ਕੇਂਦਰੀ ਸਿੱਖ ਅਜਾਇਬ ਘਰ ਵਿਚ ਨਵਾਬ ਰਾਇ ਕੱਲ੍ਹਾ ਦਾ ਚਿੱਤਰ ਸਥਾਪਤ

0
480

nawab-kalla-da-chitar
ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰਕੇ ਗੁਰੂ ਸਾਹਿਬ ਤੋਂ ਗੰਗਾ ਸਾਗਰ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਲੇ ਗੁਰੂ ਘਰ ਦੇ ਮੁਸਲਮਾਨ ਸ਼ਰਧਾਲੂ ਤੇ ਰਾਏਕੋਟ ਦੇ ਨਵਾਬ ਰਾਇ ਕੱਲ੍ਹਾ ਦਾ ਵੱਡ ਅਕਾਰੀ ਚਿੱਤਰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਵਿਚ ਸਥਾਪਤ ਕੀਤਾ ਗਿਆ, ਜਿਸ ਤੋਂ ਪਰਦਾ ਹਟਾਉਣ ਦੀ ਰਸਮ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਮੁੱਖ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਅਦਾ ਕੀਤੀ। ਭਾਈ ਸੁਖਜਿੰਦਰ ਸਿੰਘ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਗਾਇਣ ਕੀਤੇ ਜਾਣ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਅਨੇਕਾਂ ਹਿੰਦੂ ਅਤੇ ਮੁਸਲਮਾਨ ਧਰਮ ਨਾਲ ਸਬੰਧਿਤ ਸਤਿਕਾਰਤ ਹਸਤੀਆਂ ਹੋਈਆਂ ਹਨ ਜਿਨ੍ਹਾਂ ਨੇ ਸਿੱਖ ਪੰਥ ਪ੍ਰਤੀ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਰਾਇ ਕੱਲ੍ਹਾ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਵੱਡੀ ਸੇਵਾ ਕੀਤੀ। ਉਨ੍ਹਾਂ ਦੀ ਸੇਵਾ ਤੋਂ ਪ੍ਰਭਾਵਿਤ ਗੁਰੂ ਸਾਹਿਬ ਵੱਲੋਂ ਰਾਇ ਪਰਿਵਾਰ ਨੂੰ ਗੰਗਾ ਸਾਗਰ ਨਾਂਅ ਦਾ ਇਕ ਬਰਤਨ, ਕਿਰਪਾਨ ਅਤੇ ਹੋਰ ਵਸਤਾਂ ਦੇ ਕੇ ਨਿਵਾਜਿਆ ਗਿਆ ਸੀ। ਉਨ੍ਹਾਂ ਰਾਏ ਕੱਲ੍ਹਾ ਦੀ ਤਸਵੀਰ ਅਜਾਇਬ ਘਰ ਵਿਚ ਲਗਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਵੇਂ ਸਿੱਖ ਤਸਵੀਰ ਦਾ ਪੁਜਾਰੀ ਨਹੀਂ ਪਰ ਮਹਾਨ ਸ਼ਹੀਦਾਂ, ਯੋਧਿਆਂ ਤੇ ਹੋਰਨਾਂ ਧਰਮਾਂ ਨਾਲ ਸਬੰਧਿਤ ਗੁਰੂ ਘਰ ਦੇ ਮਹਾਨ ਸੇਵਕਾਂ ਦੀਆਂ ਤਸਵੀਰਾਂ ਅਜਾਇਬ ਘਰਾਂ ਵਿਚ ਲਗਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਰਾਇ ਅਜ਼ੀਜ਼ ਉੱਲਾ ਖਾਨ ਵੱਲੋਂ ਉਚੇਚੇ ਤੌਰ ‘ਤੇ ਪੁੱਜੇ ਹਿੰਦ ਪਾਕਿ ਦੋਸਤੀ ਮੰਚ ਦੇ ਆਗੂ ਤੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਸ਼੍ਰੋਮਣੀ ਕਮੇਟੀ ਤੇ ਸਿੰਘ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਔਰੰਗਜ਼ੇਬ ਦੀ ਹਕੂਮਤ ਦੇਸ਼ ਵਿਚ ਜ਼ਬਰ ਤੇ ਜ਼ੁਲਮ ਕਰ ਰਹੀ ਸੀ ਉਸ ਵੇਲੇ ਰਾਇ ਕੱਲ੍ਹਾ ਗੁਰੂ ਸਾਹਿਬ ਨਾਲ ਖੜ੍ਹੇ ਹੋਏ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਇਸ ਗੱਲ ਨਾਲ ਕੱਦ ਤੇ ਮਾਣ ਉਚਾ ਹੁੰਦਾ ਹੈ ਕਿ ਸਿੱਖ ਧਰਮ, ਧਰਮਾਂ ਤੇ ਜਾਤਾਂ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖਤਾ ਦੀ ਗੱਲ ਕਰਦਾ ਹੈ। ਇਸ ਮੌਕੇ ਅੰਤਿੰ੍ਰਗ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਨੇ ਵੀ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬਾਨ ਨੇ ਸਤਨਾਮ ਸਿੰਘ ਮਾਣਕ ਤੋਂ ਇਲਾਵਾ ਰਾਏਕੋਟ ਹਲਕੇ ਵਿੱਚੋਂ ਉਚੇਚੇ ਤੌਰ ‘ਤੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਰਾਮ ਸਿੰਘ, ਗੁਰਚਰਨ ਸਿੰਘ ਗਰੇਵਾਲ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਜਗਜੀਤ ਸਿੰਘ ਤਲਵੰਡੀ, ਸੁਖਦੇਵ ਸਿੰਘ ਭੂਰਾ ਕੋਹਨਾ, ਸੁਲੱਖਣ ਸਿੰਘ ਭੰਗਾਲੀ, ਮਲਕੀਤ ਸਿੰਘ ਬਹਿੜਵਾਲ, ਲਖਬੀਰ ਸਿੰਘ, ਸੁਖਰਾਜ ਸਿੰਘ, ਇਕਬਾਲ ਸਿੰਘ ਮੁਖੀ, ਪ੍ਰੋ. ਨਿਰਮਲ ਸਿੰਘ ਜੌੜਾ, ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਰਮੇਸ਼ ਕੌੜਾ ਤੇ ਗੁਰਚਰਨ ਸਿੰਘ ਲੁਧਿਆਣਾ ਆਦਿ ਵੀ ਹਾਜ਼ਰ ਸਨ।