ਮੌੜ ਬੰਬ ਧਮਾਕੇ ਦੀ ਜਾਂਚ ਦੇ ਬਹਾਨੇ ਲੀਪਾਪੋਚੀ ਕਰਨ ਲੱਗੀ ਪੁਲਿਸ

0
29

maur_mandi_blast
ਚੰਡੀਗੜ੍ਹ/ਬਿਊਰੋ ਨਿਊਜ਼ :
ਸੂਬਾਈ ਪੁਲੀਸ  ਬਹੁ-ਚਰਚਿਤ ਮੌੜ ਬੰਬ ਧਮਾਕੇ ਦੀ ਤਫ਼ਤੀਸ਼ ਲਈ ਗੰਭੀਰ ਨਹੀਂ ਜਾਪ ਰਹੀ ਹੈ। ਇਹੀ ਕਾਰਨ ਹੈ ਕਿ ਫ਼ਰਵਰੀ ਮਹੀਨੇ ਤੋਂ ਬਾਅਦ ਇਸ ਕੇਸ ਵਿਚ ਕੋਈ ਪ੍ਰਗਤੀ ਨਹੀਂ ਹੋਈ। ਪੁਲੀਸ ਵੱਲੋਂ ਇਸ ਸੰਵੇਦਨਸ਼ੀਲ ਮਾਮਲੇ ਦੇ ਅਸਲ ਮੁਲਜ਼ਮਾਂ ‘ਤੇ ਪਰਦਾ ਪਾਉਂਦਿਆਂ ਕਿਹਾ ਜਾ ਰਿਹਾ ਹੈ ਕਿ ਉਕਤ ਵਿਅਕਤੀ ਜੋ ਡੇਰਾ ਸਿਰਸਾ ਨਾਲ ਸਬੰਧਤ ਹਨ, ਦੀ ਗ੍ਰਿਫਤਾਰੀ ਤੋਂ ਬਾਅਦ ਹੀ ਬੰਬ ਧਮਾਕੇ ਦਾ ਅਸਲ ਮਕਸਦ ਸਾਹਮਣੇ ਆਵੇਗਾ।
ਮੌੜ ਬੰਬ ਧਮਾਕੇ ਵਿਚ ਲੋੜੀਂਦੇ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਪੈੜ ਨੱਪਣ ਲਈ ਹੁਣ ਪੰਜਾਬ ਪੁਲੀਸ ਵੱਲੋਂ ਕੇਂਦਰੀ ਏਜੰਸੀਆਂ ਦੀ ਮਦਦ ਲੈ ਰਹੀ ਹੈ। ਪੰਜਾਬ ਪੁਲੀਸ ਦੇ ਡੀਆਈਜੀ ਰੈਂਕ ਦੇ ਅਧਿਕਾਰੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਹੁਣ ਤੱਕ ਕੀਤੀ ਜਾਂਚ ਦੌਰਾਨ ਸ਼ੱਕ ਦੀ ਸੂਈ ਪੂਰੀ ਤਰ੍ਹਾਂ ਡੇਰੇ ਦੇ ਦੁਆਲੇ ਹੀ ਘੁੰਮ ਰਹੀ ਹੈ। ਪੰਜਾਬ ਪੁਲਿਸ ਵੱਲੋਂ ਮੌੜ ਮੰਡੀ ਬੰਬ ਧਮਾਕੇ ਵਿਚ ਮੁਲਜ਼ਮ ਮੰਨੇ ਜਾਂਦੇ ਡੇਰਾ ਸਿਰਸਾ ਨਾਲ ਸਬੰਧਤ ਵਿਅਕਤੀਆਂ ਅਵਤਾਰ ਸਿੰਘ, ਅਮਰੀਕ ਸਿੰਘ ਅਤੇ ਗੁਰਤੇਜ ਸਿੰਘ ਉਰਫ਼ ਕਾਲਾ ਨੂੰ ਕਾਬੂ ਕਰਨ ਲਈ ਇੰਟੈਲੀਜੈਂਸ ਬਿਓਰੋ (ਆਈਬੀ) ਦੀ ਮਦਦ ਲਈ ਜਾਣ ਲੱਗੀ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਮੁਲਜ਼ਮਾਂ ਵਿੱਚੋਂ ਇੱਕ ਦੀ ਸੂਹ ਪੁਲੀਸ ਨੂੰ ਮਿਲੀ ਹੈ, ਜਿਸ ਨੂੰ ਕਾਬੂ ਕਰਨ ਲਈ ਆਈਬੀ ਦੇ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ।
ਉਧਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਬ ਧਮਾਕੇ ਦੀ ਮੁੱਢਲੀ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਇਹ ਧਮਾਕਾ ਕਾਂਗਰਸੀ ਆਗੂ ਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੱਸੀ ਨੂੰ ਨਿਸ਼ਾਨਾ ਡੇਰੇ ਨਾਲ ਸਬੰਧਤ ਵਿਅਕਤੀਆਂ ਵੱਲੋਂ ਜਾਂ ਅਤਿਵਾਦੀਆਂ ਵੱਲੋਂ ਬਣਾਇਆ ਗਿਆ, ਇਸ ਸਬੰਧੀ ਸਪੱਸ਼ਟ ਤੌਰ ‘ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਜੋ ਕਿ 4 ਫਰਵਰੀ 2017 ਨੂੰ ਹੋਈਆਂ ਸਨ, ਤੋਂ ਕੁਝ ਦਿਨ ਪਹਿਲਾਂ ਹੀ ਹੋਏ ਇਸ ਬੰਬ ਧਮਾਕੇ ਦੌਰਾਨ 7 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਧਮਾਕੇ ਨੇ ਸੂਬੇ ਦੀ ਸਿਆਸਤ ‘ਤੇ ਡੂੰਘਾ ਅਸਰ ਪਾਇਆ ਸੀ। ਤਫ਼ਤੀਸ਼ ਨਾਲ ਜੁੜੇ ਪੁਲੀਸ ਅਫ਼ਸਰਾਂ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ ਤੋਂ ਬਾਅਦ ਬੰਬ ਧਮਾਕੇ ਦੀ ਪੜਤਾਲ ਇਕ ਤਰ੍ਹਾਂ ਨਾਲ ਠੱਪ ਹੀ ਪਈ ਹੈ ਤੇ ਮਾਮਲਾ ਆਈਬੀ ਦੇ ਪੱਤਰਾਂ ਵਿਚ ਰੋਲਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਗੰਭੀਰ ਹੋਵੇ ਤਾਂ ਉਕਤ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਵਿੱਚੋਂ ਦੋ ਜਣੇ ਤਾਂ ਪੰਜਾਬ ਦੇ ਹੀ ਰਹਿਣ ਵਾਲੇ ਹਨ। ਪੁਲੀਸ ਅਫ਼ਸਰ ਇਸ ਗੱਲ ‘ਤੇ ਸਵਾਲ ਖੜ੍ਹੇ ਕਰ ਰਹੇ ਹਨ ਕਿ ਵਿੱਕੀ ਗੌਂਡਰ ਦੇ ਮਾਰੇ ਜਾਣ ‘ਤੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੱਟ ਟਵੀਟ ਕਰਦੇ ਹਨ ਤੇ ਅੰਮ੍ਰਿਤਸਰ ਬੰਬ ਧਮਾਕੇ ਦੇ ਮਾਮਲੇ ਵਿਚ ਇੱਕ ਵਿਅਕਤੀ ਦੀ ਗਿਫ੍ਰਤਾਰੀ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਵੀ ਕਰਦੇ ਹਨ ਪਰ ਜਿਸ ਧਮਾਕੇ ਵਿੱਚ 7 ਨਿਰਦੋਸ਼ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਇਸ ਮਾਮਲੇ ਵਿੱਚ ਸਿਆਸਤਦਾਨ ਤੇ ਪੁਲੀਸ ਅਫ਼ਸਰਾਂ ਨੇ ਚੁੱਪ ਵੱਟ ਲਈ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਬੰਬ ਧਮਾਕੇ ਦੇ ਮਾਮਲੇ ‘ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।