ਮੁੰਬਈ ਹਮਲੇ ਲਈ ਪਾਕਿ ਦਹਿਸ਼ਤੀ ਜਥੇਬੰਦੀ ਜ਼ਿੰਮੇਵਾਰ ਸੀ : ਦੁਰਾਨੀ

0
512

mumbai-hamla-durani
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਵੱਲੋਂ 26/11 ਦੇ ਮੁੰਬਈ ਹਮਲਿਆਂ ਪਿੱਛੇ ਪਾਕਿ ਆਧਾਰਤ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੀ ਸ਼ਮੂਲੀਅਤ ਸਬੰਧੀ ਕੀਤੇ ਜਾਂਦੇ ਦਾਅਵਿਆਂ ਨੂੰ ਉਦੋਂ ਬਲ ਮਿਲਿਆ ਜਦੋਂ ਪਾਕਿਸਤਾਨ ਦੇ ਸਾਬਕਾ ਸਿਖਰਲੇ ਸੁਰੱਖਿਆ ਅਧਿਕਾਰੀ ਮਹਿਮੂਦ ਅਲੀ ਦੁਰਾਨੀ ਨੇ ਇਹ ਮੰਨਿਆ ਕਿ 26/11 ਮੁੰਬਈ ਹਮਲੇ ਪਿੱਛੇ ਪਾਕਿਸਤਾਨੀ ਸਰਜ਼ਮੀਨ ‘ਤੇ ਸਰਗਰਮ ਦਹਿਸ਼ਤੀ ਜਥੇਬੰਦੀ ਦਾ ਹੱਥ ਸੀ ਤੇ ਇਹ ਘਟਨਾ ਸਰਹੱਦ ਪਾਰ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਦੀ ‘ਉੱਤਮ ਮਿਸਾਲ’ ਸੀ। ਦੁਰਾਨੀ ਨੇ ਇਸ ਦੌਰਾਨ ਇਹ ਆਸ ਵੀ ਜਤਾਈ ਕਿ ਜਥੇਬੰਦੀ ਦੇ ਮੁਖੀ ਹਾਫ਼ਿਜ਼ ਸਈਦ ਨੂੰ ਸਜ਼ਾ ਮਿਲ ਗਈ ਹੈ। ਹਾਲਾਂਕਿ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਦੁਰਾਨੀ ਇਸ ਗੱਲ ‘ਤੇ ਕਾਇਮ ਰਹੇ ਕਿ ਦਹਿਸ਼ਤੀ ਹਮਲੇ, ਜਿਸ ਵਿੱਚ 166 ਲੋਕ ਮਾਰੇ ਗਏ ਸਨ, ਵਿੱਚ ਪਾਕਿਸਤਾਨ ਦੀ ਕੋਈ ਭੂਮਿਕਾ ਨਹੀਂ ਸੀ। ਜਨਾਬ ਦੁਰਾਨੀ ਇਥੇ ਇੰਸਟੀਚਿਊਟ ਆਫ਼ ਡਿਫੈਂਸ ਸਟੱਡੀਜ਼ ਤੇ ਅਨੈਲੇਸਿਸ ਵਿੱਚ ‘ਅਤਿਵਾਦ ਦੇ ਟਾਕਰੇ’ ਬਾਰੇ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਆਏ ਸਨ। ਸਾਬਕਾ ਫ਼ੌਜੀ ਅਧਿਕਾਰੀ ਨੇ ਭਾਰਤ ਵੱਲੋਂ ਐਲਓਸੀ ਲੰਘ ਕੇ ਕੀਤੇ ਸਰਜੀਕਲ ਹਮਲਿਆਂ ਦੇ ਦਾਅਵਿਆਂ ਦੇ ਪਾਜ ਵੀ ਉਧੇੜੇ। ਉਨ੍ਹਾਂ ਕਿਹਾ ਕਿ ਹਮਲੇ ਸਬੰਧੀ ਕੋਈ ਸਬੂਤ ਨਹੀਂ ਮਿਲੇ।  ਕਾਨਫਰੰਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਦੁਰਾਨੀ ਨੇ ਕਿਹਾ, ‘ਮੈਂ ਇਹ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ ਕਿ 26/11 ਹਮਲੇ ਪਿੱਛੇ ਪਾਕਿਸਤਾਨ ਸਰਕਾਰ ਜਾਂ ਮੁਲਕ ਦੀ ਸੂਹੀਆ ਏਜੰਸੀ ਆਈਐਸਆਈ ਦਾ ਕੋਈ ਹੱਥ ਨਹੀਂ ਸੀ। ਮੈਂ ਇਸ ਬਾਰੇ 110 ਫ਼ੀਸਦ ਯਕੀਨ ਹੈ।’ ਜਦੋਂ ਉਨ੍ਹਾਂ ਨੂੰ ਆਪਣੇ ਇਸ ਬਿਆਨ ਨੂੰ ਹੋਰ ਵਿਸਤਾਰ ਦੇਣ ਲਈ ਕਿਹਾ ਤਾਂ ਦੁਰਾਨੀ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੁੰਬਈ ਹਮਲਿਆਂ ਸਬੰਧੀ ਕੀਤੀਆਂ ਕੁਝ ਟਿੱਪਣੀਆਂ ਲਈ ਪਾਕਿਸਤਾਨ ਸਰਕਾਰ ਉਸ ਨੂੰ ਪਹਿਲਾਂ ਹੀ ਅਹੁਦੇ ਤੋਂ ਬਰਤਰਫ਼ ਕਰ ਚੁੱਕੀ ਹੈ। ਜਮਾਤ-ਉਦ-ਦਾਵਾ ਮੁਖੀ ਸਈਦ ਦੀ ਗੱਲ ਕਰਦਿਆਂ ਦੁਰਾਨੀ ਨੇ ਕਿਹਾ ਕਿ ਮੁਲਕ ਲਈ ਉਸ ਦੀ ਕੋਈ ‘ਵੁੱਕਤ ਨਹੀਂ’ ਤੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਯਾਦ ਰਹੇ ਕਿ ਪਾਕਿ ਫ਼ੌਜ ਵਿੱਚ ਮੇਜਰ ਜਨਰਲ ਦੁਰਾਨੀ ਨੂੰ ਸਾਲ 2009 ਵਿੱਚ, ਮੁੰਬਈ ਹਮਲਿਆਂ ਦੌਰਾਨ ਭਾਰਤ ਵੱਲੋਂ ਇਕੋ ਇਕ ਜਿਉਂਦੇ ਫ਼ੜ੍ਹੇ ਅਤਿਵਾਦੀ ਅਜਮਲ ਕਸਾਬ ਦੀ ਪਾਕਿਸਤਾਨੀ ਨਾਗਰਿਕ ਵਜੋਂ ਸ਼ਨਾਖ਼ਤ ਕਰਨ ਮਗਰੋਂ ਅਹੁਦੇ ਤੋਂ ਬਰਤਰਫ਼ ਕਰ ਦਿੱਤਾ ਗਿਆ ਸੀ। ਸ੍ਰੀ ਦੁਰਾਨੀ ਨੇ ਉਂਜ ਆਪਣੀ ਤਕਰੀਰ ਦੌਰਾਨ ਨਵੀਂ ਦਿੱਲੀ ਤੇ ਇਸਲਾਮਾਬਾਦ ਵਿੱਚ ਨਿੱਘੇ ਸਬੰਧਾਂ ਦੀ ਵਕਾਲਤ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਜਦੋਂ ਤਕ ਦੋਸਤੀ ਦਾ ਹੱਥ ਨਹੀਂ ਵਧਾਉਂਦਾ, ਉਦੋਂ ਤਕ ਅੱਗੇ ਵਧਣਾ ਮੁਸ਼ਕਲ ਹੈ।