ਪਿੱਠ ਦਾ ਦਰਦ ਮੇਰੇ ਲਈ ਅਸਹਿ, ਮੈਨੂੰ ਮੌਤ ਦੇ ਦਿਓ : ਭਾਈ ਜਗਤਾਰ ਸਿੰਘ ਤਾਰਾ

0
686

jagtar_singh_tara
ਚੰਡੀਗੜ੍ਹ/ਬਿਊਰੋ ਨਿਊਜ਼ :
ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਸੁਪਰੀਮੋ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਮੁਲਜ਼ਮ ਭਾਈ ਜਗਤਾਰ ਸਿੰਘ ਤਾਰਾ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਸਵੈ-ਇੱਛੁਕ ਮੌਤ ਦੀ ਇਜ਼ਾਜਤ ਮੰਗੀ ਹੈ। ਭਾਈ ਤਾਰਾ ਨੇ ਅਰਜ਼ੀ ਵਿੱਚ ਕਿਹਾ ਕਿ ਉਸ ਨੂੰ ਜੇਲ੍ਹ ਵਿੱਚ ਗੁਲਾਮਾਂ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਪਿੱਠ ਦੇ ਦਰਦ ਕਾਰਨ ਉਹ ਹੋਰ ਔਖਾ ਹੈ। ਉਸ ਨੇ ਯੂਟੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਸਬੀਰ ਸਿੰਘ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਹੈ।
ਤਾਰਾ ਸਖ਼ਤ ਸਰੁੱਖਿਆ ਵਾਲੀ ਮਾਡਲ ਜੇਲ੍ਹ ਦੀ ਵੀਹ ਨੰਬਰ ਚੱਕੀ ਵਿੱਚ ਨਜ਼ਰਬੰਦ ਹੈ। ਉਸ ਵਿਰੁੱਧ ਬੇਅੰਤ ਕਤਲ ਕੇਸ ਤੋਂ ਬਿਨਾਂ ਜੇਲ੍ਹ ਬਰੇਕ ਕੇਸ ਵੀ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਉਸ ਨੇ 16 ਮਾਰਚ ਨੂੰ ਬੇਅੰਤ ਕਤਲ ਕੇਸ ਦੀ ਜੇਲ੍ਹ ਵਿੱਚ ਬੰਦ ਕਮਰਾ ਸੁਣਵਾਈ ਮੌਕੇ ਅਦਾਲਤ ਨੂੰ ਲਿਖਤੀ ਅਰਜ਼ੀ ਦਿੱਤੀ ਹੈ। ਉਸ ਨੇ ਪੱਤਰ ਵਿੱਚ ਕਿਹਾ ਕਿ ਪਿਛਲੇ ਅੱਠ ਮਹੀਨਿਆਂ ਤੋਂ ਉਸ ਨੂੰ ਪਿੱਠ ਦਰਦ ਦੀ ਤਕਲੀਫ਼ ਹੈ। ਜੇਲ੍ਹ ਦੇ ਡਾਕਟਰ ਵੱਲੋਂ ਉਸ ਨੂੰ ਦਰਦ ਰੋਕੂ ਗੋਲੀਆਂ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਜੇਲ੍ਹ ਪ੍ਰਸ਼ਾਸਨ ਨੇ ਉਸ ਦੀਆਂ ਸਬੰਧਤ ਡਾਕਟਰ ਤੋਂ ਇਲਾਜ ਕਰਵਾਉਣ ਦੀਆਂ ਅਰਜ਼ੀਆਂ ਵੱਲ ਧਿਆਨ ਨਹੀਂ ਦਿੱਤਾ। ਇਸ ਕਰਕੇ ਉਸ ਨੇ ਸਵੈ-ਇੱਛਾ ਨਾਲ ਮੌਤ ਮੰਗੀ ਹੈ। ਇਸ ਦੌਰਾਨ ਅਦਾਲਤੀ ਸੁਣਵਾਈ ਮੌਕੇ ਸੀਬੀਆਈ ਦੇ ਐਸਪੀ ਸੁਰਿੰਦਰਪਾਲ ਦੇ ਬਿਆਨ ਦਰਜ ਕੀਤੇ ਗਏ ਹਨ, ਜਦਕਿ ਕੇਸ ਨਾਲ ਸਬੰਧਤ ਹੋਰ ਤਿੰਨ ਗਵਾਹ ਭੁਗਤਾਉਣ ਤੋਂ ਰਹਿ ਗਏ। ਇਨ੍ਹਾਂ ਵਿੱਚੋਂ ਦੋ ਨੂੰ 6 ਅਪ੍ਰੈਲ ਨੂੰ ਅਗਲੀ ਪੇਸ਼ੀ ਵੇਲੇ ਤਲਬ ਕਰ ਲਿਆ ਹੈ।