‘ਪਦਮਾਵਤ’ ਦਾ ਵਿਰੋਧ ਕਰਨ ਵਾਲਿਆਂ ਨਾਲੋਂ ਪਸੰਦ ਕਰਨ ਵਾਲਿਆਂ ਦਾ ਹੁੰਗਾਰਾ ਕਿਤੇ ਵੱਡਾ

0
276
New Delhi. Security personnel guard outside a cinema house after release of the film Padmaavat in the walled city of Delhi on Thursday. (PTI Photo by Ravi Choudhary) (PTI1_25_2018_000201B)
New Delhi. Security personnel guard outside a cinema house after release of the film Padmaavat in the walled city of Delhi on Thursday. (PTI Photo by Ravi Choudhary) (PTI1_25_2018_000201B)

ਫਿਲਮ ‘ਪਦਮਾਵਤ’ ਦੇ ਰਿਲੀਜ਼ ਮੌਕੇ ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਇੱਕ ਸਿਨੇਮਾ ਹਾਲ ਦੇ ਬਾਹਰ ਵੀਰਵਾਰ ਨੂੰ ਤਾਇਨਾਤ ਸੁਰੱਖਿਆ ਮੁਲਾਜ਼ਮ ਪਹਿਰਾ ਦਿੰਦਾ ਹੋਇਆ।
ਨਵੀਂ ਦਿੱਲੀ/ਬਿਊਰੋ ਨਿਊਜ਼
ਬਾਲੀਵੁੱਡ ਦੀ ਵਿਵਾਦਤ ਫਿਲਮ ‘ਪਦਮਾਵਤ’ ਭਾਰੀ ਤਣਾਅ ਹੇਠ ਜਦੋਂ ਵੀਰਵਾਰ ਨੂੰ ਰਿਲੀਜ਼ ਹੋਈ ਤਾਂ ਉਸਦੇ ਵਿਰੋਧ ਕਰਨ ਵਾਲਿਆਂ ਨਾਲੋਂ ਦਰਸ਼ਕਾਂ ਦਾ ਹੁੰਗਾਰਾ ਵੱਧ ਭਰਵਾਂ ਸੀ। ਹਿੰਸਾ ਦੀਆਂ ਧਮਕੀਆਂ ਤੋਂ ਬੇਪਰਵਾਹ ਦਰਸ਼ਕਾਂ ਨੇ ਫਿਲਮ ‘ਚ ਅਜਿਹਾ ਕੋਈ ਦ੍ਰਿਸ਼ ਨਾ ਹੋਣ ਦਾ ਦਾਅਵਾ ਕੀਤਾ ਜਿਸ ਨਾਲ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਲਗਦੀ ਹੋਵੇ। ਤਣਾਅ ਦਰਮਿਆਨ ਸਿਨਮਾਘਰਾਂ ਨੂੰ ਉਚੇਚੇ ਤੌਰ ‘ਤੇ ਸੁਰੱਖਿਆ ਛੱਤਰੀ ਪ੍ਰਦਾਨ ਕੀਤੀ ਗਈ ਸੀ। ਡੇਢ ਸੌ ਕਰੋੜ ਰੁਪਏ ਦੀ ਫਿਲਮ ਅੱਜ ਮੁਲਕ ਦੀਆਂ 4 ਹਜ਼ਾਰ ਸਕਰੀਨਾਂ ‘ਤੇ ਰਿਲੀਜ਼ ਹੋਈ। ਫਿਲਮ ਦੇ ਨਿਰਮਾਤਾ ਵਾਇਆਕੌਮ 18 ਨੇ ਦਾਅਵਾ ਕੀਤਾ ਕਿ ਮੁਲਕ ‘ਚ ਅੱਜ ਪਹਿਲੇ ਦਿਨ ਹੀ 10 ਲੱਖ ਤੋਂ ਵੱਧ ਲੋਕਾਂ ਨੇ ‘ਪਦਮਾਵਤ’ ਨੂੰ ਦੇਖਿਆ।
ਕੇਂਦਰ ਵੱਲੋਂ ਰਾਜਾਂ ‘ਤੇ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦੀ ਜ਼ਿੰਮੇਵਾਰੀ ਪਾਉਣ ਮਗਰੋਂ ਕੁਝ ਥਾਵਾਂ ‘ਤੇ ਕਰਨੀ ਸੈਨਾ ਦੇ ਹਿੰਸਕ ਪ੍ਰਦਰਸ਼ਨ ਦੀਆਂ ਰਿਪੋਰਟਾਂ ਮਿਲੀਆਂ ਹਨ। ਗੁਰੂਗ੍ਰਾਮ ‘ਚ ਕਰਨੀ ਸੈਨਾ ਦੇ 18 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਦਿਨ ਪਹਿਲਾਂ ਉਥੇ ਇਕ ਸਕੂਲ ਬੱਸ ‘ਤੇ ਹਮਲਾ ਕਰਕੇ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਜਿਸ ਕਾਰਨ ਬੱਚਿਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਸ਼ਹਿਰ ‘ਚ ਅੱਜ ਸਕੂਲ ਬੰਦ ਰੱਖੇ ਗਏ ਪਰ ਕਈ ਮਲਟੀਪਲੈਕਸਾਂ ‘ਚ ਫਿਲਮ ਦਿਖਾਈ ਗਈ। ਹਿੰਸਾ ਅਤੇ ਸੰਪਤੀ ਦੇ ਨੁਕਸਾਨ ਦੇ ਡਰ ਕਾਰਨ ਸੋਨੀਪਤ ਅਤੇ ਪੰਚਕੂਲਾ ‘ਚ ਥੀਏਟਰ ਮਾਲਕਾਂ ਨੇ ‘ਪਦਮਾਵਤ’ ਦਿਖਾਉਣ ਤੋਂ ਇਨਕਾਰ ਕਰ ਦਿੱਤਾ। ਗੁਆਂਢੀ ਸੂਬੇ ਪੰਜਾਬ ‘ਚ ਮਾਹੌਲ ਸ਼ਾਂਤ ਰਿਹਾ। ਉੱਤਰ ਪ੍ਰਦੇਸ਼ ਦੇ ਵਾਰਾਨਸੀ ‘ਚ ਮਾਲ ਦੇ ਬਾਹਰ ਇਕ ਵਿਅਕਤੀ ਨੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਰੋਕ ਦਿੱਤਾ ਗਿਆ। ਉਥੇ ਹੰਗਾਮਾ ਕਰਨ ਲਈ ਦੋ ਔਰਤਾਂ ਸਮੇਤ ਛੇ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚ ਕੁਝ ਥਾਵਾਂ ‘ਤੇ ਭਾਰੀ ਹਿੰਸਾ ਹੋਈ। ਉਂਜ ਉਥੇ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੈ। ਕਰਨੀ ਸੈਨਾ ਦੇ ਪ੍ਰਧਾਨ ਮਹੀਪਾਲ ਮਕਰਾਨਾ ਨੇ ਜੈਪੁਰ ‘ਚ ਕਿਹਾ ਕਿ ਫਿਲਮ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਸ਼ਹਿਰ ‘ਚ ਬਾਈਕ ਰੈਲੀ ਵੀ ਕੱਢੀ ਗਈ। ਕਈ ਸੜਕਾਂ ਨੂੰ ਜਾਮ ਕੀਤਾ ਗਿਆ ਅਤੇ ਦੁਕਾਨਾਂ ‘ਚ ਭੰਨ-ਤੋੜ ਕੀਤੀ ਗਈ। ਉਦੈਪੁਰ ‘ਚ ਕਰੀਬ 24 ਦੁਕਾਨਾਂ ‘ਤੇ ਪਥਰਾਅ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਇੰਦੌਰ, ਉਜੈਨ ਅਤੇ ਗਵਾਲੀਅਰ ‘ਚ ਕਾਰੋਬਾਰੀ ਅਦਾਰੇ ਬੰਦ ਰਹੇ ਪਰ ਵਿਦਿਅਕ ਸੰਸਥਾਨ ਖੁਲ੍ਹੇ ਰਹੇ। ਉਧਰ ਕਰਨੀ ਸੈਨਾ ਵੱਲੋਂ ਗੁਜਰਾਤ ‘ਚ ਬੰਦ ਦੇ ਦਿੱਤੇ ਗਏ ਸੱਦੇ ਨੂੰ ਬਹੁਤ ਘੱਟ ਹੁੰਗਾਰਾ ਮਿਲਿਆ। ਗੁਜਰਾਤ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਇਹਤਿਆਤ ਵਜੋਂ ਅਹਿਮਦਾਬਾਦ ਤੋਂ ਮਹਿਸਾਨਾ ਅਤੇ ਬਨਾਸਕਾਂਠਾ ‘ਚ ਬੱਸ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ। ਉਂਜ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਵਿਦਿਅਕ ਅਦਾਰੇ, ਦਫ਼ਤਰ ਅਤੇ ਬਾਜ਼ਾਰ ਖੁਲ੍ਹੇ ਰਹੇ। ਰਾਜਸਥਾਨ ਦੇ ਵਸਨੀਕ ਧਰੁਵ ਸਿੰਘ ਨੇ ਮੁੰਬਈ ‘ਚ ਕਿਹਾ ਕਿ ਫਿਲਮ ‘ਚ ਪਦਮਾਵਤੀ ਅਤੇ ਖਿਲਜੀ ਦਰਮਿਆਨ ਕੋਈ ਵਿਵਾਦਤ ਦ੍ਰਿਸ਼ ਨਹੀਂ ਹੈ। ਉਸ ਨੇ ਕਿਹਾ,”ਬੱਚਿਆਂ ‘ਤੇ ਹਮਲੇ ਅਤੇ ਬੱਸਾਂ ਸਾੜਨਾ ਰਾਜਪੂਤਾਂ ਨੂੰ ਸ਼ੋਭਾ ਨਹੀਂ ਦਿੰਦਾ।” ਦਿੱਲੀ ਦੇ ਸਿਨਮਾਘਰ ਬਾਹਰ ਕਤਾਰ ‘ਚ ਖੜ੍ਹੇ ਬੈਂਕਰ ਵਿਨੀਤ ਨੇ ਕਿਹਾ ਕਿ ਉਹ ਸੰਵਿਧਾਨ ‘ਚ ਵਿਸ਼ਵਾਸ ਰਖਦਾ ਹੈ ਅਤੇ ਉਸ ਨੂੰ ਕਿਸੇ ਦਾ ਡਰ ਨਹੀਂ ਹੈ। ਮੁੰਬਈ ਆਧਾਰਿਤ ਨਿਤੀਨ ਦਾਤਰ, ਜੋ ਸਿਨਮਾ ਆਨਰਜ਼ ਐਂਡ ਐਗਜ਼ੀਬਿਟਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਮੈਂਬਰ ਹਨ, ਨੇ ਕਿਹਾ ਕਿ ਫਿਲਮ ਪ੍ਰਤੀ ਹੁੰਗਾਰਾ ਜ਼ਬਰਦਸਤ ਰਿਹਾ ਅਤੇ ਆਸ ਜਤਾਈ ਕਿ ਆਉਂਦੇ ਦਿਨਾਂ ‘ਚ ਇਸ ‘ਚ ਹੋਰ ਵਾਧਾ ਹੋਵੇਗਾ। ਉਧਰ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਅਜਿਹੀਆਂ ਫਿਲਮਾਂ ਨਹੀਂ ਬਣਾਈਆਂ ਜਾਣੀਆਂ ਚਾਹੀਦੀਆਂ ਜਿਹੜੀਆਂ ਇਤਿਹਾਸਕ ਤੱਥਾਂ ‘ਤੇ ਆਧਾਰਿਤ ਨਾ ਹੋਣ। ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੱਚਿਆਂ ‘ਤੇ ਪਥਰਾਅ ਕਰਨ ਵਾਲਿਆਂ ਦੀ ਨਿਖੇਧੀ ਕਰਦਿਆਂ ਸਰਕਾਰ ਦੇ ਖਾਮੋਸ਼ ਰਹਿਣ ‘ਤੇ ਸਵਾਲ ਉਠਾਏ। ਉਧਰ ਫਿਲਮ ‘ਚ ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਨੇ ਮੁੰਬਈ ‘ਚ ਭਾਵੁਕ ਹੁੰਦਿਆਂ ਭਰੋਸਾ ਜਤਾਇਆ ਕਿ ਫਿਲਮ ਨੂੰ ਜ਼ੋਰਦਾਰ ਹੁੰਗਾਰਾ ਮਿਲੇਗਾ।

ਸੁਪਰੀਮ ਕੋਰਟ ‘ਚ ਚਾਰ ਸੂਬਿਆਂ ਖ਼ਿਲਾਫ਼ ਸੁਣਵਾਈ ਸੋਮਵਾਰ ਨੂੰ
ਨਵੀਂ ਦਿੱਲੀ/ਚੰਡੀਗੜ੍ਹ: ਬਾਲੀਵੁੱਡ ਫਿਲਮ ‘ਪਦਮਾਵਤ’ ਖ਼ਿਲਾਫ਼ ਚਾਰ ਸੂਬਿਆਂ ਦੀ ਅਣਗਹਿਲੀ ਅਤੇ ਕਰਨੀ ਸੈਨਾ ਦੇ ਕਾਰਕੁਨਾਂ ਵੱਲੋਂ ਕੀਤੀ ਗਈ ਹਿੰਸਾ ਵਿਰੁੱਧ ਅੱਜ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ ਹਨ। ਸੁਪਰੀਮ ਕੋਰਟ ਨੇ ਚਾਰ ਸੂਬਿਆਂ ਅਤੇ ਕਰਨੀ ਸੈਨਾ ਖ਼ਿਲਾਫ਼ ਪਾਈਆਂ ਗਈਆਂ ਦੋ ਵੱਖੋ ਵੱਖਰੀਆਂ ਪਟੀਸ਼ਨਾਂ ‘ਤੇ ਸੋਮਵਾਰ ਨੂੰ ਸੁਣਵਾਈ ਦੀ ਸਹਿਮਤੀ ਦੇ ਦਿੱਤੀ ਹੈ।
ਜਥੇਬੰਦੀ ਦੀ ਮੰਗ ਖ਼ਾਰਜ: ਰਾਜਸਥਾਨ ਆਧਾਰਿਤ ਜਥੇਬੰਦੀ ਜੌਹਰ ਸਮ੍ਰਿਤੀ ਸੰਸਥਾਨ ਨੇ ‘ਪਦਮਾਵਤ’ ਨੂੰ ਜਾਰੀ ਸਰਟੀਫਿਕੇਟ ਰੱਦ ਕਰਨ ਦੀ ਮੰਗ ਕਰਦਿਆਂ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ, ਜਿਸ ਨੂੰ ਅੱਜ ਖ਼ਾਰਜ ਕਰ ਦਿੱਤਾ ਗਿਆ।
ਨੁਕਸਾਨ ਦੀ ਭਰਪਾਈ ਲਈ ਜਨਹਿੱਤ ਪਟੀਸ਼ਨ: ਇਸ ਦੌਰਾਨ ਪੰਜਾਬ ਹਰਿਆਣਾ ਹਾਈ ਕੋਰਟ ‘ਚ ਕਰਨੀ ਸੈਨਾ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਅੱਜ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਗਈ। ਵਕੀਲ ਰੰਜਨ ਲਖਨਪਾਲ ਵੱਲੋਂ ਪਟੀਸ਼ਨ ਰਾਹੀਂ ਮੰਗ ਕੀਤੀ ਗਈ ਹੈ ਕਿ ਜਿਹੜੇ ਸੂਬਿਆਂ ‘ਚ ਹਿੰਸਕ ਪ੍ਰਦਰਸ਼ਨ ਹੋਏ ਹਨ, ਉਨ੍ਹਾਂ ਨੂੰ ਜਵਾਬਦੇਹ ਮੰਨਦਿਆਂ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਪਟੀਸ਼ਨਰ ਨੇ ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਧਿਰ ਬਣਾਉਣ ਲਈ ਕਿਹਾ ਹੈ। ਸ੍ਰੀ ਲਖਨਪਾਲ ਨੇ ਕਿਹਾ ਕਿ ਇਹ ਸਿਆਸੀ ਮਾਮਲਾ ਹੈ। ਉਨ੍ਹਾਂ ਜਨਹਿੱਤ ਪਟੀਸ਼ਨ ‘ਚ ਕਰਨੀ ਸੈਨਾ ਦੇ ਕਾਰਕੁਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ। ਸਿਨਮਾਘਰਾਂ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਸੂਬਿਆਂ ਨੂੰ ਨਿਰਦੇਸ਼ ਜਾਰੀ ਕਰਨ ਲਈ ਵੀ ਕਿਹਾ ਗਿਆ ਹੈ।

ਪਾਕਿ ਸੈਂਸਰ ਬੋਰਡ ਨੇ ਬਿਨਾਂ ਕੱਟ ਤੋਂ ਦਿੱਤੀ ਮਨਜੂਰੀ
ਇਸਲਾਮਾਬਾਦ: ਪਾਕਿਸਤਾਨ ਦੇ ਸੈਂਸਰ ਬੋਰਡ ਨੇ ਵਿਵਾਦਾਂ ‘ਚ ਘਿਰੀ ਭਾਰਤੀ ਫ਼ਿਲਮ ‘ਪਦਮਾਵਤ’ ਨੂੰ ਬਿਨਾਂ ਕੱਟ ਤੋਂ ਪੂਰੇ ਮੁਲਕ ਵਿੱਚ ਵਿਖਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸਲਾਮਾਬਾਦ ਅਧਾਰਿਤ ਫ਼ਿਲਮ ਸੈਂਸਰਜ਼ ਦੇ ਕੇਂਦਰੀ ਬੋਰਡ (ਸੀਬੀਐਫਸੀ) ਦੇ ਚੇਅਰਮੈਨ ਮੁਬਾਸ਼ਿਰ ਹਸਨ ਨੇ ਅੱਜ ਸੋਸ਼ਲ ਮੀਡੀਆ ‘ਤੇ ਇਸ ਬਾਬਤ ਐਲਾਨ ਕੀਤਾ ਹੈ। ਉਨ੍ਹਾਂ ਟਵਿੱਟਰ ‘ਤੇ ਲਿਖਿਆ, ‘ਸੀਬੀਐਫਸੀ ਨੇ ਭਾਰਤੀ ਅਦਾਕਾਰਾਂ ਦੀ ਸ਼ਮੂਲੀਅਤ ਵਾਲੀ ਫ਼ਿਲਮ ‘ਪਦਮਾਵਤ’ ਨੂੰ ਬਿਨਾਂ ਕਿਸੇ ਕੱਟ ਦੇ ‘ਯੂ’ ਸਰਟੀਫਿਕੇਸ਼ਨ ਨਾਲ ਰਿਲੀਜ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।’ ਸੰਜੈ ਲੀਲਾ ਭੰਸਾਲੀ ਦੀ ਇਸ ਪੀਰੀਅਡ ਡਰਾਮਾ ਫ਼ਿਲਮ ਵਿੱਚ ਦਿੱਲੀ ਸਲਤਨਤ ਦੇ ਮੁਸਲਿਮ ਸ਼ਾਸਕ ਅਲਾਊਦੀਨ ਖਿਲਜੀ ਨੂੰ ਨਕਾਰਾਤਮਕ ਕਿਰਦਾਰ ‘ਚ ਵਿਖਾਏ ਜਾਣ ਕਰਕੇ ਅਜਿਹਾ ਖ਼ਦਸ਼ਾ ਸੀ ਕਿ ਫ਼ਿਲਮ ਦੇ ਕੁਝ ਦ੍ਰਿਸ਼ਾਂ ‘ਤੇ ਕੈਚੀ ਫਿਰ ਸਕਦੀ ਹੈ, ਪਰ ਸੈਂਸਰ ਬੋਰਡ ਦੀ ਝੰਡੀ ਨੇ ਇਨ੍ਹਾਂ ਖ਼ਦਸ਼ਿਆਂ ਨੂੰ ਦੂਰ ਕਰ ਦਿੱਤਾ ਹੈ।