ਇੱਕ ਪੁਰਾਣਾ ਸਬੂਤ

0
385

‘ਸਰਕਾਰੀ ਜਥੇਦਾਰਾਂ’ ਵਲੋਂ ਸੌਦਾ ਸਾਧ ਨੂੰ ਮਾਫ਼ੀ ਦੇਣ ਸਬੰਧੀ ਉਸ ਵੇਲੇ ‘ਸਿੱਖ ਸਿਆਸਤ’ ਵਿੱਚ ਛਪੀ ਖ਼ਬਰ ਅਸੀਂ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਦੁਬਾਰਾ ਛਾਪ ਰਹੇ ਹਾਂ-ਸੰਪਾਦਕ

ਪੰਜ ਸਿੰਘ ਸਾਹਿਬਾਨ ਨੇ ਸੌਦਾ ਸਾਧ ਨੂੰ ਮਾਫ ਕਰਨ ਦਾ
ਐਲਾਨ ਕੀਤਾ; ਸਿੱਖ ਸੰਗਤ ਹੈਰਾਨ ਅਤੇ ਪਰੇਸ਼ਾਨ

jathdars-pardon-dera-sadh
ਕੈਪਸ਼ਨ: ਸਿੰਘ ਸਾਹਿਬਾਨ ਦੀ ਇਕੱਤਰਤਾ ਦੀ ਇਕ ਪੁਰਾਣੀ ਤਸਵੀਰ

ਅੰਮ੍ਰਿਤਸਰ/ ਸੱਖ ਸਿਆਸਤ ਬਿਊਰੋ:
ਪੰਜ ਸਿੰਘ ਸਾਹਿਬਾਨ ਦੀ ਅੰਮ੍ਰਿਤਸਰ ਵਿਖੇ ਹੋਈ ਇੱਕ ਇਕਤਰਤਾ ਨੇ ਵਿਚ ਡੇਰਾ ਸਿਰਸਾ ਦੇ ਵਿਵਾਦਤ ਮੁਖੀ ਗੁਰਮੀਤ ਰਾਮ ਰਹੀਮ ਨੂੰ ‘ਮਾਫ’ ਕਰਨ ਦਾ ਐਲਾਨ ਕੀਤਾ ਗਿਆ। ਸਿੰਘ ਸਾਹਿਬਾਨ ਕਿਹਾ ਕਿ ਡੇਰਾ ਮੁੱਖੀ ਵਲੋਂ ਭੇਜੀ ਗਈ ”ਖਿਮਾਂ ਯਾਚਨਾ” ਨੂੰ ਪ੍ਰਵਾਨ ਕਰ ਲਿਆ ਗਿਆ ਹੈ ਕਿਉਂਕਿ ਵਿਵਾਦ ਕਾਰਨ ਜੋ ਪਰਿਵਾਰਕ ਅਤੇ ਭਾਈਚਾਰਕ ਸਾਂਝਾਂ ਟੁੱਟੀਆਂ ਸਨ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੇ ਬੜੀ ਹਲੀਮੀ ਤੇ ਨਿਮਰਤਾ ਨਾਲ 2007 ਦੀ ਘਟਨਾ ਬਾਰੇ ਸਪਸ਼ਟੀਕਰਨ ਦਿੱਤਾ ਹੈ ਜਿਸ ਵਿਚ ਉਸ ਨੇ ਗੁਰੂ ਸਾਹਿਬਾਨ ਅਤੇ ਅੰਮ੍ਰਿਤ ਸੰਸਕਾਰ ਰਚਣ ਦੀ ਭੁੱਲ ਕੀਤੀ ਸੀ।
ਇਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਅਚਨਚੇਤ ਬੁਲਾਈ ਗਈ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ,ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ,ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਅਬਚਲਨਗਰ ਹਜ਼ੂਰ ਸਾਹਿਬ ਤੋਂ ਮੀਤ ਗ੍ਰੰਥੀ ਗਿਆਨੀ ਰਾਮ ਸਿੰਘ ਸ਼ਾਮਿਲ ਹੋਏ।
ਇਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਪ੍ਰੈਲ 2007 ਵਿਚ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਾਹੀਮ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਅਤੇ ‘ਅੰਮ੍ਰਿਤ ਸੰਸਕਾਰ’ ਦੀ ਨਕਲ ਕਰਨ ਦੀ ਕੋਝੀ ਹਰਕਤ ਕੀਤੀ ਸੀ, ਜਿਸ ਤੋਂ ਪੰਥ ਵਿਚ ਡੇਰਾ ਸਿਰਸਾ ਤੇ ਡੇਰਾ ਮੁਖੀ ਵਿਰੁਧ ਭਾਰੀ ਰੋਹ ਪਰਗਟ ਤੇ ਲਾਮਬੰਦ ਹੋਇਆ ਸੀ। ਪੰਥਕ ਵੇਗ ਦੇ ਮੱਦੇ-ਨਜ਼ਰ ਸਿੰਘ ਸਾਹਿਬਾਨ ਵਲੋਂ 17 ਅਪ੍ਰੈਲ, 2007 ਨੂੰ ਦਮਦਮਾ ਸਾਹਿਬ ਤੋਂ ਡੇਰੇ ਵਿਰੁਧ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਡੇਰਾ ਮੁਖੀ ਦੀ ਗ੍ਰਿਫਤਾਰੀ ਲਈ ਚੱਲੇ ਸੰਘਰਸ਼ ਦੌਰਾਨ ਸੈਂਕੜੇ ਸਿੱਖਾਂ ਦੀ ਗ੍ਰਿਫਤਾਰੀਆਂ ਹੋਈਆਂ ਸਨ ਤੇ ਡੇਰਾ ਪੈਰੋਕਾਰਾਂ ਨੇ ਭਾਈ ਕਮਲਜੀਤ ਸਿੰਘ ਸੁਨਾਮ ਤੇ ਭਾਈ ਹਰਮਿੰਦਰ ਸਿੰਘ ਡੱਬਵਾਲੀ ਸਮੇਤ ਤਿੰਨ ਸਿੰਘਾਂ ਨੂੰ ਕਤਲ ਕਰ ਦਿੱਤਾ ਸੀ, ਜਿਸ ਬਾਰੇ ਸਾਰੇ ਦੋਸ਼ੀ ਡੇਰਾ ਪ੍ਰੈਮੀ ਬਰੀ ਹੋ ਚੁੱਕੇ ਹਨ।
ਇਹ ਵੀ ਦੱਸਣਯੋਗ ਹੈ ਕਿ ਡੇਰਾ ਮੁਖੀ ਨੇ ਦੋ ਸਿੱਖ ਪੰਥ ਵੱਲ ਦੋ ਕਥਿਤ ਮਾਫੀਨਾਮੇ ਭੇਜੇ ਸਨ ਪਰ ਉਨ੍ਹਾਂ ਦੀ ਕਪਟਪੂਰਨ ਭਾਸ਼ਾ ਨੂੰ ਪਛਾਣਦਿਆਂ ਪੰਥ ਨੇ ਇਹ ਮਾਫੀਨਾਮੇ ਰੱਦ ਕਰ ਦਿੱਤੇ ਸਨ। ਜਾਣਕਾਰਾਂ ਦਾ ਮੰਨਣਾ ਹੈ ਕਿ ਉਸ ਸਮੇਂ ਦੋਰਾਨ ਪੰਥਕ ਵੇਗ ਲਾਮਬੰਦ ਹੋਣ ਕਾਰਨ ਜਥੇਦਾਰ ਡੋਲਵਾਂ ਫੈਸਲਾ ਨਹੀਂ ਸਨ ਲੈ ਸਕੇ ਪਰ ਹੁਣ ਪੰਥਕ ਵੇਗ ਦੇ ਮੱਠਾ ਪੈ ਜਾਣ ਕਰਕੇ ਜਥੇਦਾਰਾਂ ਨੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਉੱਪਰ ਇਹ ਫੈਸਲਾ ਲਿਆ ਹੈ।
ਸਿੱਖ ਸਿਆਸਤ ਵਲੋਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਵਲੋਂ ਭੇਜੇ ਗਏ ਨਵੇਂ ਪੱਤਰ ਨੂੰ ਵੀ ਘੋਖਿਆ ਗਿਆ ਹੈ ਤੇ ਇਹ ਕਿਸੇ ਵੀ ਤਰ੍ਹਾਂ ਪਹਿਲੇ ਕਥਿਤ ਮਾਫੀਨਾਮਿਆਂ ਤੋਂ ਵੱਖ ਨਹੀਂ ਹੈ (ਇਸ ਪੱਤਰ ਦੀ ਨਕਲ ਹੇਠਾਂ ਛਾਪੀ ਜਾ ਰਹੀ ਹੈ)। ਸੌਧਾ ਸਾਧ ਨੇ ਪੂਰੇ ਪੱਤਰ ਵਿਚ ਇਕ ਹੀ ਗੱਲ ਦਹੁਰਾਈ ਹੈ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਮਹਾਂਰਾਜ ਦਾ ਸਵਾਂਗ ਨਹੀਂ ਰਚਿਆ। ਪੂਰੇ ਪੱਤਰ ਵਿਚ ਕਿਸੇ ਵੀ ਤਰ੍ਹਾਂ ਦੀ ਮਾਫੀ ਦੀ ਕੋਈ ਗੱਲ ਨਹੀਂ ਹੈ ਤੇ ਸਿਰਫ ਪੱਤਰ ਦੇ ਅਖੀਰ ਵਿਚ ”ਖਿਮਾ ਦਾ ਜਾਚਕ” ਲਫਜ਼ਾਂ ਦੀ ਵਰਤੋਂ ਕੀਤੀ ਗਈ ਹੈ ਜਿਸ ਉੱਤੇ ਸੌਦਾ ਸਾਧ ਵਲੋਂ ਦਸਤਖਤ ਕੀਤੇ ਗਏ ਦੱਸੇ ਜਾਂਦੇ ਹਨ। ਇਹ ਪੱਤਰ ਸਾਦੇ ਕਾਗਜ਼ ਉੱਤੇ ਹੈ ਤੇ ਦਸਤਖਤਾਂ ਦੇ ਹੇਠਾਂ ਹੱਥ ਨਾਲ ਸੌਧਾ ਸਾਧ ਦਾ ਨਾਮ ਅਤੇ ਡੇਰੇ ਦਾ ਨਾਮ ਲਿਖਿਆ ਹੋਇਆ ਹੈ। ਪੱਤਰ ਉੱਤੇ ਕੋਈ ਵੀ ਮਿਤੀ ਨਹੀਂ ਹੈ।
ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਜਾਰੀ ਕੀਤੇ ਗਏ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ”ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵ-ਉੱਚਤਾ ਪ੍ਰਵਾਨਦਿਆਂ ਡੇਰਾ ਸਰਸਾ ਮੁਖੀ ਨੇ ਮੰਗੀ ਮੁਆਫੀ”। ਬਿਆਨ ਵਿਚ ਸੋਦਾ ਸਾਧ ਦੇ ਪੱਤਰ ਵਾਲੀਆਂ ਗੱਲਾਂ ਹੀ ਦਹੁਰਾਈਆਂ ਗਈ ਅਤੇ ਦਾਅਵਾ ਕੀਤਾ ਗਿਆ ਹੈ ਕਿ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਵਲੋਂ ਪੰਥਕ ਰਵਾਇਤਾਂ ਅਨੁਸਾਰ ਗੁਰਮਤਿ ਦੀ ਰੌਸ਼ਨੀ ਵਿਚ ਬੜੀ ਦੀਰਘ ਵਿਚਾਰ ਕਰਨ ਉਪਰੰਤ ਭੇਜੇ ਗਏ ਖਿਮਾਂ ਯਾਚਨਾ ਪੱਤਰ ਅਤੇ ਸਪੱਸ਼ਟੀਕਰਨ ਨੂੰ ਪਰਵਾਨ ਕਰ ਲਿਆ ਗਿਆ ਹੈ। ਇਸ ਬਿਆਨ ਦੀਆਂ ਜੋ ਨਕਲਾਂ ਪੱਤਰ-ਕਾਰਾਂ ਨੂੰ ਦਿੱਤੀਆਂ ਗਈਆਂ ਹਨ ਉਨ੍ਹਾਂ ਉੱਤੇ ਕਿਸੇ ਦੇ ਵੀ ਦਸਤਖਤ ਨਹੀਂ ਹਨ ਅਤੇ ਇਹ ਬਿਆਨ ਵੀ ਸਾਦੇ ਕਾਗਜ਼ ਉੱਤੇ ਹੀ ਛਪਿਆ ਹੋਇਆ ਹੈ। ਮੂਢਲੇ ਪ੍ਰਤੀਕਰਮ ਦੇ ਤੌਰ ਉੱਤੇ ਸਿੱਖ ਸੰਗਤਾਂ ਜਿਥੇ ਸਿੰਘ ਸਾਹਿਬਾਨ ਦੇ ਇਸ ਫੈਸਲੇ ਉੱਤੇ ਹੈਰਾਨੀ ਦਾ ਪ੍ਰਗਟਾਵਾ ਕਰ ਰਹੀਆਂ ਹਨ ਉੱਥੇ ਹੀ ਇਸ ਫੈਸਲੇ ਵਿਰੁਧ ਵੀ ਅਵਾਜ਼ਾਂ ਉੱਠ ਰਹੀਆਂ ਹਨ। ਮੁਢਲਾਂ ਪ੍ਰਤੀਕਰਮ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਨਾ ਤਾਂ ਪੰਥਕ ਰਵਾਇਤਾਂ ਅਨੁਸਾਰ ਹੈ ਤੇ ਨਾ ਹੀ ਇਹ ਪੰਥਕ ਭਾਵਨਾ ਦੇ ਅਨੁਸਾਰ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਜਥੇਦਾਰ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿਆਸੀ ਗਿਣਤੀਆਂ-ਮਿਣਤੀਆਂ ਵਿਚੋਂ ਨਿਕਲੀਆਂ ਹਦਾਇਤਾਂ ਅੱਗੇ ਗੋਡੇ ਟੇਕਦਿਆ ਇਹ ਫੈਸਲਾ ਲਿਆ ਹੈ।

 

ਪੰਜ ਸਿੰਘ ਸਾਹਿਬਾਨਾਂ ਕੋਲ ਪੇਸ਼ ਹੋ ਕੇ ਸਜਾ ਲਵਾਉਣ ਬਾਅਦ
ਅਪਣੇ ਘਰੀਂ ਬੈਠਣ ਸਰਕਾਰੀ ਜਥੇਦਾਰ : ਕੋਆਰਡੀਨੇਸ਼ਨ ਕਮੇਟੀ
ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਜਥੇਦਾਰਾਂ ਨੂੰ ਦੋਸ਼ ਕਬੂਲ ਕੇ ਸਜਾ ਲਵਾਉਣੀ ਜ਼ਰੂਰੀ : ਕੇਵਲ ਸਿੰਘ ਸਿੱਧੂ
ਨਿਊਯਾਰਕ/ਬਿਊਰੋ ਨਿਊਜ਼:
ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਹੈ ਕਿ ਡੇਰਾ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ‘ਤੇ ਕਬਜ਼ਾ ਕਰੀਂ ਬੈਠੇ ਸਰਕਾਰੀ ਜਥੇਦਾਰਾਂ ਨੇ ਮਾਫ਼ ਕਰਕੇ ਸਿੱਖ ਕੌਮ ਨੂੰ ਭੰਬਲਭੂਸੇ ਵਿਚ ਪਾਉਣ ਦੀ ਬਜਰ ਗ਼ਲਤੀ ਕੀਤੀ ਸੀ ਜਿਸ ਲਈ ਇਹ ਗੁਨਾਹਗਾਰ ਹਨ, ਇਨਾਂ ਨੂੰ ਪੰਜ ਸਿੰਘ ਸਾਹਿਬਾਨਾਂ (ਪੰਜ ਪਿਆਰੇ) ਕੋਲ ਪੇਸ਼ ਹੋਕੇ ਆਪਣੀ ਗ਼ਲਤੀ ਦੀ ਮਾਫ਼ੀ ਮੰਗਣੀ ਚਾਹੀਦੀ ਹੈ ਤੇ ਸਜਾ ਲਵਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਵਿਚ ਤਸੱਲੀ ਪੈਦਾ ਹੋ ਸਕੇ।
ਕੋਆਰਡੀਨੇਸ਼ਨ ਕਮੇਟੀ ਵੱਲੋਂ ਇਕ ਵਿਸ਼ੇਸ਼ ਹੰਗਾਮੀ ਇਕੱਤਰਤਾ ਬਾਅਦ ਜਾਰੀ ਲਿਖਤੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਜਿਹੜੇ ਜਥੇਦਾਰ ਸ੍ਰੀ ਅਕਾਲ ਤਖਤ ਉੱਤੇ ਬਿਠਾਏ ਗਏ ਹਨ ਉਹ ਅਸਲ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੱਥਾਂ ਵਿਚ ਖੇਡਦੇ ਹੋਏ ਸਿੱਖੀ ਸਿਧਾਂਤਾਂ ਤੋਂ ਕੌਮ ਨੂੰ ਭਟਕਾਉਣ ਦਾ ਕੰਮ ਹੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਹੁਸ਼ਿਆਰਪੁਰ ਦੇ ਡੇਰੇ ਦੇ ਇਕ ਮਹੰਤ ਨੂੰ ਬਲਾਤਕਾਰ ਦੇ ਦੋਸ਼ਾਂ ਵਿਚ ਮਾਮੂਲੀ ਸਜਾ ਦੇ ਕੇ ਮਾਫ਼ ਕੀਤਾ ਸੀ ਪਰ ਬਾਅਦ ਵਿਚ ਉਸ ਮਹੰਤ ਨੂੰ ਅਦਾਲਤ ਨੇ ਸਜਾ ਸੁਣਾਈ ਸੀ।
ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਕਿਹਾ ਹੈ ਕਿ ਹੁਣ 2015 ਵਿਚ ਸਰਬਤ ਖ਼ਾਲਸਾ ਵਿਚ ਥਾਪੇ ਗਏ ਜਥੇਦਾਰਾਂ ਨੂੰ ਕੌਮੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਾਏ ਲੈ ਕੇ ਕੌਮ ਨੂੰ ਸੰਦੇਸ਼ ਦੇ ਕੇ ਸੇਵਾ ਸੰਭਾਲਣ ਦੀ ਲੋੜ ਹੈ ਤਾਂ ਕਿ ਬਾਦਲ ਦਲੀਆਂ ਵੱਲੋਂ ਕੌਮ ਵਿਚ ਪੈਦਾ ਕੀਤੀਆਂ ਆਰਐਸਐਸ ਦੀਆਂ ਰਵਾਇਤਾਂ ਨੂੰ ਖ਼ਤਮ ਕੀਤਾ ਜਾ ਸਕੇ। ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ ਜਥੇਦਾਰ ਦੋਸ਼ੀ ਹਨ ਕਿਉਂਕਿ ਜਿਸ ਸੌਦਾ ਸਾਧ ਨੂੰ ਉਹ ਮਾਫ਼ ਕਰ ਰਹੇ ਸਨ, ਉਸ ਨੂੰ ਭਾਰਤੀ ਨਿਆਂ ਪ੍ਰਣਾਲੀ ਨੇ ਵੀ ਸਾਬਤ ਕਰਕੇ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਸਖ਼ਤ ਸਜਾ ਸੁਣਾਈ ਹੈ, ਅਜੇ ਤੱਕ ਸਿੱਖ ਕੌਮ ਸੌਦਾ ਸਾਧ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਾਉਣ ਦੇ ਮਾਮਲੇ ਵਿਚ ਵੀ ਨਹੀਂ ਭੁਲੀ ਨਾ ਹੀ ਉਸ ਨੂੰ ਮਾਫ਼ ਕੀਤਾ ਹੈ, ਉਸੇ ਤਰਾਂ ਸ੍ਰੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਸਿੱਖ ਕੌਮ ਨੂੰ ਭਟਕਾਉਣ ਲਈ ਜ਼ਿੰਮੇਵਾਰੀ ਕਬੂਲ ਕੇ ਸਜਾ ਲਵਾਉਣੀ ਚਾਹੀਦੀ ਹੈ।
ਹਰਜਿੰਦਰ ਸਿੰਘ ਪਾਇਨਹਿੱਲ ਤੇ ਕੇਵਲ ਸਿੰਘ ਸਿੱਧੂ ਨੇ ਕਿਹਾ ਕਿ ਸਾਰੀ ਸਿੱਖ ਕੌਮ ਹੁਣ ਇੱਕਮੁੱਠ ਹੋਕੇ ਸਰਕਾਰੀ ਜਥੇਦਾਰਾਂ ਨੂੰ ਕੌਮ ਤੇ ਮੁੱਖ ਸੇਵਾਦਾਰੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਸ. ਹਿੰਮਤ ਸਿੰਘ ਨੇ ਕਿਹਾ ਕਿ ਜੇਕਰ ਜਥੇਦਾਰ ਇਸ ਤਰ•ਾਂ ਨਹੀਂ ਕਰਦੇ ਤਾਂ ਉਹ ਇਨਾਂ ਖ਼ਿਲਾਫ਼ ਮੁਹਿੰਮ ਚਲਾਉਣਗੇ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਅਜਿਹੇ ਮੌਕਾ ਪ੍ਰਸਤ ਲੋਕਾਂ ਤੋਂ ਆਜ਼ਾਦ ਕਰਾਇਆ ਜਾ ਸਕੇ।