ਫਸਲਾਂ ਦੇਖ ਅਫ਼ਸਰਾਂ ਨੂੰ ‘ਝਾੜਾਂ’ ਪਾਉਂਦੇ ਰਹੇ ਪਰ ਜਸਵੀਰ ਸਿੰਘ ਦੇ ਬਲਦੇ ਸਿਵੇ ਕੋਲੋਂ ਦੀ ਲੰਘੇ ਗਏ ਕੈਪਟਨ

0
277

kissan-jasvir-singh
ਕੈਪਸ਼ਨ-ਮ੍ਰਿਤਕ ਕਿਸਾਨ ਜਸਵੀਰ ਸਿੰਘ ਦੀ ਫਾਈਲ ਫੋਟੋ।
ਬਠਿੰਡਾ/ਬਿਊਰੋ ਨਿਊਜ਼ :
ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਪਾਹ ਪੱਟੀ ਵਿੱਚ ਟੁੱਟੀ ਕਿਸਾਨੀ ਦੇ ਖੇਤਾਂ ਵਿੱਚ ਮੁਰਝਾਇਆ ਨਰਮਾ ਵੇਖ ਰਹੇ ਸਨ ਤਾਂ ਠੀਕ ਉਦੋਂ ਇਨ•ਾਂ ਖੇਤਾਂ ਦੇ ਨੌਜਵਾਨ ਪੁੱਤ ਦਾ ਸਿਵਾ ਲਟ ਲਟ ਬਲ ਰਿਹਾ ਸੀ। ਜ਼ਿੰਦਗੀ ਦੀ ਡੰਡੀ ਤੋਂ ਚੜ•ਨ ਤੋਂ ਪਹਿਲਾਂ ਹੀ ਨੌਜਵਾਨ ਜਸਵੀਰ ਸਿੰਘ ਖ਼ੁਦਕੁਸ਼ੀ ਦੇ ਰਾਹ ਚਲਾ ਗਿਆ।
ਬਠਿੰਡਾ ਦੇ ਪਿੰਡ ਗੁਰਥੜੀ ਦਾ ਹਰ ਨਿਆਣਾ ਸਿਆਣਾ ਇਸ ਨੌਜਵਾਨ ਦੇ ਸਸਕਾਰ ਮੌਕੇ ਹਾਜ਼ਰ ਸੀ। ਮਿਲਾਪੜੇ ਸੁਭਾਅ ਦੇ ਇਸ ਨੌਜਵਾਨ ਕਿਸਾਨ ਨੇ ਪੈਲੀ ਦੇ ਬਚਾਓ ਲਈ ਹਰ ਹੀਲਾ ਵਸੀਲਾ ਕੀਤਾ। ਜਦੋਂ ਫਸਲਾਂ ਨੇ ਹੰਭਾ ਦਿੱਤਾ ਤਾਂ ਉਸ ਨੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਉਸ ਨੇ ਫਸਲਾਂ ਬਚਾਉਣ ਲਈ ਲਿਆਂਦਾ ਕੀਟਨਾਸ਼ਕ ਪੀ ਕੇ ਜਾਨ ਦੇ ਦਿੱਤੀ। ਮਾਪਿਆਂ ਕੋਲ ਹੁਣ ਕਰਜ਼ਾ ਬਚਿਆ ਹੈ ਜਾਂ ਫਿਰ ਅਲਾਮਤਾਂ ਦੇ ਝੰਬੇ ਹੋਏ ਖੇਤ। ਨੌਜਵਾਨ ਕਿਸਾਨ ਜਸਵੀਰ ਸਿੰਘ ਦੀ ਮਾਂ ਜਸਪਾਲ ਕੌਰ ਦੇ ਹੰਝੂ ਖੇਤਾਂ ਦੀ ਉਲਝੀ ਤਾਣੀ ਦੀ ਗਵਾਹੀ ਭਰ ਰਹੇ ਸਨ। ਪਿੰਡ ਗੁਰਥੜੀ ਦੀ ਮਹਿਲਾ ਸਰਪੰਚ ਕਰਮਜੀਤ ਕੌਰ ਨੇ ਦੱਸਿਆ ਕਿ ਬਹੁਤ ਹੀ ਮਿਲਾਪੜੇ ਨੌਜਵਾਨ ਦੇ ਚਲੇ ਜਾਣ ‘ਤੇ ਕਿਸੇ ਘਰ ਦਾ ਚੁੱਲ•ਾ ਨਹੀਂ ਬਲਿਆ। ਉਹ ਦੱਸਦੀ ਹੈ ਕਿ ਨੌਜਵਾਨ ਕਿਰਤ ਤੇ ਮਿਹਨਤ ਨਾਲ ਖੇਤਾਂ ਵਿੱਚ ਜੁਟਿਆ ਰਹਿੰਦਾ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਢਾਰਸ ਦੇਣ ਲਈ ਪੁੱਜਣਾ ਚਾਹੀਦਾ ਸੀ।
ਵੇਰਵਿਆਂ ਅਨੁਸਾਰ ਪਿੰਡ ਦੇ ਜਗਤਾਰ ਸਿੰਘ ਦੇ ਦੋ ਨੌਜਵਾਨ ਬੇਟੇ ਹੀ ਹਨ, ਜਿਨ•ਾਂ ਵਿਚੋਂ ਛੋਟਾ ਲੜਕਾ ਜਸਵੀਰ ਸਿੰਘ ਖੇਤਾਂ ਦਾ ਬੋਝ ਝੱਲ ਨਹੀਂ ਸਕਿਆ। ਉਸ ਦੇ ਪਰਿਵਾਰ ਸਿਰ ਕਰੀਬ 12 ਲੱਖ ਦਾ ਕਰਜ਼ਾ ਹੈ। ਜਦੋਂ ਕਰਜ਼ੇ ਦੀ ਪੰਡ ਵਿੱਤੋਂ ਬਾਹਰ ਹੋ ਗਈ ਸੀ ਤਾਂ ਦੋ ਸਾਲ ਪਹਿਲਾਂ ਉਸ ਨੇ 7 ਕਨਾਲਾਂ ਜ਼ਮੀਨ ਵੇਚ ਕੇ ਕਰਜ਼ੇ ਦਾ ਭਾਰ ਹੌਲਾ ਕੀਤਾ। ਦੋ ਫਸਲਾਂ ਲਗਾਤਾਰ ਜੁਆਬ ਦੇ ਗਈਆਂ, ਜਿਸ ਕਰ ਕੇ ਕਰਜ਼ਾ ਮੁੜ ਵਧ ਗਿਆ। ਹੁਣ ਜਦੋਂ ਨਰਮੇ ਤੇ ਝੋਨੇ ਦੀ ਫਸਲ ਮੁਰਝਾ ਗਈ ਤਾਂ ਇਸ ਕਿਸਾਨ ਨੇ ਹਫ਼ਤਾ ਪਹਿਲਾਂ ਹਰ ਤਰ•ਾਂ ਦੀ ਵਾਹ ਲਈ। ਆਖਰ ਉਹ ਹਾਰ ਮੰਨ ਗਿਆ। ਮ੍ਰਿਤਕ ਕਿਸਾਨ ਦੇ ਚਾਚੇ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਜਦੋਂ ਮੁੱਖ ਮੰਤਰੀ ਨਰਮੇ ਕਪਾਹ ਦੇ ਖੇਤ ਵੇਖਣ ਆਏ ਸਨ ਤਾਂ ਉਨ•ਾਂ ਨੂੰ ਗੁਰਥੜੀ ਆ ਕੇ ਕਿਸਾਨੀ ਦਾ ਹਾਲ ਵੇਖਣਾ ਚਾਹੀਦਾ ਸੀ। ਉਨ•ਾਂ ਆਖਿਆ ਕਿ ਮੁੱਖ ਮੰਤਰੀ ਪਿੰਡ ਗੁਰਥੜੀ ਆਉਂਦੇ ਤਾਂ ਉਹ ਕਿਸਾਨਾਂ ਦਾ ਦਰਦ ਅੱਖੀਂ ਵੇਖ ਲੈਂਦੇ।
ਗਠਜੋੜ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਨਰਮਾ ਪੱਟੀ ਵਿੱਚ ਰਾਹੁਲ ਗਾਂਧੀ ਦੀ ਫੇਰੀ ਮੌਕੇ ਆਏ ਸਨ ਅਤੇ ਉਹ ਇਕ ਖ਼ੁਦਕੁਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਕੋਲ ਵੀ ਗਏ ਸਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ•ਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜੇ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਸੁਹਿਰਦ ਹੁੰਦੇ ਤਾਂ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਘਰਾਂ ਵਿੱਚ ਜ਼ਰੂਰ ਜਾਂਦੇ। ਉਨ•ਾਂ ਆਖਿਆ ਕਿ ਪੀੜਤਾਂ ਪਰਿਵਾਰਾਂ ਨੂੰ ਉਮੀਦ ਸੀ ਕਿ ਅਮਰਿੰਦਰ ਸਿੰਘ ਉਨ•ਾਂ ਦੇ ਘਰਾਂ ਦੇ ਠੰਢੇ ਹੋਏ ਚੁੱਲ•ੇ ਵੇਖਣ ਲਾਜ਼ਮੀ ਆਉਣਗੇ।