ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਰਕਮ ਦਾ ਪ੍ਰਬੰਧ ਖ਼ੁਦ ਕਰਨਾ ਪਵੇਗਾ

0
331

amrinder-manifesto
3600 ਕਰੋੜ ਰੁਪਏ ਦਾ ਕਰਜ਼ਾ ਮਿਲਣ ਦਾ ਰਾਹ ਪੱਧਰਾ, 6000 ਕਰੋੜ ਦਾ ਕਰਨਾ ਪਏਗਾ ਇੰਤਜ਼ਾਮ
ਚੰਡੀਗੜ੍ਹ/ਬਿਊਰੋ ਨਿਊਜ਼ :
ਭਾਰਤੀ ਰਿਜ਼ਰਵ ਬੈਂਕ ਅਤੇ ਨਾਬਾਰਡ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਦੋ ਲੱਖ ਤੱਕ ਸਹਿਕਾਰੀ ਬੈਂਕਾਂ ਦਾ ਕਰਜ਼ਾ ਮੁਆਫ਼ ਕਰਨ ਦੀ ਯੋਜਨਾ ਨੂੰ ਸਹਿਮਤੀ ਤਾਂ ਦੇ ਦਿੱਤੀ ਹੈ ਪਰ ਕਰਜ਼ਾ ਮੁਆਫੀ ਲਈ ਪੈਸਾ ਦੇਣ ਦਾ ਬੰਦੋਬਸਤ ਪੰਜਾਬ ਸਰਕਾਰ ਨੂੰ ਖੁਦ ਹੀ ਕਰਨਾ ਪਵੇਗਾ। ਪੰਜਾਬ ਸਰਕਾਰ ਨੂੰ 3600 ਕਰੋੜ ਰੁਪਏ ਦਾ ਕਰਜ਼ਾ ਮਿਲਣ ਦਾ ਰਾਹ ਪੱਧਰਾ ਹੋ ਚੁੱਕਾ ਹੈ, ਪਰ ਇਸ ਨੂੰ 6000 ਕਰੋੜ ਰੁਪਏ ਦਾ ਹੋਰ ਪ੍ਰਬੰਧ ਕਰਨਾ ਪਵੇਗਾ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਮੁੰਬਈ ਵਿੱਚ ਭਾਰਤੀ ਰਿਜ਼ਰਵ ਬੈਂਕ ਅਤੇ ਨਾਬਾਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਲਾਹੇਵੰਦ ਰਹੀ ਹੈ ਤੇ ਰਾਜ ਸਰਕਾਰ ਕਿਸਾਨਾਂ ਦੇ ਦੋ ਲੱਖ ਰੁਪਏ ਤੱਕ ਕਰਜ਼ੇ ਨੂੰ ਮੁਆਫ਼ ਕਰਨ ਲਈ ਜਲਦੀ ਅਮਲੀ ਕਾਰਵਾਈ ਕਰੇਗੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਜ਼ਾ ਮੁਆਫੀ ਦਾ ਸਾਰਾ ਪ੍ਰਬੰਧ ਸਾਨੂੰ ਹੀ ਕਰਨਾ ਪੈਣਾ ਹੈ ਤੇ ਇਸ ਵਿੱਚ ਕਿਸੇ ਨੇ ਕੁਝ ਨਹੀਂ ਕਰਨਾ। ਉਨ੍ਹਾਂ ਦਾ ਇਸ਼ਾਰਾ ਕੇਂਦਰ ਸਰਕਾਰ ਵੱਲ ਸੀ। ਦੋਵੇਂ ਮੰਤਰੀ ਕਾਂਗਰਸ ਪਾਰਟੀ ਦੀਆਂ ਜਥੇਬੰਦਕ ਚੋਣਾਂ ਸਬੰਧੀ ਵਿਧਾਇਕਾਂ ਦੀ ਅੱਜ ਕਾਂਗਰਸ ਭਵਨ ਵਿੱਚ ਸੱਦੀ ਮੀਟਿੰਗ ਵਿਚ ਹਿੱਸਾ ਲੈਣ ਆਏ ਸਨ।
ਪ੍ਰਾਪਤ ਜਾਣਕਾਰੀ ਅੁਨਸਾਰ ਨੈਸ਼ਨਲ ਕੋਆਪ੍ਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਪੰਜਾਬ ਸਰਕਾਰ ਨੂੰ 3600 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕਰ ਦਿੱਤਾ ਹੈ ਤੇ ਰਾਜ ਸਰਕਾਰ ਇਹ ਕਰਜ਼ਾ ਨਾਬਾਰਡ ਨੂੰ ਦੇਵੇਗੀ ਤਾਂ ਜੋ ਸਹਿਕਾਰੀ ਬੈਂਕਾਂ ਵੱਲੋਂ ਕਰਜ਼ਾ ਦੇਣ ਦਾ ਕੰਮ ਚਲਦਾ ਰੱਖਿਆ ਜਾ ਸਕੇ। ਰਾਜ ਸਰਕਾਰ ਨੇ ਕਿਸਾਨਾਂ ਦਾ ਕੁੱਲ 9600 ਕਰੋੜ ਦਾ ਕਰਜ਼ਾ ਮੁਆਫ ਕਰਨਾ ਹੈ ਤੇ ਇਸ ਲਈ ਹੁਣ ਇਸ ਨੂੰ 6000 ਕਰੋੜ ਰੁਪਏ ਦਾ ਹੋਰ ਇੰਤਜ਼ਾਮ ਕਰਨਾ ਪਵੇਗਾ। ਰਾਜ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੈਂਕਾਂ ਨੂੰ ਸਬੰਧਤ ਕਿਸਾਨਾਂ ਦਾ ਕਰਜ਼ਾ ਦੱਸਣ ਲਈ ਸਹਿਮਤੀ ਪੱਤਰਾਂ ‘ਤੇ ਦਸਤਖਤ ਕਰਵਾਉਣੇ ਹੋਣਗੇ। ਤਕਰੀਬਨ ਸਵਾ ਦੱਸ ਲੱਖ ਕਿਸਾਨਾਂ ਦੀ ਸਹਿਮਤੀ ਲੈਣ ਦਾ ਕੰਮ ਕਾਫੀ ਵੱਡਾ ਹੈ ਤੇ ਇਸ ਵਿਚ ਕੁਝ ਸਮਾਂ ਲੱਗ ਜਾਵੇਗਾ। ਦੂਜੇ ਪਾਸੇ ਅਜੇ ਕਰਜ਼ਾ ਮੁਆਫੀ ਬਾਰੇ ਡਾ. ਟੀ ਹੱਕ ਦੀ ਅਗਵਾਈ ਹੇਠ ਬਣੀ ਕਮੇਟੀ ਦੀ ਰਿਪੋਰਟ ਵੀ ਅਜੇ ਆਉਣੀ ਹੈ।
ਭਾਰਤੀ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਨੇ ਪੰਜਾਬ ਦੇ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਕਰਜ਼ਾ ਮੁਆਫੀ ਦੇ ਚੱਕਰ ਵਿੱਚ ਜਿਹੜੇ ਕਿਸਾਨ ਫਸਲੀ ਕਰਜ਼ੇ ਦੀਆਂ ਕਿਸ਼ਤਾਂ ਅਦਾ ਕਰਨ ਵਿਚ ਪੱਛੜ ਗਏ ਹਨ, ਉਨ੍ਹਾਂ ਦੇ ਫਸਲੀ ਕਰਜ਼ੇ ਨੂੰ ਡੁੱਬੇ ਕਰਜ਼ਾ ਨਹੀਂ ਐਲਾਨਿਆ ਜਾਵੇ। ਇਸ ਸਹਿਮਤੀ ਦਾ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ ਤੇ ਉਨ੍ਹਾਂ ਨੂੰ ਚਾਰ ਫੀਸਦੀ ਵਿਆਜ਼ ਦਰ ‘ਤੇ ਪੈਸਾ ਮਿਲਦਾ ਰਹੇਗਾ।