ਨੋਟਬੰਦੀ ਦੌਰਾਨ ਗੁਰਦੁਆਰਿਆਂ ਵਿਚ ਚੜ੍ਹਿਆ 30 ਲੱਖ ਤੋਂ ਵੱਧ ਦੀ ਪੁਰਾਣੀ ਕਰੰਸੀ ਦਾ ਚੜ੍ਹਾਵਾ ਫਸਿਆ

0
46
Devotees offer in one of the donation box in Golden Temple complex in Amritsar on Thursday. Photo. Vishal kumar
ਇਕ ਗੋਲਕ ਵਿਚ ਪੈਸੇ ਪਾਉਂਦੇ ਹੋਏ ਸ਼ਰਧਾਲੂ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਭਾਰਤੀ ਰਿਜ਼ਰਵ ਬੈਂਕ ਨੂੰ ਪੱਤਰ ਭੇਜ ਕੇ ਮੰਗ ਕਰ ਚੁੱਕੀ ਹੈ ਕਿ ਨੋਟਬੰਦੀ ਦੌਰਾਨ ਚੜ੍ਹਾਵੇ ਵੱਜੋਂ ਆਏ ਲੱਖਾਂ ਰੁਪਏ ਦੇ ਪੁਰਾਣੇ ਨੋਟ ਬਦਲੇ ਜਾਣ ਪਰ ਰਿਜ਼ਰਵ ਬੈਂਕ ਨੇ ਇਹ ਪੁਰਾਣੀ ਕਰੰਸੀ ਲੈਣ ਤੋਂ ਮਨ੍ਹਾਂ ਕਰ ਦਿੱਤਾ ਹੈ। ਹੁਣ ਮੁੜ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਰਿਜ਼ਰਵ ਬੈਂਕ ਨੂੰ ਪੱਤਰ ਭੇਜ ਕੇ ਪੁਰਾਣੀ ਕਰੰਸੀ ਲੈਣ ਦੀ ਅਪੀਲ ਕੀਤੀ ਹੈ।
ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦੌਰਾਨ ਸ਼੍ਰੋਮਣੀ ਕਮੇਟੀ ਕੋਲ ਸ੍ਰੀ ਹਰਿਮੰਦਰ ਸਾਹਿਬ ਸਮੇਤ ਵੱਖ ਵੱਖ ਗੁਰਦੁਆਰਿਆਂ ਦੀਆਂ ਗੋਲਕਾਂ ਵਿਚ ਸ਼ਰਧਾਲੂਆਂ ਵੱਲੋਂ ਚੜ੍ਹਾਵੇ ਵਜੋਂ ਭੇਟ ਕੀਤੀ ਗਈ ਪੁਰਾਣੀ ਕਰੰਸੀ ਦੇ ਲਗਪਗ 30 ਲੱਖ 45 ਹਜ਼ਾਰ ਰੁਪਏ ਦੀ ਰਕਮ ਇਕੱਠੀ ਹੋਈ ਸੀ। ਇਸ ਨੂੰ ਤਬਦੀਲ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਇਕ ਵਾਰ ਮੁੜ ਭਾਰਤੀ ਰਿਜ਼ਰਵ ਬੈਂਕ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ। ਇਹ ਪੱਤਰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੂੰ ਲਿਖਿਆ ਗਿਆ ਹੈ।
ਡਾ. ਰੂਪ ਸਿੰਘ ਨੇ ਦੱਸਿਆ ਕਿ 31 ਮਾਰਚ, 2017 ਤੋਂ 31 ਜੁਲਾਈ 2017 ਤੱਕ ਸ੍ਰੀ ਹਰਿਮੰਦਰ ਸਾਹਿਬ ਸਮੇਤ ਵੱਖ ਵੱਖ ਗੁਰਦੁਆਰਿਆਂ ਦੀਆਂ ਗੋਲਕਾਂ ਵਿਚ ਸੰਗਤ ਵੱਲੋਂ ਪੁਰਾਣੀ ਕਰੰਸੀ ਦੇ ਨੋਟ ਚੜ੍ਹਾਵੇ ਵਜੋਂ ਭੇਟ ਕੀਤੇ ਗਏ ਹਨ। ਇਹ ਸਿਲਸਿਲਾ ਬਾਅਦ ਵਿਚ ਵੀ ਜਾਰੀ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ 31 ਜੁਲਾਈ 2017 ਤੱਕ ਪੁਰਾਣੀ ਕਰੰਸੀ ਦੇ ਆਏ ਨੋਟਾਂ ਦਾ ਜਦੋਂ ਜੋੜ ਕੀਤਾ ਗਿਆ ਤਾਂ ਇਹ ਰਕਮ 30 ਲੱਖ 45 ਹਜ਼ਾਰ ਰੁਪਏ ਦੀ ਸੀ। ਇਸ ਤੋਂ ਬਾਅਦ ਵਿਚ ਆਏ ਅਜਿਹੇ ਪੁਰਾਣੇ ਨੋਟਾਂ ਨੂੰ ‘ਖੋਟੇ ਸਿੱਕੇ ਦੀ ਗੋਲਕ’ ਵਿਚ ਸ਼ਾਮਲ ਕਰ ਦਿੱਤਾ ਗਿਆ ਅਤੇ ਬਾਕੀ ਅਜਿਹੀ ਰਕਮ ਦਾ ਕੋਈ ਹਿਸਾਬ ਕਿਤਾਬ ਨਹੀਂ। ਉਨ੍ਹਾਂ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਨੂੰ ਮੁੜ ਪੱਤਰ ਭੇਜ ਕੇ ਪੁਰਾਣੇ ਨੋਟ ਲੈਣ ਦੀ ਅਪੀਲ ਕੀਤੀ ਗਈ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਪੱਤਰ ਵਿਚ ਬੈਂਕ ਨੂੰ ਦੱਸਿਆ ਗਿਆ ਹੈ ਕਿ ਇਸ ਪੁਰਾਣੀ ਕਰੰਸੀ ਸਬੰਧੀ ਉਨ੍ਹਾਂ ਕੋਲ ਸਾਰਾ ਰਿਕਾਰਡ ਹੈ ਅਤੇ ਇਹ ਪੁਰਾਣੀ ਨਕਦੀ ਸੰਗਤ ਵੱਲੋਂ ਚੜ੍ਹਾਵੇ ਵਜੋਂ ਹੀ ਭੇਟ ਕੀਤੀ ਗਈ ਸੀ। ਉਨ੍ਹਾਂ ਆਖਿਆ ਕਿ ਸੰਗਤ ਨੂੰ ਦਾਨ ਵਿਚ ਪੁਰਾਣੀ ਕਰੰਸੀ ਭੇਟ ਕਰਨ ਤੋਂ ਰੋਕ ਨਹੀਂ ਸਕਦੇ ਕਿਉਂਕਿ ਇਹ ਸੰਗਤ ਦਾ ਨਿੱਜੀ ਮਾਮਲਾ ਹੈ। ਇਹ ਦਾਨ ਦੀ ਰਕਮ ਕਦੋਂ ਤੇ ਕਿਹੜੇ ਗੁਰਦੁਆਰੇ ਵਿਚੋਂ ਆਈ, ਇਸ ਸਬੰਧੀ ਸ਼੍ਰੋਮਣੀ ਕਮੇਟੀ ਕੋਲ ਸਾਰੇ ਵੇਰਵੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਿਸੇ ਦੀ ਨਿੱਜੀ ਨਕਦੀ ਨਹੀਂ ਹੈ, ਸਗੋਂ ਸੰਸਥਾ ਨੂੰ ਸ਼ਰਧਾਲੂਆਂ ਵੱਲੋਂ ਦਾਨ ਵਜੋਂ ਭੇਟ ਕੀਤੀ ਹੋਈ ਨਕਦੀ ਹੈ। ਇਸ ਲਈ ਪੁਰਾਣੇ ਨੋਟਾਂ ਦੀ ਇਸ ਨਕਦੀ ਨੂੰ ਜਮ੍ਹਾਂ ਕੀਤਾ ਜਾਵੇ ਅਤੇ ਇਸ ਨੂੰ ਤਬਦੀਲ ਕੀਤਾ ਜਾਵੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨੋਟਬੰਦੀ ਸਬੰਧੀ ਤੁਰੰਤ ਹਦਾਇਤ ਜਾਰੀ ਕੀਤੇ ਜਾਣ ਕਾਰਨ ਉਸ ਵੇਲੇ ਸ਼੍ਰੋਮਣੀ ਕਮੇਟੀ ਨੂੰ ਲਗਪਗ ਦਸ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਹ ਨੁਕਸਾਨ ਦਾਨ ਵਜੋਂ ਭੇਟ ਕੀਤੀ ਗਈ ਪੁਰਾਣੇ ਨੋਟਾਂ ਵਾਲੀ ਰਕਮ ਨਾ ਲੈਣ ਕਾਰਨ ਹੋਇਆ ਸੀ। ਸ਼੍ਰੋਮਣੀ ਕਮੇਟੀ ਨੇ 9 ਨਵੰਬਰ 2016 ਤੋਂ ਹੀ ਪੁਰਾਣੇ ਨੋਟ ਲੈਣੇ ਬੰਦ ਕਰ ਦਿੱਤੇ ਸਨ।