ਦੁਬਈ : ਗੁਰੂ ਨਾਨਕ ਦਰਬਾਰ ਗੁਰਦੁਆਰੇ ਵਿੱਚ ਇਫ਼ਤਾਰ ਦੀ ਦਾਅਵਤ

0
84

muslims_in_dubai_gurdwara
ਦੁਬਈ/ਬਿਊਰੋ ਨਿਊਜ਼ :
ਇਥੇ ਖਾੜੀ ਖੇਤਰ ਦੇ ਸਭ ਤੋਂ ਵੱਡੇ ਗੁਰਦੁਆਰੇ ਨੇ ਆਪਸੀ ਪ੍ਰੇਮ ਦਾ ਪੈਗ਼ਾਮ ਦਿੰਦਿਆਂ ਇਫ਼ਤਾਰ ਦੀ ਦਾਅਵਤ ਦਿੱਤੀ, ਜਿਸ ਵਿੱਚ ਵੱਖ ਵੱਖ ਧਰਮਾਂ ਅਤੇ 30 ਤੋਂ ਵੱਧ ਮੁਲਕਾਂ ਦੇ ਨਾਗਰਿਕਾਂ ਨੇ ਇਕੱਠਿਆਂ ਰੋਜ਼ਾ ਖੋਲ੍ਹਿਆ। ਸਹਿਣਸ਼ੀਲਤਾ ਤੇ ਦਾਨ ਦੀ ਭਾਵਨਾ ਦਾ ਪ੍ਰਗਟਾਵਾ ਕਰਦਿਆਂ  ਗੁਰੂ ਨਾਨਕ ਦਰਬਾਰ ਗੁਰਦੁਆਰੇ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਮੁੱਖ ਰੱਖਦਿਆਂ 30 ਤੋਂ ਵੱਖ ਮੁਲਕਾਂ ਦੇ ਤਕਰੀਬਨ 120 ਨਾਗਰਿਕਾਂ ਦੇ ਰੋਜ਼ਾ ਖੋਲ੍ਹਣ ਲਈ ਇਫ਼ਤਾਰ ਦਾ ਪ੍ਰਬੰਧ ਕੀਤਾ ਸੀ।
ਗੁਰਦੁਆਰੇ ਵਿੱਚ ਸ਼ਾਮ ਦੀ ਨਮਾਜ਼ ਪੜ੍ਹੀ ਗਈ ਅਤੇ ਮੁਸਲਮਾਨਾਂ ਨੇ ਪਾਣੀ, ਖਜੂਰਾਂ ਅਤੇ ਭਾਰਤੀ ਪਕਵਾਨਾਂ ਨਾਲ ਰੋਜ਼ਾ ਖੋਲ੍ਹਿਆ। ਬਾਅਦ ‘ਚ ਉਨ੍ਹਾਂ ਨੇ ਜੇਬੇਲ ਅਲੀ ਵਿੱਚ ਗੁਰਦੁਆਰੇ ਅੰਦਰ ਪ੍ਰਰਾਥਨਾ ਕੀਤੀ। ਗੁਰੂ ਨਾਨਕ ਦਰਬਾਰ ਗੁਰਦੁਆਰੇ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਦੇ ਹਵਾਲੇ ਨਾਲ ‘ਖ਼ਲੀਜ ਟਾਈਮਜ਼’ ਨੇ ਲਿਖਿਆ ਕਿ ਬੁੱਧਵਾਰ ਦੀ ਇਫ਼ਤਾਰ ਲੋਕਾਂ ਨੂੰ ਇਕੱਠੇ ਕਰਨ ਲਈ ਸੀ। ਸ੍ਰੀ ਕੰਧਾਰੀ ਨੇ ਕਿਹਾ, ‘ਵਿਸ਼ਵ ਅੱਜ ਕੱਟੜਵਾਦ ਨਾਲ ਜੂਝ ਰਿਹਾ ਹੈ ਅਤੇ ਇਸ ਨੂੰ ਮਾਤ ਦੇਣ ਦਾ ਸਭ ਤੋਂ ਵਧੀਆ ਰਾਹ ਵੱਖ ਵੱਖ ਧਰਮਾਂ ਅਤੇ ਮੁਲਕਾਂ ਦੇ ਲੋਕਾਂ ਵਿਚਾਲੇ ਮਿੱਤਰਤਾ ਦੀ ਭਾਵਨਾ ਪੈਦਾ ਕਰਨਾ ਹੈ। ਇਹ ਕੇਵਲ ਗੱਲਬਾਤ ਰਾਹੀਂ ਹੋ ਸਕਦਾ ਹੈ।’
ਦੁਬਈ ਵਿੱਚ ਭਾਰਤੀ ਕੌਂਸਲ ਜਨਰਲ ਵਿਪੁਲ ਨੇ ਕਿਹਾ ਕਿ ਸਾਰੇ ਧਰਮਾਂ ਤੇ ਭਾਈਚਾਰਿਆਂ ਨੂੰ ਇਕ ਮੰਚ ‘ਤੇ ਲਿਆ ਕੇ ਇਹ ਗੁਰਦੁਆਰਾ ਵੱਡੀ ਸੇਵਾ ਕਰ ਰਿਹਾ ਹੈ। ਉਨ੍ਹਾਂ ਨੇ ਉਦਾਹਰਣ ਦਿੰਦਿਆਂ ਦੱਸਿਆ ਕਿ ਇਸ ਗੁਰਦੁਆਰੇ ਨੇ   ਅਪ੍ਰੈਲ ਵਿੱਚ 101 ਮੁਲਕਾਂ ਦੇ ਨਾਗਰਿਕਾਂ ਲਈ ਨਾਸ਼ਤੇ ਦਾ ਪ੍ਰਬੰਧ ਕਰਕੇ ਗਿੰਨੀਜ਼ ਵਿਸ਼ਵ ਰਿਕਾਰਡ ਬਣਾਇਆ ਸੀ। ਰੋਜ਼ਾਨਾ ਗੁਰਦੁਆਰੇ ਆਉਣ ਵਾਲੇ ਬੈਲਜੀਅਮ ਦੇ ਮਿਚੇਲ ਪੀਟਰਜ਼ ਨੇ ਕਿਹਾ ਕਿ ਇਕ ਇਸਾਈ ਵਜੋਂ ਗੁਰਦੁਆਰੇ  ਵਿੱਚ ਇਫ਼ਤਾਰ ਦੀ ਦਾਅਵਤ ਉਤੇ ਜਾਣਾ ਯੂਏਈ ਵਿੱਚ ਇਕ ਬੇਹੱਦ ਖ਼ਾਸ ਤਜਰਬਾ ਸੀ।