ਬਾਦਲਾਂ ਦੇ ਹਲਕੇ ‘ਚ ਪਰਵਾਸੀਆਂ ਨੇ ਸੰਭਾਲਿਆ ‘ਆਪ’ ਦਾ ਮੋਰਚਾ

0
525

5669758756697587
ਬਠਿੰਡਾ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੀ ਪਰਵਾਸੀ ਟੀਮ ਨੇ ਬਾਦਲਾਂ ਦੇ ਹਲਕਿਆਂ ਵਿੱਚ ਮੋਰਚਾ ਸੰਭਾਲ ਲਿਆ ਹੈ। ‘ਆਪ’ ਦੇ ਅਰਵਿੰਦ ਕੇਜਰੀਵਾਲ ਨੇ ਅੱਜ ਬਠਿੰਡਾ ਤੋਂ ਬਾਦਲਾਂ ਦੇ ਹਲਕਿਆਂ ਲਈ ਪਰਵਾਸੀ ਭਾਰਤੀਆਂ ਦੀ ਟੀਮ ਨੂੰ ਰਵਾਨਾ ਕੀਤਾ। ਕੈਨੇਡਾ, ਅਮਰੀਕਾ ਅਤੇ ਨਿਊਜ਼ੀਲੈਂਡ ਤੋਂ ਪੁੱਜੇ ਇਹ ਪਰਵਾਸੀ ਭਾਰਤੀ ‘ਆਪ’ ਦੀ ਹਮਾਇਤ ਵਿੱਚ ਬਠਿੰਡਾ, ਮਾਨਸਾ ਅਤੇ ਲੰਬੀ ਹਲਕੇ ਵਿੱਚ ਕੰਮ ਕਰਨਗੇ।
‘ਆਪ’ ਦੀ ਕੈਨੇਡਾ ਟੀਮ ਦੇ ਮੀਤ ਪ੍ਰਧਾਨ ਕਮਲਜੀਤ ਸਿੰਘ ਸਿੱਧੂ (ਰਾਈਆ) ਨੇ ਅਰਵਿੰਦ ਕੇਜਰੀਵਾਲ ਨੂੰ ਪੁੱਜੇ ਪਰਵਾਸੀ ਭਾਰਤੀਆਂ ਦੀ ਸੂਚੀ ਸੌਂਪੀ ਅਤੇ ਹਦਾਇਤਾਂ ਪ੍ਰਾਪਤ ਕੀਤੀਆਂ। ਕੇਜਰੀਵਾਲ ਨੇ ਇਨ੍ਹਾਂ ਪਰਵਾਸੀ ਭਾਰਤੀਆਂ ਨੂੰ ਰਣਨੀਤੀ ਸਮਝਾਈ ਅਤੇ 4 ਫਰਵਰੀ ਤੱਕ ਇਨ੍ਹਾਂ ਹਲਕਿਆਂ ਵਿੱਚ ਦਿਨ ਰਾਤ ਕੰਮ ਕਰਨ ਦੀ ਹਦਾਇਤ ਕੀਤੀ।   ਦੱਸਣਯੋਗ ਹੈ ਕਿ ਕੇਜਰੀਵਾਲ ਇੱਥੇ ਐਡਵੋਕੇਟ ਨਵਦੀਪ ਜੀਦਾ ਦੀ ਰਿਹਾਇਸ਼ ‘ਤੇ ਠਹਿਰੇ ਹੋਏ ਸਨ। ਕੈਨੇਡਾ ਤੋਂ ਆਏ ‘ਆਪ’ ਦੇ ਮੀਡੀਆ ਕਨਵੀਨਰ ਹਰਪ੍ਰੀਤ ਖੋਸਾ ਅਤੇ ਨਿਊਜੀਲੈਂਡ ਤੋਂ ‘ਆਪ’ ਦੀ ਸਕੱਤਰ ਖੁਸ਼ਮੀਤ ਕੌਰ ਨੇ ਕੇਜਰੀਵਾਲ ਨਾਲ ਮਿਲਣੀ ਦੌਰਾਨ ਆਉਂਦੇ ਦਿਨਾਂ ਵਿੱਚ ਪੰਜਾਬ ਚੋਣਾਂ ਵਿੱਚ ਪੁੱਜ ਰਹੇ ਪਰਵਾਸੀ ਪੰਜਬੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਤਾਇਨਾਤੀ ਬਾਰੇ ਵਿਚਾਰ ਵਟਾਂਦਰਾ ਕੀਤਾ।
ਪਰਵਾਸੀ ਭਾਰਤੀ ਕਮਲਜੀਤ ਸਿੱਧੂ, ਅਮਰੀਕਾ ਤੋਂ ਕਮਲ ਸੇਖੋਂ ਬਾਠ ਅਤੇ ਹਰਪ੍ਰੀਤ ਖੋਸਾ ਨੇ ਹਲਕਾ ਤਲਵੰਡੀ ਸਾਬੋ ਦੇ ਕਰੀਬ ਅੱਧੀ ਦਰਜਨ ਪਿੰਡਾਂ ਦਾ ਦੌਰਾ ਕੀਤਾ ਅਤੇ ਵੋਟਰਾਂ ਦੀ ਰਾਇ ਜਾਣੀ। ਇਨ੍ਹਾਂ ਆਗੂਆਂ ਨੇ ਵੋਟਰਾਂ ਨੂੰ ‘ਆਪ’ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਪਿੰਡ ਕੋਟਸ਼ਮੀਰ ਵਿੱਚ ਵੀ ਇਨ੍ਹਾਂ ਆਗੂਆਂ ਨੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ। ਪਰਵਾਸੀ ਭਾਰਤੀਆਂ ਨੇ ਰਾਮਾ ਮੰਡੀ ਵਿਖੇ ਤਲਵੰਡੀ ਸਾਬੋ ਤੋਂ ‘ਆਪ’ ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਦੀ ਰੈਲੀ ਵਿਚ ਸ਼ਮੂਲੀਅਤ ਕੀਤੀ ਅਤੇ ਰੈਲੀ ਮਗਰੋਂ ‘ਆਪ’ ਆਗੂ ਸੰਜੇ ਸਿੰਘ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਦੱਸਿਆ ਕਿ ਉਹ ਆਉਂਦੇ ਦਿਨਾਂ ਵਿੱਚ ਕੁਝ ਲੋਕਾਂ ਦੇ ਗਰੁੱਪਾਂ ਨੂੰ ‘ਆਪ’ ਵਿੱਚ ਸ਼ਾਮਲ ਕਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਕੈਨੇਡਾ ਤੋਂ ਟੈਲੀਫੋਨ ਰਾਹੀਂ ਰਾਬਤਾ ਬਣਾਇਆ ਹੋਇਆ ਸੀ, ਜਿਸ ਨੂੰ ਹਕੀਕੀ ਰੂਪ ਦੇਣ ਲਈ ਉਹ ਹਲਕਾ ਲੰਬੀ ਅਤੇ ਜ਼ਿਲ੍ਹਾ ਮਾਨਸਾ ਦੇ ਪਿੰਡਾਂ ਵਿੱਚ ਵੀ ਜਾਣਗੇ। ‘ਆਪ’ ਆਗੂਆਂ ਨੇ ਦੱਸਿਆ ਕਿ ਉਹ ਹਲਕਾ ਲੰਬੀ ਅਤੇ ਜਲਾਲਾਬਾਦ ਦੇ ਪਿੰਡਾਂ ਵਿੱਚ ਵੀ ਜਾਣਗੇ। ਇਨ੍ਹਾਂ ਆਗੂਆਂ ਨੂੰ ‘ਆਪ’ ਦੀ ਹਰ ਗਤੀਵਿਧੀ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।