ਪਾਕਿਸਤਾਨੀ ਫੌਜ ਵੱਲੋਂ ਵੀ ਸ਼ਾਂਤੀ ਲਈ ਇਮਰਾਨ ਨੂੰ ਥਾਪੜਾ ਪਰ ਮੋਦੀ ਦੇ ਮੰਤਰੀ ਬੇ-ਲਗਾਮ

0
58

pak_army_general_bajwa
ਕਰਾਚੀ/ਬਿਊਰੋ ਨਿਊਜ਼ :
ਪਾਕਿਸਤਾਨੀ ਫੌਜ ਦੇ ਮੁਖੀ ਨੇ ਭਾਰਤ ਨਾਲ ਅਮਨ ਦੀਆਂ ਕੋਸ਼ਿਸ਼ਾਂ ਲਈ ਆਪਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪੂਰੀ ਹਮਾਇਤ ਕੀਤੀ ਹੈ ਪਰ ਭਾਰਤ ਦੇ ਮੰਤਰੀ ਪਾਕਿਸਤਾਨ ਬਾਰੇ ਕੌੜੇ ਬਿਆਨ ਦੇ ਕੇ ਮਾਮਲਾ ਗਰਮ ਹੀ ਰੱਖ ਰਹੇ ਹਨ। ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸ਼ਾਂਤੀ ਦੀ ਸ਼ੁਰੂ ਕੀਤੀ ਗਈ ਪਹਿਲਕਦਮੀ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਨਵੀਂ ਸਰਕਾਰ ਨੇ ਭਾਰਤ ਵੱਲ ਨੇਕਨੀਅਤੀ ਨਾਲ ਸ਼ਾਂਤੀ ਅਤੇ ਦੋਸਤੀ ਦਾ ਹੱਥ ਵਧਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨੂੰ ਇਸਲਾਮਾਬਾਦ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਹੈ। ਜਲ ਸੈਨਾ ਅਕਾਦਮੀ ‘ਚ ਜਵਾਨਾਂ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਜਨਰਲ ਬਾਜਵਾ ਨੇ ਕਿਹਾ, ਕਿ ”ਪਾਕਿਸਤਾਨ ਸ਼ਾਂਤੀ ਪਸੰਦ ਮੁਲਕ ਹੈ ਅਤੇ ਸ਼ਾਂਤੀ ‘ਚ ਵਿਸ਼ਵਾਸ ਰੱਖਦਾ ਹੈ।” ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਅਤੇ ਭਾਰਤ ਵਿਚਕਾਰ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਥਲ ਸੈਨਾ ਮੁਖੀ ਨੇ ਕਿਹਾ ਕਿ ਸ਼ਾਂਤੀ ਦਾ ਹਰ ਕਿਸੇ ਨੂੰ ਫਾਇਦਾ ਹੁੰਦਾ ਹੈ ਅਤੇ ਇਕ-ਦੂਜੇ ਖ਼ਿਲਾਫ਼ ਲੜਨ ਦੀ ਬਜਾਏ ਹੁਣ ਅਜਿਹਾ ਵੇਲਾ ਹੈ ਜਦੋਂ ਬਿਮਾਰੀਆਂ, ਗਰੀਬੀ ਅਤੇ ਅਨਪੜ੍ਹਤਾ ਨਾਲ ਜੂਝਿਆ ਜਾਵੇ।
ਜਨਰਲ ਬਾਜਵਾ ਨੇ ਕਿਹਾ ਕਿ ਜੰਗਾਂ ਨਾਲ ਲੋਕਾਂ ਨੂੰ ਮੌਤ, ਤਬਾਹੀ ਅਤੇ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਰੇ ਮੁੱਦਿਆਂ ਦਾ ਹੱਲ ਗੱਲਬਾਤ ਦੀ ਮੇਜ਼ ‘ਤੇ ਹੋ ਸਕਦਾ ਹੈ। ਇਸ ਕਰਕੇ ਅਸੀਂ ਅਫ਼ਗਾਨਿਸਤਾਨ ‘ਚ ਸ਼ਾਂਤੀ ਬਹਾਲੀ ਲਈ ਹਰ ਕਿਸੇ ਨੂੰ ਹਮਾਇਤ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅਤਿਵਾਦ ਜਾਂ ਸਾਬੋਤਾਜ ਦੀਆਂ ਘਟਨਾਵਾਂ ਨਾਲ ਟਾਕਰਾ ਕਰਨਾ ਪੈ ਰਿਹਾ ਹੈ।
ਆਧੁਨਿਕ ਜੰਗੀ ਹਥਿਆਰਾਂ ਦਾ ਜ਼ਿਕਰ ਕਰਦਿਆਂ ਥਲ ਸੈਨਾ ਮੁਖੀ ਨੇ ਕਿਹਾ ਕਿ ਸੂਚਨਾ ਅਤੇ ਆਧੁਨਿਕ ਤਕਨਾਲੋਜੀ ਨੇ ਜੰਗ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ ਅਤੇ ਜਿਹੜੇ ਮੁਲਕ ਛੇਤੀ ਬਦਲਾਅ ਕਰ ਲੈਂਦੇ ਹਨ, ਉਹ ਜੰਗਾਂ ਜਿੱਤਣ ਦੇ ਕਾਬਲ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਸੋਚ ਨੂੰ ਬਦਲਣ ਦੀ ਲੋੜ ਹੈ।
ਪਾਕਿ ‘ਚ ਘੱਟ ਗਿਣਤੀਆਂ ਖ਼ਿਲਾਫ਼ ਹੁੰਦੀਆਂ ਨੇ ਵਧੀਕੀਆਂ-ਨਕਵੀ : ਉਧਰ ਭਾਜਪਾ ਨੇ ਕਿਹਾ ਕਿ ਪਾਕਿਸਤਾਨ ਘੱਟ ਗਿਣਤੀਆਂ ਖ਼ਿਆਫ਼ ਵਧੀਕੀਆਂ ਦੀ ਧਰਤੀ ਹੈ ਜਿਥੇ ਮੁਲਕ ਦੇ ਸੰਨ 1947 ‘ਚ ਬਣਨ ਮਗਰੋਂ ਹੀ ਉਨ੍ਹਾਂ ਨੂੰ ਸਤਾਇਆ ਜਾ ਰਿਹਾ ਹੈ। ਘੱਟ ਗਿਣਤੀਆਂ ਬਾਰੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਇਮਰਾਨ ਖ਼ਾਨ ਦੇ ਇਕ ਘੱਟ ਗਿਣਤੀਆਂ ਬਾਰੇ ਬਿਆਨ ‘ਤੇ ਤਨਜ਼ ਕਸਦਿਆਂ ਕਿਹਾ,ਕਿ ”ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।” ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਚ ਹਿੰਦੂਆਂ, ਸਿੱਖਾਂ ਅਤੇ ਇਸਾਈਆਂ ਦੀ ਗਿਣਤੀ ‘ਚ 90 ਫ਼ੀਸਦੀ ਦੀ ਕਮੀ ਆਈ ਹੈ ਕਿਉਂਕਿ ਉਨ੍ਹਾਂ ਨੂੰ ਇਸਲਾਮਿਕ ਕੱਟੜਪੰਥੀਆਂ ਵੱਲੋਂ ਸਰਕਾਰ ਦੀ ਸ਼ਹਿ ‘ਤੇ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਯੂਸਫ਼ ਖ਼ਾਨ (ਦਿਲੀਪ ਕੁਮਾਰ), ਆਮਿਰ ਖ਼ਾਨ, ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਸਮੇਤ ਹੋਰ ਭਾਰਤੀ ਕਲਾਕਾਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਰੇ ਪਿਆਰ ਕਰਦੇ ਹਨ।