ਭਾਜਪਾ ਦਾ ਨਾਮ ਬੀਜੇਪੀ ਦੀ ਬਜਾਏ ‘ਬੀਡੀਪੀ’ ਯਾਨੀ ਕਿ ‘ਭਾਰਤੀ ਦੰਗਾ ਪਾਰਟੀ’ ਹੋਣਾ ਚਾਹੀਦੈ : ਕਨ੍ਹੱਈਆ ਕੁਮਾਰ

0
598

ਅਦਾਰਾ ‘ਹੁਣ’ ਵਲੋਂ ਕਰਵਾਏ ‘ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ’ ਸਮਾਰੋਹ ਦੌਰਾਨ ਕੈਲੀਫੋਰਨੀਆ ਦੇ ਸੁਖਦੇਵ ਸਾਹਿਲ ਤੇ ਕਵਿਤਰੀ ਹਰਪਿੰਦਰ ਰਾਣਾ ਦਾ ਸਨਮਾਨ

kanaiya-kumar
ਸਮਾਗਮ ਨੂੰ ਸੰਬੋਧਨ ਕਰਦਾ ਹੋਇਆ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ।
ਚੰਡੀਗੜ੍ਹ/ਬਿਊਰੋ ਨਿਊਜ਼ :
ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਨੇ ਦੋਸ਼ ਲਾਇਆ ਕਿ ਭਾਜਪਾ ਦੰਗੇ ਕਰਵਾਉਣ ਵਿੱਚ ਮਾਹਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਨਾਮ ਬੀਜੇਪੀ ਦੇ ਬਜਾਏ ‘ਬੀਡੀਪੀ’ ਯਾਨੀ ਕਿ ‘ਭਾਰਤੀ ਦੰਗਾ ਪਾਰਟੀ’ ਹੋਣਾ ਚਾਹੀਦਾ ਹੈ। ਭਾਜਪਾ, ਭਾਰਤੀ ਜਨਤਾ ਪਾਰਟੀ ਨਹੀਂ ਹੈ, ਜਨਤਾ ਨਾਲ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਇੱਥੇ ਪੰਜਾਬ ਕਲਾ ਭਵਨ ਵਿੱਚ ਅਦਾਰਾ ‘ਹੁਣ’ ਵੱਲੋਂ ਕਰਵਾਏ ‘ਚੌਥੇ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਸਮਾਗਮ’ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸਮਾਗਮ ਵਿਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਸੀ। ਉਨ੍ਹਾਂ ਸਿੱਖਿਆ, ਸਾਹਿਤ, ਸਭਿਆਚਾਰ ਅਤੇ ਸੱਤਾ ਵਿਸ਼ੇ ‘ਤੇ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸਿੱਧ ਸਾਹਿਤ ਨੇ ਸੱਤਾ ਨਾਲ ਗਠਜੋੜ ਕਰ ਲਿਆ ਹੈ। ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਾਹਿਤਕਾਰਾਂ ਅਤੇ ਪੱਤਰਕਾਰਾਂ ਦੀ ਹੋਈ ਹੱਤਿਆ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਸੱਤਾ ਦੀ ਆਲੋਚਨਾ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਵਿਦਿਆਰਥੀ ਆਗੂ ਨੇ ਕਿਹਾ ਕਿ ਸਾਹਿਤ ਤੋਂ ਸੱਤਾ ਨੂੰ ਡਰ ਲੱਗਦਾ ਹੈ। ਇਸ ਲਈ ਜਦੋਂ ਸਾਹਿਤਕਾਰਾਂ ਨੇ ਐਵਾਰਡ ਵਾਪਸ ਕਰਨੇ ਸ਼ੁਰੂ ਕੀਤੇ ਸਨ ਤਾਂ 56 ਇੰਚ ਦੀ ਛਾਤੀ ਸੁੰਗੜ ਗਈ ਸੀ। ਪ੍ਰਸਿੱਧ ਹੋਣ ਵਾਲੇ ਸਾਹਿਤ ਨੇ ਸੱਤਾ ਨਾਲ ਗਠਜੋੜ ਕੀਤਾ ਹੋਇਆ ਹੈ, ਪਰ ਅਕਾਦਮਿਕ ਖੇਤਰ ਵਿਚ ਸਾਹਿਤ ਬਚਿਆ ਹੋਇਆ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਹੱਥੇ ਵਿਦਿਆਰਥੀਆਂ ਤੋਂ ਡਰ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਸੱਤਾ ਦੇ ਪੈਰਾਂ ਵਿਚ ਵਿਛ ਗਿਆ ਹੈ ਜਦਕਿ ਸਾਹਿਤ ਦਾ ਉਦੇਸ਼ ਸੱਤਾ ਦੀ ਗੋਡਣੀ ਲਵਾਉਣਾ ਹੈ। ਸਰਕਾਰ ‘ਤੇ ਅਮੀਰ ਕਾਰੋਬਾਰੀਆਂ ਦੇ ਕੰਟਰੋਲ ਬਾਰੇ ਗੱਲ ਕਰਦਿਆਂ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਨੇਤਾ ਕਾਰੋਬਾਰੀਆਂ ਦੇ ਹੱਥਾਂ ਦੀਆਂ ਕਠਪੁਤਲੀਆਂ ਹੁੰਦੇ ਹਨ।
ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਅਦਾਰਾ ‘ਹੁਣ’ ਵਲੋਂ ਪੰਜਾਬ ਕਲਾ ਭਵਨ ਵਿਖੇ ਚੌਥਾ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਸਮਾਗਮ ਕਰਵਾਇਆ ਗਿਆ। ਸੁਸ਼ੀਲ ਦੁਸਾਂਝ, ਰਵਿੰਦਰ ਸਹਿਰਾਅ, ਸੁਰਿੰਦਰ ਸੋਹਲ, ਕਿਰਤਮੀਤ ਅਤੇ ਕਮਲ ਦੁਸਾਂਝ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ ‘ਤੇ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਤੋਂ ਆਏ ਗ਼ਜ਼ਲ ਤੇ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੂੰ ਜੰਡਿਆਲਵੀ ਪਰਿਵਾਰ ਵਲੋਂ ਸਵਰਨਜੀਤ ਕੌਰ ਜੌਹਲ ਤੇ ਉਨ੍ਹਾਂ ਦੀ ਬੇਟੀ ਪ੍ਰਭਾਤ ਅਤੇ ਬੇਟਾ ਸਵੇਰ ਵਲੋਂ 21 ਹਜ਼ਾਰ, ਦੁਸ਼ਾਲਾ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਅਦਾਰੇ ਵਲੋਂ ਯੁਵਾ ਪੁਰਸਕਾਰ ਲਈ ਪੰਜਾਬੀ ਦੀ ਕਵਿੱਤਰੀ ਅਤੇ ਨਾਵਲਕਾਰ ਹਰਪਿੰਦਰ ਰਾਣਾ ਨੂੰ ਸਨਮਾਨ ਦਿੱਤਾ ਗਿਆ। ਸੁਸ਼ੀਲ ਦੁਸਾਂਝ ਵਲੋਂ ਵਿਦਵਾਨਾਂ, ਲੇਖਕਾਂ ਅਤੇ ਸ਼ਾਇਰਾਂ ਲਈ ਰਸਮੀ ਧੰਨਵਾਦੀ ਸ਼ਬਦ ਕਹਿਣ ਉਪਰੰਤ ਆਲ ਇੰਡੀਆ ਇੰਟਰ ‘ਵਰਸਿਟੀ ‘ਚ ਕੱਥਕ ਪੇਸ਼ਕਾਰੀ ਦੌਰਾਨ ਗੋਲਡ ਮੈਡਲਿਸਟ ਰਹੀ ਫ਼ਨਕਾਰਾ ਅਰਸ਼ਦੀਪ ਨੂੰ ਮੰਚ ‘ਤੇ ਦਰਸ਼ਕਾਂ ਦੇ ਰੂ ਬ ਰੂ ਕੀਤਾ। ਇਸ ਮੌਕੇ ਲੇਖਕ ਜਗਰੂਪ ਸਿੰਘ ਝੁਨੀਰ ਦਾ ਗੀਤ ਸੰਗ੍ਰਹਿ ”ਗੋਪੀਆ ਸੰਭਾਲ ਘੁੱਕਰਾ” ਅਤੇ ਮਰਹੂਮ ਸ਼ਾਇਰ ਦਲਜੀਤ ਮੋਖਾ ਦੀ ਕਿਤਾਬ ‘ਜਿਉਣਾ-ਕਾਵਿ ਤੇ ਸ਼ਖ਼ਸੀਅਤ” ਲੋਕ ਅਰਪਣ ਕੀਤੀਆਂ ਗਈਆਂ।