‘ਆਪ’ ਨੇ ਰੁੱਸਿਆਂ ਨੂੰ ਮਨਾਉਣ ਲਈ ਚੋਣਾਂ ਤੋਂ ਪਹਿਲਾਂ ਅਹੁਦਿਆਂ ਦੇ ਖੁੱਲ੍ਹੇ ਗੱਫੇ ਦਿੱਤੇ

0
459

kejriwal-punjab_story
ਰਵਾਇਤੀ ਪਾਰਟੀਆਂ ਅਕਾਲੀ ਤੇ ਕਾਂਗਰਸ ਨੂੰ ਵੀ ਪਿਛੇ ਛੱਡਿਆ
ਚੰਡੀਗੜ੍ਹ/ਬਿਊਰੋ ਨਿਊਜ਼ :
ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਲਈ ਤਿੰਨ ਪ੍ਰਮੁੱਖ ਧਿਰਾਂ ਆਮ ਆਦਮੀ ਪਾਰਟੀ (ਆਪ), ਕਾਂਗਰਸ ਤੇ ਅਕਾਲੀ-ਭਾਜਪਾ ਗਠਜੋੜ ਨੇ ਜਿੱਥੇ ਕਈ ਤਰ੍ਹਾਂ ਦੇ ਪਾਪੜ ਵੇਲੇ, ਉਥੇ ਅਹੁਦੇਦਾਰੀਆਂ ਵੰਡਣ ਵਿੱਚ ਵੀ ਸਾਰੇ ਰਿਕਾਰਡ ਤੋੜ ਦਿੱਤੇ। ਹੁਕਮਰਾਨ ਅਕਾਲੀ-ਭਾਜਪਾ ਗਠਜੋੜ ਨੇ ਜਿੱਥੇ ਸਰਕਾਰੀ ਅਦਾਰਿਆਂ ਵਿੱਚ ਚੇਅਰਮੈਨ, ਸੀਨੀਅਰ ਵਾਈਸ ਚੇਅਰਮੈਨ, ਵਾਈਸ ਚੇਅਰਮੈਨ ਤੇ ਡਾਇਰੈਕਟਰ ਨਿਯੁਕਤ ਕਰਨ ਸਮੇਤ ਪਾਰਟੀ ਲਈ ਵੱਡੇ ਪੱਧਰ ‘ਤੇ ਅਹੁਦੇਦਾਰੀਆਂ ਵੰਡੀਆਂ, ਉਥੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਲਈ ਅਹੁਦੇ ਵੰਡਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਵਾਰ ਪੰਜਾਬ ਦੇ ਸਿਆਸੀ ਅਖਾੜੇ ਵਿੱਚ ਪਹਿਲੀ ਵਾਰ ਨਿੱਤਰੀ ‘ਆਪ’ ਨੇ ਚੋਣਾਂ ਤੋਂ 35 ਦਿਨ ਪਹਿਲਾਂ ਖੁੱਲ੍ਹ ਕੇ ਅਹੁਦੇ ਰਿਓੜੀਆਂ ਵਾਂਗ ਵੰਡੇ। ਭਾਵੇਂ ‘ਆਪ’ ਵੱਲੋਂ ਮੁੱਢਲੇ ਦੌਰ ਵਿੱਚ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਅਤੇ ਬਾਅਦ ਵਿੱਚ ਗੁਰਪ੍ਰੀਤ ਸਿੰਘ ਵੜੈਚ ਨੂੰ ਪੰਜਾਬ ਦਾ ਕਨਵੀਨਰ ਨਿਯੁਕਤ ਕਰਕੇ ਬਿਨਾਂ ਢਾਂਚਾ ਬਣਾਇਆਂ ਪੰਜਾਬ ਵਿੱਚ ਝਾੜੂ ਫੇਰਨ ਦੇ ਯਤਨ ਕੀਤੇ ਪਰ ਚੋਣਾਂ ਦੇ ਅਖ਼ੀਰਲੇ ਦੌਰ ਵਿੱਚ ਇਸ ਪਾਰਟੀ ਨੇ ਅਹੁਦੇਦਾਰੀਆਂ ਵੰਡਣ ਦੇ ਮਾਮਲੇ ਵਿੱਚ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ। ਪਾਰਟੀ ਵਿੱਚ ਵਿਆਪਕ ਪੱਧਰ ‘ਤੇ ਸ੍ਰੀ ਛੋਟੇਪੁਰ ਨੂੰ ਕੱਢਣ ਅਤੇ ਟਿਕਟਾਂ ਦੀ ਵੰਡ ਦੌਰਾਨ ਕਈਆਂ ਦੇ ਨਰਾਜ਼ ਹੋਣ ਕਾਰਨ ਲੀਡਰਸ਼ਿਪ ਨੇ ਰੁੱਸਿਆਂ ਨੂੰ ਮਨਾਉਣ ਲਈ ਅਹੁਦਿਆਂ ਦੇ ਖੁੱਲ੍ਹੇ ਗੱਫੇ ਦੇਣੇ ਪਏ ਸਨ। ਜਾਣਕਾਰੀ ਅਨੁਸਾਰ ‘ਆਪ’ ਨੇ 4 ਫਰਵਰੀ ਨੂੰ ਪਈਆਂ ਵੋਟਾਂ ਤੋਂ 35 ਦਿਨ ਪਹਿਲਾਂ 287 ਅਹੁਦੇਦਾਰ ਨਿਯੁਕਤ ਕੀਤੇ ਸਨ, ਜਿਨ੍ਹਾਂ ਵਿੱਚੋਂ 71 ਪੰਜਾਬ ਪੱਧਰ ‘ਤੇ ਮੇਨ ਬਾਡੀ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ, ਜਦਕਿ 216 ਨਿਯੁਕਤੀਆਂ ਪਾਰਟੀ ਦੇ ਵੱਖ-ਵੱਖ ਵਿੰਗਾਂ ਲਈ ਕੀਤੀਆਂ ਗਈਆਂ ਹਨ। ਇਸ ਸਮੇਂ ਦੌਰਾਨ ਹੀ ਪਾਰਟੀ ਨੇ 19 ਮੀਤ ਪ੍ਰਧਾਨ ਅਤੇ 43 ਜੁਆਇੰਟ ਸਕੱਤਰ ਨਿਯੁਕਤ ਕੀਤੇ, ਜਦਕਿ ਐਸਸੀ/ਐਸਟੀ, ਮਹਿਲਾ, ਯੂਥ, ਘੱਟ ਗਿਣਤੀ, ਕਾਨੂੰਨੀ, ਕਿਸਾਨ, ਸਾਬਕਾ ਫ਼ੌਜੀ, ਬੁੱਧੀਜੀਵੀ, ਮਜ਼ਦੂਰ, ਸ਼ਿਕਾਇਤ ਨਿਵਾਰਣ, ਪ੍ਰਸ਼ਾਸਨ ਤੇ ਪਰਵਾਸੀ ਭਾਰਤੀ ਵਿੰਗਾਂ ਲਈ ਬੇਹਿਸਾਬੇ ਢੰਗ ਨਾਲ ਨਿਯੁਕਤੀਆਂ ਕੀਤੀਆਂ ਗਈਆਂ। ‘ਆਪ’ ਨੇ ਇਹ ਦੌਰ 30 ਦਸੰਬਰ 2016 ਤੋਂ ਸ਼ੁਰੂ ਕੀਤਾ ਸੀ। ਇਸ ਦਿਨ ਹੀ ‘ਆਪ’ ਨੇ ਪਾਰਟੀ ਦੀ ਮੇਨ ਬਾਡੀ ਲਈ 11 ਅਤੇ ਹੋਰ ਵਿੰਗਾਂ ਲਈ ਥੋਕ ਵਿੱਚ 63 ਨਿਯੁਕਤੀਆਂ ਕੀਤੀਆਂ ਸਨ। ‘ਆਪ’ ਨੇ ਚੋਣਾਂ ਤੋਂ ਮਹਿਜ਼ ਦੋ ਦਿਨ ਪਹਿਲਾਂ 2 ਫਰਵਰੀ ਨੂੰ 21 ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਛੇ ਮੇਨ ਬਾਡੀ ਅਤੇ 21 ਹੋਰ ਵੱਖ-ਵੱਖ ਵਿੰਗਾਂ ਲਈ ਨਿਯੁਕਤੀਆਂ ਕੀਤੀਆਂ ਸਨ। ‘ਆਪ’ ਨੇ 9 ਜਨਵਰੀ ਨੂੰ ਮੁੜ 99 ਨਵੀਆਂ ਨਿਯੁਕਤੀਆਂ ਕੀਤੀਆਂ, ਜਿਨ੍ਹਾਂ ਵਿਚੋਂ 28 ਮੇਨ ਬਾਡੀ ਅਤੇ 71 ਵੱਖ-ਵੱਖ ਵਿੰਗਾਂ ਲਈ ਅਹੁਦੇਦਾਰ ਨਿਯੁਕਤ ਕੀਤੇ ਸਨ। ਇਸ ਤੋਂ ਬਾਅਦ 13 ਜਨਵਰੀ ਨੂੰ ਮੁੜ 58 ਨਵੀਆਂ ਨਿਯੁਕਤੀਆ ਕੀਤੀਆਂ, ਜਿਨ੍ਹਾਂ ਵਿਚੋਂ 13 ਮੇਨ ਬਾਡੀ ਅਤੇ 45 ਵੱਖ-ਵੱਖ ਵਿੰਗਾਂ ਲਈ ਅਹੁਦੇਦਾਰ ਨਿਯੁਕਤ ਕੀਤੇ ਸਨ। ਇਸ ਤੋਂ ਬਾਅਦ 19 ਜਨਵਰੀ ਨੂੰ ਮੁੜ ਸੱਤ ਅਹੁਦੇਦਾਰ ਨਿਯੁਕਤ ਕੀਤੇ, ਜਿਨ੍ਹਾਂ ਵਿੱਚੋਂ ਪੰਜ ਮੇਨ ਬਾਡੀ ਤੇ ਦੋ ਹੋਰ ਵਿੰਗਾਂ ਲਈ ਅਹੁਦੇਦਾਰ ਬਣਾਏ ਗਏ ਸਨ। ਇਸ ਤੋਂ ਬਾਅਦ ‘ਆਪ’ ਨੇ 22 ਜਨਵਰੀ ਨੂੰ 10, 25 ਜਨਵਰੀ ਨੂੰ ਪੰਜ ਅਤੇ 27 ਜਨਵਰੀ ਨੂੰ ਫਿਰ 6 ਨਵੀਆਂ ਨਿਯੁਕਤੀਆਂ ਕੀਤੀਆਂ ਸਨ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੀਆਂ ਨਿਯੁਕਤੀਆਂ ਹਵਾ ਵਿੱਚ ਹੀ ਕੀਤੀਆਂ ਗਈਆਂ ਹਨ ਅਤੇ ਕਿਸੇ ਵੀ ਨਿਯੁਕਤ ਕੀਤੇ ਆਗੂ ਨੂੰ ਕੋਈ ਨਿਯੁਕਤੀ ਪੱਤਰ ਜਾਰੀ ਨਹੀਂ ਕੀਤਾ ਗਿਆ।

ਲਾਮਬੰਦੀ ਲਈ ਜ਼ਰੂਰੀ ਸਨ ਨਿਯੁਕਤੀਆਂ : ਵੜੈਚ
‘ਆਪ’ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪਾਰਟੀ ਦੇ ਵੱਖ-ਵੱਖ ਯੂਨਿਟਾਂ ਦੀ ਅਗਵਾਈ ਕਰਨ ਲਈ ਵਿਆਪਕ ਨਿਯੁਕਤੀਆਂ ਕਰਨੀਆਂ ਲਾਜ਼ਮੀ ਸਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵਿਸ਼ਾਲ ਲਾਮਬੰਦੀ ਦੀ ਲੋੜ ਹੁੰਦੀ ਹੈ ਅਤੇ ਇਸ ਪ੍ਰਕਿਰਿਆ ਦੀ ਸਫ਼ਲਤਾ ਲਈ ਚੋਣਾਂ ਦੇ ਅਖ਼ੀਰਲੇ ਪੜਾਅ ਵਿੱਚ ਵੱਡੇ ਪੱਧਰ ‘ਤੇ ਵਾਲੰਟੀਅਰਾਂ ਨੂੰ ਜ਼ਿੰਮੇਵਾਰੀਆਂ ਸੌਂਪਣ ਦਾ ਫ਼ੈਸਲਾ ਲਿਆ ਸੀ।