ਵਿਧਾਇਕਾਂ ਨੇ ਧੀਆਂ-ਪੁੱਤਾਂ ਨੂੰ ਹੀ ਆਪਣਾ ਪੀ.ਏ. ਰੱਖਿਆ

0
38

mantri-pa-copy
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਵਿੱਚ ਕਈ ਵਿਧਾਇਕਾਂ ਨੇ ਆਪਣੇ ਧੀਆਂ-ਪੁੱਤਰਾਂ ਨੂੰ ਹੀ ਪੀ.ਏ. ਰੱਖ ਲਿਆ ਹੈ ਤੇ ਕਈਆਂ ਨੇ ਆਪਣੇ ਭਤੀਜਿਆਂ ਤੇ ਭਾਣਜਿਆਂ ਨੂੰ ‘ਮੌਕਾ’ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹਨ।
ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਆਪਣੇ ਪੁੱਤਰ ਕਰਨ ਨਾਰੰਗ ਨੂੰ ਆਪਣਾ ਪੀ.ਏ. ਰੱਖਿਆ ਹੈ। ਵਿਧਾਇਕ ਨਾਰੰਗ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪੁੱਤਰ ਸ਼ੁਰੂ ਤੋਂ ਹੀ ਉਨ੍ਹਾਂ ਦਾ ਕੰਮ ਦੇਖ ਰਿਹਾ ਹੈ ਅਤੇ ਉਨ੍ਹਾਂ ਕੋਲ ਹੋਰ ਪ੍ਰਾਈਵੇਟ ਪੀ.ਏ. ਵੀ ਹੈ। ਪੰਜਾਬ ਵਿਧਾਨ ਸਭਾ ਤੋਂ ਆਰ.ਟੀ.ਆਈ. ਅਤੇ ਹੋਰਨਾਂ ਸਰੋਤਾਂ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਸ਼ਾਮ ਚੁਰਾਸੀ ਤੋਂ ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦੀਆ ਨੇ ਵੀ ਆਪਣੇ ਪੁੱਤਰ ਸੌਰਭ ਪਵਨ ਆਦੀਆ (30) ਨੂੰ ਹੀ ਪੀ.ਏ. ਰੱਖਿਆ ਹੈ। ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਨੇ ਪੀ.ਏ ਦੀ ‘ਸੇਵਾ’ ਆਪਣੇ ਛੋਟੇ ਭਰਾ ਜਤਿੰਦਰ ਕੁਮਾਰ ਨੂੰ ਦਿੱਤੀ ਹੈ। ਇਸ ਵਿਧਾਇਕ ਦਾ ਕਹਿਣਾ ਸੀ ਕਿ ਜਤਿੰਦਰ ਕੁਮਾਰ ਸ਼ੁਰੂ ਤੋਂ ਪਾਰਟੀ ਵਿੱਚ ਕੰਮ ਕਰ ਰਿਹਾ ਹੈ, ਜਿਸ ਕਰ ਕੇ ਪੀ.ਏ ਦਾ ਅਹੁਦਾ ਦਿੱਤਾ ਗਿਆ ਹੈ।
ਹਲਕਾ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਹਨ। ਵਿਧਾਇਕ ਪੰਡੋਰੀ ਨੇ ਆਪਣੇ ਭਾਣਜੇ ਕੁਲਵਿੰਦਰ ਸਿੰਘ ਨੂੰ ਪੀ.ਏ. ਰੱਖ ਲਿਆ ਹੈ, ਜੋ ਕਿ ਪਿੰਡ ਚੀਮਾ ਦਾ ਵਸਨੀਕ ਹੈ। ਵਿਧਾਇਕ ਪੰਡੋਰੀ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਭਾਣਜਾ ਪਾਰਟੀ ਦਾ ਪੁਰਾਣਾ ਵਰਕਰ ਹੈ ਤੇ ਸ਼ੁਰੂ ਤੋਂ ਉਨ੍ਹਾਂ ਦਾ ਦਫ਼ਤਰੀ ਕੰਮ ਦੇਖਦਾ ਹੈ। ਹਲਕਾ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੇ ਭਤੀਜੇ ਜਸਵਿੰਦਰ ਸਿੰਘ ਨੂੰ ਪੀ.ਏ. ਵਜੋਂ ਆਪਣੇ ਨਾਲ ਤਾਇਨਾਤ ਕੀਤਾ ਹੈ।
ਹਲਕਾ ਬੁਢਲਾਡਾ ਤੋਂ ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਆਪਣੀ ਮਾਸੀ ਦੇ ਪੋਤਰੇ ਕੁਲਦੀਪ ਸਿੰਘ ਨੂੰ ਆਪਣਾ ਪੀ.ਏ. ਰੱਖਿਆ ਹੈ। ਹਲਕਾ ਮੌੜ ਤੋਂ ‘ਆਪ’ ਵਿਧਾਇਕ ਜਗਦੇਵ ਕਮਾਲੂ ਨੇ ਆਪਣੇ ਰਿਸ਼ਤੇਦਾਰ ਰੇਸ਼ਮ ਸਿੰਘ ਰੋਮਾਣਾ (ਸੇਖਪੁਰਾ) ਨੂੰ ਆਪਣਾ ਪੀ.ਏ. ਰੱਖਿਆ ਹੈ। ਵਿਧਾਨ ਸਭਾ ਵੱਲੋਂ ਵਿਧਾਇਕ ਦੇ ਪੀ.ਏ. ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਹੈ।
ਹਲਕਾ ਭਦੌੜ ਤੋਂ ‘ਆਪ’ ਦੇ ਵਿਧਾਇਕ ਪਿਰਮਲ ਸਿੰਘ ਨੇ ਤਾਂ ਸਾਬਕਾ ਅਕਾਲੀ ਵਿਧਾਇਕ ਬਲਵੀਰ ਸਿੰਘ ਘੁੰਨਸ ਦੇ ਪੀ.ਏ. ਸੁਰਜੀਤ ਸਿੰਘ ਨੂੰ ਹੀ ਆਪਣਾ ਪੀ.ਏ. ਰੱਖ ਲਿਆ ਹੈ। ਪਿਰਮਲ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੁਰਜੀਤ ਸਿੰਘ ਦੀ ਇਸ ਗੱਲ ਦਾ ਪਤਾ ਨਹੀਂ ਸੀ। ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਦਾ ਕਹਿਣਾ ਸੀ ਕਿ ਪੀ.ਏ. ਦੀ ਚੋਣ ਵਿਧਾਇਕਾ ‘ਤੇ ਹੀ ਨਿਰਭਰ ਹੁੰਦੀ ਹੈ ਤੇ ਉਹ ਕਿਸੇ ਨੂੰ ਵੀ ਰੱਖ ਸਕਦੇ ਹਨ। ਪਿਛਲੀ ਗੱਠਜੋੜ ਸਰਕਾਰ ਸਮੇਂ ਦੋ ਮਹਿਲਾ ਵਿਧਾਇਕਾਂ ਨੇ ਆਪਣੇ ਪਤੀ ਪੀ.ਏ. ਬਣਾਏ ਹੋਏ ਸਨ।
ਸੀ.ਪੀ.ਆਈ. ਦੇ ਸਕੱਤਰ ਹਰਦੇਵ ਅਰਸ਼ੀ ਨੇ ਕਿਹਾ ਕਿ ਪੀ.ਏ. ਕੰਪਿਊਟਰ ਦਾ ਮਾਹਰ ਹੋਣਾ ਚਾਹੀਦਾ ਹੈ ਤੇ ਕਿਸੇ ਵੀ ਹਾਲ ਡੰਮੀ ਨਹੀਂ ਹੋਣਾ ਚਾਹੀਦਾ। ਪੀ.ਏ. ਸਿਰਫ਼ ਕਾਗ਼ਜ਼ਾਂ ਵਿੱਚ ਪੈਸੇ ਹਜ਼ਮ ਕਰਨ ਦਾ ਸਾਧਨ ਨਹੀਂ ਬਣਨਾ ਚਾਹੀਦਾ ਕਿਉਂਕਿ ਇਸ ਦਾ ਅਸਰ ਵਿਧਾਇਕ ਦੀ ਕਾਰਗੁਜ਼ਾਰੀ ‘ਤੇ ਪੈਂਦਾ ਹੈ। ਪੀ.ਏ. ਲਈ ਦਫ਼ਤਰ ਵੀ ਲਾਜ਼ਮੀ ਹੋਣਾ ਚਾਹੀਦਾ ਹੈ।