ਮੇਰੀਆਂ ਜੜ੍ਹਾਂ ਤੋਂ ਮੈਨੂੰ ਕੋਈ ਵੱਖ ਨਹੀਂ ਕਰ ਸਕਦਾ : ਹਰਜੀਤ ਸੱਜਣ

0
732

jaitley-singh-pti
ਓਂਟਾਰੀਓ ਮਤੇ ‘ਤੇ ਕਿਹਾ-ਇਹ ਕੈਨੇਡਾ ਸਰਕਾਰ ਦਾ ਪੱਖ ਨਹੀਂ ਉਜਾਗਰ ਕਰਦਾ
ਨਵੀਂ ਦਿੱਲੀ/ਬਿਊਰੋ ਨਿਊਜ਼ :
ਕੈਨੇਡਾ ਦੇ ਭਾਰਤ ਦੌਰੇ ‘ਤੇ ਆਏ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਕਿਹਾ, ‘ਪੰਜਾਬ ਵਿਚ ਮੇਰੀਆਂ ਜੜ੍ਹਾਂ ਹਨ, ਜਿਸ ਤੋਂ ਮੈਨੂੰ ਕੋਈ ਵੱਖ ਨਹੀਂ ਕਰ ਸਕਦਾ ਅਤੇ ਨਾ ਹੀ ਮੇਰਾ ਘਰ ਤੇ ਮੇਰੀ ਪੰਜਾਬੀ ਪਛਾਣ ਤੋਂ ਕੋਈ ਵੱਖ ਕਰ ਸਕਦਾ ਹੈ।’ ਇਹ ਬਿਆਨ ਉਨ੍ਹਾਂ ਦਿੱਲੀ ਪੁੱਜਣ ‘ਤੇ ਦਿੱਤਾ। ਉਨ੍ਹਾਂ ਦਾ ਦੌਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਕਾਰਨ ਵਧੇਰੇ ਸੁਰਖ਼ੀਆਂ ਵਿਚ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ‘ਤੇ ਖ਼ਾਲਿਸਤਾਨੀ ਸਮਰਥਕ ਹੋਣ ਸਬੰਧੀ ਲਾਏ ਦੋਸ਼ਾਂ ਕਾਰਨ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਕੈਪਟਨ ਦੇ ਬਿਆਨ ‘ਤੇ ਪ੍ਰਤੀਕਰਮ ਕਰਦਿਆਂ ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਨੇ ਨਾ ਸਿਰਫ ਪੰਜਾਬ ਦੌਰੇ ‘ਤੇ ਜਾਣ ਦੇ ਪ੍ਰੋਗਰਾਮ ਵਿਚ ਕੋਈ ਬਦਲਾਅ ਕਰਨ ਤੋਂ ਇਨਕਾਰ ਕੀਤਾ ਸਗੋਂ ਇਹ ਵੀ ਕਿਹਾ ਕਿ ਉਹ ਦੇਸ਼ ਤੋੜਨ ਵਿਚ ਨਹੀਂ ਰਿਸ਼ਤੇ ਬਣਾਉਣ ਵਿਚ ਯਕੀਨ ਰੱਖਦੇ ਹਨ। ਰੱਖਿਆ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਭਾਰਤ ਦੌਰੇ ‘ਤੇ ਆਏ ਹਰਜੀਤ ਸਿੰਘ ਸੱਜਣ, ਜੋ ਕਿ ਅੰਮ੍ਰਿਤਧਾਰੀ ਸਿੱਖ ਵੀ ਹਨ, ਨੇ ਸ੍ਰੀ ਹਰਿਮੰਦਰ ਸਾਹਿਬ ਲਈ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਹੋਣ ਦੇ ਨਾਤੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਹਨ, ਜੇਕਰ ਕਿਸੇ ਮੁੱਖ ਮੰਤਰੀ ਨੇ ਤੈਅ ਕੀਤਾ ਹੈ ਕਿ ਉਹ ਉਨ੍ਹਾਂ ਨੂੰ ਨਹੀਂ ਮਿਲਣਗੇ ਤਾਂ ਉਹ ਵੀ ਅਜਿਹਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮਾਂ ਲਈ, ਆਪਣੇ ਬੋਲੇ ਹੋਏ ਸ਼ਬਦਾਂ ਲਈ ਜ਼ਿੰਮੇਵਾਰ ਹਨ, ਕਿਸੇ ਦੀ ਟਿੱਪਣੀ ਲਈ ਉਹ ਜ਼ਿੰਮੇਵਾਰ ਨਹੀਂ ਹਨ।
ਉਂਟਾਰੀਓ ਵਿਚ ਇਕ ਸੰਸਦ ਮੈਂਬਰ ਵੱਲੋਂ ਪਾਸ ਕੀਤੇ ਗਏ ਮਤੇ ਬਾਰੇ ਸਪਸ਼ਟੀਕਰਨ ਦਿੰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਉਹ ਮਤਾ ਕੈਨੇਡਾ ਸਰਕਾਰ ਦਾ ਪੱਖ ਨਹੀਂ ਉਜਾਗਰ ਕਰਦਾ ਸਗੋਂ ਉਹ ਪ੍ਰਾਈਵੇਟ ਮੈਂਬਰ ਵਜੋਂ ਪੇਸ਼ ਕੀਤਾ ਗਿਆ ਮਤਾ ਸੀ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਮੂਹਰੀਅਤ ਵਿਚ ਸਭ ਨੂੰ ਆਪਣਾ ਮਤ ਰੱਖਣ ਦਾ ਅਧਿਕਾਰ ਹੁੰਦਾ ਹੈ। ਮੀਟਿੰਗ ਦੌਰਾਨ ਅਰੁਣ ਜੇਤਲੀ ਨੇ ਕਿਹਾ ਕਿ ਉਸ ਵੇਲੇ ਭਾਰਤ ਵਿਚ ਅਸ਼ਾਂਤੀ ਵਾਲਾ ਮਾਹੌਲ ਜ਼ਰੂਰ ਸੀ ਪਰ ਇਹ ਪੂਰਾ ਸੱਚ ਨਹੀਂ ਤੇ ਇਸ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਇਸ ‘ਤੇ ਸੱਜਣ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਦਾ ਇਹ ਪੱਖ ਨਹੀਂ ਹੈ। ਇਹ ਕੈਨੇਡਾ ਸਰਕਾਰ ਦੇ ਵਿਚਾਰ ਨਹੀਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਾਸ ਹੋਏ ਮਤੇ ਤੋਂ ਬਾਅਦ ਭਾਰਤੀ ਸੰਸਦ ਦੇ ਦੋਵਾਂ ਸਦਨਾਂ ਵਿਚ ਅਕਾਲੀ ਸੰਸਦ ਮੈਂਬਰਾਂ ਵੱਲੋਂ 1984 ਦੇ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਣ ਦੀ ਮੰਗ ਕੀਤੀ ਗਈ ਸੀ।
ਭਾਰਤ ਦੇ ਰੱਖਿਆ ਤੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਕੈਨੇਡਾ ਸਰਕਾਰ ਭਾਰਤ ਨਾਲ ਜਲ ਸੈਨਾ, ਅੱਤਵਾਦ ਵਿਰੋਧੀ ਹਥਿਆਰ ਪ੍ਰਣਾਲੀਆਂ ਦੀ ਖੋਜ ਤੇ ਵਿਕਾਸ ਵਿਚ ਮੇਲਜੋਲ ਨੂੰ ਵਧਾਉਣਾ ਚਾਹੁੰਦੀ ਹੈ। ਸ. ਸੱਜਣ ‘ਬਦਲ ਰਹੇ ਸੰਸਾਰ ਵਿਚ ਸ਼ਾਂਤੀ ਦੀ ਰੱਖਿਆ ਤੇ ਝਗੜਿਆਂ ਨੂੰ ਰੋਕਣ ਸਬੰਧੀ’ ਵਿਸ਼ੇ ‘ਤੇ ਬੋਲ ਰਹੇ ਸਨ। ਦੋਹਾਂ ਆਗੂਆਂ ਨੇ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਕੈਨੇਡਾ ਦੇ ਰੱਖਿਆ ਉਦਯੋਗ ਵਿਚ ਭਾਰਤੀ ਨਿਵੇਸ਼ ਵਧਾਉਣ ਦੇ ਟੀਚੇ ਬਾਰੇ ਚਰਚਾ ਵੀ ਉਨ੍ਹਾਂ ਦੇ ਏਜੰਡੇ ਵਿਚ ਸ਼ਾਮਲ ਸੀ। ਭਾਰਤ ਤੇ ਕੈਨੇਡਾ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ।
ਸਤਿ ਸ੍ਰੀ ਅਕਾਲ ਨਾਲ ਸ਼ੁਰੂ ਕੀਤੀ ਪ੍ਰੈੱਸ ਕਾਨਫ਼ਰੰਸ :
ਹਰਜੀਤ ਸਿੰਘ ਸੱਜਣ ਨੇ ਹੋਟਲ ਲੀਲਾ ਪੈਲੇਸ ਵਿਚ ਸੱਦੀ ਪ੍ਰੈਸ ਕਾਨਫ਼ਰੰਸ ਦੀ ਸ਼ੁਰੂਆਤ ਸਤਿ ਸ੍ਰੀ ਅਕਾਲ ਨਾਲ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਹੋਟਲ ਦੇ 2 ਸਿੱਖ ਮੁਲਾਜ਼ਮਾਂ ਵੱਲੋਂ ਹਰਜੀਤ ਸਿੰਘ ਸੱਜਣ ਨੂੰ ਵਿਸਾਖੀ ਪੁਰਬ ਦੀ ਵਧਾਈ ਦਿੱਤੀ ਤਾਂ ਉਨ੍ਹਾਂ ਵਧਾਈ ਸਵੀਕਾਰ ਕਰਦਿਆਂ ਸ਼ੁਕਰੀਆ ਅਦਾ ਕੀਤਾ। ਪ੍ਰੈਸ ਕਾਨਫ਼ਰੰਸ ਦੋਂ ਇਲਾਵਾ ਕੈਨੇਡਾ ਦੇ ਰੱਖਿਆ ਮੰਤਰੀ ਨੇ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਵੱਲੋਂ ਕਰਵਾਏ ਇਕ ਸੈਮੀਨਾਰ ਵਿਚ ਵੀ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਤਾਲਿਬਾਨ ਆਪਣੇ ਆਪ ਵਿਚ ਕੋਈ ਬਹੁਤ ਵੱਡੀ ਸੰਸਥਾ ਨਹੀਂ ਹੈ ਸਗੋਂ ਕੁਝ ਨੌਜਵਾਨਾਂ ਦਾ ਇਕੱਠ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਉੱਥੋਂ ਦੀ ਸਰਕਾਰ ਨੂੰ ਗੱਲਬਾਤ ਦਾ ਰਾਹ ਹੀ ਅਖ਼ਤਿਆਰ ਕਰਨਾ ਹੋਵੇਗਾ।
ਹਰਜੀਤ ਸਿੰਘ ਸੱਜਣ ਨੇ ਇੰਡੀਆ ਗੇਟ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਦੋ ਸਾਲ ਦੀ ਉਮਰ ਵਿਚ ਕੈਨੇਡਾ ਗਏ ਹਰਜੀਤ ਸਿੰਘ ਸੱਜਣ ਨੇ 11 ਸਾਲਾਂ ਤੱਕ ਪੁਲੀਸ ਵਿਭਾਗ ਵਿਚ ਵੀ ਕੰਮ ਕਰਨ ਦੇ ਬਾਵਜੂਦ ਆਪਣੀ ਸਿੱਖੀ ਪਛਾਣ ਨਹੀਂ ਛੱਡੀ। ਉਨ੍ਹਾਂ ਇਸ ਗੱਲ ਦਾ ਸਿਹਰਾ ਕੈਨੇਡਾ ਸਰਕਾਰ ਨੂੰ ਦਿੰਦਿਆਂ ਕਿਹਾ ਕਿ ਉਥੇ (ਕੈਨੇਡਾ ਵਿਚ) ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਿੱਖ ਹੋਣ ਕਾਰਨ ਉਨ੍ਹਾਂ ਆਪਣੇ ਲਈ ਵਿਸ਼ੇਸ਼ ਤੌਰ ‘ਤੇ ਗੈਸ ਮਾਸਕ ਤਿਆਰ ਕੀਤਾ ਜਿਸ ਨੂੰ ਉਹ ਸਿੱਖੀ ਪਹਿਰਾਵੇ ਨਾਲ ਪਹਿਨ ਸਕਦੇ ਹਨ।
ਕੇਂਦਰ ਸਰਕਾਰ ਨੇ ਦਿੱਤਾ ‘ਗਾਰਡ ਆਫ ਆਨਰ’ :
ਕੇਂਦਰ ਸਰਕਾਰ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਦਿੱਤੇ ਜਾਣ ਵਾਲੇ ਰਸਮੀ ਸਵਾਗਤ ਬਾਰੇ ਸਰਕਾਰ ਕਾਫੀ ਦੁਚਿੱਤੀ ਵਿਚ ਨਜ਼ਰ ਆਈ। ਪਹਿਲਾਂ ਰੱਖਿਆ ਮੰਤਰਾਲੇ ਨੇ ਸੱਜਣ ਨੂੰ ਦਿੱਤੇ ਜਾਣ ਵਾਲੇ ਗਾਰਡ ਆਫ ਆਨਰ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਪਰ ਸੋਮਵਾਰ ਦੇਰ ਰਾਤ ਰੱਖਿਆ ਮੰਤਰਾਲੇ ਦੇ ਬੁਲਾਰੇ ਨਿਤੀਸ਼ ਵਾਕਾਨਕਰ ਨੇ ਸਪਸ਼ਟੀਕਰਨਨ ਦਿੰਦਿਆਂ ਇਸ ਨੂੰ ਗਲਤ ਫਹਿਮੀ ਕਰਾਰ ਦਿੱਤਾ। ਦਰਅਸਲ ਗਾਰਡ ਆਫ ਆਨਰ ਦੌਰੇ ‘ਤੇ ਆਏ ਪਤਵੰਤਿਆਂ ਦਾ ਰਸਮੀ ਸਵਾਗਤ ਕਰਨ ਲਈ ਦਿੱਤਾ ਜਾਂਦਾ ਹੈ ਜਿਸ ਵਿਚ ਫ਼ੌਜ ਦੇ ਜਵਾਨਾਂ ਦਾ ਇਕ ਦਲ ਪੂਰੀ ਯੂਨੀਫਾਰਮ ਵਿਚ ਆਪਣੇ ਹਥਿਆਰਾਂ ਨੂੰ ਨੀਵੇਂ ਕਰ ਕੇ ਪਤਵੰਤੇ ਨੂੰ ਆਪਣੇ ਵੱਲੋਂ ਸਨਮਾਨ ਭੇਟ ਕਰਦਾ ਹੈ, ਜਿਸ ਨੂੰ ਉਹ ਸੈਲੂਅਟ ਦੇ ਨਾਲ ਸਵੀਕਾਰ ਕਰਦਾ ਹੈ।
ਸਿਆਸੀ ਨੁਕਤਾਚੀਨੀ ਦੀ ਦਲਦਲ ‘ਚ ਨਹੀਂ ਜਾਣਾ ਚਾਹੁੰਦੇ ਸੱਜਣ :
ਖਾਲਿਸਤਾਨੀ ਹੋਣ ਦੇ ਦੋਸ਼ਾਂ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਿਆਸੀ ਨੁਕਤਾਚੀਨੀ ਦੀ ਦਲਦਲ ਵਿਚ ਨਹੀਂ ਜਾਣਾ ਚਾਹੁੰਦੇ ਅਤੇ ਉਨ੍ਹਾਂ ਦਾ ਕੰਮ ਹੀ ਉਨ੍ਹਾਂ ਦੀ ਪਛਾਣ ਹੈ। ਸੱਜਣ ਨੇ ਕਿਹਾ ਕਿ ਜ਼ਿੰਦਗੀ ਵਿਚ ਉਨ੍ਹਾਂ ‘ਤੇ ਕਈ ਦੋਸ਼ ਲਗਦੇ ਰਹੇ ਹਨ ਪਰ ਉਨ੍ਹਾਂ ਦਾ ਮਕਸਦ ਸਬੰਧ ਬਣਾਉਣਾ ਹੈ। ਸੱਜਣ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਫਖਰ ਹੈ ਕਿ ਉਹ ਭਾਰਤ ਨਾਲ ਸਬੰਧ ਰੱਖਦੇ ਹਨ।