਇਨਸੈੱਟ) ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾਘਾਟੀ ਸੈਕਟਰ ਵਿੱਚ ਕੰਟਰੋਲ ਰੇਖਾ ਉਤੇ ਸ਼ਹੀਦ ਹੋਇਆ ਬੀਐਸਐਫ ਦਾ ਹੈੱਡ ਕਾਂਸਟੇਬਲ ਪ੍ਰੇਮ ਸਾਗਰ ਤੇ ਪਰਮਜੀਤ ਸਿੰਘ।
ਜੰਮੂ/ਬਿਊਰੋ ਨਿਊਜ਼ :
ਪਾਕਿਸਤਾਨੀ ਫ਼ੌਜ ਦੇ ਇਕ ਵਿਸ਼ੇਸ਼ ਦਸਤੇ ਨੇ ਭਾਰੀ ਗੋਲਾਬਾਰੀ ਦੀ ਆੜ ਹੇਠ ਭਾਰਤੀ ਇਲਾਕੇ ਵਿੱਚ ਕਰੀਬ 250 ਮੀਟਰ ਅੰਦਰ ਦਾਖ਼ਲ ਹੋ ਕੇ ਇਕ ਗਸ਼ਤੀ ਟੀਮ ਉਤੇ ਹਮਲਾ ਕਰਦਿਆਂ ਦੋ ਭਾਰਤੀ ਜਵਾਨਾਂ ਦੇ ਸਿਰ ਵੱਢ ਦਿੱਤੇ। ਇਹ ਕਾਰਵਾਈ ਪਾਕਿਸਤਾਨੀ ਫ਼ੌਜ ਦੀ ਬਾਰਡਰ ਐਕਸ਼ਨ ਟੀਮ (ਬੈਟ) ਵੱਲੋਂ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਕੀਤੀ ਗਈ। ਮਾਰੇ ਗਏ ਜਵਾਨਾਂ ਦੀ ਪਛਾਣ 22 ਸਿੱਖ ਰੈਜੀਮੈਂਟ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਤੇ ਬੀਐਸਐਫ ਦੀ  200ਵੀਂ ਬਟਾਲੀਅਨ ਦੇ ਹੈੱਡ ਕਾਂਸਟੇਬਲ ਪ੍ਰੇਮ ਸਾਗਰ ਵਜੋਂ ਹੋਈ ਹੈ। ਹਮਲੇ ਵਿੱਚ ਬੀਐਸਐਫ਼ ਦਾ ਇਕ ਜਵਾਨ ਰਾਜਿੰਦਰ ਸਿੰਘ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਭਾਰਤੀ ਫ਼ੌਜ ਨੇ ਵੀ ਪਾਕਿਸਤਾਨ ਦੇ ਇਸ ‘ਘਟੀਆ ਕਾਰੇ’ ਖ਼ਿਲਾਫ਼ ਜ਼ੋਰਦਾਰ ਕਾਰਵਾਈ ਕਰਦਿਆਂ ਪਾਕਿਸਤਾਨ ਦੀਆਂ ਦੋ ਸਰਹੱਦੀ ਚੌਕੀਆਂ ਨੂੰ ਤਬਾਹ ਕਰ ਦਿੱਤਾ। ਭਾਰਤ ਨੇ ਪਾਕਿਸਤਾਨੀ ਫੌਜ ਨੂੰ ਇਸ ਹਮਲੇ ਦਾ ‘ਢੁਕਵਾਂ’ ਜਵਾਬ ਦੇਣ ਦਾ ਐਲਾਨ ਕੀਤਾ ਹੈ। ਗ਼ੌਰਤਲਬ ਹੈ ਕਿ ਇਹ ਘਟਨਾ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਮਕਬੂਜ਼ਾ ਕਸ਼ਮੀਰ ਵਿੱਚ ਅਸਲ ਕੰਟਰੋਲ ਲਕੀਰ (ਐਲਓਸੀ) ਨੇੜਲੇ ਵੱਖ-ਵੱਖ ਇਲਾਕਿਆਂ ਦੇ ਕੀਤੇ ਦੌਰੇ ਤੋਂ ਇਕ ਦਿਨ ਬਾਅਦ ਵਾਪਰੀ ਹੈ। ਜਨਰਲ ਬਾਜਵਾ ਨੇ ਘਟਨਾ ਤੋਂ ਇਕ ਦਿਨ ਪਹਿਲਾਂ ਇਸ ਦੌਰੇ ਦੌਰਾਨ ਪਾਕਿਸਤਾਨ ਵੱਲੋਂ ਕਸ਼ਮੀਰੀ ਵੱਖਵਾਦੀਆਂ ਦੀ ਹਮਾਇਤ ਦਾ ਅਹਿਦ ਦੁਹਰਾਇਆ ਸੀ।
ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ”ਇਹ ਪਾਕਿਸਤਾਨੀ ਫ਼ੌਜ ਦਾ ਗਿਣ-ਮਿਥ ਕੇ ਕੀਤਾ ਗਿਆ ਹਮਲਾ ਸੀ। ਉਨ੍ਹਾਂ ਆਪਣੀ ਬੈਟ ਟੀਮ ਨੂੰ ਭਾਰਤ ਵਿੱਚ 250 ਮੀਟਰ ਅੰਦਰ ਤੱਕ ਭੇਜਿਆ ਅਤੇ ਉਥੇ ਘਾਤ ਲਾ ਕੇ ਇਹ ਹਮਲਾ ਕੀਤਾ, ਜਿਸ ਦੌਰਾਨ ਹਮਲਾਵਰ ਲੰਬਾ ਸਮਾਂ 7-8 ਮੈਂਬਰੀ ਭਾਰਤੀ ਗਸ਼ਤੀ ਟੀਮ ਦੀ ਉਡੀਕ ਵਿੱਚ ਬੈਠੇ ਰਹੇ।”
ਉਨ੍ਹਾਂ ਕਿਹਾ ਕਿ ਹਮਲਾ ਹੋਣ ਉਤੇ ਗਸ਼ਤੀ ਟੀਮ ਦੇ ਮੈਂਬਰ ਬਚਾਅ ਲਈ ਭੱਜੇ ਪਰ ਇਸ ਦੌਰਾਨ ਦੋ ਜਵਾਨ ਪਿੱਛੇ ਰਹਿਣ ਕਾਰਨ ਉਨ੍ਹਾਂ ਦਾ ਸ਼ਿਕਾਰ ਬਣ ਗਏ। ਫ਼ੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦੋਵਾਂ ਜਵਾਨਾਂ ਦੀਆਂ ਲਾਸ਼ਾਂ ਦੀ ਵੱਢ-ਟੁੱਕ ਕੀਤੀ ਗਈ ਹੈ, ਪਰ ਫ਼ੌਜ ਦੇ ਇਕ ਸੀਨੀਅਰ ਅਧਕਾਰੀ ਨੇ ਦੱਸਿਆ ਕਿ ਦੋਵਾਂ ਜਵਾਨਾਂ ਦੇ ਸਿਰ ਵੱਢੇ ਗਏ ਹਨ।
ਪਾਕਿ ਵੱਲੋਂ ਸਿਰ ਕਲਮ ਕਰਨ ਤੋਂ ਇਨਕਾਰ :
ਇਸਲਾਮਾਬਾਦ: ਪਾਕਿਸਤਾਨ ਦੀ ਥਲ ਸੈਨਾ ਨੇ ਦੋ ਭਾਰਤੀ ਸੈਨਿਕਾਂ ਦੀਆਂ ਲਾਸ਼ਾਂ ਦੀ ਵੱਢ-ਟੁੱਕ ਤੋਂ ਇਨਕਾਰ ਕੀਤਾ। ਪਾਕਿ ਥਲ ਸੈਨਾ ਦੇ ‘ਅੰਤਰ ਸੇਵਾਵਾਂ ਲੋਕ ਸੰਪਰਕ ਵਿੰਗ’ ਨੇ ਕਿਹਾ ਕਿ ਸੈਨਾ ਨੇ ਭਾਰਤ ਨਾਲ ਲਗਦੀ ਕੰਟਰੋਲ ਰੇਖਾ ਉਤੇ ਗੋਲੀਬੰਦੀ ਦੀ ਕੋਈ ਉਲੰਘਣਾ ਨਹੀਂ ਕੀਤੀ।  ਭਾਰਤੀ ਸੈਨਿਕਾਂ ਦੀਆਂ ਲਾਸ਼ਾਂ ਦੀ ਵੱਢ-ਟੁੱਕ ਕਰਨ ਦੇ ਭਾਰਤ ਦੇ ਦਾਅਵੇ ਵੀ ਝੂਠੇ ਹਨ। ਪਾਕਿ ਸੈਨਾ ਉੱਚ ਪਾਏ ਦਾ ਪੇਸ਼ੇਵਰ ਬਲ ਹੈ ਅਤੇ ਉਹ ਕਦੇ ਵੀ ਕਿਸੇ ਫੌਜੀ ਦੀ ਨਿਰਾਦਰੀ ਨਹੀਂ ਕਰੇਗਾ।
ਜੇਤਲੀ ਬੋਲੇ-ਜਵਾਨਾਂ ਦਾ ਬਲੀਦਾਨ ਜ਼ਾਇਆ ਨਹੀਂ ਜਾਏਗਾ :
ਨਵੀਂ ਦਿੱਲੀ : ਜੰਮੂ ਕਸ਼ਮੀਰ ਵਿੱਚ ਦੋ ਭਾਰਤੀ ਫੌਜੀਆਂ ਦੇ ਸਿਰ ਕਲਮ ਕਰਨ ਉਤੇ ਕੇਂਦਰ ਸਰਕਾਰ ਤੇ ਸਿਆਸੀ ਪਾਰਟੀਆਂ ਨੇ ਪਾਕਿਸਤਾਨ ਦੀ ਆਲੋਚਨਾ ਕੀਤੀ। ਭਾਜਪਾ ਦੇ ਕਾਨੂੰਨਸਾਜ਼ਾਂ ਨੇ ਪਾਕਿ ਥਲ ਸੈਨਾ ਨੂੰ ਵੀ ਇਸੇ ਤਰ੍ਹਾਂ ਦਾ ਜਵਾਬ ਦੇਣ ਉਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਅਰੁਣ ਜੇਤਲੀ ਨੇ ਇਸ ਘਿਨਾਉਣੇ ਕਾਰੇ ਨੂੰ ਭੰਡਦਿਆਂ ਕਿਹਾ ਕਿ ਅਜਿਹੇ ਹਮਲੇ ਤਾਂ ਜੰਗ ਦੌਰਾਨ ਵੀ ਨਹੀਂ ਵਾਪਰਦੇ। ਉਨ੍ਹਾਂ ਕਿਹਾ ਕਿ ਪੂਰੇ ਮੁਲਕ ਨੂੰ ਹਥਿਆਰਬੰਦ ਦਸਤਿਆਂ ਵਿੱਚ ਪੂਰਾ ਵਿਸ਼ਵਾਸ ਹੈ। ਜਵਾਨਾਂ ਦੀਆਂ ਲਾਸ਼ਾਂ ਦੀ ਬੇਹੁਰਮਤੀ ਜਾਂਗਲੀਪੁਣੇ ਦਾ ਪ੍ਰਚੰਡ ਰੂਪ ਹੈ। ਭਾਰਤ ਸਰਕਾਰ ਇਸ ਤਰ੍ਹਾਂ ਦੀ ਕਾਰਵਾਈ ਦੀ ਸਖ਼ਤੀ ਨਾਲ ਨਿਖੇਧੀ ਕਰਦੀ ਹੈ। ਪੂਰੇ ਮੁਲਕ ਨੂੰ ਆਪਣੇ ਹਥਿਆਰਬੰਦ ਦਸਤਿਆਂ ਉਤੇ ਪੂਰਾ ਭਰੋਸਾ ਹੈ, ਜੋ ਇਸ ਦਾ ਢੁਕਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਜਵਾਨਾਂ ਦਾ ਬਲੀਦਾਨ ਜ਼ਾਇਆ ਨਹੀਂ ਜਾਵੇਗਾ।
ਬੈਂਕ ਦੀ ਕੈਸ਼ ਵੈਨ ‘ਤੇ ਹਮਲੇ ਦੌਰਾਨ ਪੰਜ ਪੁਲੀਸ ਜਵਾਨਾਂ ਸਣੇ ਸੱਤ ਹਲਾਕ :
ਸ੍ਰੀਨਗਰ: ਦਹਿਸ਼ਤਗਰਦਾਂ ਨੇ ਕਸ਼ਮੀਰ ਵਾਦੀ ਵਿੱਚ ਬੈਂਕ ਦੀ ਇਕ ਕੈਸ਼ ਵੈਨ ਉਤੇ ਹਮਲਾ ਕਰ ਕੇ ਪੰਜ ਪੁਲੀਸ ਜਵਾਨਾਂ ਸਣੇ ਸੱਤ ਵਿਅਕਤੀਆਂ ਨੂੰ ਮਾਰ ਮੁਕਾਇਆ। ਹਮਲੇ ਦੀ ਜ਼ਿੰਮੇਵਾਰੀ ਹਿਜ਼ਬੁਲ ਮੁਜਾਹਦੀਨ ਨੇ ਲਈ ਹੈ। ਇਹ ਘਟਨਾ ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਕੁਲਗਾਮ ਵਿੱਚ ਬਾਅਦ ਦੁਪਹਿਰ ਉਦੋਂ ਵਾਪਰੀ ਜਦੋਂ ਜੰਮੂ ਅਤੇ ਕਸ਼ਮੀਰ ਬੈਂਕ ਦੀ ਇਹ ਕੈਸ਼ ਵੈਨ ਧਮਾਲ ਹਾਂਜੀ ਪੋਰਾ ਤੋਂ ਜ਼ਿਲ੍ਹਾ ਸਦਰ ਮੁਕਾਮ ਉਤੇ ਪਰਤ ਰਹੀ ਸੀ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਥਿਆਰਾਂ ਨਾਲ ਵੱਡੀ ਪੱਧਰ ‘ਤੇ ਲੈਸ ਦਹਿਸ਼ਤਗਰਦਾਂ ਦੀ ਇਕ ਟੋਲੀ ਨੇ ਵੈਨ ਨੂੰ ਘੇਰ ਲਿਆ। ਉਨ੍ਹਾਂ ਪੰਜ ਜਵਾਨਾਂ ਅਤੇ ਬੈਂਕ ਦੇ ਦੋ ਮੁਲਾਜ਼ਮਾਂ ਨੂੰ ਵੈਨ ਤੋਂ ਬਾਹਰ ਧੂਹ ਕੇ ਬੜੀ ਨੇੜਿਓਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਮ੍ਰਿਤਕਾਂ ਵਿੱਚ ਪੁਲੀਸ ਦਾ ਇਕ ਏਐਸਆਈ ਵੀ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਦਹਿਸ਼ਤਗਰਦ ਜਵਾਨਾਂ ਦੀਆਂ ਸਰਕਾਰੀ ਰਾਈਫਲਾਂ ਲੈ ਗਏ। ਪੁਲੀਸ ਅਫ਼ਸਰਾਂ ਅਨੁਸਾਰ ਉਹ ਅਜੇ ਇਸ ਗੱਲ ਦਾ ਪਤਾ ਲਾ ਰਹੇ ਹਨ ਕਿ ਕੀ ਦਹਿਸ਼ਤਗਰਦ ਵੈਨ ਵਿਚੋਂ ਨਕਦੀ ਤੇ ਜਵਾਨਾਂ ਦੀਆਂ ਸਰਕਾਰੀ ਰਾਈਫਲਾਂ ਲੈ ਗਏ ਹਨ।