ਪੰਜ ਪਿਆਰਿਆਂ ਦੀ ਇਤਿਹਾਸਕ ਮਹਾਨਤਾ ਸਥਾਪਤ

0
752

jagtar-singh-hawara

ਤਿਹਾੜ ਜੇਲ੍ਹ ਤੋਂ ਅਕਾਲ ਤਖ਼ਤ ਦੇ ਜਥੇਦਾਰ ਦਾ ਸੰਦੇਸ਼

ਕਰਮਜੀਤ ਸਿੰਘ (ਮੋਬਾਇਲ 99150-91063)

ਸਰਬੱਤ ਖ਼ਾਲਸਾ ਵਲੋਂ ਕਾਇਮ ਕੀਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਕੌਮ ਦੇ ਨਾਂ ਜਾਰੀ ਪੱਤਰ ਵਿਚ ਅਗਲੇ ਸਰਬੱਤ ਖ਼ਾਲਸਾ ਦੀ ਤਿਆਰੀ ਅਤੇ ਵਿਧੀ-ਵਿਧਾਨ ਦੀ ਜ਼ਿੰਮੇਵਾਰੀ ਪੰਜ ਪਿਆਰਿਆਂ ਅਤੇ ਸਰਬੱਤ ਖ਼ਾਲਸਾ ਵਲੋਂ ਕਾਇਮ ਕੀਤੇ ਜਥੇਦਾਰਾਂ ਨੂੰ ਸੌਂਪ ਕੇ ਜਿਥੇ ਪੰਜ ਪਿਆਰਿਆਂ ਦੀ ਇਤਿਹਾਸਕ ਮਹਾਨਤਾ ਨੂੰ ਸਥਾਪਤ ਕੀਤਾ ਗਿਆ ਹੈ ਉਥੇ ਤਿੰਨ ਜਥੇਦਾਰਾਂ ਨੂੰ ਵੀ ਭਰੋਸੇ ਵਿਚ ਲਿਆ ਗਿਆ ਹੈ। ਇਸ ਦਾ ਸਾਫ਼ ਮਤਲਬ ਇਹੋ ਹੈ ਕਿ ਇਹ ਅੱਠ ਸਿੰਘ ਸਮੁੱਚੀ ਪ੍ਰਣਾਲੀ ਦੀ ਅਗਵਾਈ ਕਰਨਗੇ।
ਦਿਲਚਸਪ ਗੱਲ ਇਹ ਹੈ ਕਿ ਜਥੇਦਾਰ ਸਾਹਿਬ ਨੇ ਜਿਸ ਐਗਜ਼ੈਕਟਿਵ ਕਮੇਟੀ ਕਾਇਮ ਕਰਨ ਦਾ ਐਲਾਨ ਕੀਤਾ ਹੈ ਉਸ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਇਹ ਕਮੇਟੀ ‘ਜਥੇਦਾਰ ਸਾਹਿਬਾਨ ਨੂੰ ਭਰੋਸੇ ਵਿਚ ਲੈ ਕੇ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਕੰਮ ਕਰੇਗੀ।’ ਇਸ ਐਲਾਨ ਦੇ ਦੋ ਅਰਥ ਵੀ ਨਿਕਲਦੇ ਹਨ। ਇਕ ਅਰਥ ਇਹ ਹੈ ਕਿ ਐਗਜ਼ੈਕਟਿਵ ਕਮੇਟੀ ਤਿੰਨ ਜਥੇਦਾਰ ਸਾਹਿਬਾਨ ਨੂੰ ਕੇਵਲ ‘ਭਰੋਸੇ’ ਵਿਚ ਹੀ ਲਵੇਗੀ ਅਤੇ ਸਾਰੇ ਅਧਿਕਾਰ ਪੰਜ ਪਿਆਰਿਆਂ ਨੂੰ ਹੀ ਹੋਣਗੇ। ਪਰ ਇਕ ਅਰਥ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਐਗਜ਼ੈਕਟਿਵ ਕਮੇਟੀ ਅੱਠ ਸਿੰਘਾਂ ਦੀ ਅਗਵਾਈ ਹੇਠ ਹੀ ਚੱਲੇਗੀ। ਪਰ ਐਲਾਨ ਵਿਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਜਥੇਦਾਰ ਸਾਹਿਬ ਦਾ ਅੱਠ ਸਿੰਘਾਂ ਦੀ ਅਗਵਾਈ ਹੇਠਲੀ ਕਮੇਟੀ ਵਿਚ ਕੀ ਰੁਤਬਾ ਹੋਵੇਗਾ? ਕੀ ਅੱਠ ਮੈਂਬਰੀ ਕਮੇਟੀ ਆਪਣੀ ਅੰਤਿਮ ਰਿਪੋਰਟ ਜਥੇਦਾਰ ਸਾਹਿਬ ਨੂੰ ਪੇਸ਼ ਕਰੇਗੀ ਅਤੇ ਜਥੇਦਾਰ ਸਾਹਿਬ ਇਸ ਰਿਪੋਰਟ ਦਾ ਐਲਾਨ ਕਰਨਗੇ? ਕੀ ਜਥੇਦਾਰ ਸਾਹਿਬ ਨੂੰ ਇਸ ਰਿਪੋਰਟ ਵਿਚ ਲੋੜ ਅਨੁਸਾਰ ਅਦਲਾ-ਬਦਲੀ ਕਰਨ ਦਾ ਅਧਿਕਾਰ ਹੋਵੇਗਾ? ਇਸ ਬਾਰੇ ਸਪੱਸ਼ਟ ਨਹੀਂ ਕੀਤਾ ਗਿਆ ਅਤੇ ਹੋ ਸਕਦਾ ਹੈ ਕਿ ਇਸ ਬਾਰੇ ਜਥੇਦਾਰ ਸਾਹਿਬ ਆਪਣਾ ਸਪੱਸ਼ਟੀਕਰਨ ਦੇਣ। ਚਾਰ ਸਫ਼ਿਆਂ ਦੀ ਇਹ ਚਿੱਠੀ ਜਥੇਦਾਰ ਸਾਹਿਬ ਨੇ ਆਪਣੇ ਹੱਥਾਂ ਨਾਲ ਲਿਖ ਕੇ ਹੇਠਾਂ ਬਕਾਇਦਾ ਆਪਣੇ ਦਸਤਖ਼ਤ ਵੀ ਕੀਤੇ ਹਨ।
ਚਿੱਠੀ ਵਿਚ ਅਕਾਲੀ ਦਲ ਅੰਮ੍ਰਿਤਸਰ ਅਤੇ ਇਸ ਦੇ ਉੱਘੇ ਲੀਡਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਨ੍ਹਾਂ ਆਗੂਆਂ ਦੀ ਪਹਿਲਕਦਮੀ ਸਦਕਾ ਹੀ ਉਹ ਇਤਿਹਾਸਕ ਫ਼ੈਸਲਾ ਕਰਨ ਵਿਚ ਕਾਮਯਾਬ ਹੋਏ। ਇਨ੍ਹਾਂ ਆਗੂਆਂ ਵਿਚ ਸ. ਸਿਮਰਨਜੀਤ ਸਿੰਘ ਮਾਨ, ਭਾਈ ਜਸਕਰਨ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਭਾਈ ਮੋਹਕਮ ਸਿੰਘ ਦੇ ਨਾਮ ਸ਼ਾਮਲ ਹਨ। ਚਿੱਠੀ ਵਿਚ ਯੂਨਾਇਟਡ ਅਕਾਲੀ ਦਲ ਦੇ ਰੋਲ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਇਸ ਚਿੱਠੀ ਦਾ ਇੱਕ ਅਹਿਮ ਨੁਕਤਾ ਵੀ ਨੋਟ ਕਰਨ ਵਾਲਾ ਹੈ, ਜਿਸ ਵਿਚ ਪੰਜ ਪਿਆਰਿਆਂ ਨੂੰ ਬਰੈਕਟ ਵਿਚ ‘ਪੰਜ ਸਿੰਘ’ ਕਹਿ ਕੇ ਵੀ ਸੰਬੋਧਨ ਕੀਤਾ ਗਿਆ ਹੈ। ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਪੰਜ ਪਿਆਰਿਆਂ ਨੇ ਹਾਲ ਵਿਚ ਹੀ ਇਹ ਕਿਹਾ ਸੀ ਕਿ ਉਨ੍ਹਾਂ ਦਾ ਰੋਲ ਅੰਮ੍ਰਿਤ ਛਕਾਉਣ ਤੱਕ ਸੀਮਤ ਹੈ ਪਰ ਇਤਿਹਾਸ ਦੇ ਇਕ ਨਾਜ਼ੁਕ ਮੋੜ ‘ਤੇ ਉਨ੍ਹਾਂ ਨੇ ਇਕ ਅਹਿਮ ਫ਼ੈਸਲਾ ਲਿਆ ਸੀ ਅਤੇ ਉਸ ਪਿਛੋਂ ਹੁਣ ਉਹ ‘ਪੰਜ ਸਿੰਘ’ ਤਾਂ ਆਖੇ ਜਾ ਸਕਦੇ ਹਨ ਪਰ ਪੰਜ ਪਿਆਰੇ ਨਹੀਂ। ਪਰ ਮੀਡੀਆ ਲਗਾਤਾਰ ਉਨ੍ਹਾਂ ਨੂੰ ਪੰਜ ਪਿਆਰੇ ਹੀ ਕਹਿ ਰਿਹਾ ਹੈ ਜੋ ਕਿ ਸਿੱਖੀ ਸਿਧਾਂਤਾਂ ਦੇ ਅਨੁਸਾਰ ਠੀਕ ਨਹੀਂ। ਪਰ ਦੂਜੇ ਪਾਸੇ ਸਿੱਖ ਮਸਲਿਆਂ ਦੇ ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਪੰਜ ਪਿਆਰੇ ਇਕ ਇਤਿਹਾਸਕ ਸੰਸਥਾ ਵਜੋਂ ਸਥਾਪਤ ਹੋ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਪੰਜ ਪਿਆਰੇ ਆਖੇ ਜਾਣ ਵਿਚ ਸਿਧਾਂਤਾਂ ਦੀ ਉਲੰਘਣਾ ਨਹੀਂ ਹੈ। ਲੇਕਿਨ ਕੁਝ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਅਸਲੋਂ ਹੀ ਇਕ ਨਵੀਂ ਪ੍ਰੰਪਰਾ ਸ਼ੁਰੂ ਹੋਈ ਹੈ ਜਿਸ ਦਾ ਉਸ ਸਮੇਂ ਸਮੁੱਚੇ ਪੰਥ ਨੇ ਸਵਾਗਤ ਕੀਤਾ ਸੀ। ਉਸ ਤੋਂ ਪਿਛੋਂ ਵੀ ਪੰਜ ਪਿਆਰਿਆਂ ਨੇ ਜਿਵੇਂ ਪੂਰੀ ਜ਼ਿੰਮੇਵਾਰੀ ਨਾਲ ਸਿੱਖ ਪੰਥ ਦੇ ਮਾਮਲਿਆਂ ਬਾਰੇ ਸੰਤੁਲਤ ਬਿਆਨ ਜਾਰੀ ਕੀਤੇ, ਉਸ ਤੋਂ ਪਿਛੋਂ ਇਸ ਅਹਿਮ ਸਵਾਲ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੁਣ ਪੰਜ ਪਿਆਰੇ ਕਿਹਾ ਜਾਵੇ ਜਾਂ ਪੰਜ ਸਿੰਘ ਹੀ ਕਿਹਾ ਜਾਵੇ।
ਏ-6 ਪੇਪਰ ਉਤੇ ਚਾਰ ਸਫ਼ਿਆਂ ਦੀ ਇਹ ਚਿੱਠੀ ਜਿਥੇ ਸਿੱਖੀ ਜਜ਼ਬਿਆਂ ਅਤੇ ਸਿਧਾਂਤਾਂ ਦੀ ਇਕ ਖ਼ੂਬਸੂਰਤ ਅਤੇ ਸ਼ਾਇਰਾਨਾ ਦਸਤਾਵੇਜ਼ ਹੈ, ਉਥੇ ਇਹ ਚਿੱਠੀ ਇਹ ਸੰਦੇਸ਼ ਵੀ ਦਿੰਦੀ ਹੈ ਕਿ ਇਤਿਹਾਸ ਦੇ ਨਾਜ਼ੁਕ ਦੌਰ ਵਿਚ ਸਿੱਖ ਕੌਮ ਨੂੰ ਕਿਹੋ ਜਿਹੇ ਦ੍ਰਿੜ ਇਰਾਦੇ ਵਾਲਾ ਜਥੇਦਾਰ ਚਾਹੀਦਾ ਹੈ। ਭਾਵੇਂ ਭਾਈ ਜਗਤਾਰ ਸਿੰਘ ਹਵਾਰਾ ਜੁਝਾਰੂ ਲਹਿਰ ਦੇ ਇਤਿਹਾਸਕ ਆਗੂ ਵਜੋਂ ਪਹਿਲਾਂ ਹੀ ਕੌਮ ਵਿਚ ਸਥਾਪਤ ਹੋ ਚੁੱਕੇ ਹਨ ਪਰ ਚਿੱਠੀ ਵਿਚ ਉਹ ਉੱਚੀ ਪੱਧਰ ਦੇ ਸੁਘੜ-ਸਿਆਣੇ ਰਾਜਨੀਤਿਕ ਅਤੇ ਨੀਤੀਵਾਨ ਆਗੂ ਵੀ ਜਾਪਦੇ ਹਨ ਜੋ ਇਕ ਪਾਸੇ ਨਿਮਰ ਵੀ ਹਨ ਪਰ ਨਾਲ ਹੀ ਦ੍ਰਿੜ ਇਰਾਦੇ ਦੇ ਮਾਲਕ ਵੀ ਹਨ। ਚਿੱਠੀ ਵਿਚ ਉਹ ਸਰਬ-ਸਾਂਝੇ ਆਗੂ ਦੀ ਹੈਸੀਅਤ ਵਿਚ ਹੀ ਪੇਸ਼ ਹੋਏ ਹਨ ਨਾ ਕਿ ਕਿਸੇ ਵਿਸ਼ੇਸ਼ ਧਿਰ ਦੇ ਨੁਮਾਇੰਦੇ ਬਣੇ ਹਨ।
ਚਿੱਠੀ ਵਿਚ ਇਕ ਹੋਰ ਅਹਿਮ ਨੁਕਤਾ ਵੀ ਡੂੰਘੇ ਧਿਆਨ ਦੀ ਮੰਗ ਕਰਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਨੇ ਸਰਬੱਤ ਖ਼ਾਲਸਾ ਦੇ ਵਿਧੀ-ਵਿਧਾਨ ਸਬੰਧੀ ਇਹ ਸਪੱਸ਼ਟ ਕਿਹਾ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿਚ ਅੱਜ ਦੀਆਂ ਹਾਲਤਾਂ ਨੂੰ ਧਿਆਨ ਵਿਚ ਰੱਖਦਿਆਂ ਪੇਸ਼ ਹੋਣਾ ਚਾਹੀਦਾ ਹੈ। ਇਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਸਭਿਆਤਾਵਾਂ ਦੇ ਲਹਿੰਦੇ-ਚੜ੍ਹਦੇ ਸੂਰਜਾਂ ਦਾ ਇਤਿਹਾਸ ਲਿਖਣ ਵਾਲੇ ਮਹਾਨ ਇਤਿਹਾਸਕਾਰ ਆਰਨਲਡ ਟਾਇਨਬੀ ਨੇ ਵੀ ਕਿਹਾ ਸੀ ਕਿ ਜਦੋਂ ਦੁਨੀਆਂ ਵਿਚ ਧਰਮ ਆਪਸ ਵਿਚ ਲੜਨਗੇ ਤਾਂ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੁਨੀਆਂ ਨੂੰ ਕੋਈ ‘ਵਿਸ਼ੇਸ਼ ਗੱਲ’ ਦੱਸਣਗੇ। ਇਸ ਲਈ ਚਿੱਠੀ ਜਿਥੇ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਦਾ ਜ਼ਿਕਰ ਕਰਦੀ ਹੈ ਉਥੇ ਉਸੇ ਰੌਸ਼ਨੀ ਵਿਚ ਅੱਜ ਦੀਆਂ ਹਾਲਤਾਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਦਾ ਵੀ ਜ਼ਿਕਰ ਕਰਦੀ ਹੈ।
ਜਾਣਕਾਰ ਸੂਤਰ ਚਿੱਠੀ ਦਾ ਗੰਭੀਰ ਵਿਸ਼ਲੇਸ਼ਣ ਕਰਦਿਆਂ ਇਹ ਵੀ ਕਹਿੰਦੇ ਹਨ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਸਰਬੱਤ ਖ਼ਾਲਸਾ ਦੀ ਜ਼ਿੰਮੇਵਾਰੀ ਤਿੰਨ ਸਿੰਘ ਸਾਹਿਬਾਨ ਤੋਂ ਇਲਾਵਾ ਪੰਜ ਪਿਆਰਿਆਂ ਨੂੰ ਸ਼ਾਮਲ ਕਰਕੇ ਅਗਵਾਈ ਦਾ ਘੇਰਾ ਵਿਸ਼ਾਲ ਕਰ ਦਿੱਤਾ ਹੈ ਤਾਂ ਜੋ ਸਮੁੱਚੇ ਪੰਥ ਨੂੰ ਸਰਬੱਤ ਖ਼ਾਲਸਾ ਵਿਚ ਸ਼ਾਮਲ ਕਰਨ ਲਈ ਆਵਾਜ਼ ਦਿੱਤੀ ਜਾਵੇ। ਇਨ੍ਹਾਂ ਸੂਤਰਾਂ ਅਨੁਸਾਰ ਸਰਬੱਤ ਖ਼ਾਲਸਾ ਵਿਚ ਹੁਣ ਉਹ ਸਾਰੀਆਂ ਜਥੇਬੰਦੀਆਂ, ਸੰਤ ਸੰਪਰਦਾਵਾਂ ਅਤੇ ਉੱਘੀਆਂ ਹਸਤੀਆਂ ਸ਼ਾਮਲ ਹੋਣਗੀਆਂ ਜੋ ਕਿਸੇ ਕਾਰਨ ਪਿਛਲੇ ਸਾਲ ਚੱਬਾ ਵਿਚ ਹੋਏ ਸਰਬੱਤ ਖ਼ਾਲਸੇ ਦੇ ਸਮਾਗਮ ਵਿਚ ਸ਼ਾਮਲ ਨਹੀਂ ਸਨ ਹੋ ਸਕੀਆਂ। ਇਹ ਚਿੱਠੀ ਸਾਰੇ ਪੰਥ ਨੂੰ ਇੱਕ ਮੰਚ ਉੱਤੇ ਲਿਆਉਣ ਲਈ ਦਰਦ ਭਰੀ ਆਵਾਜ਼ ਹੈ ਅਤੇ ਬਿਖੜੇ ਪੰਥ ਨੂੰ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਸੂਤਰਾਂ ਅਨੁਸਾਰ ਚਿੱਠੀ ਵਿਚ ਸਿਧਾਂਤਾਂ ਦੀ ਗਰਜ ਹੈ, ਦ੍ਰਿੜ ਇਰਾਦੇ ਨਾਲ ਭਰੇ ਜਜ਼ਬਾਤ ਵੀ ਹਨ ਅਤੇ ਪੰਥ ਲਈ ਕੁਝ ਕਰ ਗੁਜ਼ਰਨ ਦਾ ਇਕ ਇਤਿਹਾਸਕ ਸੁਨੇਹਾ ਵੀ ਹੈ।