ਲੱਖਾਂ ਸ਼ਰਧਾਲੂਆਂ ਵਲੋਂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ

0
261
Devotees gather at the Golden Temple entrance to pay obeisance at the shrine on the head of New Year in Amritsar on Sunday. Photo: Vishal Kumar
ਅੰਮ੍ਰਿਤਸਰ ਵਿੱਚ ਐਤਵਾਰ ਨੂੰ ਨਵੇਂ ਸਾਲ ਦੇ ਮੱਦੇਨਜ਼ਰ ਦਰਬਾਰ ਸਾਹਿਬ ਵਿਖੇ ਪਹੁੰਚੀ ਹੋਈ ਸੰਗਤ।

ਅੰਮ੍ਰਿਤਸਰ/ਬਿਊਰੋ ਨਿਊਜ਼:
ਨਵੇਂ ਵਰ੍ਹੇ ਨੂੰ ਜੀ ਆਇਆਂ ਆਖਣ ਲਈ ਇਕ ਪਾਸੇ ਲੋਕ ਹੋਟਲਾਂ, ਕਲੱਬਾਂ, ਰੈਸਟੋਰੈਂਟਾਂ, ਸੜਕਾਂ ਤੇ ਹੋਰਨਾਂ ਸਮਾਰੋਹਾਂ ‘ਤੇ ਇਕੱਠੇ ਹੋ ਕੇ ਪਾਰਟੀਆਂ ਕਰ ਰਹੇ ਹਨ, ਦੂਜੇ ਪਾਸ ਲੱਖਾਂ ਸ਼ਰਧਾਲੂ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਲਈ ਹਰਿਮੰਦਰ ਸਾਹਿਬ ਪੁੱਜੇ ਹਨ।
ਐਤਵਾਰ ਸਵੇਰ ਤੋਂ ਹੀ ਹਰਿਮੰਦਰ ਸਾਹਿਬ ਵਿੱਚ ਸੰਗਤਾਂ ਦੀ ਭਾਰੀ ਆਮਦ ਰਹੀ, ਜੋ ਦੇਰ ਸ਼ਾਮ ਨੂੰ ਹੋਰ ਵਧ ਗਈ ਤੇ ਰਾਤ 12 ਵਜੇ ਪਰਿਕ੍ਰਮਾ ਵੀ ਪੂਰੀ ਤਰ੍ਹਾਂ ਭਰੀ ਗਈ। ਮੈਨੇਜਰ ਸੁਲੱਖਣ ਸਿੰਘ ਨੇ ਦੱਸਿਆ ਕਿ 2 ਲੱਖ ਤੋਂ ਵਧੇਰੇ ਸ਼ਰਧਾਲੂ ਅੱਜ ਨਵੇਂ  ਵਰ੍ਹੇ ਦੀ ਪੂਰਵ ਸੰਧਿਆ ‘ਤੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਹਨ। ਸ਼ਰਧਾਲੂ ਰਾਤ ਨੂੰ ਪਰਿਕ੍ਰਮਾ ‘ਚ ਠਹਿਰਣ ਨੂੰ ਤਰਜੀਹ ਦਿੰਦੇ ਹਨ। ਇਸ ਲਈ ਪ੍ਰਬੰਧਾਂ ਵਾਸਤੇ ਵਧੇਰੇ ਕਰਮਚਾਰੀ ਨਿਯੁਕਤ ਕੀਤੇ ਹਨ, ਸਿਰਫ ਪਰਿਕ੍ਰਮਾ ਵਿੱਚ ਹੀ ਪ੍ਰਬੰਧਾਂ ਲਈ 50 ਕਰਮਚਾਰੀ ਵਧਾਏ ਹਨ।ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਵੀ ਪੂਰੀ ਤਰ੍ਹਾਂ ਬੁੱਕ ਹਨ। ਉਨ੍ਹਾਂ ਦੱਸਿਆ ਕਿ ਸੰਗਤ ਦੀ ਭਾਰੀ ਆਮਦ ਕਾਰਨ ਸੜਕਾਂ ‘ਤੇ ਦੂਰ ਤੱਕ ਵਾਹਨਾਂ ਦੀ ਕਤਾਰ ਲੱਗੀ ਹੋਈ ਹੈ। ਸੰਗਤ ਰਾਤ 12 ਵਜੇ ਤੋਂ ਬਾਅਦ ਸਰੋਵਰ ‘ਚ ਇਸ਼ਨਾਨ ਕਰਕੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਿਆ। ਇਸ ਤਹਿਤ ਸ੍ਰੀ ਗੁਰੂ ਰਾਮਦਾਸ ਲੰਗਰ ਘਰ ‘ਚ ਵੀ ਵਧੇਰੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਲੰਗਰ ਸਾਰੀ ਰਾਤ ਜਾਰੀ ਰਿਹਾ।
ਦਿੱਲੀ ਤੋਂ ਆਏ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਨਵਾਂ ਵਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣ ਆਏ। ਉਨ੍ਹਾਂ ਕਿਹਾ ਕਿ ਇਥੋਂ ਦਾ ਰੂਹਾਨੀ ਤੇ ਸ਼ਾਂਤਮਈ ਵਾਤਾਵਰਣ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇਗਾ। ਨਵੇਂ ਵਰ੍ਹੇ ਨੂੰ ਸ੍ਰੀ ਹਰਿਮੰਦਰ ਸਾਹਿਬ ‘ਚ ਜੀ ਆਇਆਂ ਕਹਿਣਾ ਉਸ ਦੇ ਪਰਿਵਾਰ ਲਈ ਇਕ ਨਵਾਂ ਤਜਰਬਾ ਹੈ। ਉਨ੍ਹਾਂ ਨੇ ਪਰਿਵਾਰ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਹੈ।
ਦੂਜੇ ਪਾਸੇ ਸ਼ਹਿਰ ਵਿੱਚ ਪੁਲੀਸ ਵੱਲੋਂ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਖਾਸ ਕਰਕੇ ਲਾਰੇਂਸ ਰੋਡ, ਰਣਜੀਤ ਐਵੀਨਿਊ ਆਦਿ ਇਲਾਕਿਆਂ ਵਿੱਚ ਸਖ਼ਤੀ ਵਰਤੀ ਜਾ ਰਹੀ। ਲਾਰੇਂਸ ਰੋਡ ‘ਚ ਵਾਹਨਾਂ ਦੀ ਆਵਾਜਾਈ ਵੀ ਬੰਦੀ ਕਰ ਦਿੱਤੀ। ਇਸੇ ਤਰ੍ਹਾਂ ਹੋਟਲਾਂ ਤੇ ਸ਼ਾਪਿੰਗ ਮਾਲ ਦੇ ਬਾਹਰ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਕਈ ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ।