ਨਿੱਤ ਦਾ ਵਰਤਾਰਾ ਬਣਦਾ ਜਾ ਰਿਹੈ ਅਤਿਵਾਦ: ਮੋਦੀ

0
373
Prime Minister Narendra Modi addressing at valedictory session of the  National Law Day 2017 at Vigyan Bhawan in New Delhi on Sunday. Tribune photo: Manas Ranjan Bhui
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਐਤਵਾਰ ਨੂੰ ਕੌਮੀ ਕਾਨੂੰਨ ਦਿਵਸ 2017 ਦੌਰਾਨ ਸੰਬੋਧਨ ਕਰਦੇ ਹੋਏ। 

ਨਵੀਂ ਦਿੱਲੀ/ਬਿਊਰੋ ਨਿਊਜ਼:
ਨੌਂ ਵਰ੍ਹੇ ਪਹਿਲਾਂ ਮੁੰਬਈ ਅਤਿਵਾਦੀ ਹਮਲਿਆਂ ਵਿੱਚ ਬਹਾਦਰ ਨਾਗਰਿਕਾਂ ਦੇ ਬਲੀਦਾਨ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਅਤਿਵਾਦ ਆਲਮੀ ਖ਼ਤਰਾ ਹੈ, ਜੋ ਤਕਰੀਬਨ ਨਿੱਤ ਦਾ ਵਿਹਾਰ ਬਣ ਗਿਆ ਹੈ।
ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਕੁੱਝ ਵਰ੍ਹੇ ਪਹਿਲਾਂ ਜਦੋਂ ਭਾਰਤ ਅਤਿਵਾਦ ਦੇ ਖ਼ਤਰੇ ਬਾਰੇ ਗੱਲ ਕਰਦਾ ਸੀ ਤਾਂ ਸੰਸਾਰ ਦੇ ਕਈ ਮੁਲਕ ਇਸ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਨਹੀਂ ਹੁੰਦੇ ਸਨ। ਹੁਣ ਅਤਿਵਾਦ ਉਨ੍ਹਾਂ ਦੇ ਆਪਣੇ ਦਰਾਂ ਉਤੇ ਦਸਤਕ ਦੇ ਰਿਹਾ ਹੈ। ਸੰਸਾਰ ਦੀ ਹਰੇਕ ਸਰਕਾਰ, ਜੋ ਮਨੁੱਖਤਾ ਤੇ ਜਮਹੂਰੀਅਤ ਵਿੱਚ ਵਿਸ਼ਵਾਸ ਰੱਖਦੀ ਹੈ, ਉਹ ਅਤਿਵਾਦ ਨੂੰ ਸਭ ਤੋਂ ਵੱਡੀ ਚੁਣੌਤੀ ਵਜੋਂ ਦੇਖ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ”ਅਤਿਵਾਦ ਮਨੁੱਖਤਾ ਲਈ ਚੁਣੌਤੀ ਹੈ। ਇਸ ਦੀ ਰੁਚੀ ਮਨੁੱਖਤਾਵਾਦੀ ਤਾਕਤਾਂ ਨੂੰ ਤਬਾਹ ਕਰਨ ਦੀ ਹੈ। ਇਸ ਲਈ ਨਾ ਸਿਰਫ਼ ਭਾਰਤ ਸਗੋਂ ਸਾਰੀਆਂ ਮਨੁੱਖਤਾਵਾਦੀ ਤਾਕਤਾਂ ਨੂੰ ਅਤਿਵਾਦ ਦੇ ਖ਼ਤਰੇ ਨੂੰ ਹਰਾਉਣ ਲਈ ਇਕਜੁੱਟ ਹੋ ਕੇ ਲੜਨਾ ਪਵੇਗਾ।” ਉਨ੍ਹਾਂ ਕਿਹਾ ਕਿ ਭਾਰਤ ਭਗਵਾਨ ਬੁੱਧ, ਮਹਾਂਵੀਰ, ਗੁਰੂ ਨਾਨਕ ਅਤੇ ਮਹਾਤਮਾ ਗਾਂਧੀ ਦੀ ਧਰਤੀ ਹੈ ਅਤੇ ਇਸ ਨੇ ਵਿਸ਼ਵ ਨੂੰ ਪਿਆਰ ਤੇ ਅਹਿੰਸਾ ਦਾ ਸੰਦੇਸ਼ ਦਿੱਤਾ ਹੈ।
ਸ੍ਰੀ ਮੋਦੀ ਨੇ ਕਿਹਾ ਕਿ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਸੀ ਪਰ ਦੇਸ਼ ਇਹ ਗੱਲ ਨਹੀਂ ਭੁੱਲ ਸਕਦਾ ਕਿ ਨੌਂ ਸਾਲ ਪਹਿਲਾਂ ਇਸ ਦਿਨ ਮੁੰਬਈ ਵਿੱਚ ਅਤਿਵਾਦੀ ਹਮਲੇ ਸ਼ੁਰੂ ਹੋਏ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਜਾਨਾਂ ਗਵਾਉਣ ਵਾਲੇ ਬਹਾਦਰ ਨਾਗਰਿਕਾਂ, ਪੁਲੀਸ ਮੁਲਾਜ਼ਮਾਂ ਅਤੇ ਸੁਰੱਖਿਆ ਜਵਾਨਾਂ ਦੇ ਬਲੀਦਾਨ ਨੂੰ ਦੇਸ਼ ਸਿਜਦਾ ਕਰਦਾ ਹੈ। ਇਸ ਦੌਰਾਨ ਉਨ੍ਹਾਂ ਹੋਰ ਵੀ ਕਈ ਮੁੱਦੇ ਛੋਹੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਧਾਨਪਾਲਿਕਾ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਇਕੋ ਪਰਿਵਾਰ ਦਾ ਹਿੱਸਾ ਹਨ ਅਤੇ ਇਨ੍ਹਾਂ ਨੂੰ ਇਕ ਦੂਜੇ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ। ਚੀਫ਼ ਜਸਟਿਸ ਤੇ ਕਾਨੂੰਨ ਮੰਤਰੀ ਵਿਚਾਲੇ ਨਿਆਂਇਕ ਦਬੰਗਪੁਣੇ ਬਾਰੇ ਵਿਵਾਦ ਦੇ ਪਿਛੋਕੜ ਵਿੱਚ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਤਿੰਨੇ ਅੰਗਾਂ ਨੂੰ ਬਦਲਦੇ ਪਰਿਪੇਖ ਵਿੱਚ ਅਗਾਂਹ ਵਧਣ ਦੇ ਤਰੀਕਿਆਂ ਬਾਰੇ ਸਿਰ ਜੋੜਨ ਦੀ ਲੋੜ ਹੈ।

ਲੋਕਾਂ ਤੇ ਪ੍ਰਸ਼ਾਸਨ ਸੰਵਿਧਾਨ ਮੁਤਾਬਕ ਚੱਲਣ ਦਾ ਪ੍ਰਵਚਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨਾਗਰਿਕ ਤੇ ਪ੍ਰਸ਼ਾਸਨ ਲਾਜ਼ਮੀ ਤੌਰ ‘ਤੇ ਸੰਵਿਧਾਨ ਮੁਤਾਬਕ ਕੰਮ ਕਰਨ। ਸੰਵਿਧਾਨ ਇਹ ਸੰਦੇਸ਼ ਦਿੰਦਾ ਹੈ ਕਿ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਉਨ੍ਹਾਂ ਦੀਆਂ ਇਹ ਟਿੱਪਣੀਆਂ ਫਿਲਮ ‘ਪਦਮਾਵਤੀ’ ਅਤੇ ਗਊ ਰੱਖਿਅਕਾਂ ਦੇ ਮਾਮਲਿਆਂ ਦੇ ਪਿਛੋਕੜ ਵਿੱਚ ਆਈਆਂ। ‘ਮਨ ਕੀ ਬਾਤ’ ਵਿੱਚ ਉਨ੍ਹਾਂ ਕਿਹਾ ਕਿ ”ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਆਪਣੇ ਸੰਵਿਧਾਨ ਦੀ ਪਾਲਣਾ ਕਰੀਏ।” ਕਿਸੇ ਘਟਨਾ ਤੇ ਵਿਵਾਦ ਦਾ ਜ਼ਿਕਰ ਨਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਭਾਰਤੀ ਜਮਹੂਰੀਅਤ ਦੀ ਅੰਤਰ ਆਤਮਾ ਹੈ।