ਕੈਪਟਨ ਦੀ ਕਿਸਾਨ ਯਾਤਰਾ

0
585

bus
ਪੰਜਾਬ ਚੋਣਾਂ ਦੌਰਾਨ ਇਸ ਵਾਰ ਹੋਵੇਗੀ ਹਿੰਸਾ : ਅਮਰਿੰਦਰ ਸਿੰਘ

ਜ਼ੀ-ਪਲੱਸ ਸੁਰੱਖਿਆ ਵਾਲੀ ਖ਼ਾਸ ਤੌਰ ‘ਤੇ ਤਿਆਰ ਕੀਤੀ ਗਈ 7 ਸੀਟਾਂ ਵਾਲੀ ‘ਕਿਸਾਨ ਬੱਸ, ਹਾਈਡਰੋਲਿਕ ਪਲੇਟਫਾਰਮ ਜਿਸ ‘ਤੇ ਖੜ੍ਹੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਸੰਬੋਧਨ ਕਰਦੇ ਹਨ। ਇਹ ਬੱਸ ਕਿਸਾਨੀ ਮਸਲਿਆਂ ਨੂੰ ਲੈ ਕੇ ਚੰਡੀਗੜ੍ਹ ਤੋਂ ਪੰਜਾਬ ਦੌਰੇ ‘ਤੇ ਰਵਾਨਾ ਹੋਈ ਹੈ। ਇਸ ਬੱਸ ਨੂੰ ਖ਼ੁਦਕੁਸ਼ੀ ਕਰ ਗਏ 9 ਕਿਸਾਨਾਂ ਦੀਆਂ ਵਿਧਵਾਵਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਹ ਠੀਕ ਉਸੇ ਤਰਜ਼ ‘ਤੇ ਕੀਤੀ ਜਾ ਰਹੀ ਹੈ, ਜਿਸ ਤਹਿਤ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਉਤਰ ਪ੍ਰਦੇਸ਼ ਵਿਚ ਕਿਸਾਨ ਯਾਤਰਾ ਕੀਤੀ ਸੀ। ਕੈਪਟਨ ਮੰਡੀਆਂ ਦਾ ਦੌਰਾ ਕਰ ਰਹੇ ਹਨ ਤੇ ਬਿਨਾਂ ਸ਼ਰਤ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਤੇ ਲੋੜਵੰਦ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰ ਰਹੇ ਹਨ। ‘ਹਿੰਦੁਸਤਨ ਟਾਈਮਜ਼’ ਦੀ ਸੀਨੀਅਰ ਰਿਪੋਰਟਰ ਸੁਖਦੀਪ ਕੌਰ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਰਕਰਾਂ ਦਾ ਹੌਸਲਾ ਬੁਲੰਦ ਹੈ ਤੇ ਉਨ੍ਹਾਂ ਨੂੰ ਕੋਈ ਮਾਤ ਨਹੀਂ ਦੇ ਸਕਦਾ।

ਸਵਾਲ- ਤੁਸੀਂ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਆਪਣਾ ਰੋਡ ਸ਼ੋਅ ਸ਼ੁਰੂ ਕਰ ਦਿੱਤਾ ਹੈ। ਕੀ ਇਹ ਬਹੁਤ ਜਲਦੀ ਨਹੀਂ?
ਕੈਪਟਨ- ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਕਿਹਾ ਗਿਆ ਕਿ ਇਹ ਸਿਰਫ਼ ਹੈਲੀਕਾਪਟਰ ਦੀ ਹੀ ਵਰਤੋਂ ਕਰਦਾ ਹੈ। ਇਸ ਦਾ ਕਾਰਨ ਇਹੀ ਸੀ ਕਿ ਮੈਂ ਸਮੇਂ ਦੀ ਬੱਚਤ ਕਰਨ ਲਈ ਹਵਾਈ ਸਫ਼ਰ ਕਰਦਾ ਸੀ। ਹੁਣ ਮੈਂ ਸੜਕ ਰਾਹੀਂ ਪੂਰੇ ਪੰਜਾਬ ਦਾ ਦੌਰਾ ਕਰ ਰਿਹਾ ਹਾਂ। ਚੋਣ ਮੁਹਿੰਮ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਸੀਂ ਜਨਵਰੀ ਵਿਚ ਸਹੀ ਸਮੇਂ ‘ਤੇ ਠੀਕ ਸਿਖ਼ਰ ‘ਤੇ ਪਹੁੰਚ ਜਾਵਾਂਗੇ। ਇਹ ਰੋਡ ਸ਼ੋਅ ਕਿਸਾਨਾਂ ਲਈ ਸਾਡੇ ਪ੍ਰੋਗਰਾਮ ‘ਕਰਜ਼ਾ-ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਦਾ ਹਿੱਸਾ ਹੈ। ਸਰਹੱਦੀ ਖੇਤਰਾਂ ਦੇ ਦੌਰੇ ਦੌਰਾਨ ਮੈਂ ਦੇਖਿਆ ਕਿ ਫਸਲਾਂ ਦਾ ਵਾਜਬ ਮੁੱਲ ਨਹੀਂ ਦਿੱਤਾ ਜਾ ਰਿਹਾ। ਇਸ ਸਰਕਾਰ ਦੀ ਹਕੂਮਤ ਦੌਰਾਨ ਕਿਸਾਨ ਹਰ ਫ਼ਸਲ ਦੀ ਵੇਚ ਵੇਲੇ ਮੰਡੀਆਂ ਵਿਚ ਰੁਲਦੇ ਰਹੇ ਹਨ। ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਅਜਿਹਾ ਕਦੇ ਨਹੀਂ ਹੋਇਆ।

ਸਵਾਲ-ਜਨਆਧਾਰ ਮਾਮਲੇ ਵਿਚ ਤੁਸੀਂ ਬਾਦਲਾਂ ਅਤੇ ਆਮ ਆਦਮੀ ਪਾਰਟੀ ਦਾ ਪੂਰਾ ਮੁਕਾਬਲਾ ਕਰ ਰਹੇ ਹੋ। ਸੂਬੇ ਦੀ ਵਿੱਤੀ ਹਾਲਤ ਅਤੇ ਅਦਾਲਤੀ ਫ਼ੈਸਲਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ?
ਕੈਪਟਨ : ਅਸੀਂ ਹਰ ਵਾਅਦੇ ਦੇ ਖ਼ਰਚ ਦਾ ਪੂਰਾ ਅੰਦਾਜ਼ਾ ਲਾ ਰਹੇ ਹਾਂ। ਇਹ ਸਭ ਕੁਝ ਚੋਣ ਮੈਨੀਫੈਸਟੋ ਵਿਚ ਸ਼ਾਮਲ ਹੋਵੇਗਾ। ਪੰਜਾਬ ਦੇ ਕਿਸਾਨਾਂ ਸਿਰ 37000 ਕਰੋੜ ਦਾ ਕਰਜ਼ਾ ਹੈ, ਜਿਸ ਨੂੰ ਅਸੀਂ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ। ਜੇਕਰ ਕਿਸਾਨ ਮਰ ਰਿਹਾ ਹੈ, ਤਾਂ ਉਹ ਮਜ਼ਦੂਰਾਂ ਨੂੰ ਕਿੱਥੋਂ ਦਏਗਾ? ਇਹ ਕੌੜੀ ਸਚਾਈ ਹੈ। ਜਿਥੋਂ ਤਕ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦਾ ਵਾਅਦਾ ਹੈ, ਪੰਜਾਬ ਦੇ 55 ਲੱਖ ਪਰਿਵਾਰਾਂ ਨੂੰ ਨੌਕਰੀਆਂ ਦੀ ਲੋੜ ਨਹੀਂ। ਅਸੀਂ ਤਰਜੀਹ ਦੇ ਆਧਾਰ ‘ਤੇ ਨੌਕਰੀਆਂ ਯਕੀਨੀ ਬਣਾਵਾਂਗੇ। ਅਤੇ ਮੈਂ ਆਮ ਵਰਗ ਦੇ ਅੰਦਰ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਕੋਟੇ ਦੀ ਗੱਲ ਕਰਦਾ ਹਾਂ। ਅਦਾਲਤਾਂ ਸਾਨੂੰ ਕੋਟਾ ਪੈਦਾ ਕਰਨ ਤੋਂ ਨਹੀਂ ਰੋਕ ਸਕਦੀਆਂ।

ਸਵਾਲ-‘ਆਪ’ ਨੂੰ ਮਾਤ ਦੇਣ ਲਈ ਵਧੇਰੇ ਆਕਰਮਕ ਹੋਣ ਦੀ ਕੋਸ਼ਿਸ਼ ਵਿਚ ਕੀ ਤੁਸੀਂ ਆਪਣੀ ‘ਖੁੰਡਾ’ ਸਿਆਸਤ ਵੱਲ ਪਰਤ ਰਹੇ ਹੋ?
ਕੈਪਟਨ-ਤੁਸੀਂ ਦੇਖੋ ਅੱਜ ਪੰਜਾਬ ਵਿਚ ਕੀ ਹੋ ਰਿਹਾ ਹੈ। ਨੌਜਵਾਨਾਂ ਕੋਲ ਰੁਜ਼ਗਾਰ ਨਹੀਂ, ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਹਰ ਵਪਾਰ ਵਿਚ ਮਾਫ਼ੀਆ ਦੀ ਹਕੂਮਤ ਚੱਲ ਰਹੀ ਹੈ। ਜਦੋਂ ਮੈਂ ਸੂਬੇ ਵਿਚ ਇਸ ਵਰਤਾਰੇ ਤੋਂ ਦੁਖੀ ਹਾਂ ਤਾਂ ਕੀ ਮੈਨੂੰ ਆਕਰਮਕ ਨਹੀਂ ਹੋਣਾ ਚਾਹੀਦਾ? ਮੈਂ ‘ਆਪ’ ਪ੍ਰਤੀ ਵੀ ਆਕਰਮਕ ਹਾਂ ਕਿਉਂਕਿ ਉਹ ਔਰਤਾਂ ਦਾ ਸੋਸ਼ਣ ਕਰ ਰਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਮੂਰਖ਼ ਬਣਾ ਰਹੀ ਹੈ। ਮੈਂ ਇਸ ਵਾਰ ਕੋਈ ਖੁੰਡਾ ਨਹੀਂ ਚੁੱਕਿਆ ਪਰ ਮੈਂ ਕਹਿ ਉਹੀ ਕੁਝ ਰਿਹਾ ਹਾਂ।

ਸਵਾਲ-ਇਥੇ ਇਕ ਧਾਰਨਾ ਬਣਦੀ ਜਾ ਰਹੀ ਹੈ ਕਿ ‘ਆਪ’ ਨਾਲੋਂ ਕਾਂਗਰਸ ਦੀ ਜਿੱਤ ਅਕਾਲੀ-ਭਾਜਪਾ ਨੂੰ ਜ਼ਿਆਦਾ ਮਾਫ਼ਕ ਬੈਠਦੀ ਹੈ। ਤੁਸੀਂ ਇਸ ਪ੍ਰਚਾਰ ਕਿ ਤੁਸੀਂ ਤੇ ਬਾਦਲ ਇਕੱਠੇ ਹੋ, ਨਾਲ ਕਿਵੇਂ ਨਜਿੱਠੋਗੇ?
ਕੈਪਟਨ- ਮੈਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਹਾਂ। ਤੁਸੀਂ ਗੌਰ ਨਾਲ ਦੇਖੋ ਕਿ ਮੈਂ ਉਨ੍ਹਾਂ ਨਾਲ ਕਿਵੇਂ ਵਿਹਾਰ ਕਰ ਰਿਹਾ ਹਾਂ ਤੇ ਉਹ ਮੇਰੇ ਨਾਲ ਕਿਵੇਂ ਦਾ ਵਤੀਰਾ ਰੱਖਦੇ ਹਨ। ਸਿਰਫ਼ ਇਸ ਲਈ ਕਿ ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਕੇਸ ਵਿਚ ਮੇਰੀ ਕੇਸ ਫਾਈਲ ਬੰਦ ਕਰ ਦਿੱਤੀ ਤਾਂ ਅਸੀਂ ਇਕ ਹੋ ਗਏ? ਲੁਧਿਆਣਾ ਸਿਟੀ ਸੈਂਟਰ ਕੇਸ ਵਿਚ ਸਾਬਕਾ ਪੁਲੀਸ ਮੁਖੀ ਸੁਮੇਧ ਸਿੰਘ ਸੈਣੀ ਇਕੋ ਇਕ ਅਜਿਹਾ ਵਿਅਕਤੀ ਸੀ ਜਿਸ ਨੇ ਮੇਰੇ ‘ਤੇ ਦੋਸ਼ ਲਾਏ ਕਿਉਂਕਿ ਮੈਂ ਕਦੇ ਵੀ ਉਸ ਨੂੰ ਨੰਬਰ ਇਕ ਦਾ ਅਧਿਕਾਰੀ ਨਹੀਂ ਬਣਾਇਆ। ਮੈਂ ਜਾਂਚ ਮਗਰੋਂ ਬਾਦਲਾਂ ਨੂੰ ਜੇਲ੍ਹ ਵਿਚ ਸੁੱਟਿਆ ਸੀ। ਮੈਂ ਵਿਚ ਕੀ ਕਰ ਸਕਦਾ ਹਾਂ ਜੇ ਸਾਰੇ ਗਵਾਹ ਮੁੱਕਰ ਗਏ। ਮੈਂ ਫੇਰ ਬਾਦਲਾਂ ਨੂੰ ਜੇਲ੍ਹ ਵਿਚ ਸੁੱਟਾਂਗਾ, ਕਿਉਂਕਿ ਸੂਬੇ ਵਿਚ ਹਰ ਤਰ੍ਹਾਂ ਦੇ ਮਾਫ਼ੀਏ ਨੂੰ ਉਨ੍ਹਾਂ ਦੀ ਸ਼ਹਿ ਮਿਲੀ ਹੋਈ ਹੈ।

ਸਵਾਲ-ਤੁਹਾਨੂੰ ਕੀ ਲਗਦਾ ਹੈ ਕਿ ਇਸ ਵਾਰ ਚੋਣਾਂ ਦੌਰਾਨ ਹਿੰਸਾ ਹੋਵੇਗੀ?
ਕੈਪਟਨ- ਪੰਜਾਬ ਦੀਆਂ ਚੋਣਾਂ ਵਿਚ ਇਸ ਵਾਰ ਹਿੰਸਾ ਹੋਵੇਗੀ। ਜਦੋਂ ਵੀ ਅਕਾਲੀਆਂ ਦਾ ਸਮਾਂ ਪਤਨ ਵੱਲ ਜਾਂਦਾ ਹੈ, ਤਾਂ ਉਹ ਸੰਕਟ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਉਹ ਲੋਕਾਂ ਨੂੰ ਡਰਾ-ਧਮਕਾ ਰਹੇ ਹਨ ਤੇ ਧਰੁਵੀਕਰਨ ਦੀ ਸਿਆਸਤ ਕਰ ਰਹੇ ਹਨ। ਇਸੇ ਕਰਕੇ ਉਨ੍ਹਾਂ ਦੇ 52 ਗੈਂਗ ਹਨ। ਉਨ੍ਹਾਂ ਦੇ ਆਪਣੇ ਡੀ.ਜੀ.ਪੀ. ਸੁਰੇਸ਼ ਅਰੋੜ ਦਾ ਕਹਿਣਾ ਹੈ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਗੈਂਗ ਹਨ। ਉਨ੍ਹਾਂ ਨੂੰ ਜੇਲ੍ਹ ਵਿਚ ਕਿਉਂ ਨਹੀਂ ਸੁੱਟਿਆ ਜਾਂਦਾ? ਅਸੀਂ ਚੋਣ ਕਮਿਸ਼ਨ ਤੋਂ ਚਾਹੁੰਦੇ ਹਾਂ ਕਿ ਸੂਬੇ ਵਿਚ ਵਧੇਰੇ ਕੇਂਦਰੀ ਬਲ ਤਾਇਨਾਤ ਕੀਤੇ ਜਾਣ। ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਸੋਈ) ਅਤੇ ਯੂਥ ਅਕਾਲੀ ਦਲ ਦੇ ਕਾਰਕੁਨਾਂ ਨੂੰ ਪੋਲਿੰਗ ਬੂਥਾਂ ‘ਤੇ ਛੱਡਿਆ ਜਾਵੇਗਾ। ਲੁਧਿਆਣਾ ਵਿਚ ‘ਚਿੱਟਾ ਰਾਵਣ’ ਫੂਕੇ ਜਾਣ ‘ਤੇ ਕਾਂਗਰਸੀ ਵਰਕਰਾਂ ਨੂੰ ਕੁੱਟਣ ਦਾ ਉਨ੍ਹਾਂ ਦਾ ਕੀ ਮਤਲਬ? ਪੁਲੀਸ ਪੱਖਪਾਤ ਕਰ ਰਹੀ ਹੈ ਕਿਉਂਕਿ ਹਰ ਥਾਣਾ ਸਿੱਧਾ ਅਕਾਲੀ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਨੂੰ ਰਿਪੋਰਟ ਕਰਦਾ ਹੈ। ਅਸੀਂ ਪੁਰਾਣੇ ਸਿਸਟਮ ਨੂੰ ਖ਼ਤਮ ਕਰਾਂਗੇ। ਕਾਂਗਰਸੀ ਵਰਕਰ ਪੂਰੇ ਹੌਸਲੇ ਵਿਚ ਹਨ। ਜੇਕਰ ਅਕਾਲੀ ਸੋਚਦੇ ਹਨ ਕਿ ਉਹ ਸਾਨੂੰ ਹਰਾ ਦੇਣਗੇ ਤਾਂ ਇਹ ਉਨ੍ਹਾਂ ਦੀ ਬਹੁਤ ਵੱਡੀ ਗ਼ਲਤੀ ਹੈ।

ਸਵਾਲ-ਤੁਸੀਂ ਇਸ ਗੱਲੋਂ ਨਿਰਾਸ਼ ਨਹੀਂ ਹੁੰਦੇ ਕਿ ਤੁਸੀਂ ਏਨਾ ਕੰਮ ਕਰ ਰਹੇ ਹੋ ਤੇ ਪਾਰਟੀ ਨੇ ਹਾਲੇ ਤਕ ਤੁਹਾਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਐਲਾਨਿਆ?
ਕੈਪਟਨ-ਇਸ ਤੋਂ ਜ਼ਿਆਦਾ ਹੋਰ ਮੈਂ ਕੀ ਕਹਾਂ? ਉਨ੍ਹਾਂ ਨੇ ਮੈਨੂੰ ਪਾਰਟੀ ਦਾ ਮੁਖੀ ਥਾਪ ਦਿੱਤਾ, ਸਾਰੀ ਚੋਣ ਮੁਹਿੰਮ ਮੇਰੇ ਆਲੇ-ਦੁਆਲੇ ਚੱਲ ਰਹੀ ਹੈ, ਸੂਬੇ ਵਿਚ ਬੋਰਡਾਂ ‘ਤੇ ਮੇਰੀਆਂ ਤਸਵੀਰਾਂ ਲੱਗੀਆਂ ਹਨ, ਇਥੋਂ ਤਕ ਕਿ ਜਿੱਥੇ ਬੀ.ਐਸ.ਐਫ. ਤਾਇਨਾਤ ਹੈ, ਉਥੇ ਵੀ ਸਰਹੱਦੀ ਖੇਤਰਾਂ ਵਿਚ ਮੇਰੀਆਂ ਤਸਵੀਰਾਂ ਲੱਗੀਆਂ ਹਨ।

ਸਵਾਲ-ਸਾਬਕਾ ਭਾਜਪਾ ਐਮ.ਪੀ. ਨਵਜੋਤ ਸਿੰਘ ਸਿੱਧੂ ਬਾਰੇ ਹਾਲੇ ਤਕ ਕੋਈ ਐਲਾਨ ਨਾ ਕਰਨ ਦਾ ਕੀ ਕਾਰਨ ਇਹ ਹੈ ਕਿ ਉਹ ਪਾਰਟੀ ਵਿਚ ਉਦੋਂ ਹੀ ਸ਼ਾਮਲ ਹੋਵੇਗਾ ਜਦੋਂ ਤੁਸੀਂ ਇਸ ਦੀ ਅਗਵਾਈ ਨਾ ਕਰੋ?
ਕੈਪਟਨ-ਇਹ ਮੀਡੀਆ ਹੀ ਹੈ ਜਿਸ ਨੇ ਸਿੱਧੂ ਨੂੰ ਇਕ ਅਵਤਾਰ ਵਾਂਗ ਪੇਸ਼ ਕੀਤਾ ਹੈ। ਉਹ ਗੁਰਪ੍ਰੀਤ ਘੁੱਗੀ ਤੇ ਭਗਵੰਤ ਮਾਨ ਵਾਂਗ ਹੀ ਇਕ ਕਾਮੇਡੀਅਨ ਹੈ। ਇਨ੍ਹਾਂ ਦੀ ਕੋਈ ਹੈਸੀਅਤ ਨਹੀਂ ਹੈ। ਕੀ ਜਦੋਂ ਕਾਂਗਰਸ ਪ੍ਰਧਾਨ ਤੇ ਮੀਤ ਪ੍ਰਧਾਨ ਸਿੱਧੂ ਨਾਲ ਗੱਲ ਕਰਨਗੇ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਇਸ ਬਾਰੇ ਦੱਸਣਗੇ ਹੀ ਨਹੀਂ? ਸਿੱਧੂ, ਬੈਂਸ ਭਰਾ ਤੇ ਹਾਕੀ ਖਿਡਾਰੀ ਪਰਗਟ ਸਿੰਘ ਕੌਣ ਹੁੰਦੇ ਹਨ ਕਾਂਗਰਸ ਵਰਗੀ ਪਾਰਟੀ ਅੱਗੇ ਸ਼ਰਤਾਂ ਰੱਖਣ ਵਾਲੇ? ਇਨ੍ਹਾਂ ਚਾਰਾਂ ਦੇ ਗਰੁੱਪ ਨਾਲ ਕੋਈ ਸਮਝ ਨਹੀਂ ਬਣੇਗੀ। ਉਹ ਬਿਨਾਂ ਸ਼ਰਤ ਹੀ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ‘ਆਪ’ ਵਿਚ ਪਹਿਲਾਂ ਹੀ ਦੋ ਜੋਕਰ ਹਨ। ਘੁੱਗੀ ਦਾ ਦਿਮਾਗ਼ ਘੁੱਗੀ (ਪੰਛੀ) ਵਰਗਾ ਹੀ ਹੈ ਤੇ ਮਾਨ ਨਸ਼ੇੜੀ ਹੈ।

ਸਵਾਲ-ਜੇ ਆਵਾਜ਼-ਏ-ਪੰਜਾਬ ਗਰੁੱਪ ਕਾਂਗਰਸ ਵਿਚ ਸ਼ਾਮਲ ਹੁੰਦਾ ਹੈ ਤਾਂ ਕੀ ਤੁਸੀਂ ਬੈਂਸ ਭਰਾਵਾਂ ਲਈ ‘ਇਕ ਪਰਿਵਾਰ-ਇਕ ਟਿਕਟ’ ਨਿਯਮ ਲਾਗੂ ਕਰੋਗੇ? ਹੋਰਾਂ ਬਾਰੇ ਤੁਹਾਡਾ ਕੀ ਵਿਚਾਰ ਹੈ?
ਕੈਪਟਨ-ਬੈਂਸ ਭਰਾਵਾਂ ‘ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਕਿਉਂਕਿ ਉਹ ਦੋਵੇਂ ਵਿਧਾਇਕ ਹਨ। ਹੋਰਨਾਂ ਵਿਧਾਇਕਾਂ ਦੇ ਮਾਮਲੇ ਵਿਚ ਉਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਨੂੰ ਚਾਹੁੰਦੇ ਹਨ। ਉਦਾਹਰਣ ਵਜੋਂ ਕਾਦੀਆਂ ਵਿਚ ਬਾਜਵਾ ਪਰਿਵਾਰ ਨੇ ਫੈਸਲਾ ਕਰਨਾ ਹੈ ਕਿ ਉਹ ਫਤਿਹ ਜੰਗ ਬਾਜਵਾ ਦੇ ਕਾਗਜ਼ ਭਰਨਾ ਚਾਹੁੰਦਾ ਹੈ ਜਾਂ ਚਰਨਜੀਤ ਬਾਜਵਾ ਦੇ। ਇਸੇ ਤਰ੍ਹਾਂ ਲਾਲ ਸਿੰਘ ਦੇ ਮਾਮਲੇ ਵਿਚ ਲਾਗੂ ਹੁੰਦਾ ਹੈ-ਜਾਂ ਉਹ ਖ਼ੁਦ ਚੋਣ ਲੜ ਲੈਣ ਜਾਂ ਆਪਣੇ ਪੁੱਤਰ ਨੂੰ ਟਿਕਟ ਦਵਾ ਦੇਣ।